Copyright © 2019 - ਪੰਜਾਬੀ ਹੇਰਿਟੇਜ
”ਜੋ ਆਜ ਸਾਹਿਬ-ਏ-ਮਸਨਦ ਹੈਂ ਕਲ੍ਹ ਨਹੀਂ ਹੋਂਗੇ..! ” 

”ਜੋ ਆਜ ਸਾਹਿਬ-ਏ-ਮਸਨਦ ਹੈਂ ਕਲ੍ਹ ਨਹੀਂ ਹੋਂਗੇ..! ”

 

ਮੌਜੂਦਾ ਸਮੇਂ ਰਾਜਨੀਤਕ ਆਗੂਆਂ ਵਿੱਚ ਜੋ ਘੁਮੰਡ ਨਜ਼ਰ ਆ ਰਿਹਾ ਹੈ। ਉਸ ਨੂੰ ਵੇਖ ਕੇ ਅਸਚਰਜ ਹੁੰਦਾ ਹੈ ਕਿ ਆਖਿਰ ਹੱਡ ਮਾਸ ਦੇ ਬਣੇ ਬੰਦਿਆਂ ਵਿੱਚ ਕਿਸ ਕਦਰ ਗਲਤ ਫਹਿਮੀ ਹੈ ਕਿ ਜਿਵੇਂ ਉਹ ਇਸ ਦੁਨੀਆਂ ਦੇ ਮਾਲਕ ਹੋਣ। ਯਕੀਨਨ ਸਾਨੂੰ ਇਹ ਗੱਲ ਕਦਾਚਿਤ ਨਹੀਂ ਭੁੱਲਣੀ ਚਾਹੀਦੀ ਕਿ ਸਾਡੇ ਨਾਲੋਂ ਪਹਿਲਾਂ ਵੀ ਇਸ ਦੁਨੀਆਂ ਵਿੱਚ ਕਿੰਨੇ ਹੀ ਤੀਸ ਮਾਰ ਖਾਂ ਆਏ ਅਤੇ ਚਲੇ ਗਏ। ਪਰ ਇਸ ਸੰਸਾਰ ਦਾ ਨਿਜ਼ਾਮ ਬਿਨਾਂ ਕਿਸੇ ਰੁਕਾਵਟ ਦੇ ਮੁਸਲਸਲ ਚਲਦਾ ਰਿਹਾ। ਚੰਨ, ਸੂਰਜ ਇਕ ਸਮਾਨ ਬਗੈਰ ਕਿਸੇ ਭੇਦ-ਭਾਵ ਅਤੇ ਅਮੀਰ ਗਰੀਬ ਵਿਚ ਫਰਕ ਕੀਤਿਆਂ ਆਪਣੀ ਰੋਸ਼ਨੀ ਸਭਨਾਂ ਉਪਰ ਬਿਖੇਰਦੇ ਰਹੇ ਅਤੇ ਇਸੇ ਬਾਰਿਸ਼ ਵੀ ਸੱਭਨਾ ਦੇ ਖੇਤਾਂ ਤੇ ਬਾਗਾਂ ਨੂੰ ਸੈਰਾਬ ਕਰਦੀ ਰਹੀ ਅਤੇ ਮੋਈ ਧਰਤੀ ਨੂੰ ਜਿੰਦਗੀ ਬਖਸ਼ਦੀ ਰਹੀ।

ਉਸ ਕਾਦਰ (ਕੁਦਰਤ) ਦੇ ਅਸੂਲ ਡਾਢੇ ਨਿਰਾਲੇ ਹਨ ਉਹ ਇਨਸਾਨਾਂ ਦਾ ਜੋਰ ਇਨਸਾਨਾਂ ਰਾਹੀਂ ਘਟਾਉਂਦਾ ਤੇ ਵਧਾਉਂਦਾ ਰਹਿੰਦਾ ਹੈ। ਜਾਲਮ ਨੂੰ ਬੇਸ਼ੱਕ ਢਿੱਲ ਦੇ ਕੇ ਉਹ ਇਸ ਲਈ ਮੋਹਲਤ ਦੇ ਦਿੰਦਾ ਹੈ ਕਿ ਇਹ ਸਿੱਧੇ ਰਾਹੇ ਪੈ ਜਾਵੇ। ਪਰ ਉਹਦੀ ਪਕੜ ਬੜੀ ਸਖਤ ਹੈ ਜਦੋਂ ਉਹ ਆਉਂਦੀ ਹੈ ਤੇ ਫੇਰ ਮਨੁੱਖ ਦੇ ਤਮਾਮ ਦੁਨੀਆਵੀ ਵਸੀਲੇ ਧਰੇ ਧਰਾਏ ਰਹਿ ਜਾਂਦੇ ਹਨ।

ਜਦੋਂ ਅਸੀਂ ਆਪਣੇ ਮੁਲਕ ਦੇ ਇਤਿਹਾਸ ਤੇ ਝਾਤ ਮਾਰਦੇ ਹਾਂ ਤਾਂ ਇਸ ਦੇਸ਼ ਵਿੱਚ ਵੱਡੇ ਕਹਿੰਦੇ ਕਹਾਉਂਦੇ ਚੰਗੇ ਅਤੇ ਮਾੜੇ ਹਾਕਮ ਆਏ । ਇਥੋਂ ਤਕ ਜਿਹੜੇ ਇਹ ਦਾਅਵਾ ਕਰਦੇ ਸਨ ਕਿ ਉਨ੍ਹਾਂ ਦੀ ਸਲਤਨਤ ਵਿੱਚ ਕਿਤੇ ਸੂਰਜ ਗਰੂਬ(ਛਿੱਪਦਾ) ਨਹੀਂ। ਅੱਜ ਉਨ੍ਹਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਦਾ ਕੋਈ ਨਾਮ ਲੇਵਾ ਵੀ ਲੱਭੇ ਨਹੀਂ ਲੱਭਦਾ। ਪ੍ਰਸਿੱਧ ਸ਼ਾਇਰ ਰਾਹਤ ਇੰਦੋਰੀ ਨੇ ਕਿੰਨੇ ਸੋਹਣੇ ਸ਼ਬਦਾਂ ਵਿਚ ਕਿਹਾ ਹੈ ਕਿ :

ਜੋ ਆਜ ਸਾਹਿਬ-ਏ-ਮਸਨਦ ਹੈਂ,

ਕਲ੍ਹ ਨਹੀਂ ਹੋਂਗੇ।

ਕਿਰਾਏ-ਦਾਰ ਹੈਂ ਸਭ ਜਾਤੀ

ਮਕਾਨ ਥੋੜ੍ਹੇ ਹੈ॥

ਇਹ ਕਿ ਭਾਰਤ ਦੀ 5000 ਸਾਲਾ ਸੱਭਿਅਤਾ ਦੁਨੀਆਂ ਦੀਆਂ ਪੁਰਾਤਨ ਤਹਿਜੀਬਾਂ ਵਿੱਚੋਂ ਇੱਕ ਹੈ। ਇਸ ਦੇਸ਼ ਵਿਚ ਸਦੀਆਂ ਤੋਂ ਵੱਖ ਵੱਖ ਧਰਮਾਂ ਭਾਸ਼ਾਵਾਂ ਅਤੇ ਫਿਰਕਿਆਂ ਦੇ ਲੋਕ ਮਿਲ ਜੁਲ ਕੇ ਇਕੱਠੇ ਰਹਿੰਦੇ ਆ ਰਹੇ ਹਨ। ਪਹਿਲਾਂ ਪਹਿਲ ਦੇਸ਼ ਵਿੱਚ ਦ੍ਰਾਵਿੜ ਰਹਿ ਰਹੇ ਸਨ ਫਿਰ ਦੇਸ਼ ਵਿੱਚ ਆਰਿਅਨ ਆ ਆਬਾਦ ਹੋਏ। ਅਠਵੀਂ ਸਦੀ ਵਿਚ ਇਸਲਾਮ ਧਰਮ ਦੇ ਅਨੁਯਾਈਆਂ ਦਾ ਆਗਮਨ ਹੋਇਆ ਇਸ ਉਪਰੰਤ ਕਾਬੁਲ ਤੋਂ ਮੁਗਲਾਂ ਦੀ ਆਮਦ ਨਾਲ ਦੇਸ਼ ਵਿੱਚ ਮੁਗਲਾਂ ਦਾ ਕਲਚਰ ਆਇਆ। ਮੁਗਲ ਵੀ ਉਹੀਓ ਇਸਲਾਮ ਧਰਮ ਨੂੰ ਮੰਨਣ ਵਾਲੇ ਸਨ ਅਤੇ ਜਿਸ ਵਿਚ ਸਭਨਾ ਇਨਸਾਨਾਂ ਨੂੰ ਬਰਾਬਰ ਤੇ ਇਕਸਾਰ ਸਮਝਿਆ ਜਾਂਦਾ ਹੈ। ਸਦੀਆਂ ਤੋਂ ਭਾਰਤ ਵਿੱਚ ਦਾ ਊੰਚ ਨੀਚ ਵਖਰੇਵਾਂ ਸਹਿਨ ਕਰ ਰਹੇ ਲੋਕਾਂ ਨੇ ਜਿਵੇਂ ਇਸਲਾਮ ਧਰਮ ਦੇ ਭਾਰਤ ਵਿਚ ਆਉਣ ਨਾਲ ਸੁੱਖ ਦਾ ਸਾਹ ਲਿਆ। ਇਹ ਕਿ ਮੁਗਲਾਂ ਦੇ ਆਉਣ ਨਾਲ ਦੇਸ਼ ਵਿੱਚ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਆਈਆਂ। ਇਸ ਦੋਰਾਨ ਦੇਸ਼ ਦੀਆਂ ਸਰਹੱਦਾਂ ਦਾ ਵਿਸਤਾਰ ਹੋਇਆ। ਸਦੀਆਂ ਤੋਂ ਜਾਤ ਪ੍ਰਥਾ ਦੇ ਨਾਂ ਤੇ ਦਲਿਤਾਂ ਅਤੇ ਪੱਛੜੀਆਂ ਜਾਤੀਆਂ ਦੇ ਲੋਕਾਂ ਨਾਲ ਹੋ ਰਹੇ ਸੋਸ਼ਣ ਅਤੇ ਛੂਤ ਛਾਤ ਤੋਂ ਮਨੁੱਖਤਾ ਨੂੰ ਛੁਟਕਾਰਾ ਮਿਲਿਆ। ਮੁਗਲ ਆਪਣੇ ਨਾਲ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੈ ਕੇ ਆਏ ਉਥੇ ਹੀ ਉਨ੍ਹਾਂ ਤਾਜ ਮਹਿਲ, ਲਾਲ ਕਿਲ੍ਹਾ, ਜਾਮਾ ਮਸਜਿਦ, ਹਮਾਯੂੰ ਦਾ ਮਕਬਰਾ ਬੁਲੰਦ ਦਰਵਾਜ਼ਾ ਆਦਿ ਸ਼ਾਨਦਾਰ ਇਮਾਰਤਾਂ ਦੀ ਉਸਾਰੀ ਕਰਦਿਆਂ ਦੇਸ਼ ਨੂੰ ਇਕ ਖੂਬਸੂਰਤ ਦਿਖ ਪ੍ਰਦਾਨ ਕੀਤੀ ਤੇ ਬਹੁਤ ਸਾਰੇ ਬਾਗ ਲਗਵਾ ਦੇਸ਼ ਵਿੱਚ ਬਾਗਬਾਨੀ ਦੀ ਸ਼ੁਰੂਆਤ ਕੀਤੀ । ਲੋਕਾਂ ਦੇ ਖਾਨਪੀਣ ਕਪੜੇ ਪਹਿਨਣ ਕਰਨ ਅਤੇ ਜੀਵਨ ਪੱਧਰ ਵਿੱਚ ਬਹੁਤ ਜਿਆਦਾ ਸੁਧਾਰ ਹੋਇਆ। ਇਕ ਅੰਦਾਜ਼ੇ ਮੁਤਾਬਿਕ ਮੁਗਲਾਂ ਦੇ ਕਾਰਜਕਾਲ ਸਮੇਂ ਦੇਸ਼ ਦੀ ਜੀ ਡੀ ਪੀ ਲੱਗਭਗ 27% ਸੀ। ਜਦੋਂ ਮੁਗਲ ਵੀ ਐਸ਼ ਪ੍ਰਸਤੀ ਵਿੱਚ ਪੈ ਗਏ ਅਤੇ ਇਨਸਾਫ ਦੇ ਰਸਤੇ ਤੋਂ ਭਟਕ ਗਏ ਤਾਂ ਉਨ੍ਹਾਂ ਦੀ ਹਕੂਮਤ ਦਾ ਚੜਦਾ ਸੂਰਜ ਉਤਰਨ ਲੱਗਾ ਤੇ ਹੋਲੀ ਹੋਲੀ ਭਾਰਤ ਦੀ ਹਕੂਮਤ ਦੀ ਵਾਗਡੋਰ ਅੰਗਰੇਜ਼ਾਂ ਨੇ ਸਾਂਭ ਲਈ ।

