Copyright & copy; 2019 ਪੰਜਾਬ ਟਾਈਮਜ਼, All Right Reserved
ਸ਼ਟਡਾਊਨ ਖੋਲ੍ਹਣ ਬਾਰੇ ਮੀਟਿੰਗ ਵਿਚਾਲੇ ਛੱਡ ਤੁਰੇ ਟਰੰਪ

ਸ਼ਟਡਾਊਨ ਖੋਲ੍ਹਣ ਬਾਰੇ ਮੀਟਿੰਗ ਵਿਚਾਲੇ ਛੱਡ ਤੁਰੇ ਟਰੰਪ

ਵਾਸ਼ਿੰਗਟਨ, ਅਮਰੀਕਾ ‘ਚ ਸਰਕਾਰੀ ਕੰਮਕਾਰ ਮੁੜ ਖੋਲ੍ਹਣ ਸਬੰਧੀ ਵਿਚਾਰ ਚਰਚਾ ਕਰਨ ਲਈ ਹੋਈ ਮੀਟਿੰਗ ਦੌਰਾਨ ਡੈਮੋਕਰੈਟਾਂ ਵੱਲੋਂ ਅਮਰੀਕਾ-ਮੈਕਸਿਕੋ ਸਰਹੱਦੀ ਕੰਧ ਦੀ ਉਸਾਰੀ ਲਈ 5.7 ਅਰਬ ਡਾਲਰ ਦੀ ਜਾਰੀ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਹਾਊਸ ਸਪੀਕਰ ਨੈਨਸੀ ਪੈਲੋਸੀ ਤੇ ਸੈਨੇਟਰ ਚੱਕ ਸ਼ੂਮਰ ਨੇ ਦੋਸ਼ ਲਗਾਇਆ ਕਿ ਮੀਟਿੰਗ ਦੌਰਾਨ ਰਾਸ਼ਟਰਪਤੀ ਨੇ ਉਨ੍ਹਾਂ ਦੀਆਂ ਫੈਡਰਲ ਸਰਕਾਰ ਦਾ ਕੰਮਕਾਰ ਮੁੜ ਖੋਲ੍ਹਣ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿਰਫ਼ ਆਪਣੀ ਕੰਧ ਦੀ ਉਸਾਰੀ ਲਈ ਫੰਡਿੰਗ ਦੀ ਜ਼ਿੱਦ ਫੜੀ ਰੱਖੀ। ਜਦੋਂ ਉਨ੍ਹਾਂ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਮੀਟਿੰਗ ਛੱਡ ਕੇ ਚਲੇ ਗਏ। ਜ਼ਿਕਰਯੋਗ ਹੈ ਕਿ ਪਿਛਲੇ 19 ਦਿਨ ਤੋਂ ਸਰਕਾਰ ਦਾ ਕੰਮਕਾਰ ਠੱਪ ਪਿਆ ਹੈ।
ਦੂਜੇਪਾਸੇ ਦੋ ਭਾਰਤੀ-ਅਮਰੀਕੀ ਕਾਨੂੰਨਸਾਜ਼ਾਂ ਨੇ ਅਮਰੀਕਾ ‘ਚ ਕੌਮੀ ਐਮਰਜੈਂਸੀ ਲਗਾਉਣ ਦੀ ਯੋਜਨਾ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਆਲੋਚਨਾ ਕੀਤੀ ਹੈ। ਕੈਲੀਫੋਰਨੀਆ ਤੋਂ ਡੈਮੋਕਰੈਟ ਰੋ ਖੰਨਾ ਤੇ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਕਿ ਸ਼ੱਟਡਾਊਨ ਕਾਰਨ ਕਾਰਨ ਲੱਖਾਂ ਅਮਰੀਕੀ ਲੋਕ ਪ੍ਰਭਾਵਿਤ ਹੋ ਰਹੇ ਹਨ ਤੇ 8 ਲੱਖ ਦੇ ਕਰੀਬ ਮੁਲਾਜ਼ਮਾਂ ਨੂੰ ਛੁੱਟੀ ‘ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਕਾਂਗਰਸ ਨਾਲ ਸਮਝੌਤਾ ਕਰਕੇ ਜਲਦੀ ਤੋਂ ਜਲਦੀ ਸਰਕਾਰ ਦਾ ਕੰਮਕਾਰ ਖੋਲ੍ਹਣਾ ਚਾਹੀਦਾ ਹੈ।