Copyright © 2019 - ਪੰਜਾਬੀ ਹੇਰਿਟੇਜ

ਚੋਣ ਸਰਵੇਖਣ ਨੇ ਕੀਤੀ ਭਾਜਪਾ ਦੀ ਨੀਂਦ ਹਰਾਮ

ਨਵੀਂ ਦਿੱਲੀ: ਇੰਡੀਆ ਟੀਵੀ-ਸੀਐਨਐਕਸ ਵੱਲੋਂ ਕਰਵਾਏ ਚੋਣ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇ ਹੁਣੇ ਚੋਣਾਂ ਕਰਵਾਈਆਂ ਜਾਣ ਤਾਂ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੂੰ ਲੋਕ ਸਭਾ ਵਿਚ ਬਹੁਮਤ ਗੁਆਉਣਾ ਪੈ ਸਕਦਾ ਹੈ ਪਰ ਦਰਕਾਰ ਸੀਟਾਂ ਦੀ ਗਿਣਤੀ 15 ਕੁ ਸੀਟਾਂ ਤੱਕ ਹੀ ਹੋ ਸਕਦੀ ਹੈ। ਪਿਛਲੇ ਸਾਲ 15 ਤੋਂ 25 ਦਸੰਬਰ ਦਰਮਿਆਨ ਸਾਰੀਆਂ 543 ਸੀਟਾਂ ‘ਤੇ ਕਰਵਾਏ ਗਏ ਇਸ ਚੋਣ ਸਰਵੇਖਣ ਮੁਤਾਬਕ ਐਨ.ਡੀ.ਏ. ਨੂੰ 257 ਸੀਟਾਂ ਜਦਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਸਪਾ ਤੇ ਬਸਪਾ ਨੂੰ ਛੱਡ ਕੇ 146 ਸੀਟਾਂ ਮਿਲ ਸਕਦੀਆਂ ਹਨ ਜੋ ਬਹੁਮਤ ਤੋਂ ਕਾਫੀ ਘੱਟ ਹੋਣਗੀਆਂ। ਇਹ ਸਰਵੇਖਣ ਹਾਲ ਹੀ ਵਿਚ ਪੰਜ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਰਵਾਇਆ ਗਿਆ ਸੀ। ਚੇਤੇ ਰਹੇ ਕਿ ਇਨ੍ਹਾਂ ਰਾਜਾਂ ਖਾਸ ਕਰ ਕੇ ਰਾਜਸਥਾਨ, ਮੱਧ ਪ੍ਰਦੇਸ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾਈ ਚੋਣਾਂ ਬਾਰੇ ਚੋਣ ਸਰਵੇਖਣ ਗਲਤ ਸਾਬਤ ਹੋਏ ਤੇ ਸੱਤਾਧਾਰੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਕੇਂਦਰ ਵਿਚ ਸਰਕਾਰ ਬਣਾਉਣ ਦੀ ਕੂੰਜੀ ਹੋਰਨਾਂ ਪਾਰਟੀਆਂ ਦੇ ਹੱਥ ਵਿਚ ਆ ਸਕਦੀ ਹੈ ਜਿਨ੍ਹਾਂ ਨੂੰ 140 ਸੀਟਾਂ ਮਿਲ ਸਕਦੀਆਂ ਹਨ। ਇਨ੍ਹਾਂ ਵਿਚ ਸਮਾਜਵਾਦੀ ਪਾਰਟੀ, ਬਸਪਾ, ਅੰਨਾਡੀਐਮਕੇ, ਤ੍ਰਿਣਮੂਲ ਕਾਂਗਰਸ, ਤਿਲੰਗਾਨਾ ਰਾਸ਼ਟਰ ਸਮਿਤੀ, ਬੀਜੂ ਜਨਤਾ ਦਲ, ਵਾਈਐਸਆਰ ਕਾਂਗਰਸ, ਖੱਬਾ ਮੁਹਾਜ਼, ਮਹਿਬੂਬਾ ਮੁਫਤੀ ਦੀ ਪੀਡੀਪੀ, ਬਦਰੂਦੀਨ ਅਜਮਲ ਦੀ ਏਆਈਯੂਡੀਐਫ, ਅਸਦੂਦੀਨ ਓਵੈਸੀ ਦੀ ਏਆਈਐਮਆਈਐਮ, ਇਨੈਲੋ, ਆਮ ਆਦਮੀ ਪਾਰਟੀ, ਜੇਵੀਐਮ (ਪੀ), ਏਐਮਐਮਕੇ ਅਤੇ ਆਜ਼ਾਦ ਸ਼ਾਮਲ ਹਨ।
ਸਰਵੇਖਣ ਮੁਤਾਬਕ ਭਾਜਪਾ ਨੂੰ 223, ਸ਼ਿਵ ਸੈਨਾ ਨੂੰ 8, ਜਨਤਾ ਦਲ ਯੂ 11, ਅਕਾਲੀ ਦਲ 5, ਲੋਕ ਜਨਸ਼ਕਤੀ ਪਾਰਟੀ 3, ਪੀਐਮਕੇ, ਐਨਡੀਪੀਪੀ, ਏਆਈਐਨਆਰਸੀ, ਐਨਪੀਪੀ, ਐਸਡੀਐਫ, ਅਪਨਾ ਦਲ ਤੇ ਐਮਐਨਐਫ ਨੂੰ 1-1 ਸੀਟ ਮਿਲ ਸਕਦੀ ਹੈ। ਕਾਂਗਰਸ ਨੂੰ 85 ਸੀਟਾਂ ਮਿਲਣ ਦੇ ਆਸਾਰ ਹਨ ਜਦਕਿ ਇਸ ਦੀਆਂ ਸਹਿਯੋਗੀ ਡੀਐਮਕੇ 21, ਲਾਲੂ ਯਾਦਵ ਦੀ ਆਰਜੇਡੀ ਨੂੰ 10, ਐਨਸੀਪੀ 9, ਜੇਐਮਐਮ 4, ਜਨਤਾ ਦਲ ਐਸ 4, ਆਰਐਲਡੀ 2, ਆਰਐਲਐਸਪੀ 1, ਆਰਐਸਪੀ 1, ਆਈਯੂਐਮਐਲ 2, ਟੀਡੀਪੀ 4, ਨੈਸ਼ਨਲ ਕਾਨਫਰੰਸ 2 ਅਤੇ ਕੇਰਲਾ ਕਾਂਗਰਸ (ਐਮ)1 ਸੀਟਾਂ ਮਿਲ ਸਕਦੀਆਂ ਹਨ। ਸਰਵੇਖਣ ਮੁਤਾਬਕ 37.15 ਫੀਸਦ ਤੇ ਯੂਪੀਏ ਨੂੰ 29.92 ਫੀਸਦ ਅਤੇ ਹੋਰਨਾਂ ਪਾਰਟੀਆਂ ਨੂੰ 32.93 ਫੀਸਦ ਵੋਟਾਂ ਮਿਲਣ ਦੀ ਸੰਭਾਵਨਾ ਹੈ। ਹੋਰਨਾਂ ਪਾਰਟੀਆਂ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ 26, ਸਮਾਜਵਾਦੀ ਪਾਰਟੀ 20, ਮਾਇਆਵਤੀ ਦੀ ਬਸਪਾ 15, ਵਾਈਐਸਆਰ ਕਾਂਗਰਸ 19, ਤੇਲੰਗਾਨਾ ਰਾਸ਼ਟਰ ਸਮਿਤੀ 16, ਬੀਜੂ ਜਨਤਾ ਦਲ 13, ਏਆਈਡੀਐਮਕੇ 10, ਏਐਮਐਕੇ 4, ਖੱਬੀਆਂ ਪਾਰਟੀਆਂ 8, ਆਮ ਆਦਮੀ ਪਾਰਟੀ 2, ਏਆਈਯੂਡੀਐਫ 2, ਪੀਡੀਪੀ, ਜੇਵੀਐਮਪੀ ਅਤੇ ਏਆਈਐਮਆਈ ਨੂੰ 1-1 ਸੀਟ ਮਿਲਣ ਦੀ ਸੰਭਾਵਨਾ ਹੈ।