Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ-ਈਰਾਨ ਵਿਚਾਲੇ ਤਣਾਅ ਇਕ ਨਵੇਂ ਸਿਖਰ ‘ਤੇ

ਅਮਰੀਕਾ-ਈਰਾਨ ਵਿਚਾਲੇ ਤਣਾਅ ਇਕ ਨਵੇਂ ਸਿਖਰ ‘ਤੇ

ਯੂਕਰੇਨ ਦੇ ਜਹਾਜ਼ ਹਾਦਸੇ ‘ਚ ਇਰਾਨੀ ਮਿਜ਼ਾਈਲ ਵੱਜਣ ਦੇ ਮਿਲ ਰਹੇ ਹਨ ਸਬੂਤ : ਪ੍ਰਧਾਨ ਮੰਤਰੀ ਟਰੂਡੋ

ਵਾਸ਼ਿੰਗਟਨ : ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਸਟ੍ਰਾਈਕ ਵਿਚ ਮੌਤ ਦੇ ਬਾਅਦ ਅਮਰੀਕਾ-ਈਰਾਨ ਵਿਚਾਲੇ ਤਣਾਅ ਇਕ ਨਵੇਂ ਸਿਖਰ ‘ਤੇ ਹੈ। ਦੋਵੇਂ ਦੇਸ਼ਾਂ ਵਲੋਂ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜੁਆਬੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਇਰਾਕ ਵਿੱਚ ਅਮਰੀਕੀ ਫ਼ੌਜੀ ਅੱਡੇ ਉੱਤੇ ਹਮਲਾ ਕੀਤਾ ਗਿਆ ਜਿਸ ‘ਚ ਈਰਾਨੀ ਮੀਡੀਆਂ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਇਸ ਹਮਲੇ ‘ਚ 80 ਅਮਰੀਕੀਆਂ ਦੀ ਮੌਤ ਹੋਈ ਹੈ ਪਰ ਅਮਰੀਕਾ ਦੇ ਰਾਸ਼ਟਰੀਪਤੀ ਵਲੋਂ ਇਸ ਹਮਲੇ ਤੋਂ ਬਾਅਦ ‘ਆਲ ਇਜ਼ ਵੈੱਲ’ ਦਾ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਈਰਾਨੀ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਟਵੀਟ ਈਰਾਨ ਦੇ ਹਮਲੇ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ਹੈ।
ਇਕ ਪਾਸੇ ਜਿੱਥੇ ਅਮਰੀਕਾ ਨੇ ਈਰਾਨ ਦੇ 52 ਠਿਕਾਣਿਆਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ ਉੱਥੇ ਹੀ ਈਰਾਨ ਵਲੋਂ ਵੀ ਆਪਣੇ ਤੇਵਰ ਦਿਖਾਉਂਦੇ ਹੋਏ ਜਵਾਬ ਵਿਚ ਉਸ ਦੇ ਸਹਿਯੋਗੀਆਂ ਸਮੇਤ 140 ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਟਵੀਟ ਕਰ ਕੇ ਈਰਾਨ ਨੂੰ ਇਹ ਚਿਤਾਵਨੀ ਦਿੱਤੀ ਸੀ। ਉੱਧਰ ਈਰਾਨ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਧਮਕੀ ਦਿੰਦੇ ਹੋਏ ਕਿਹਾ ਕਿ ਅਜਿਹੀ ਕਿਸੇ ਵੀ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਸ ਦੀ ਵਰਤੋਂ ਸਾਡੇ ਵਿਰੁੱਧ ਹੋਵੇਗੀ। ਜਾਣਕਾਰੀ ਅਨੁਸਾਰ ਟਰੰਪ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਅਮਰੀਕੀ ਜਵਾਨਾਂ ਜਾਂ ਜਾਇਦਾਦ ‘ਤੇ ਹਮਲਾ ਕਰਦਾ ਹੈ ਤਾਂ ਅਮਰੀਕਾ 52 ਈਰਾਨੀ ਸਥਲਾਂ ਨੂੰ ਨਿਸ਼ਾਨਾ ਬਣਾਏਗਾ ਅਤੇ ਉਹਨਾਂ ‘ਤੇ ਬਹੁਤ ਤੇਜ਼ੀ ਨਾਲ ਅਤੇ ਜ਼ੋਰਦਾਰ ਹਮਲਾ ਕਰੇਗਾ। ਹੁਣ ਕੁਦਸ ਫੋਰਸ ਦਾ ਕਹਿਣਾ ਹੈ ਕਿ ਉਸ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ 140 ਠਿਕਾਣਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ। ਉਸ ਦਾ ਕਹਿਣਾ ਹੈਕਿ ਜੇਕਰ ਅਮਰੀਕਾ ਨੇ ਮਿਜ਼ਾਈਲ ਹਮਲਿਆਂ ਦੀ ਪ੍ਰਤੀਕਿਰਿਆ ਵਿਚ ਈਰਾਨ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹਨਾਂ ਸਾਰਿਆਂ ਠਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ।
ਇਸ ਸਭ ਦੇ ਚੱਲਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਅਮਰੀਕਾ ਨੂੰ ਆਪਣੀ ਫੌਜੀ ਤਾਕਤ ਦੀ ਵਰਤਣ ਦੀ ਲੋੜ ਨਹੀਂ ਹੈ, ਆਰਥਿਕ ਪਾਬੰਦੀ ਹੀ ਈਰਾਨ ਨਾਲ ਨਜਿੱਠਣ ਲਈ ਕਾਫੀ ਹੈ।
ਟਰੰਪ ਨੇ ਕਿਹਾ ਕਿ ਸਾਡੀ ਫੌਜ ਨੇ ਦੁਨੀਆ ਦੇ ਚੋਟੀ ਦੇ ਅੱਤਵਾਦੀ ਕਾਸਿਮ ਸੁਲੇਮਾਨੀ ਨੂੰ ਮਾਰਿਆ। ਉਸ ਨੇ ਅੱਤਵਾਦੀ ਸੰਗਠਨ ਹਿਜਬੁੱਲਾਹ ਨੂੰ ਉਸ ਨੇ ਟ੍ਰੇਨਿੰਗ ਦਿੱਤੀ ਸੀ। ਮਿਡਲ ਈਸਟ ਵਿਚ ਉਸ ਨੇ ਅੱਤਵਾਦ ਨੂੰ ਵਧਾਉਣ ਦਾ ਕੰਮ ਕੀਤਾ ਸੀ। ਉਹ ਅਮਰੀਕੀ ਅੱਡਿਆਂ ‘ਤੇ ਹਮਲੇ ਦੀ ਫਿਰਾਕ ਵਿਚ ਸੀ।
ਉਨ੍ਹਾਂ ਆਖਿਆ ਕਿ ਕਾਸਿਮ ਸੁਲੇਮਾਨੀ, ਜਿਹੜਾ ਕਿ ਕੁਦਸ ਫੋਰਸ ਦਾ ਮੁਖੀ ਸੀ ਅਤੇ ਉਹ ਆਪਣੀਆਂ ਗਲਤੀਆਂ ਕਾਰਨ ਹੀ ਮਾਰਿਆ ਗਿਆ। ਉਸ ਨੇ ਹਿਜ਼ਬੁੱਲਾ ਅੱਤਵਾਦੀ ਸਮੂਹ ਅਤੇ ਕਈ ਹੋਰਨਾਂ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ। ਉਸ ਨੇ ਸਥਾਨਕ ਕਈ ਮਾਸੂਮ ਲੋਕਾਂ ਨੂੰ ਮਾਰਿਆ। ਸੁਲੇਮਾਨੀ ਨੇ ਸੜਕਾਂ ਵਿਚਾਲੇ ਬੰਬਾਂ ਦਾ ਜਾਲ ਵਿਛਾ ਕੇ ਅਮਰੀਕੀ ਫੌਜ ਦੇ ਹਜ਼ਾਰਾਂ ਜਵਾਨਾਂ ਦਾ ਕਤਲ ਕਰ ਦਿੱਤਾ ਸੀ। ਟਰੰਪ ਨੇ ਅੱਗੇ ਆਖਿਆ ਕਿ ਸੁਲੇਮਾਨੀ ਨੇ ਬਗਦਾਦ ‘ਚ ਸਾਡੀ ਅੰਬੈਸੀ ‘ਤੇ ਹਮਲਾ ਕਰਨ ਦੀ ਗੱਲ ਆਖੀ ਸੀ ਪਰ ਉਸ ਨੂੰ ਸਾਡੀ ਫੌਜ ਵੱਲੋਂ ਪਹਿਲਾਂ ਹੀ ਢੇਰ ਕਰ ਦਿੱਤਾ ਗਿਆ। ਸੁਲੇਮਾਨੀ ਦੀ ਮੌਤ ਉਨ੍ਹਾਂ ਅੱਤਵਾਦੀ ਸਮੂਹਾਂ ਅਤੇ ਅੱਤਵਾਦੀਆਂ ਲਈ ਇਕ ਸੁਨੇਹਾ ਦੇ ਕੇ ਗਈ ਹੈ ਕਿ ਜੇਕਰ ਉਹ ਲੋਕਾਂ ਨੂੰ ਮਾਰਨ ਅਤੇ ਸਾਡੇ ਦੇਸ਼ ਖਿਲਾਫ ਕੋਈ ਕਾਰਵਾਈ ਕਰਨ ਦੀ ਸੋਚਣਗੇ ਤਾਂ ਉਨ੍ਹਾਂ ਦਾ ਹਸ਼ਰ ਸੁਲੇਮਾਨੀ ਤੋਂ ਵੀ ਮਾੜਾ ਹੋਵੇਗਾ।
