Copyright & copy; 2019 ਪੰਜਾਬ ਟਾਈਮਜ਼, All Right Reserved
ਨਾਸਾ ਦੇ ਵਿਗਿਆਨੀਆਂ ਨੇ ਲੱਭਿਆ ਧਰਤੀ ਤੋਂ 3 ਗੁਣਾ ਵੱਡਾ ਗ੍ਰਹਿ

ਨਾਸਾ ਦੇ ਵਿਗਿਆਨੀਆਂ ਨੇ ਲੱਭਿਆ ਧਰਤੀ ਤੋਂ 3 ਗੁਣਾ ਵੱਡਾ ਗ੍ਰਹਿ

ਵਾਸ਼ਿੰਗਟਨ : ਨਾਸਾ ਨੇ ਸਾਡੇ ਸੌਰ ਮੰਡਲ ਦੇ ਬਾਹਰ ਇਕ ਨਵਾਂ ਗ੍ਰਹਿ ਲੱਭ ਲਿਆ ਹੈ। ਇਸ ਨਵੇਂ ਗ੍ਰਹਿ ਨੂੰ ਐੱਚ. ਡੀ.-21749 ਬੀ ਨਾਂ ਦਿੱਤਾ ਗਿਆ ਹੈ ਅਤੇ ਇਸ ਦੀ ਖੋਜ ਨਾਸਾ ਦੇ ਨਵੇਂ ਟ੍ਰਾਂਜੀਟਿੰਗ ਐਕਸੋਪਲੈਨੇਟ ਸਰਵੇ ਸੈਟੇਲਾਈਟ (ਟੀ. ਈ. ਐੱਸ. ਐੱਸ.) ਨੇ ਕੀਤੀ ਹੈ।
ਪਲੈਨੇਟ ਦੀ ਖੋਜ ਕਰਨ ਵਾਲਾ ਨਾਸਾ ਦਾ ਇਹ ਨਵਾਂ ਟੈਲੀਸਕੋਪ ਹੈ। ਇਹ ਗ੍ਰਹਿ ਧਰਤੀ ਤੋਂ 53 ਪ੍ਰਕਾਸ਼ ਸਾਲ ਦੀ ਦੂਰੀ ‘ਤੇ ਸਥਿਤ ਹੈ। ਧਰਤੀ ਦੇ ਇੰਨੇ ਨੇੜੇ ਹੋਣ ਦੇ ਬਾਵਜੂਦ ਇਹ ਕਾਫੀ ਠੰਡਾ ਹੈ ਅਤੇ ਇਸ ਦਾ ਤਾਪਮਾਨ 300 ਡਿਗਰੀ ਫਰੇਨਹਾਈਟ ਹੈ। ਐੱਚ. ਡੀ. 21749 ਬੀ ਇਕ ਛੋਟੇ ਤਾਰੇ ਦੀ ਪਰਿਕਰਮਾ ਕਰ ਰਿਹਾ ਹੈ ਅਤੇ ਇਸ ਨੂੰ ਇਕ ਚੱਕਰ ਪੂਰਾ ਕਰਨ ‘ਚ 36 ਦਿਨ ਲੱਗ ਜਾਂਦੇ ਹਨ। ਨਿਸ਼ਚਿਤ ਤੌਰ ‘ਤੇ ਕਿਸੇ ਹੋਰ ਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਲੱਭਣ ‘ਚ ਜੁਟੇ ਵਿਗਿਆਨੀਆਂ ਲਈ ਇਹ ਵੱਡੀ ਸਫਲਤਾ ਹੈ। ਵਿਗਿਆਨੀਆਂ ਮੁਤਾਬਕ ਸੰਘਣੇ ਵਾਯੂਮੰਡਲ ਕਾਰਨ ਇਸ ਗ੍ਰਹਿ ‘ਤੇ ਜੀਵਨ ਦੀ ਸੰਭਾਵਨਾ ਹੋ ਸਕਦੀ ਹੈ।
ਇਸ ਨਵੇਂ ਗ੍ਰਹਿ ਦੀ ਖੋਜ ਕਰਨ ਵਾਲੀ ਟੀਮ ਦੀ ਮੁਖੀਆ ਅਤੇ ਐੱਮ. ਆਈ. ਟੀ. ਦੇ ਕਾਵਲੀ ਇੰਸਟੀਚਿਊਟ ਫਾਰ ਐਸਟ੍ਰਾਫਿਜ਼ਿਕਸ ਐਂਡ ਸਪੇਸ ਰਿਸਰਚ ਦੀ ਡਾਇਨਾ ਡ੍ਰੈਗਾਮਿਰ ਨੇ ਕਿਹਾ ਕਿ ਸੂਰਜ ਵਰਗੇ ਚਮਕਦਾਰ ਤਾਰੇ ਦਾ ਚੱਕਰ ਕੱਟ ਰਿਹਾ ਇਹ ਹੁਣ ਤੱਕ ਦਾ ਸਭ ਤੋਂ ਠੰਡਾ, ਛੋਟਾ ਗ੍ਰਹਿ ਹੈ, ਜਿਸ ਬਾਰੇ ਅਸੀਂ ਹੁਣ ਜਾਣਦੇ ਹਾਂ। ਉਨ੍ਹਾਂ ਦੱਸਿਆ ਕਿ ਵਿਗਿਆਨੀਆਂ ਵੱਲੋਂ ਛੋਟਾ ਕਹੇ ਜਾਣ ਦੇ ਬਾਵਜੂਦ ਇਹ ਧਰਤੀ ਦੀ ਤੁਲਨਾ ‘ਚ ਬਹੁਤ ਵੱਡਾ ਹੈ। ਧਰਤੀ ਦੀ ਤੁਲਨਾ ‘ਚ ਨਵਾਂ ਐੱਚ. ਡੀ. 21749 ਬੀ 3 ਗੁਣਾ ਵੱਡਾ ਹੈ। ਆਪਣੇ ਸਾਈਜ਼ ਕਾਰਨ ਇਹ ਸਬ-ਨੈਪਚਿਊਨ ਕੈਟੇਗਰੀ ‘ਚ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਟੀ. ਈ. ਐੱਸ. ਐੱਸ. ਵੱਲੋਂ ਖੋਜਿਆ ਗਿਆ ਲਗਭਗ ਧਰਤੀ ਦੇ ਸਾਈਜ਼ ਵਾਲਾ ਪਹਿਲਾ ਗ੍ਰਹਿ ਹੋਵੇਗਾ।