ਅੰਗਰੇਜ਼ਾਂ ਦੀ ਹਕੂਮਤ ਦੇ ਦੌਰ ਵਿੱਚ ਦੇਸ਼ ਚ’ ਇੱਕ ਨਵੀਂ ਸਭਿਅਤਾ ਦਾ ਆਗਮਨ ਹੋਇਆ। ਸਤੀ ਪ੍ਰਥਾ ਰੂੜੀਵਾਦੀ ਪ੍ਰੰਪਰਾਵਾਂ ਆਦਿ ਤੇ ਰੋਕ ਲਗਾਈ ਗਈ। ਅੰਗਰੇਜ਼ਾਂ ਨੇ ਰੇਲ ਗੱਡੀਆਂ ਚਲਾਈਆਂ, ਵਿਦਿਅਕ ਸੰਸਥਾਵਾਂ ਖੋਲੀਆਂ ਤੇ ਤਾਅਲੀਮ ਦਾ ਪਸਾਰ ਹੋਇਆ ਤੇ ਇਸ ਦੇ ਨਾਲ ਨਾਲ ਉਨ੍ਹਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ।

ਪਰ ਜਦੋਂ ਅੰਗਰੇਜ਼ਾਂ ਨੇ ਵੀ ਭਾਰਤੀਆਂ ਤੇ ਜੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਕਾਲੇ ਕਾਨੂੰਨਾਂ ਰਾਹੀਂ ਭਾਰਤੀਆਂ ਤੇ ਜਿਊਣਾ ਮੁਸ਼ਕਿਲ ਕਰ ਦਿੱਤਾ ਤਾਂ ਅੰਗਰੇਜ਼ੀ ਹਕੂਮਤ ਦੇ ਖਾਤਮੇ ਲਈ ਦੇਸ਼ ਦੇ ਮੁਸਲਮਾਨਾਂ, ਸਿੱਖਾਂ ਅਤੇ ਕੁੱਝ ਪ੍ਰਗਤੀਸ਼ੀਲ ਹਿੰਦੂਆਂ ਨੇ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ। ਦੇਸ਼ 15 ਅਗਸਤ 1947 ਨੂੰ ਆਜਾਦ ਹੋ ਗਿਆ ਤੇ ਆਗੂਆਂ ਨੇ ਦੇਸ਼ ਲਈ ਲੋਕਤੰਤਰਿਕ ਪ੍ਰਣਾਲੀ ਦੀ ਚੋਣ ਕੀਤੀ। 26 ਜਨਵਰੀ 1950 ਨੂੰ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਤਿਆਰ ਕੀਤੇ ਸੰਵਿਧਾਨ ਨੂੰ ਲਾਗੂ ਕਰਦਿਆਂ ਦੇਸ਼ ਇਕ ਗਣਤੰਤਰ ਐਲਾਨਿਆ ਗਿਆ । ਸੰਵਿਧਾਨ ਵਿੱਚ ਦੇਸ਼ ਦੇ ਸਾਰੇ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦ ਭਾਵ, ਜਾਤ ਪਾਤ, ਰੰਗ ਨਸਲ ਅਤੇ ਧਰਮ ਦੇ ਸਭਨਾਂ ਨੂੰ ਸਮਾਨ ਨਾਗਰਿਕਤਾ ਪ੍ਰਦਾਨ ਕੀਤੀ ਗਈ। ਇਸ ਉਪਰੰਤ ਦੇਸ਼ ਵਿੱਚ ਕਦੇ ਕਾਂਗਰਸ ਕਦੇ ਜਨਤਾ ਦਲ ਕਦੇ ਗਠਜੋੜ ਸਰਕਾਰ ਅਤੇ ਕਦੇ ਭਾਜਪਾ ਦੀਆਂ ਸਰਕਾਰਾਂ ਆਂਦੀਆਂ ਰਹੀਆਂ।