ਇਸ ਤੋਂ ਬਾਅਦ ਉਨ੍ਹਾਂ ਆਖਿਆ ਕਿ ਈਰਾਨ ਇਕ ਮਹਾਨ ਦੇਸ਼ ਹੈ। ਮੈਂ ਉਮੀਦ ਕਰਦਾ ਹਾਂ ਕਿ ਈਰਾਨ ਸ਼ਾਂਤੀ ਲਈ ਹੱਥ ਵਧਾਵੇਗਾ। ਮੈਂ ਨਾਟੋ ਤੋਂ ਵੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਉਹ ਮਿਡਲ ਈਸਟ ‘ਚ ਆਪਣਾ ਕੁਝ ਸਮਾਂ ਦੇਵੇ। ਪਿਛਲੇ 3 ਸਾਲਾਂ ਤੋਂ ਮੇਰੇ ਕਾਰਜਕਾਲ ‘ਚ ਅਮਰੀਕਾ ਦੀ ਅਰਥਵਿਵਸਥਾ ਟਾਪ ‘ਤੇ ਹੈ ਅਤੇ ਸਾਡਾ ਦੇਸ਼ ਦੁਨੀਆ ਦਾ ਤੇਲ ਅਤੇ ਕੁਦਰਤੀ ਗੈਸ ਪੈਦਾ ਕਰਨ ‘ਚ ਪਹਿਲਾ ਦੇਸ਼ ਬਣ ਗਿਆ ਹੈ। ਅਸੀਂ ਆਤਮ-ਨਿਰਭਰ ਹੋ ਗਏ ਹਾਂ ਅਤੇ ਸਾਨੂੰ ਮਿਡਸ ਈਸਟ ਦੇਸ਼ਾਂ ਤੋਂ ਤੇਲ ਦੀ ਕੋਈ ਲੋੜ ਨਹੀਂ ਹੈ। ਸਾਡੀ ਫੌਜ ਪਹਿਲਾਂ ਨਾਲੋਂ ਕਿਤੇ ਸ਼ਕਤੀਸ਼ਾਲੀ ਹੋ ਗਈ ਹੈ ਅਤੇ ਨਾਲ ਹੀ ਸਾਡੀ ਫੌਜ ਕੋਲ ਤਾਕਤਵਰ ਮਿਜ਼ਾਈਲਾਂ ਹਨ ਜਿਹੜੀਆਂ ਦੁਸ਼ਮਣਾਂ ਨੂੰ ਸਕਿੰਟਾਂ ‘ਚ ਢੇਰ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਸਾਡੀ ਫੌਜ ਨੇ ਅੱਤਵਾਦੀ ਅਲ ਬਗਦਾਦੀ ਨੂੰ ਢੇਰ ਕਰ ਦਿੱਤਾ ਸੀ ਅਤੇ ਮੇਰੇ ਕਾਰਜਕਾਲ ‘ਚ ਕਰੀਬ 10,000 ਅੱਤਵਾਦੀਆਂ ਨੂੰ ਮਾਰਿਆ ਗਿਆ ਹੈ। ਦੱਸ ਦਿਆਂ ਕਿ ਆਈ. ਐੱਸ. ਆਈ. ਐੱਸ. ਈਰਾਨ ਦੇ ਦੁਸ਼ਮਣ ਹੈ। ਮੈਂ ਚਾਹੁੰਦਾ ਹਾਂ ਕਿ ਈਰਾਨ ਸਾਡੇ ਨਾਲ ਮਿਲ ਕੇ ਅੱਤਵਾਦ ਨੂੰ ਖਤਮ ਕਰਨ ਲਈ ਕੰਮ ਕਰੇ। ਮੈਂ ਈਰਾਨ ਦੇ ਲੋਕਾਂ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਸੋਚ ਰਿਹਾ ਹਾਂ ਅਤੇ ਈਰਾਨ ਨਾਲ ਸ਼ਾਂਤੀ ਸਥਾਪਿਤ ਕਰਨਾ ਚਾਹੁੰਦਾ ਹਾਂ।
ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਹੈ ਕਿ ਯੂਕਰੇਨ ਦਾ ਜਹਾਜ਼ ਇਰਾਨੀ ਮਿਜ਼ਾਈਲ ਵੱਜਣ ਕਾਰਨ ਡਿਗਣ ਦੇ ਸਬੂਤ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਆਪਣੇ ਖੁਫੀਆ ਸੂਤਰਾਂ ਤੋਂ ਇਲਾਵਾ ਅਮਰੀਕਾ ਸਮੇਤ ਕਈ ਹੋਰ ਦੋਸਤ ਸੂਤਰਾਂ ਨੇ ਖੁਫੀਆ ਜਾਣਕਾਰੀ ਸਾਂਝੀ ਕੀਤੀ ਹੈ, ਜਿਸਤੋਂ ਇਹ ਸੰਕੇਤ ਮਿਲ ਰਹੇ ਹਨ।