ਰੁਝਾਨ ਖ਼ਬਰਾਂ
ਰਿਮੈਂਬਰਜ਼ ਡੇਅ ਮੌਕੇ ਸਰੀ ਦੇ ਪਰਨੀਤ ਸਿੰਘ ਨੂੰ ਮਿਲਿਆ ਵਿਮੀ ਪਿਲਗਰਾਮਜ਼ ਸਨਮਾਨ

ਰਿਮੈਂਬਰਜ਼ ਡੇਅ ਮੌਕੇ ਸਰੀ ਦੇ ਪਰਨੀਤ ਸਿੰਘ ਨੂੰ ਮਿਲਿਆ ਵਿਮੀ ਪਿਲਗਰਾਮਜ਼ ਸਨਮਾਨ

ਸਰੀ : ਸਰੀ ਦੇ ਟਮਾਨਵਿਸ ਸੈਕੰਡਰੀ ਸਕੂਲ (66 ਐਵਨਿਊ ਅਤੇ 126 ਸਟਰੀਟ) ਦੇ ਵਿਦਿਆਰਥੀ ਪਰਨੀਤ ਸਿੰਘ ਅਰੋੜਾ ਨੂੰ ਵਿਮੀ ਪਿਲਗਰਾਮਜ਼-2021 ਦਾ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਪਰਨੀਤ ਸਿੰਘ ਅਰੋੜਾ ਨੂੰ ਇਹ ਵਿਸ਼ੇਸ਼ ਸਨਮਾਨ ਪਹਿਲੀ ਵਿਸ਼ਵ ਜੰਗ ਵਿਚ ਕੈਨੇਡਾ ਦੇ ਇਤਿਹਾਸ, ਜੰਗ ‘ਚ ਕੈਨੇਡਾ ਦੀ ਮਹੱਤਤਾ ਬਾਰੇ ਜਾਣਕਾਰੀ ਅਤੇ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ।
ਵਿਮੀ ਫਾਊਂਡੇਸ਼ਨ ਅਪ੍ਰੈਲ, 1917 ਵਿਚ ਵਿਮੀ ਰਿੱਜ ਵਿਖੇ ਹੋਈ ਪਹਿਲੀ ਵਿਸ਼ਵ ਜੰਗ ਦੀ ਜਿੱਤ ਨੂੰ ਸਮਰਪਿਤ ਸੰਸਥਾ ਹੈ ਜਿਹੜੀ ਕੈਨੇਡਾ ਦੀ ਪਹਿਲੀ ਵਿਸ਼ਵ ਜੰਗ ਵਿਚ ਭੂਮਿਕਾ ਬਾਰੇ ਸਿੱਖਿਆ ਸੇਵਾਵਾਂ ਪ੍ਰਦਾਨ ਕਰਦੀ ਹੈ।
17 ਸਾਲਾ ਦੇ ਪਰਨੀਤ ਸਿੰਘ ਅਰੋੜਾ ਸਰੀ ਦੇ ਟਮਾਨਵਿਸ ਸੈਕੰਡਰੀ ਸਕੂਲ ਵਿਖੇ 12ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਸਕੂਲ ਵਿਚ ਟਮਾਨਵਿਸ ਐਮਪਾਵਰਡ ਗਰੁੱਪ ਦਾ ਆਗੂ ਹੈ। ਪਰਨੀਤ ਨੇ ਕਿਹਾ ਕਿ ਇਤਿਹਾਸ ਦਾ ਵਿਸ਼ਾ ਉਸ ਲਈ ਹਮੇਸ਼ਾ ਭਾਵੁਕ ਵਿਸ਼ਾ ਰਿਹਾ ਹੈ। ਇਸੇ ਲਈ ਪਰਨੀਤ ਨੇ ਪ੍ਰਾਚੀਨ ਸਭਿਆਤਾਵਾਂ ਤੋਂ ਵਿਸ਼ਵ ਯੁੱਧਾਂ ਤੱਕ ਅਧਿਐਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਰਨੀਤ ਸਿੰਘ ਦਾ 150 ਮੈਂਬਰਾਂ ਦੇ ਗਰੁੱਪ ਲੋਕਾਂ ਨੂੰ ਘਰੇਲੂ ਹਿੰਸਾ ਦੀ ਰੋਕਥਾਮ ਬਾਰੇ ਜਾਗਰੂਕ ਕਰਦਾ ਹੈ। ਪਰਨੀਤ ਸਿੰਘ ਪਹਿਲੀ ਵਿਸ਼ਵ ਜੰਗ ਵਿਚ ਕੈਨੇਡਾ ਦੀ ਦੇਣ ਦੇ ਇਤਿਹਾਸ ਬਾਰੇ ਡੂੰਘੀ ਜਾਣਕਾਰੀ ਰੱਖਦਾ ਹੈ। ਇਸ ਤੋਂ ਇਲ਼ਾਵਾ ਪਰਨੀਤ ਸਿੰਘ ਵਾਤਾਵਰਣ ਦੀ ਸੁਰੱਖਿਆ ਸਬੰਧੀ ਕੰਮ ਕਰ ਰਹੇ ਗਰੁੱਪਾਂ ਨਾਲ ਵੀ ਜੁੜਿਆ ਹੋਇਆ ਹੈ ਜਿਨ੍ਹਾਂ ‘ਚ ਸਸਟੇਨੇਬਿਲੀਟੀਨਜ਼, ਓਸ਼ੀਅਨ ਵਾਈਜ਼ ਅਤੇ ਉਸ ਦੇ ਸਕੂਲ ਟੀਮ ਦੇ ਨਾਮ ਜ਼ਿਕਰਯੋਗ ਹਨ।