2014 ਦਾ ਇਲੈਕਸ਼ਨ ਭਾਜਪਾ ਨੇ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜਿਆ। ਇਸ ਦੋਰਾਨ ਪਾਰਟੀ ਨੇ ਆਪਣੀਆਂ ਚੁਣਾਵੀ ਸਭਾਵਾਂ ਦੋਰਾਨ ਅਵਾਮ ਨੂੰ ਢੇਰਾਂ ਸਾਰੇ ਸੁਪਨੇ ਵਿਖਾਏ । ਜਿਵੇਂ ਕਿ ਸੌ ਦਿਨਾਂ ਵਿਚ ਕਾਲਾ ਧਨ ਵਾਪਸ ਲਿਆਉਣ , 15 – 15 ਲੱਖ ਹਰ ਇੱਕ ਨਾਗਰਿਕ ਦੇ ਖਾਤੇ ਵਿੱਚ ਪਵਾਉਣ, ਸਸਤੇ ਭਾਅ ਤੇ ਪੈਟਰੋਲ ਡੀਜਲ ਅਤੇ ਗੈਸ ਮੁਹਈਆ ਕਰਵਾਉਣ, ਹਰ ਸਾਲ 2 ਕਰੋੜ ਯੁਵਕਾਂ ਨੂੰ ਰੁਜ਼ਗਾਰ ਦਿਵਾਉਣ ਵਰਗੇ ਵਾਅਦਿਆਂ ਨਾਲ ਲੋਕਾਂ ਨੂੰ ਖੂਬ ਭਰਮਾਇਆ ਅਤੇ ਨਾਲ ਹੀ ਮੋਦੀ ਨੇ ”ਸੱਭ ਕਾ ਸਾਥ ਸੱਭ ਕਾ ਵਿਕਾਸ” ਜਿਹੇ ਜੁਮਲਿਆਂ ਰਾਹੀਂ ਦੇਸ਼ ਦੇ ਲੋਕਾਂ ਪਾਸੋਂ ਭਾਜਪਾ ਦੇ ਹੱਕ ਵਿੱਚ ਵੋਟਾਂ ਮੰਗੀਆਂ।

ਇਹ ਕਿ ”ਅੰਛੇ ਦਿਨਾਂ ਨੂੰ ਲਿਆਉਣ ਦੀ” ਉਮੀਦ ਵਿੱਚ ਲੋਕਾਂ ਨੇ ਮੋਦੀ ਤੇ ਵਿਸ਼ਵਾਸ ਜਤਾਇਆ ਤੇ ਉਨ੍ਹਾਂ ਦੇ ਆਪਣਾ ਪ੍ਰਧਾਨ ਮੰਤਰੀ ਬਣਾਇਆ।

ਪੂਰੇ ਪੰਜ ਸਾਲ ਤੱਕ ਲੋਕਾਂ ਨੇ ਚੰਗੇ ਦਿਨਾਂ ਉਡੀਕ ਵਿੱਚ ਗੁਜਾਰ ਦਿੱਤੇ ਪਰ ਸੱਭ ਵਾਅਦੇ ਸਿਰਫ ਤੇ ਸਿਰਫ ਚੁਣਾਵੀ ਜੁਮਲੇ ਸਾਬਤ ਹੋਏ। ਜਿਵੇਂ ਕਿ ਇਕ ਗੀਤ ਦੇ ਬੋਲ ਹਨ ਕਿ :

ਕਸਮੇਂ ਵਾਅਦੇ ਪਿਆਰ ਵਫਾ,

ਸਭ ਬਾਤੇਂ ਹੈਂ ਬਾਤੋਂ ਕਾ ਕਿਯਾ।

ਜਦੋਂ ਕਿ ਮੋਦੀ ਉਸ ਕਾਰਜਕਾਲ ਦੌਰਾਨ ਦੇਸ਼ ਦੇ ਅਲੱਗ ਅਲੱਗ ਸੂਬਿਆਂ ਵਿਚ ਗਊ ਰੱਖਿਆ ਦੇ ਨਾਂ ਤੇ ਕਿੰਨੇ ਬੇਗੁਨਾਹ ਲੋਕਾਂ ਦੀ ਸ਼ਰੇਆਮ ਮੋਬਲਿੰਚਿਗ ਹੋਈ। ਇਸ ਦਾ ਇਲਾਵਾ ਘੱਟ ਗਿਣਤੀਆਂ ਤੇ ਦਲਿਤਾਂ ਤੇ ਬੇਤਹਾਸ਼ਾ ਜੁਲਮ ਢਾਹ ਗਏ। ਪਰ ਉਕਤ ਲੱਗਭਗ ਸਭਨਾਂ ਮਾਮਲਿਆਂ ਵਿੱਚ ਪੀੜ੍ਹਤ ਲੋਕਾਂ ਇਨਸਾਨ ਦਿਵਾਉਣ ਦੀ ਥਾਂ ਜੁਲਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਕਿ ਦੇਸ਼ ਦਾ ਸਾਰਾ ਮੇਨ ਸਟਰੀਮ ਮੀਡੀਆ ਜਨਤਾ ਅਤੇ ਦੇਸ਼ ਨੂੰ ਪੇਸ਼ ਸਮਸਿਆਵਾਂ ਤੇ ਸਾਕਾਰਾਤਮਕ ਚਰਚਾਵਾਂ ਜਾਂ ਮਿਆਰੀ ਖਬਰਾਂ ਦੇਣ ਦੀ ਬਜਾਏ, ਕਿਸੇ ਗਿਣੀ ਮਿੱਥੀ ਸਾਜਿਸ਼ ਤਹਿਤ ਜਨਤਾ ਨੂੰ ਧਰਮ ਦੇ ਨਾਂ ਤੇ ਭਾਵ ਹਿੰਦੂ ਮੁਸਲਿਮ ਡਿਬੇਟਸ ਦੇ ਮੱਕੜ ਜਾਲ ਉਲਝਾ ਕੇ ਨਫਰਤਾਂ ਦੇ ਬੀਜ ਬੋੰਦਾ ਰਿਹਾ । ਇਸੇ ਵਿਚਕਾਰ ਦੇਸ਼ ਚੋਂ ਵਿਜੇ ਮਾਲੀਆ ਮਹਿਲ ਚੋਕਸੀ ਤੇ ਨੀਰਵ ਮੋਦੀ ਜਿਹੇ ਲੋਕ ਬੈਂਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ-ਲਾ ਦੇਸ਼ ਚੋਂ ਫਰਾਰ ਹੁੰਦੇ ਰਹੇ ਤੇ ਜਾ ਜਾ ਵਿਦੇਸ਼ਾਂ ਵਿੱਚ ਪਨਾਹ ਲੈਂਦੇ ਰਹੇ। ਪਰ ਇਸ ਸੱਭ ਕਾਸੇ ਨੂੰ ਸਰਕਾਰ ਜਿਵੇਂ ਮੂਕ ਦਰਸ਼ਕ ਬਣੀ ਵੇਖਦੀ ਰਹੀ।

