Copyright & copy; 2019 ਪੰਜਾਬ ਟਾਈਮਜ਼, All Right Reserved
11 ਹਫ਼ਤੇ ਬੀਤਣ ਦੇ ਬਾਵਜੂਦ ਮਿਹਨਤਾਨੇ ਦੀ ਉਡੀਕ ‘ਚ ਚੋਣ ਕਾਮੇ

11 ਹਫ਼ਤੇ ਬੀਤਣ ਦੇ ਬਾਵਜੂਦ ਮਿਹਨਤਾਨੇ ਦੀ ਉਡੀਕ ‘ਚ ਚੋਣ ਕਾਮੇ

ਔਟਾਵਾ : ਕੈਨੇਡਾ ਵਿੱਚ 21 ਅਕਤੂਬਰ ਨੂੰ ਹੋਈਆਂ ਫੈਡਰਲ ਚੋਣਾਂ ਨੂੰ 11 ਹਫ਼ਤੇ ਬੀਤਣ ਦੇ ਬਾਵਜੂਦ ਬਹੁਤ ਸਾਰੇ ਚੋਣ ਕਾਮਿਆਂ ਨੂੰ ਹੁਣ ਤੱਕ ਮਿਹਨਤਾਨਾ ਨਹੀਂ ਮਿਲਿਆ, ਜਿਸ ਕਾਰਨ ਉਨਾਂ ਵਿੱਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ। ਇਲੈਕਸ਼ਨਜ਼ ਕੈਨੇਡਾ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ 3 ਲੱਖ ਤੋਂ ਵੱਧ ਚੋਣ ਕਾਮਿਆਂ ਨੂੰ ਮਿਹਨਤਾਨਾ ਦੇ ਦਿੱਤਾ ਗਿਆ ਹੈ, ਪਰ ਕੁਝ ਕਾਮੇ ਰਹਿ ਗਏ ਹਨ, ਜਿਨਾਂ ਨੂੰ ਅਜੇ ਭੁਗਤਾਨ ਕਰਨਾ ਬਾਕੀ ਹੈ। ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਮੈਥਿਊ ਮੈਕੇਨਾ ਨੇ ਕਿਹਾ ਕਿ ਫੈਡਰਲ ਚੋਣਾਂ ਵਿੱਚ ਡਿਊਟੀ ਨਿਭਾਉਣ ਵਾਲੇ ਜ਼ਿਆਦਾਤਰ ਕਾਮਿਆਂ ਨੂੰ ਚੋਣਾਂ ਮਗਰੋਂ 6 ਤੋਂ 8 ਮਹੀਨਿਆਂ ਦੇ ਵਿਚਕਾਰ ਮਿਹਨਤਾਨੇ ਦਾ ਭੁਗਤਾਨ ਕਰ ਦਿੱਤਾ ਗਿਆ ਸੀ। ਕੁਝ ਕਾਮੇ ਰਹਿੰਦੇ ਹਨ, ਉਨਾਂ ਨੂੰ ਵੀ ਮਿਹਨਤਾਨਾ ਦੇਣ ਲਈ ਸਾਡੀ ਟੀਮ ਅਣਥੱਕ ਮਿਹਨਤ ਕਰ ਰਹੀ ਹੈ। ਮਿਹਨਤਾਨੇ ਵਿੱਚ ਦੇਰੀ ਦਾ ਇੱਕ ਕਾਰਨ ਟਾਈਮ ਸ਼ੀਟ ਦੇ ਹੇਠਾਂ ਰਿਟਰਨਿੰਗ ਅਫ਼ਸਰ ਦੇ ਦਸਤਖ਼ਤ ਨਾ ਹੋਣਾ ਵੀ ਹੈ। ਉਨਟਾਰੀਓ ਦੇ ਸ਼ਹਿਰ ਕਿੰਗਸਟਨ ਵਿੱਚ ਸਥਿਤ ਕਵੀਨਜ਼ ਯੂਨੀਵਰਸਿਟੀ ਦੀ ਇੱਕ ਗਰੈਜੂਏਟ ਵਿਦਿਆਰਥਣ ਐਂਡਰੀਆ ਕੋਲਾਸਾਂਟੀ ਨੇ ਕਿਹਾ ਕਿ ਫੈਡਰਲ ਚੋਣਾਂ ਦੌਰਾਨ ਉਸ ਨੇ ਇੱਕ ਸਥਾਨਕ ਪੋਲਿੰਗ ਸਟੇਸ਼ਨ ‘ਤੇ ਸੂਚਨਾ ਅਫ਼ਸਰ ਵਜੋਂ ਸੇਵਾ ਨਿਭਾਈ ਸੀ, ਪਰ ਉਸ ਨੂੰ ਹੁਣ ਤੱਕ ਮਿਹਨਤਾਨਾ ਨਹੀਂ ਦਿੱਤਾ ਗਿਆ ਹੈ। ਇਹ ਬਹੁਤ ਨਿਰਾਸ਼ਾ ਦੀ ਗੱਲ ਹੈ। ਜੇਕਰ ਮੈਨੂੰ ਪਤਾ ਹੁੰਦਾ ਕਿ ਮਿਹਨਤਾਨੇ ਦੇ ਭੁਗਤਾਨ ਲਈ ਇੰਨੀ ਉਡੀਕ ਕਰਨੀ ਪਵੇਗੀ, ਤਾਂ ਸ਼ਾਇਦ ਮੈਂ ਇਹ ਡਿਊਟੀ ਨਾ ਨਿਭਾਉਂਦੀ। ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਮੈਥਿਊ ਮੈਕੇਨਾ ਨੇ ਕਿਹਾ ਕਿ ਚੋਣ ਕਾਮਿਆਂ ਨੂੰ ਮਿਹਨਤਾਨਾ ਨਾ ਮਿਲਣ ਬਾਰੇ ਸੁਣ ਕੇ ਉਨਾਂ ਨੂੰ ਨਿਰਾਸ਼ਾ ਹੋ ਰਹੀ ਹੈ ਅਤੇ ਉਹ ਵੀ ਉਸ ਸਮੇਂ ਜਦੋਂ ਲੋਕ ਛੁਟੀਆਂ ਦੇ ਬਿੱਲਾਂ ਦਾ ਭੁਗਤਾਨ ਕਰਨ ਦਾ ਯਤਨ ਕਰ ਰਹੇ ਹਨ। ਹਾਲਾਂਕਿ ਫੈਡਰਲ ਸਰਕਾਰ ਕੋਲ ਫੋਨਿਕਸ ਪੇਅ ਸਿਸਟਮ ਹੈ, ਪਰ ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਚੋਣ ਕਾਮਿਆਂ ਨੂੰ ਇਸ ਪ੍ਰਣਾਲੀ ਰਾਹੀਂ ਮਿਹਨਤਾਨੇ ਦਾ ਭੁਗਤਾਨ ਨਹੀਂ ਕੀਤਾ ਜਾ ਸਕਦਾ। ਐਂਡਰੀਆ ਕੋਲਾਸਾਂਟੀ ਨੇ ਕਿਹਾ ਕਿ ਉਹ ਆਪਣਾ ਮਿਹਤਾਨਾ ਲੈਣ ਲਈ ਇਲੈਕਸ਼ਨਜ਼ ਕੈਨੇਡਾ ਦੇ ਅਧਿਕਾਰੀਆਂ ਨਾਲ ਕਈ ਵਾਰ ਗੱਲ ਕਰ ਚੁੱਕੀ ਹੈ, ਪਰ ਉਸ ਨੂੰ ਕਿਸੇ ਪਾਸਿਓਂ ਵੀ ਹਾਂ ਦਾ ਹੂੰਗਾਰਾ ਨਹੀਂ ਮਿਲਿਆ।