Copyright © 2019 - ਪੰਜਾਬੀ ਹੇਰਿਟੇਜ
ਗੁਰਦੁਆਰਾ ਸੁੱਖ ਸਾਗਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ

ਗੁਰਦੁਆਰਾ ਸੁੱਖ ਸਾਗਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ

ਸਰੀ : ਸਰਬੰਸਦਾਨੀ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟ ਗੁਰਦੁਆਰਾ ਸੁੱਖ ਸਾਗਰ ਵਿਖੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 5 ਜਨਵਰੀ ਸ਼ਾਮ ਸਮੇਂ ਪਾਏ ਗਏ ਉਪਰੰਤ ਦੀਵਾਨ ਸਜੇ। ਸਜੇ ਦੀਵਾਨਾਂ ਵਿੱਚ ਭਾਈ ਹਰਨੇਕ ਸਿੰਘ ਅਤੇ ਭਾਈ ਅਜੀਤਪਾਲ ਸਿੰਘ ਦੇ ਜਥਿਆਂ ਨੇ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ। ਵਿਸ਼ੇਸ਼ ਤੌਰ ਤੇ ਪਹੁੰਚੇ ਪੰਥਕ ਵਿਸਵਾਨ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਾਲਿਆਂ ਨੇ ਗੁਰਮਤਿ ਵੀਚਾਰਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਤਿਗੁਰਾਂ ਨੇ ਸਿੱਖ ਨੂੰ ਉਹ ਕੁਝ ਦਿੱਤਾ ਜੋ ਸੰਸਾਰ ਦੇ ਇਤਿਹਾਸ ਵਿੱਚ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਸਿਰ ਉੱਚਾ ਕਰਕੇ ਜਿਉਣ ਦੀ ਜਾਂਚ। ਆਪਣਾ ਆਪ ਸਿੱਖ ਤੋਂ ਗੁਰੂ ਨੇ ਵਾਰ ਦਿੱਤਾ, ਆਪਣੀਆਂ ਖੁਸ਼ੀਆਂ ਵੀ ਗੁਰੂ ਜੀ ਨੇ ਸਿੱਖਾਂ ਤੋਂ ਵਾਰ ਦਿੱਤੀਆਂ ਅਤੇ ਸਾਰੇ ਅਧਿਕਾਰ ਵੀ ਖਾਲਸੇ ਨੂੰ ਦੇ ਦਿੱਤੇ। ਆਪਣਾ ਵੱਡਾ ਮਰਤਬਾ ਖਾਲਸੇ ਨੂੰ ਦੇ ਕੇ ਸਵੈ ਮਾਣ ਬਖਸ਼ਿਆ। ਪਰ ਸਾਡੀ ਬਦਕਿਸਮਤੀ ਕਿ ਅੱਜ ਅਸੀਂ ਪੰਥ ਬਣਨ ਦੀ ਬਜਾਏ ਧੜੇ ਬਣ ਗਏ। ਗੁਰੂ ਨੇ ਸਾਨੂੰ ਸਮੁੰਦਰ ਬਣਨ ਦੀ ਜਾਂਚ ਸਿਖਾਈ ਪਰ ਅਸੀਂ ਅੱਜ ਛਪੜੀਆਂ ਬਣ ਕੇ ਰਹਿ ਗਏ ਆਪਾ ਮਿਟਾ ਕੇ ਗੁਰੂ ਦਾ ਹੋਣਾ ਸੀ ਪਰ ਅਸੀਂ ਸਿੱਖਾਂ ਨੇ ਆਪਣੀ ਹਊਮੈ ਤਿਆਗੀ ਨਹੀਂ ਨਾ ਹੀ ਤਿਆਗਣਾ ਚਾਹੁੰਦੇ ਹਾਂ। ਨਿਸ਼ਾਨੇ ਤੋਂ ਬਿਨਾ ਜ਼ਿੰਦਗੀ ਭਟਕਦੀਆਂ ਰੂਹਾਂ ਵਰਗੀ ਹੈ। ਜਿਨ੍ਹਾਂ ਨੇ ਆਪਣੀ ਹੋਂਦ ਖਤਮ ਕਰਕੇ ਗੁਰੂ ਦੇ ਬਣ ਗਏ ਇਤਿਹਾਸ ਗਵਾਹ ਹੈ ਕਿ ਜਾਲਮਾਂ ਨੇ ਲੱਖ ਯਤਨ ਕਰ ਲਏ ਪਰ ਸਿੱਖ ਦਾ ਤਾਜ ਨਹੀਂ ਖੋਹ ਸਕੇ। ਅੱਜ ਜਾਲਮ ਨੇ ਸਾਡੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ ਜਦ ਤੱਕ ਅਸੀਂ ਉਹ ਗੁਣ ਨਹੀਂ ਧਾਰਨ ਕਰਦੇ ਹੋ ਗੁਰੂ ਨੇ ਦਿੱਤੇ ਸਨ ਖੁਆਰ ਹੀ ਹੋਵਾਂਗੇ। ਭਾਈ ਹਰਪਾਲ ਸਿੰਘ ਜੀ ਲਗਾਤਾਰ 12 ਜਨਵਰੀ ਤੱਕ ਰੋਜ਼ਾਨਾ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਾਰੀ ਭਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਭਰੇ ਬਿਖੜੇ ਪੰਧ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਨਗੇ। ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਨੇ ਸਮੂਹ ਸੇਵਾਦਾਰਾਂ ਵਲੋਂ ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰੋਜ਼ਾਨਾ ਹਾਜ਼ਰੀ ਭਰਕੇ ਲਾਹਾ ਲੈਣਾ ਚਾਹੀਦਾ ਹੈ।