ਇਸੇ ਪ੍ਰਕਾਰ ਦੇਸ਼ ਅਸਹਿਣਸ਼ੀਲਤਾ ਫੈਲਦੀ ਰਹੀ। ਇਸ ਦੇ ਵਿਰੋਧ ਵਿੱਚ ਸਰਕਾਰ ਨੂੰ ਜਗਾਉਣ ਲਈ ਬੁੱਧੀਜੀਵੀ ਵਰਗ ਆਪਣੇ ਐਵਾਰਡਾਂ ਨੂੰ ਉਪਰੋਂ ਥਲੀ ਵਾਪਸ ਕਰਨ ਲੱਗੇ ਪਰ ਇਸ ਸੱਭ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ।

ਇਸ ਦੇ ਵਿਪਰੀਤ ਸਰਕਾਰ ਨੇ ਲੋਕਾਂ ਦੇ ਧਿਆਨ ਨੂੰ ਡਾਇਵਰਟ ਕਰਨ ਲਈ 8 ਨਵੰਬਰ 2016 ਨੂੰ ਨੋਟ ਬੰਦੀ ਕਰਦਿਆਂ ਜਿਥੇ ਲੋਕਾਂ ਨੂੰ ਇਕ ਵੱਡਾ ਝਟਕਾ ਦਿੱਤਾ ਉਥੇ ਹੀ ਦੇਸ਼ ਦੀ ਅਰਥ-ਵਿਵਸਥਾ ਦੀ ਇਕ ਤਰ੍ਹਾਂ ਨਾਲ ਕਮਰ ਹੀ ਤੋੜ ਕੇ ਰੱਖ ਦਿੱਤੀ। ਜਦੋਂ ਕਿ ਇਸ ਦੋਰਾਨ ਕਾਲਾ ਧਨ ਖਤਮ ਕਰਨ ਆਦਿ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ। ਪਰ ਅਰਥ ਸ਼ਾਸਤਰੀਆਂ ਅਨੁਸਾਰ ਹਕੀਕਤ ਵਿਚ ਇਸ ਡੀਮੋਨੋਟਾਈਜੇਸ਼ਨ ਦਾ ਕੋਈ ਇਕ ਵੀ ਲਾਭ ਹੋਣ ਦੀ ਬਜਾਏ ਉਲਟੇ ਦੇਸ਼ ਦੇ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਤੇ ਕਿੰਨਿਆਂ ਨੂੰ ਆਪਣੀ ਜਾਨ ਗੰਵਾਨੀ ਪਈ ਤੇ ਕਿੰਨੇ ਛੋਟੇ ਦੁਕਾਨਦਾਰ ਬਰਬਾਦ ਅਤੇ ਸਮਾਲ ਸਕੇਲ ਇੰਡਸਟਰੀ ਤਬਾਹ ਹੋ ਗਈ।

