Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ‘ਚ ਨਫ਼ਰਤ ਝੱਲਣ ਦੇ ਮਾਮਲੇ ‘ਚ ਸਿੱਖ ਤੀਜੇ ਨੰਬਰ ‘ਤੇ

ਅਮਰੀਕਾ ‘ਚ ਨਫ਼ਰਤ ਝੱਲਣ ਦੇ ਮਾਮਲੇ ‘ਚ ਸਿੱਖ ਤੀਜੇ ਨੰਬਰ ‘ਤੇ

ਵਾਸ਼ਿੰਗਟਨ : ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ ਦੇ ਕਰੀਬ 60 ਮਾਮਲੇ ਅਮਰੀਕੀ ਏਜੰਸੀ ਐੱਫਬੀਆਈ ਨੂੰ 2018 ਵਿਚ ਮਿਲੇ ਹਨ। ਇਸ ਤੋਂ ਵੱਧ ਅਜਿਹੀਆਂ ਘਟਨਾਵਾਂ ਸਿਰਫ਼ ਯਹੂਦੀਆਂ ਤੇ ਮੁਸਲਿਮ ਭਾਈਚਾਰੇ ਨਾਲ ਹੀ ਵਾਪਰੀਆਂ ਹਨ। ਇਸ ਤਰ੍ਹਾਂ ਸਿੱਖ ਧਰਮ ਅਮਰੀਕਾ ਵਿਚ ਨਫ਼ਰਤ ਝੱਲਣ ਦੇ ਮਾਮਲੇ ਵਿਚ ਤੀਜੇ ਨੰਬਰ ‘ਤੇ ਹੈ। ਵੱਖ-ਵੱਖ ਏਜੰਸੀਆਂ ਕੋਲ ਪਿਛਲੇ ਸਾਲ 7,120 ਮਾਮਲੇ ਆਏ ਹਨ। ਜਦਕਿ 2017 ਵਿਚ ਇਨ੍ਹਾਂ ਦੀ ਗਿਣਤੀ 7,175 ਸੀ। ਐੱਫਬੀਆਈ ਨੇ ਕਈ ਏਜੰਸੀਆਂ ਵੱਲੋਂ ਦਿੱਤਾ ਡੇਟਾ ਰਿਲੀਜ਼ ਕੀਤਾ ਹੈ। ਇਸ ‘ਚ ਅਪਰਾਧਾਂ, ਪੀੜਤਾਂ, ਮੁਲਜ਼ਮਾਂ ਤੇ ਥਾਵਾਂ ਦਾ ਵੇਰਵਾ ਹੈ। ਇਹ ਅਪਰਾਧ ਨਸਲ, ਧਰਮ, ਲਿੰਗ ਤੇ ਹੋਰ ਪੱਖਾਂ ਤੋਂ ਕੀਤੇ ਗਏ ਹਨ। ਯਹੂਦੀਆਂ ਨੂੰ ਸਭ ਤੋਂ ਵੱਧ ਸ਼ਿਕਾਰ ਬਣਾਇਆ ਗਿਆ ਹੈ ਤੇ 835 ਮਾਮਲੇ ਹਨ, ਦੂਜੇ ਨੰਬਰ ‘ਤੇ ਮੁਸਲਿਮ (188) ਤੇ ਤੀਜੇ ਉਤੇ ਸਿੱਖ (60) ਹਨ। 91 ਅਪਰਾਧ ਹੋਰਾਂ ਧਰਮਾਂ ਖ਼ਿਲਾਫ਼ ਹਨ। ਹਿੰਦੂਆਂ ਨੂੰ 12 ਵਾਰ ਤੇ ਦਸ ਵਾਰ ਬੁੱਧ ਧਰਮ ਨੂੰ ਮੰਨਣ ਵਾਲਿਆਂ ਨੂੰ ਨਫ਼ਰਤ ਝੱਲਣੀ ਪਈ ਹੈ। ਸਿੱਖਾਂ ਖ਼ਿਲਾਫ਼ ਵਾਪਰੀਆਂ ਘਟਨਾਵਾਂ ‘ਚ 49 ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ 69 ਪੀੜਤ ਹਨ। ਨਸਲੀ ਨਫ਼ਰਤ ਦੇ 4,047 ਅਪਰਾਧ ਐੱਫਬੀਆਈ ਕੋਲ ਰਿਪੋਰਟ ਕੀਤੇ ਗਏ ਹਨ। ਸਭ ਤੋਂ ਵੱਧ 1,943 ਨਫ਼ਰਤੀ ਘਟਨਾਵਾਂ ਅਫ਼ਰੀਕੀ-ਅਮਰੀਕੀਆਂ ਨਾਲ ਵਾਪਰੀਆਂ ਹਨ ਤੇ ਰੰਗ ਦੇ ਆਧਾਰ ਉੱਤੇ ਹਨ।