Copyright © 2019 - ਪੰਜਾਬੀ ਹੇਰਿਟੇਜ
ਭਾਰਤ ਦੇ ਗ੍ਰਹਿ ਮੰਤਰੀ ਦਾ ਵਿਰੋਧ ਕਰਨ ਵਾਲੀਆਂ ਕੁੜੀਆਂ ‘ਤੇ ਹਮਲਾਵਰ ਹੋਈ ਭੀੜ

ਭਾਰਤ ਦੇ ਗ੍ਰਹਿ ਮੰਤਰੀ ਦਾ ਵਿਰੋਧ ਕਰਨ ਵਾਲੀਆਂ ਕੁੜੀਆਂ ‘ਤੇ ਹਮਲਾਵਰ ਹੋਈ ਭੀੜ

ਨਵੀਂ ਦਿੱਲੀ: ਦਿੱਲੀ ਵਿੱਚ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿੱਚ ਰੈਲੀ ਦੌਰਾਨ ਆਪਣੇ ਕਿਰਾਏ ਦੇ ਘਰ ਦੀ ਤਾਕੀ ਵਿੱਚੋਂ ਇਸ ਕਾਨੂੰਨ ਦਾ ਵਿਰੋਧ ਕਰਦਿਆਂ ਬੈਨਰ ਲਮਕਾਉਣ ਵਾਲੀਆਂ ਕੁੜੀਆਂ ਨੂੰ ਕਿਰਾਏਦਾਰ ਨੇ ਘਰੋਂ ਕੱਢ ਦਿੱਤਾ ਹੈ। ਵਿਰੋਧ ਤੋਂ ਬਾਅਦ ਭਾਜਪਾ ਸਮਰਥਕਾਂ ਦੀ ਭੀੜ ਵੱਲੋਂ ਕੀਤੇ ਹਮਲੇ ਬਾਰੇ ਦਸਦਿਆਂ ਇਹਨਾਂ ਕੁੜੀਆਂ ਨੇ ਕਿਹਾ ਕਿ ਉਹਨਾਂ ਨੇ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਾਇਆ ਸੀ ਤੇ ਕਿਸੇ ਬਾਰੇ ਕੋਈ ਨਿੱਜੀ ਟਿੱਪਣੀ ਨਹੀਂ ਕੀਤੀ ਸੀ, ਪਰ ਬਾਅਦ ਵਿੱਚ ਉਹਨਾਂ ਨੂੰ ਲੁੱਕ ਕੇ ਜਾਨ ਬਚਾਉਣੀ ਪਈ।
ਇਹਨਾਂ ਵਿੱਚੋਂ ਇੱਕ ਸੂਰਿਆ ਰਜੱਪਨ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਿਤ ਸ਼ਾਹ ਦੀ ਰੈਲੀ ਉਹਨਾਂ ਦੇ ਘਰ ਦੇ ਸਾਹਮਣੇ ਤੋਂ ਗੁਜ਼ਰੇਗੀ ਤਾਂ ਉਹਨਾਂ ਸੀਏਏ ਦਾ ਵਿਰੋਧ ਕਰਨ ਦਾ ਫੈਂਸਲਾ ਕੀਤਾ। ਇਹਨਾਂ ਵੱਲੋਂ ਇੱਕ ਕੱਪੜੇ ‘ਤੇ ਐਨਆਰਸੀ ਅਤੇ ਸੀਏਏ ਖਿਲਾਫ ਲਿਖ ਕੇ ਵਿਰੋਧ ਦਰਜ ਕਰਾਇਆ ਗਿਆ।
ਇਸ ਕੱਪੜੇ ਨੂੰ ਦੇਖ ਕੇ ਭੜਕੀ ਭਾਜਪਾ ਸਮਰਥਕਾਂ ਦੀ ਭੀੜ ਇਹਨਾਂ ਦੇ ਦਰਵਾਜੇ ‘ਤੇ ਆ ਢੁਕੀ ਤੇ ਇਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੀ। ਕੁੜੀਆਂ ਨੇ ਦਰਵਾਜ਼ੇ ਬੰਦ ਕਰਕੇ ਦਹਿਸ਼ਤ ਦੇ ਸਾਏ ਹੇਠ ਉਹ ਸਮਾਂ ਗੁਜ਼ਾਰਿਆ। ਇਸ ਭੀੜ ਵਿੱਚ ਇਹਨਾਂ ਦੇ ਘਰ ਦਾ ਮਕਾਨ ਮਾਲਿਕ ਵੀ ਸ਼ਾਮਲ ਸੀ। ਪੁਲਿਸ ਦੇ ਆਉਣ ‘ਤੇ ਮਕਾਨ ਮਾਲਿਕ ਨੇ ਘਰ ਨੂੰ ਜਾਂਦੀਆਂ ਪੌੜੀਆਂ ਨੂੰ ਜਿੰਦਾ ਲਾ ਕੇ ਇਹਨਾਂ ਨੂੰ ਅੰਦਰ ਬੰਦ ਕਰ ਦਿੱਤਾ। 7 ਘੰਟਿਆਂ ਦੀ ਮੁਸ਼ੱਤਕ ਮਗਰੋਂ ਅਤੇ ਕੁੜੀਆਂ ਦੇ ਮਾਪਿਆਂ ਦੇ ਆਉੇਣ ਤੋਂ ਬਾਅਦ ਇਹ ਜਿੰਦਾ ਖੋਲ੍ਹ ਕੇ ਇਹਨਾਂ ਕੁੜੀਆਂ ਨੂੰ ਉੱਥੋਂ ਜਾਣ ਦਿੱਤਾ ਗਿਆ।