ਇਸੇ ਵਿਚਕਾਰ ਦੇਸ਼ ਦੀ ਡਿਗ ਰਹੀ ਅਰਥ ਵਿਵਸਥਾ ਨੂੰ ਸੰਭਾਲਣ ਦੀ ਬਜਾਏ ਰਾਤੋ ਰਾਤ ਜੀ ਐਸ ਟੀ ਲਾਗੂ ਕਰਕੇ ਦੇਸ਼ ਦੇ ਲੋਕਾਂ ਦੇ ਕੰਮਾਂ ਤੇ ਡੂੰਘੀ ਸੱਟ ਮਾਰੀ। ਇਹ ਕਿ ਖਾਮੀਆਂ ਨਾਲ ਭਰੀ ਜੀ ਐਸ ਟੀ ਦੇ ਮਾੜੇ ਨਤੀਜਿਆਂ ਨੂੰ ਦੇਸ਼ ਅਤੇ ਦੇਸ਼ ਲੋਕ ਹਾਲੇ ਤੱਕ ਭੁਗਤ ਰਹੇ ਹਨ। ਪਰ ਸਿਆਸੀ ਮਾਹਿਰਾਂ ਅਨੁਸਾਰ ਸਰਕਾਰ ਅਰਥ ਵਿਵਸਥਾ ਚ ਆਈਆਂ ਖਾਮੀਆਂ ਨੂੰ ਦੂਰ ਕਰਨ ਦੀ ਬਜਾਏ, ਸਾਰਾ ਧਿਆਨ ਆਪਣੇ ਵੋਟ ਬੈਂਕ ਨੂੰ ਪੋਲਰਾਇਜ ਕਰਨ ਤੇ ਹੀ ਲਗਾਉਂਦੀ ਵਿਖਾਈ ਦਿੰਦੀ ਰਹੀ। ਜਿਵੇਂ ਕਿ ਕਦੇ ਤਿੰਨ ਤਲਾਕ ਕਦੇ ਕੈਬ ਅਤੇ ਹਿੰਦੂਤਵ ਜਿਹੇ ਬੇਲੋੜੇ ਮੁੱਦੇ ਉਛਾਲ ਉਛਾਲ ਕੇ ਲੋਕਾਂ ਨੂੰ ਮੂਰਖ ਬਣਾਉਦੀ ਰਹੀ। ਇਸ ਦੋਰਾਨ ਦੇਸ਼ ਦਾ ਰੁਪਿਆ ਡਾਲਰ ਦੇ ਮੁਕਾਬਲੇ ਹੋਰ ਡਿਗਦਾ ਰਿਹਾ। ਇਸ ਦੇ ਨਾਲ ਹੀ ਜੀ ਡੀ ਪੀ ਅਤੇ ਜੀ ਐਸ ਟੀ ਵੀ ਲਗਾਤਾਰ ਡਿਗਦੀ ਰਹੀ ਤੇ ਦੇਸ਼ ਦੀ ਅਰਥ ਵਿਵਸਥਾ ਕਮਜ਼ੋਰ ਹੁੰਦੀ ਰਹੀ। ਇਸੇ ਦੌਰਾਨ 2019 ਦੇ ਲੋਕ ਸਭਾ ਦੀਆਂ ਚੋਣਾਂ ਦੀ ਆਮਦ ਨੇ ਇਕ ਵਾਰ ਫਿਰ ਦਸਤਕ ਦਿੱਤੀ। ਤਾਂ ਹੁਣ ਸਰਕਾਰ ਨੇ ਲੋਕਾਂ ਦੀ ਕਚਹਿਰੀ ਵਿੱਚ ਮੁੜ ਜਾਣਾ ਸੀ ਪਰ ਦੇਸ਼ ਦੇ ਲੋਕਾਂ ਨੂੰ ਵਰਗਲਾਉਣ ਲਈ ਕੁੱਝ ਵੀ ਨਹੀਂ ਸੀ।

ਇਸੇ ਦੋਰਾਨ ਪੁਲਵਾਮਾ ਦਾ ਦੁਖ ਦਾਈ ਹਮਲਾ ਹੋਇਆ ਜਿਸ ਵਿਚ ਦੇਸ਼ ਨੇ ਅਪਣੇ ਲੱਗਭਗ 45 ਜਵਾਨ ਗਵਾਏ। ਇਸ ਉਪਰੰਤ ਪਾਕਿਸਤਾਨ ਤੇ ਸਰਜੀਕਲ ਸਟ੍ਰਾਇਕ ਹੋਈ। ਮੀਡੀਆ ਰਿਪੋਰਟਾਂ ਵਿੱਚ ਇਹ ਵਿਰੋਧਾਭਾਸ ਦਾਅਵੇ ਕੀਤੇ ਗਏ ਕਿ ਉਕਤ ਸਟਰਾਈਕ ਦੋਰਾਨ ਦੁਸ਼ਮਣ ਦੇ ਤਿੰਨ ਸੋ ਦੇ ਲੱਗਭਗ ਅੱਤਵਾਦੀ ਮਾਰ ਮੁਕਾਏ ਗਏ। ਉਕਤ ਦੋਵਾਂ ਨੂੰ ਹੀ 2019 ਦੀਆਂ ਚੋਣਾਂ ਵਿੱਚ ਭਾਜਪਾ ਨੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਮੋਦੀ ਇਕ ਵਾਰ ਫਿਰ ਸਰਕਾਰ ਬਨਾਉਣ ਵਿਚ ਸਫਲ ਹੋਏ।

ਸਿਆਸੀ ਮਾਹਿਰਾਂ ਅਤੇ ਅੰਤਰ-ਰਾਸ਼ਟਰੀ ਮੀਡੀਆ ਦੀ ਰਿਪੋਰਟਾਂ ਅਨੁਸਾਰ ਅਪਣੀ ਇਸ ਦੂਜੀ ਟਰਮ ਦੀ ਸ਼ੁਰੂਆਤ ਤੋਂ ਹੀ ਮੋਦੀ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਹਨ ਜਿਸ ਦੇ ਤਹਿਤ ਪਹਿਲਾਂ ਧਾਰਾ 370 ਨੂੰ ਖਤਮ ਕੀਤਾ ਗਿਆ ਇਸ ਦੇ ਨਾਲ ਹੀ ਟਰਿਪਲ ਤਲਾਕ ਬਿਲ ਪਾਸ ਹੋਇਆ ਤੇ ਫਿਰ ਸੁਪਰੀਮ ਕੋਰਟ ਨੇ ਆਯੁਧਿਆ ਵਿੱਚਲੀ ਵਿਵਾਦਿਤ ਜਮੀਨ ਰਾਮ ਮੰਦਰ ਅਰਥਾਤ ਮਸਜਿਦ ਨੂੰ ਢਾਹੁਣ ਵਾਲਿਆਂ ਦੇ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਤੇ ਮਸਜਿਦ ਲਈ ਅਯੁੱਧਿਆ ਵਿਖੇ ਹੀ ਪੰਜ ਏਕੜ ਜਮੀਨ ਮੁਹੱਈਆ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ।

