Copyright & copy; 2019 ਪੰਜਾਬ ਟਾਈਮਜ਼, All Right Reserved
ਕੈਨੇਡਾ ‘ਚ ਲਗਾਤਾਰ ਵੱਧ ਰਹੇ ਹਨ ਪ੍ਰਵਾਸੀ ਵਿਦਿਆਰਥੀਆਂ ਦੀ ਲੜਾਈ ਦੇ ਕੇਸ

ਕੈਨੇਡਾ ‘ਚ ਲਗਾਤਾਰ ਵੱਧ ਰਹੇ ਹਨ ਪ੍ਰਵਾਸੀ ਵਿਦਿਆਰਥੀਆਂ ਦੀ ਲੜਾਈ ਦੇ ਕੇਸ

ਟੋਰਾਂਟੋ : ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਪ੍ਰਵਾਸੀ ਵਿਦਿਆਰਥੀਆਂ ਦੀ ਵਸੋਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਨ੍ਹਾਂ ‘ਚ ਵੱਡੀ ਗਿਣਤੀ ਪੰਜਾਬੀ ਮੁੰਡੇ ਕੁੜੀਆਂ ਦੀ ਵੀ ਹੈ। ਹੁਣ ਵੇਖਣ ਨੂੰ ਮਿਲ ਰਿਹਾ ਕਿ ਕੈਨੇਡਾ ਵਿਚ ਪੰਜਾਬੀ ਮੁੰਡੇ-ਕੁੜੀਆਂ ‘ਤੇ ਲੜਾਈ ਝਗੜੇ ਸਣੇ ਕਈ ਕੇਸਾਂ ‘ਚ ਵਾਧਾ ਹੋਇਆ ਹੈ। ਜਿਸ ਕਾਰਨ ਅਦਾਲਤਾਂ ਵਿਚ ਪੰਜਾਬੀਆਂ ਦੀ ਭੀੜ ਲੱਗੀ ਰਹਿੰਦੀ ਹੈ। ਕੈਨੇਡਾ ਵਿਚ ਪੰਜਾਬੀ ਮੂਲ ਦੇ ਲੋਕਾਂ ਦਾ ਪਸਾਰਾ ਵਧ ਰਿਹਾ ਹੈ ਪਰ ਉਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਦੱਖਣ ਵਿਚ ਵਸੋਂ ਬਹੁਤ ਸੰਘਣੀ ਹੋ ਚੁੱਕੀ ਹੈ। ਨਵੇਂ ਲੋਕ ਉਥੇ ਪੁੱਜ ਕੇ ਅਪਣੀ ਸਥਾਪਤੀ ਲਈ ਯਤਨਸ਼ੀਲ ਰਹਿੰਦੇ ਹਨ ਪਰ ਇਸ ਦੇ ਨਾਲ ਅਕਸਰ ਹੀ ਕਈ ਤਰ੍ਹਾਂ ਦੇ ਅਪਰਾਧਾਂ ਕਾਰਨ ਉਹ ਪੁਲਿਸ ਦੇ ਕੇਸਾਂ ਵਿਚ ਵੀ ਘਿਰ ਜਾਂਦੇ ਹਨ। ਟੋਰਾਂਟੋ ਇਲਾਕੇ ਦੀਆਂ ਅਦਾਲਤਾਂ ਅੰਦਰ ਲੋਕਾਂ ਦੀ ਚਹਿਲ ਪਹਿਲ ਵਿਚ ਪੰਜਾਬੀਆਂ ਅਤੇ ਪੰਜਾਬਣਾਂ ਦੀ ਗਿਣਤੀ ਕਿਸੇ ਹੋਰ ਭਾਈਚਾਰੇ ਦੇ ਲੋਕਾਂ ਤੋਂ ਘੱਟ ਨਹੀਂ। ਜੇਲ੍ਹਾਂ ਵਿਚ ਵੀ ਪੰਜਾਬੀਆਂ ਅਤੇ ਪੰਜਾਬਣਾਂ ਦੀ ਚੋਖੀ ਹਾਜ਼ਰੀ ਬਣੀ ਰਹਿੰਦੀ ਹੈ। ਦੀਵਾਨੀ ਅਤੇ ਫੌਜ਼ਦਾਰੀ ਅਦਾਲਤਾਂ ਵਿਚ ਚੋਰੀਆਂ, ਠੱਗੀਆਂ, ਲੜਾਈਆਂ, ਧੋਖਿਆਂ, ਕੁਟਾਪਿਆਂ, ਹੇਰਾ ਫੇਰੀਆਂ ਆਦਿ ਦੇ ਕੇਸ ਆਮ ਹਨ। ਘਰੇਲੂ ਕਲੇਸ਼ਾਂ ਨਾਲ ਨਾਲ ਬੀਤੇ ਕੁਝ ਮਹੀਨਿਆਂ ਤੋਂ ਉਨਟਾਰੀਓ ਵਿਖੇ ਟੋਰਾਂਟੋ, ਬਰੈਂਪਟਨ, ਮਿਲਟਨ, ਬੈਰੀ, ਵਿੰਡਸਰ ਆਦਿ ਸ਼ਹਿਰਾਂ ਵਿਚ ਸਥਿਤ ਅਦਾਲਤਾਂ ਦੇ ਕੰਪਲੈਕਸਾਂ ਅੰਦਰ ਪੰਜਾਬੀ ਮੁੰਡੇ ਅਤੇ ਕੁੜੀਆਂ ਦੀ ਵਧ ਰਹੀ ਆਵਾਜਾਈ ਦੇਖਣ ਨੂੰ ਮਿਲਣ ਲੱਗੀ ਹੈ। ਉਨ੍ਹਾਂ ਵਿਚ ਬਹੁਤ ਸਾਰੇ ਅਜਿਹੇ ਹਨ ਜੋ ਜਿਣਸੀ ਹਮਲੇ ਜਾਂ ਸਰੀਰਕ ਸ਼ੋਸ਼ਣ ਦੇ ਕੇਸਾਂ ਵਿਚ ਫਸੇ ਰਹੇ ਹਨ।
ਕੁੜੀਆਂ ਵਲੋਂ ਪੁਲਿਸ ਨੂੰ ਦਿੱਤੀਆਂ ਜਾਂਦੀਆਂ ਸ਼ਿਕਾਇਤਾਂ ਤੋਂ ਬਾਅਦ ਮੁੰਡੇ ਅਜਿਹੇ ਮਾਮਲਿਆਂ ਵਿਚ ਆਮ ਘਿਰਦੇ ਹਨ। ਇੱਕ ਤੋਂ ਦੂਜੇ ਤੱਕ ਬਦਲਦੇ ਰਿਸ਼ਤਿਆਂ ਵਿਚ ਕੁੜੱਤਣ ਲੜਾਈ ਅਤੇ ਫੇਰ ਮੁਕੱਦਮਿਆਂ ਤੱਕ ਗੱਲ ਪੁੱਜਦੀ ਹੈ। ਕੈਨੇਡਾ ਵਿਚ ਜਿਣਸੀ ਹਮਲੇ ਦਾ ਦੋਸ਼ ਅਪਰਾਧਕ ਅਤੇ ਬੜਾ ਭੈੜਾ ਹੈ ਜਿਸ ਦੇ ਸਿੱਟੇ ਭਿਆਨਕ ਨਿਕਲਦੇ ਹਨ। ਇਸ ਤਰ੍ਹਾਂ ਦੇ ਅਪਰਾਧਕ ਕੇਸ ਵਿਚ ਸਜ਼ਾ ਛੇ ਮਹੀਨਿਆਂ ਤੋਂ ਦਸ ਸਾਲਾਂ ਤੱਕ ਅਤੇ ਜੁਰਮਾਨਾ ਹੋ ਸਕਦਾ ਹੈ। ਆਮ ਹਾਲਾਤਾਂ ਵਿਚ ਸਜ਼ਾ ਭੁਗਤਣ ਤੋਂ ਬਾਅਦ ਉਸ ਦਾ ਮੁੜ ਅਪਣੇ ਦੇਸ਼ ਡਿਪੋਰਟ ਹੋਣਾ ਤੈਅ ਹੋ ਜਾਂਦਾ ਹੈ।