Copyright & copy; 2019 ਪੰਜਾਬ ਟਾਈਮਜ਼, All Right Reserved
ਪ੍ਰਿੰਸ ਹੈਰੀ ਤੇ ਮੇਘਨ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਕੀਤਾ ਐਲਾਨ

ਪ੍ਰਿੰਸ ਹੈਰੀ ਤੇ ਮੇਘਨ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦਾ ਕੀਤਾ ਐਲਾਨ

ਲੰਡਨ : ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਨੇ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਭੂਮਿਕਾ ਤੋਂ ਹਟਣ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖ਼ਬਰ ਹੈ ਕਿ ਇਸ ਸ਼ਾਹੀ ਜੋੜੇ ਨੇ ਮਹਾਰਾਣੀ ਐਲਿਜ਼ਾਬੈੱਥ ਦੂਜੀ ਨਾਲ ਸਲਾਹ ਦੇ ਬਿਨਾਂ ਹੀ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਨੂੰ ਆਰਥਿਕ ਰੂਪ ਤੋਂ ਆਜ਼ਾਦ ਬਣਾਉਣ ਲਈ ਕੰਮ ਕਰਨਗੇ ਅਤੇ ਉੱਤਰੀ ਅਮਰੀਕਾ ਵਿਚ ਸਮਾਂ ਬਤੀਤ ਕਰਨਗੇ।

ਬ੍ਰਿਟਿਸ਼ ਮੀਡੀਆ ਵਿਚ ਆਈਆਂ ਖ਼ਬਰਾਂ ਅਨੁਸਾਰ ਡਿਊਕ ਅਤੇ ਡੱਚਿਜ਼ ਆਫ ਸਸੈਕਸ ਦੀ ਉਪਾਧੀ ਰੱਖਣ ਵਾਲੇ ਹੈਰੀ ਅਤੇ ਮੇਘਨ ਨੇ ਆਪਣੇ ਫ਼ੈਸਲੇ ਦੀ ਜਾਣਕਾਰੀ ਨਾ ਤਾਂ ਮਹਾਰਾਣੀ ਐਲਿਜ਼ਾਬੈੱਥ ਅਤੇ ਨਾ ਹੀ ਪ੍ਰਿੰਸ ਚਾਰਲਸ ਨੂੰ ਦਿੱਤੀ। ਐਲਿਜ਼ਾਬੈੱਥ ਹੈਰੀ ਦੀ ਦਾਦੀ ਅਤੇ ਪ੍ਰਿੰਸ ਚਾਰਲਸ ਪਿਤਾ ਹਨ। ਹੈਰੀ ਅਤੇ ਮੇਘਨ ਦੇ ਹਵਾਲੇ ਨਾਲ ਬਕਿੰਘਮ ਪੈਲੇਸ ਨੇ ਕਿਹਾ ਹੈ, ‘ਅਸੀਂ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਹੈਸੀਅਤ ਤੋਂ ਹੱਟਣਾ ਚਾਹੁੰਦੇ ਹਾਂ ਅਤੇ ਆਰਥਿਕ ਰੂਪ ਤੋਂ ਆਜ਼ਾਦ ਹੋਣ ਲਈ ਕੰਮ ਕਰਨਾ ਚਾਹੁੰਦੇ ਹਾਂ। ਮਹਾਰਾਣੀ ਨੂੰ ਸਾਡਾ ਪੂਰਾ ਸਮਰਥਨ ਮਿਲਦਾ ਰਹੇਗਾ।’

ਬ੍ਰਿਟਿਸ਼  ਰਾਜ ਗੱਦੀ ਦੇ ਛੇਵੇਂ ਵਾਰਿਸ ਹੈਰੀ ਅਤੇ ਸਾਬਕਾ ਅਭਿਨੇਤਰੀ ਮੇਘਨ ਨੇ ਕਿਹਾ ਕਿ ਮਹੀਨਿਆਂ ਦੇ ਵਿਚਾਰ-ਵਟਾਂਦਰੇ ਪਿੱਛੋਂ ਅਸੀਂ ਇਸ ਸਾਲ ਤੋਂ ਪ੍ਰਗਤੀਸ਼ੀਲ ਨਵੀਂ ਭੂਮਿਕਾ ਵਿਚ ਆਉਣ ਦਾ ਫ਼ੈਸਲਾ ਕੀਤਾ ਹੈ। ਦੋਵਾਂ ਦੇ ਇਸ ਬਿਆਨ ਦੇ ਕੇਵਲ 40 ਮਿੰਟਾਂ ਪਿੱਛੋਂ ਬਕਿੰਘਮ ਪੈਲੇਸ ਵੱਲੋਂ ਜਾਰੀ ਇਕ ਹੋਰ ਬਿਆਨ ਵਿਚ ਕਿਹਾ ਗਿਆ ਕਿ ਹੈਰੀ ਅਤੇ ਮੇਘਨ ਦੇ ਫ਼ੈਸਲੇ ‘ਤੇ ਸ਼ੁਰੂਆਤੀ ਗੱਲਬਾਤ ਹੋ ਰਹੀ ਹੈ। ਅਸੀਂ ਸਮਝ ਰਹੇ ਹਾਂ ਕਿ ਉਹ ਅਲੱਗ ਰਸਤਾ ਅਪਣਾਉਣ ਦੇ ਇੱਛੁਕ ਹਨ ਪ੍ਰੰਤੂ ਇਹ ਔਖਾ ਮਸਲਾ ਹੈ।