ਪਿਛਲੇ ਸਾਲ ਦਸੰਬਰ ਵਿਚ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਨਾਲ ਤੱਤਭੜੱਤੀ ਵਿੱਚ ਸਿਟੀਜਨ ਸੋਧ ਕਾਨੂੰਨ ਨੂੰ ਪਾਸ ਕਰਵਾਇਆ (ਤੇ ਇਸ ਵਿੱਚੋਂ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ) ਤੇ ਫੇਰ ਜਿਸ ਤਰ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਪੂਰੇ ਦੇਸ਼ ਵਿਚ ਐਨ ਆਰ ਸੀ ਲਾਗੂ ਕਰਨ ਦੇ ਦਾਅਵੇ ਕੀਤੇ। ਉਸ ਨੇ ਮੰਨੋ ਪੂਰੇ ਦੇਸ਼ ਵਿਚ ਕੋਹਰਾਮ ਮਚਾ ਦਿੱਤਾ ਤੇ ਇਸ ਕੋਹਰਾਮ ਦੀ ਗੂੰਜ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸੁਣੀ ਗਈ। ਇਸ ਦੋਰਾਨ ਜਾਮੀਆ ਮਿਲੀਆ, ਏ ਐਮ ਯੂ ਆਦਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਜਿਸ ਤਰ੍ਹਾਂ ਨਾਲ ਪੁਲਸ ਨੇ ਆਪਣੀ ਬਰਬਰਤਾ ਵਿਖਾਈ ਤੇ ਲਾਇਬ੍ਰੇਰੀ ਅਤੇ ਬਾਥਰੂਮਾਂ ਆਦਿ ਵਿੱਚ ਘੁਸ ਕੇ ਜਿਸ ਨਿਰਦਈ ਪੁਣੇ ਨਾਲ ਕੁੜੀਆਂ ਮੁੰਡਿਆਂ ਦੀ ਮਾਰਕੁੱਟ ਕੀਤੀ ਤੇ ਹੋਰ ਸੰਪਤੀ ਨੁਕਸਾਨ ਪਹੁੰਚਾਇਆ ਗਿਆ । ਉਸ ਦੇ ਵੀਡੀਓ ਵਾਇਰਲ ਹੋ ਕੇ ਜਦੋਂ ਲੋਕਾਂ ਸਾਹਮਣੇ ਆਏ ਤਾਂ ਉਸ ਨੇ ਦੇਸ਼ ਹੀ ਨਹੀਂ ਅਮਰੀਕਾ ਬਰਤਾਨੀਆ ਆਦਿ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵੀ ਜਾਮੀਆ ਦੇ ਵਿਦਿਆਰਥੀਆਂ ਨਾਲ ਲਿਆ ਖੜ੍ਹਾ ਕੀਤਾ।

ਹੁਣ ਜਦੋਂ ਕਿ ਉਕਤ ਪ੍ਰਦਰਸ਼ਨਾਂ ਨੂੰ ਹੁੰਦਿਆਂ ਦੋ ਹਫਤਿਆਂ ਤੋਂ ਵੀ ਉਪਰ ਸਮਾਂ ਲੰਘ ਚੁੱਕਾ ਹੈ। ਇਸ ਦੇ ਬਾਵਜੂਦ ਉਕਤ ਸੀ ਏ ਏ, ਐਨ ਆਰ ਸੀ ਅਤੇ ਐਨ ਪੀ ਆਰ ਦੇ ਵਿਰੁੱਧ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਦੋਰ ਚਲ ਰਿਹਾ ਹੈ ਤੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਸੱਭ ਧਰਮਾਂ ਦੇ ਲੋਕ ਵੱਡੀ ਗਿਣਤੀ ਵਿੱਚ ਸੜਕਾਂ ਤੇ ਆ ਕੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ। ਇਹ ਕਿ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਨੱਵੇ ਸਾਲਾਂ ਦੀਆਂ ਬਜ਼ੁਰਗ ਔਰਤਾਂ ਤੋਂ ਲੈ ਕੇ ਵੀਹ ਦਿਨਾਂ ਦੀ ਨਵੀਂ ਜੰਮੀ ਬੱਚੀ ਤੱਕ ਧਰਨੇ ਤੇ ਬੈਠੀਆਂ ਹਨ।

ਇਸ ਦੇ ਨਾਲ ਹੀ ਉਕਤ ਕਾਨੂੰਨ ਨੂੰ ਲਾਗੂ ਕਰਨ ਨੂੰ ਲੈ ਕੇ ਜਿਥੇ ਪੰਜਾਬ ਪੱਛਮੀ ਬੰਗਾਲ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਆਦਿ ਦੇਸ਼ ਦੇ ਤਕਰੀਬਨ ਦਸ ਸੂਬਿਆਂ ਨੇ ਕੋਰਾ ਜਵਾਬ ਦੇ ਦਿੱਤਾ ਹੈ ਉਥੇ ਹੀ ਬੀਤੇ ਦਿਨੀਂ ਦੇਸ਼ ਦੇ ਸਾਖਰਤਾ ਦਰ ਵਿੱਚ ਅੱਵਲ ਰਹਿਣ ਵਾਲੇ ਸੂਬੇ ਕੇਰਲ ਨੇ ਆਪਣੀ ਵਿਧਾਨ ਸਭਾ ਵਿੱਚ ਉਕਤ ਕਾਨੂੰਨ ਨੂੰ ਵਾਪਸ ਲੈਣ ਦਾ ਮਤਾ ਪਾਸ ਕਰਦਿਆਂ ਇਸ ਦੀ ਵਿਸ਼ਵਨਿਅਤਾ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਦੋਂ ਕਿ ਪਾਂਡੀਚਰੀ ਨੇ ਵੀ ਇਸ ਕਾਨੂੰਨ ਦੇ ਵਿਰੁੱਧ ਕੇਰਲ ਦੀ ਤਰਜ ਤੇ ਹੀ ਮਤਾ ਪਾਸ ਕਰਨ ਦਾ ਫੈਸਲਾ ਕੀਤਾ ਹੈ।

