Copyright © 2019 - ਪੰਜਾਬੀ ਹੇਰਿਟੇਜ
ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਉਠੀ

ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਸੇਵਾ ਮੁੜ ਸ਼ੁਰੂ ਕਰਨ ਦੀ ਮੰਗ ਉਠੀ

ਅੰਮ੍ਰਿਤਸਰ: ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਮਗਰੋਂ ਸਿੱਖਾਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਕੋਲੋਂ ਅੰਮ੍ਰਿਤਸਰ-ਨਨਕਾਣਾ ਸਾਹਿਬ ਵਿਚਾਲੇ ਬੱਸ ਸੇਵਾ ਮੁੜ ਸ਼ੁਰੂ ਕਰਨ ਅਤੇ ਇਸ ਰਾਹੀਂ ਯਾਤਰਾ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਮੰਗ ਕੀਤੀ ਹੈ। ਅੰਮ੍ਰਿਤਸਰ-ਲਾਹੌਰ ਅਤੇ ਅੰਮ੍ਰਿਤਸਰ-ਨਨਕਾਣਾ ਸਾਹਿਬ ਵਿਚਾਲੇ ਇਹ ਪੰਜ ਆਬ ਬੱਸ ਸੇਵਾ 2006 ਵਿਚ ਸ਼ੁਰੂ ਕੀਤੀ ਗਈ ਸੀ। ਇਸ ਬੱਸ ਸੇਵਾ ਤਹਿਤ ਹਫਤੇ ਵਿਚ ਦੋ ਦਿਨ ਅੰਮ੍ਰਿਤਸਰ ਤੋਂ ਅਤੇ ਦੋ ਦਿਨ ਲਾਹੌਰ ਤੋਂ ਬੱਸ ਇਕ ਤੋਂ ਦੂਜੇ ਮੁਲਕ ਵਿਚ ਆਉਂਦੀ ਤੇ ਜਾਂਦੀ ਸੀ। ਇਸ ਬੱਸ ਰਾਹੀਂ ਆਉਣ-ਜਾਣ ਵਾਲਿਆਂ ਵਾਸਤੇ ਪੁਲਿਸ ਜਾਂਚ ਸਰਟੀਫਿਕੇਟ ਦੀ ਸ਼ਰਤ ਲਾਜ਼ਮੀ ਕੀਤੀ ਗਈ ਸੀ, ਜਿਸ ਕਾਰਨ ਇਸ ਬੱਸ ਸੇਵਾ ਨੂੰ ਵੱਡਾ ਹੁੰਗਾਰਾ ਨਹੀਂ ਮਿਲ ਸਕਿਆ ਸੀ।
ਭਾਰਤ ਵੱਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਮਗਰੋਂ ਅਗਸਤ ਮਹੀਨੇ ਪਾਕਿਸਤਾਨ ਵੱਲੋਂ ਇਹ ਬੱਸ ਸੇਵਾ ਰੋਕ ਦਿੱਤੀ ਗਈ ਸੀ। 10 ਅਗਸਤ ਨੂੰ ਅੰਮ੍ਰਿਤਸਰ ਤੋਂ ਗਈ ਬੱਸ ਦੇ ਚਾਲਕ ਨੂੰ ਲਾਹੌਰ ਬੱਸ ਟਰਮੀਨਲ ਵਿਚ ਬੱਸ ਨੂੰ ਅਗਲੇ ਹੁਕਮਾਂ ਤੱਕ ਪਾਕਿਸਤਾਨ ਨਾ ਲਿਆਉਣ ਵਾਸਤੇ ਸ਼ਬਦੀ ਆਦੇਸ਼ ਦਿੱਤੇ ਗਏ ਸਨ। ਮਗਰੋਂ ਇਸ ਸਬੰਧੀ ਪੱਤਰ ਵੀ ਪੁੱਜ ਗਿਆ ਸੀ। ਉਸ ਵੇਲੇ ਤੋਂ ਇਹ ਬੱਸ ਸੇਵਾ ਬੰਦ ਪਈ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉਤੇ ਜਿਵੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਬਿਨਾਂ ਵੀਜ਼ਾ ਲਾਂਘਾ ਸਹੂਲਤ ਮੁਹੱਈਆ ਕੀਤੀ ਗਈ ਹੈ, ਉਸੇ ਤਰਜ਼ ਉਤੇ ਸ੍ਰੀ ਨਨਕਾਣਾ ਸਾਹਿਬ ਵਾਸਤੇ ਇਹ ਬੱਸ ਸੇਵਾ ਮੁੜ ਸ਼ੁਰੂ ਕੀਤੀ ਜਾਵੇ। ਇਸ ਵਾਸਤੇ ਵੀਜ਼ਾ ਪ੍ਰਣਾਲੀ ਨੂੰ ਸੁਖਾਲਾ ਬਣਾਇਆ ਜਾਵੇ, ਵੀਜ਼ਾ ਕੇਂਦਰ ਅੰਮ੍ਰਿਤਸਰ ਸਥਾਪਤ ਕੀਤਾ ਜਾਵੇ ਅਤੇ ਯਾਤਰੀਆਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੀਜ਼ੇ ਦਿੱਤੇ ਜਾਣ। ਇਸ ਵਾਸਤੇ ਰੱਖੀ ਪੁਲਿਸ ਜਾਂਚ ਸਰਟੀਫਿਕੇਟ ਦੀ ਸ਼ਰਤ ਵੀ ਖਤਮ ਕੀਤੀ ਜਾਵੇ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਜਦੋਂ ਤੱਕ ਅੰਮ੍ਰਿਤਸਰ ਵਿਚ ਵੀਜ਼ਾ ਕੇਂਦਰ ਸਥਾਪਤ ਨਹੀਂ ਹੁੰਦਾ, ਇਸ ਬੱਸ ਰਾਹੀਂ ਸ੍ਰੀ ਨਨਕਾਣਾ ਸਾਹਿਬ ਜਾਣ ਦੇ ਇੱਛੁਕ ਯਾਤਰੀਆਂ ਵਾਸਤੇ ਵੀਜ਼ਾ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਨੋਡਲ ਏਜੰਸੀ ਵਜੋਂ ਕੰਮ ਕਰ ਸਕਦੀ ਹੈ। ਜੇ ਸਰਕਾਰ ਪ੍ਰਵਾਨਗੀ ਦੇਵੇ ਤਾਂ ਯਾਤਰੂਆਂ ਦੇ ਪਾਸਪੋਰਟ ਇਕੱਠੇ ਕਰ ਕੇ ਵੀਜ਼ੇ ਲਗਵਾਉਣ ਦਾ ਕੰਮ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ। ਇਸ ਨਾਲ ਯਾਤਰੀਆਂ ਨੂੰ ਦਿੱਲੀ ਸਫਾਰਤਖਾਨੇ ਦੇ ਚੱਕਰ ਨਹੀਂ ਮਾਰਨੇ ਪੈਣਗੇ।
ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਵੀ ਖੁੱਲ੍ਹੇ ਦਰਸ਼ਨ ਦੀਦਾਰੇ ਕਰਾਉਣ ਲਈ ਦੋਵਾਂ ਸਰਕਾਰਾਂ ਨੂੰ ਨਰਮ ਦਿਲੀ ਅਪਣਾਉਣੀ ਚਾਹੀਦੀ ਹੈ। ਇਸੇ ਨੀਤੀ ਤਹਿਤ ਬੰਦ ਪਈ ਬੱਸ ਸੇਵਾ ਨੂੰ ਸ਼ੁਰੂ ਕਰਨਾ ਚਾਹੀਦਾ ਹੈ।