ਦਰਅਸਲ ਸਿਆਸੀ ਮਾਹਿਰਾਂ ਅਨੁਸਾਰ ਇਹ ਨਾਗਰਿਕਤਾ ਸੋਧ ਕਾਨੂੰਨ ਸੰਵਿਧਾਨ ਦੀ ਮੂਲਭਾਵਨਾ ਅਤੇ ਮੌਲਿਕ ਅਧਿਕਾਰਾਂ ਦੀ ਸਿੱਧੀ ਦੇ ਖਿਲਾਫਵਰਜੀ ਕਰਦਾ ਹੈ। ਇਹੋ ਕਾਰਨ ਹੈ ਕਿ ਇਸ ਕਾਨੂੰਨ ਨੂੰ ਰੱਦ ਕਰਾਉਣ ਲਈ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਕੁਝ ਹੋਰ ਬੁੱਧੀਜੀਵੀ ਲੋਕਾਂ ਵਲੋਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਸੁਣਵਾਈ ਕਰਦਿਆਂ ਮਾਣਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਇਸ ਦੀ ਮੁੜ ਸੁਣਵਾਈ ਲਈ 22 ਜਨਵਰੀ 2020 ਦੀ ਤਾਰੀਖ ਪਾ ਦਿੱਤੀ ਸੀ। ਇਥੇ ਜਿਕਰਯੋਗ ਹੈ ਕਿ ਨਵੰਬਰ ਵਿੱਚ ਜਦੋਂ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਅਤੇ ਰਾਮ ਜਨਮ ਭੂਮੀ ਵਿਵਾਦ ਤੇ ਆਪਣਾ ਫੈਸਲਾ ਸੁਣਾਇਆ ਤਾਂ ਉਸ ਨੂੰ ਲੈ ਕੇ ਸਾਬਕਾ ਜਸਟਿਸ ਏ ਕੇ ਗਾਂਗੁਲੀ ਅਤੇ ਜਸਟਿਸ ਮਾਰਕੰਡੇ ਕਾਟਜੂ ਨੇ ਜੋ ਸਵਾਲ ਖੜ੍ਹੇ ਕੀਤੇ ਸਨ ਉਸ ਤੋਂ ਸਾਰੇ ਹੀ ਭਲੀਭਾਂਤ ਜਾਣੂੰ ਹਨ।

ਹੁਣ ਵੇਖਣਾ ਦਿਲਚਸਪ ਹੋਵੇਗਾ ਕਿ ਹਾਲ ਦੀ ਘੜੀ ਬੈਕਫੁੱਟ ਤੇ ਵਿਖਾਈ ਦੇ ਰਹੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸ ਕਾਨੂੰਨ ਨੂੰ ਲੈ ਕੇ ਕੀ ਕਦਮ ਚੁੱਕਦੀ ਹੈ ਅਤੇ ਸੁਪਰੀਮ ਕੋਰਟ ਇਸ ਸੰਦਰਭ ਵਿੱਚ ਆਪਣਾ ਕੀ ਫੈਸਲਾ ਸੁਣਾਉਂਦੀ ਹੈ।

ਅੰਤ ਵਿੱਚ ਇਹੋ ਕਹਿਣਾ ਚਾਹਾਂਗਾ ਕਿ ਮੌਸਮ ਬਦਲਦੇ ਰਹਿੰਦੇ ਹਨ ਕਈ ਵਾਰ ਠੰਡ ਬੇਤਹਾਸ਼ਾ ਪੈਂਦੀ ਹੈ ਕਦੇ ਗਰਮੀ ਆਪਣੇ ਹੀ ਪਿਛਲੇ ਸਾਲਾਂ ਦੇ ਰਿਕਾਰਡ ਤੋੜ ਜਾਂਦੀ ਹੈ, ਕਈ ਵਾਰ ਸੁਨਾਮੀ ਅਤੇ ਭੁਚਾਲ ਆਉਂਦੇ ਹਨ ਤੇ ਭਿਆਨਕ ਤਬਾਹੀ ਮਚਾ ਕੇ ਚਲੇ ਜਾਂਦੇ ਹਨ ਪਰੰਤੂ ਸਮਾਂ ਗੁਜਰਨ ਤੋਂ ਬਾਅਦ ਸਭ ਸਾਧਾਰਨ ਹੋ ਜਾਂਦਾ ਹੈ ਇਹੋ ਹਾਲ ਸਰਕਾਰਾਂ ਅਤੇ ਹੁਕਮਰਾਨਾਂ ਦਾ ਹੈ ਕਹਿਣ ਭਾਵ ਕੋਈ ਵੀ ਸਦੀਵੀ ਨਹੀਂ ਹੈ ਸੱਭ ਕੁੱਝ ਫਾਨੀ ਹੈ। ਉਰਦੂ ਦੇ ਇਕ ਕਵੀ ਨੇ ਕਿਨ੍ਹਾਂ ਸੋਹਣੇ ਸ਼ਬਦਾਂ ਵਿਚ ਹਾਲਾਤ ਏ ਹਾਜਰਾ ਦੀ ਤਸਵੀਰ ਪੇਸ਼ ਕੀਤੀ ਹੈ ਕਿ :

ਤੁਮਸੇ ਪਹਿਲੇ ਜੋ ਇਕ ਸ਼ਖਸ

ਯਹਾਂ ਤਖ਼ਤ ਨਸ਼ੀਂ ਥਾ।

ਉਸ ਕੋ ਭੀ ਆਪਣੇ ਖੁਦਾ ਹੋਣੇ ਪੇ

ਇਤਨਾ ਹੀ ਯਕੀਂ ਥਾ।

 

ਮੁਹੰਮਦ ਅੱਬਾਸ ਧਾਲੀਵਾਲ

ਸੰਪਰਕ 9855259650