ਢਾਹਾਂ ਇਨਾਮ ਦੀ ਸਿਆਸਤ ਅਤੇ ‘ਸੂਰਜ ਦੀ ਅੱਖ’ ਦਾ ਕੱਚ-ਸੱਚ

ਢਾਹਾਂ ਇਨਾਮ ਦੀ ਸਿਆਸਤ ਅਤੇ ‘ਸੂਰਜ ਦੀ ਅੱਖ’ ਦਾ ਕੱਚ-ਸੱਚ

ਪੰਜਾਬੀ ਸਾਹਿਤ ਜਗਤ ਵਿੱਚ ਇਨ੍ਹੀਂ ਦਿਨੀਂ ਬਹੁਤ ਸਾਰੀਆਂ ਇਤਿਹਾਸਕ ਕਿਤਾਬਾਂ ਵਿਵਾਦਾਂ ਦੇ ਘੇਰੇ ‘ਚ ਹਨ, ਚਾਹੇ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਿਤ ਬਾਰਵੀਂ ਦੀਆਂ ਪੁਸਤਕਾਂ ਹੋਣ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੀਆਂ ਗਈਆਂ ਕਈ ਵਿਵਾਦਤ ਲਿਖਤਾਂ। ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਜੇਕਰ ਬੀਤੇ ‘ਤੇ ਪਿਤਸੌਲ ਨਾਲ ਗੋਲੀ ਚਲਾਓਂਗੇ, ਤਾਂ ਭਵਿੱਖ ਤੋਪ ਨਾਲ ਫੁੰਡੇਗਾ। ਅੱਜਕਲ੍ਹ ਕਈ ਲੇਖਕ ਨੇ ਸਸਤੀ ਸ਼ੋਹਰਤ ਖਾਤਰ ਵਿਰਸੇ ਤੇ ਇਤਿਹਾਸ ਨੂੰ ਵਿਗਾੜਨ ‘ਤੇ ਤੁਲ਼ੇ ਹੋਏ ਹਨ, ਉਨ੍ਹਾਂ ਵਿੱਚੋਂ ਇੱਕ ਨਾਂ ਹੈ ਬਲਦੇਵ ਸਿੰਘ ਸੜਕਨਾਮਾ। ਕਰੀਬ ਡੇਢ-ਦੋ ਸਾਲ ਪਹਿਲਾਂ ਉਸਦੇ ਲਿਖੇ ਨਾਵਲ ‘ਸੂਰਜ ਦੀ ਅੱਖ’ ਬਾਰੇ ਪੰਜਾਬ ਦੀਆਂ ਕੁਝ ਸਾਹਿਤਕ ਜਥੇਬੰਦੀਆਂ ਨੇ ਇਤਿਹਾਸ ਵਿਗਾੜਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਮਗਰੋਂ ਪ੍ਰਕਾਸ਼ਕ ਹਰੀਸ਼ ਜੈਨ ਨੇ ਯੂਨੀਸਟਾਰ ਵਲੋਂ ਇਸ ਨੂੰ ਮੁੜ ਨਾ ਪ੍ਰਕਾਸ਼ਿਤ ਕਰਨ ਦਾ ਫੈਸਲਾ ਲਿਆ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਕਿਤਾਬ ਪਾਠਕਾਂ ਲਈ ਪੜ੍ਹਨ ਵਾਸਤੇ ਮਿਲ ਵੀ ਨਹੀਂ ਸੀ ਰਹੀ, ਉਸ ਨੂੰ ਇਸ ਵਰ੍ਹੇ ਵਿੱਚ ਪੰਜਾਬੀ ਸਾਹਿਤ ਜਗਤ ਦਾ ‘ਸਭ ਤੋਂ ਵੱਡਾ’ 25 ਹਜ਼ਾਰ ਡਾਲਰ ਵਾਲਾ ਢਾਹਾਂ ਪੁਰਸਕਾਰ ਦਿੱਤਾ ਗਿਆ, ਹਾਲਾਂਕਿ ਨਾਵਲਕਾਰ ਦੇ ਖੁਦ ਦੱਸਣ ਮੁਤਾਬਿਕ ਉਸ ਨੇ ਇਹ ਕਿਤਾਬ ਇਨਾਮ ਲਈ ਭੇਜੀ ਵੀ ਨਹੀਂ ਸੀ। ਉੱਧਰ ਢਾਹਾਂ ਇਨਾਮ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਇਨਾਮ ਲਈ ਚੋਣ ਪ੍ਰਕਿਰਿਆ ਅਨੁਸਾਰ ਲੇਖਕ ਆਪਣੀ ਨਵੀਂ ਛਪੀ ਕਿਤਾਬ ਭੇਜਦੇ ਹਨ ਜਿਨ੍ਹਾਂ ਵਿਚੋਂ ਕਹਾਣੀ ਜਾਂ ਨਾਵਲ ਰਚਨਾ ਨੂੰ ਪਹਿਲੇ ਇਨਾਮ ਲਈ ਚੁਣਿਆ ਜਾਂਦਾ ਹੈ। ਸਵਾਲ ਇਹ ਉਠਦਾ ਹੈ ਜਦੋਂ ਲੇਖਕ ਨੇ ਕਿਤਾਬ ਪੁਰਸਕਾਰ ਲਈ ਭੇਜੀ ਹੀ ਨਹੀਂ, ਫਿਰ ਚੋਣ ਕਮੇਟੀ ਨੇ ਆਪਣੇ ਹੀ ਨਿਯਮਾਂ ਦੀ ਉਲੰਘਣਾ ਕਰਕੇ ਇਸ ਨਾਵਲ ਨੂੰ ਹੀ ਇਨਾਮ ਲਈ ਕਿਉਂ ਚੁਣਿਆ। ਕੀ ਸਿਰਫ਼ ਇਸ ਕਰਕੇ ਉਹ ਵਿਵਾਦਗ੍ਰਸਤ ਨਾਵਲ ਸਬੰਧੀ ਇਤਰਾਜ਼ ਕਰਨ ਵਾਲਿਆਂ ਦੀ ‘ਹਿੰਡ’ ਭੰਨਣਾ ਚਾਹੁੰਦੇ ਸਨ। ਜਾਂ ਆਪਣੀ ਵਿਚਾਰਧਾਰਾ ਤੋਂ ਵੱਖਰੀ ਰਾਇ ਰੱਖਣ ਵਾਲਿਆਂ ਨੂੰ ‘ਸਬਕ’ ਸਿਖਾਉਣਾ ਚਾਹੁੰਦੇ ਸਨ? ਅਜਿਹੇ ਅਨੇਕਾਂ ਸ਼ੰਕੇ ਨਾ ਸਿਰਫ਼ ਅਲੋਚਕਾਂ ਵਲੋਂ ਹੀ ਉਠਾਏ ਜਾ ਰਹੇ ਹਨ ਬਲਕਿ ਇਨਾਮ ਲਈ ਪੁਸਤਕਾਂ ਭੇਜਣ ਵਾਲੇ ਹੋਰਨਾਂ ਲਿਖਾਰੀਆਂ ਅਤੇ ਪਾਠਕਾਂ ਵਲੋਂ ਵੀ ਪ੍ਰਗਟਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਸ ਨਾਵਲ ਨੂੰ ਇਨਾਮ ਲਈ ਚੁਣਿਆ ਗਿਆ ਕੀ ਉਹ ਨਾਵਲ ਦੀ ਵਿਧੀ-ਵਿਧਾਨ ਅਤੇ ਕਲਾ ਪੱਖੋਂ ਵੀ ਇਨਾਮ ਦੇ ਯੋਗ ਹੈ? ਇਹ ਵੀ ਅਹਿਮ ਸਵਾਲ ਹੈ। ਨਾਵਲ ਵਿੱਚ ਥਾਂ-ਥਾਂ ਟਿੱਪਣੀਆਂ ਅਤੇ ਬਰੈਕਟਾਂ ‘ਚ ਲਿਖੇ ਵੇਰਵੇ ਇਸ ਨੂੰ ਮਿਆਰੀ ਗਲਪ ਰਚਨਾ ਦੀ ਜਗ੍ਹਾ ਹਲਕੀ ਰਿਪੋਰਟਿੰਗ ਦੇ ਪੱਧਰ ਉਪਰ ਲਿਆ ਖੜ੍ਹਾ ਕਰਦੇ ਹਨ।
ਨਾਵਲ ਸੂਰਜ ਦੀ ਅੱਖ ਦੇ ਸ਼ੁਰੂ ਵਿੱਚ ਬਲਦੇਵ ਸਿੰਘ ਸੜਕਨਾਮਾ ਆਪਣੀ ਲਿਖਤ ਨੂੰ ‘ਗਲਪ/ਨਾਵਲ/ਇਤਿਹਾਸਕ ਨਾਵਲ/ ਸਿੱਖ ਇਤਿਹਾਸ’ ਦਾ ਸਿਰਲੇਖ ਦਿੰਦਾ ਹੈ, ਪਰ ਅਲੋਚਨਾਤਮਕ ਅਧਿਐਨ ਮਗਰੋਂ ‘ਸੂਰਜ ਦੀ ਅੱਖ’ ਚਾਰਾਂ ਵਿਚੋਂ ਇੱਕ ‘ਚ ਵੀ ਸਹੀ ਨਹੀਂ ਬੈਠਦੀ। ਗਲਪ ਬਿਰਤਾਂਤ ਵਿੱਚ ਥਾਂ-ਥਾਂ ਫੁੱਟ ਨੋਟ ਦੇਕੇ ਨਾਵਲਕਾਰ ਇਸਦੇ ਗਲਪ ਪੱਖ ਨੂੰ ਤਾਂ ਕੰਮਜ਼ੋਰ ਕਰਦਾ ਹੀ ਹੈ, ਬਲਕਿ ਸੁਣੀਆਂ-ਸੁਣਾਈਆਂ ਗੱਲਾਂ ਅਤੇ ‘ਕਹਿੰਦੇ ਹਨ’ ਸ਼ਬਦ ਵਰਤ ਕੇ ਉਹ ਇਤਿਹਾਸ ਨੂੰ ਮਿਥਿਹਾਸ ਬਣਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡਦਾ। ਨਾਵਲ ਦੇ ਸ਼ੁਰੂ ਵਿੱਚ ਪੰਨਾ 3 ਉਪਰ ਨਾਵਲਕਾਰ ਲਿਖਦਾ ਹੈ, “ਕਹਿੰਦੇ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਨਗਰ ਐਮਨਾਬਾਦ ਵਿੱਚ ਬਾਬਰ ਦੀਆਂ ਫੌਜਾਂ ਨੇ ਪੜਾਅ ਕੀਤਾ ਸੀ। ਬਾਬਰ ਦੇ ਸਾਹਮਣੇ ਕੁਝ ਸਥਾਨਕ ਬਸ਼ਿੰਦੇ ਪੇਸ਼ ਕੀਤੇ ਗਏ। ਇਹ ਸਾਰੇ ਕੈਦੀ ਸਨ। ਇੱਕ ਕੈਦੀ ਨੂੰ ਵੇਖ ਕੇ ਬਾਬਰ ਅਚਾਨਕ ਆਪਣੀ ਜਗਾਹ ਤੋਂ ਉਠਿਆ। ਆਪਣੇ ਇਕ ਸਿਪਾਹ-ਸਾਲਾਰ ਨੂੰ ਪੁੱਛਿਆ – ‘ਇਹ ਕੀ ਮੈਂ ਇਥੇ ਲਹੂ-ਮਾਸ ਦਾ ਇੱਕ ਰੂਹਾਨੀ ਬੰਦਾ ਵੇਖ ਰਿਹਾ ਹਾਂ। ਇਹ ਗਜ਼ਨੀ ਵਿੱਚ ਮੇਰੇ ਸੁਪਨੇ ‘ਚ ਆਇਆ ਤੇ ਇਸ ਨੇ ਮੇਰੀ ਫਤੇਹ ਲਈ ਦੁਆ ਕੀਤੀ।’ ਬਲਦੇਵ ਸਿੰਘ ਸੜਕਨਾਮਾ ਇਥੇ ਫੁੱਟ ਨੋਟ ਵਿੱਚ ਲਿਖਦਾ ਹੈ, ਸਿੱਖ ਇਤਿਹਾਸਕਾਰਾਂ ਅਨੁਸਾਰ ਬਾਬਰ ਨੂੰ ਅਸ਼ੀਰਵਾਦ ਦੇਣ ਵਾਲੇ ਮਹਾਂਪੁਰਸ਼ ਗੁਰੂ ਨਾਨਕ ਦੇਵ ਜੀ ਸਨ।’ ਨਾਵਲ ਨੂੰ ਸਿੱਖ ਇਤਿਹਾਸ/ ਇਤਿਹਾਸਕ ਨਾਵਲ ਦਾ ਦੱਸਣ ਵਾਲੇ ਲੇਖਕ ਦੀ ਇਹ ਇੱਕ ਟਿੱਪਣੀ ਜਾਂ ਗੱਪ ਹੀ ਇਸ ਨੂੰ ਇਤਿਹਾਸਕ ਪੱਖੋਂ ਰੱਦ ਕਰਨ ਲਈ ਕਾਫੀ ਹੈ। ਇਕ ਪਾਸੇ ਗੁਰੂ ਨਾਨਕ ਦੇਵ ਜੀ ਖੁਦ ‘ਬਾਬਰ’ ਨੂੰ ‘ਜਾਬਰ’, ਪਾਪ ਕੀ ਜੰਞ’ ਲਿਆਉਣ ਵਾਲਾ, ਕਾਬੁਲ ਦਾ ਧਾੜਵੀ ਤੇ ਜ਼ਾਲਮ ਕਹਿ ਰਹੇ ਹਨ, ਦੂਜੇ ਪਾਸੇ ਲੇਖਕ ਬਾਬਰ ਲਈ ਹਿੰਦ ਉਪਰ ਸਦੀਆਂ ਤੱਕ ਰਾਜ ਕਰਨ ਦਾ ਵਰ, ਗੁਰੂ ਸਾਹਿਬ ਕੋਲੋਂ ਦੁਆ ਰਿਹਾ ਹੈ। ਕੀ ਇਹ ਗੱਲ ਇਤਿਹਾਸ ਪੱਖੋਂ ਨਿਰੋਲ ਝੂਠੀ ਨਹੀਂ? ਕੀ ਇਹ ਸਿੱਖ ਧਰਮ ਦੇ ਮੂਲ ਸਿਧਾਂਤ ਸਥਾਪਤ ਖਿਲਾਫ਼ ਲੜਨ ਤੇ ਜਬਰ-ਜੁਲਮ ਤੇ ਅਤਿਆਚਾਰ ਵਿਰੁੱਧ ਡੱਟਣ ਦੇ ਸਿਧਾਂਤ ਨੂੰ ਜੜੋਂ ਪੁੱਟਣ ਦੀ ਸਾਜਿਸ਼ ਨਹੀਂ?
ਇਤਿਹਾਸ ਦੀ ਕਸੌਟੀ ‘ਤੇ ਨਾਵਲ ਉਸ ਵੇਲੇ ਹੋਰ ਵੀ ਬੌਣਾ ਜਾਪਦਾ ਹੈ ਜਦੋਂ ਨਾਵਲਕਾਰ ਬਾਬਾ ਸਾਹਿਬ ਸਿੰਘ ਬੇਦੀ ਪਾਸੋਂ ਮਿਸਲਾਂ ਦੇ ਸਰਦਾਰਾਂ ਨੂੰ ਇਹ ਅਖਵਾਉਂਦਾ ਹੈ, ‘ਹੁਣ ਤੁਰਕ ਹੀ ਤੁਰਕਾਂ ਦੇ ਵੈਰੀ ਹੋ ਗਏ ਜੇ। ਕਲਗੀਧਰ ਪਾਤਸ਼ਾਹ ਦੇ ਬਚਨ ਪੂਰੇ ਹੋਏ, ‘ਕਾਬਲ ਸੇ ਕੁੱਤਾ ਮੰਗਵਾਊਂ। ਉਨਕੋ ਉਨਸੇ ਮਰਵਾਊਂ।’ ਨਾਵਲ ਦੇ ਪੰਨਾ 16 ਉਪਰ ਗੁਰੂ ਗੋਬਿੰਦ ਸਿੰਘ ਜੀ ਨਾਲ ਇਹ ਸ਼ਬਦ ਜੋੜਕੇ ਲੇਖਕ ਇਹ ਪ੍ਰਭਾਵ ਸਿਰਜਦਾ ਹੈ ਕਿ ਕਾਬੁਲ ਤੋਂ ਹੋਰ ਵੀ ਜਿਹੜੇ ਧਾੜਵੀ, ਹਮਲਾਵਰ ਤੇ ਲੁਟੇਰੇ ਭਾਰਤ ਨੂੰ ਲੁੱਟਣ ਆਏ, ਉਹ ਗੁਰੂ ਗੋਬਿੰਦ ਸਿੰਘ ਦੁਆਰਾ ਮੰਗਵਾਏ ਜਾਂ ਭੇਜੇ ਹੋਏ ਆਏ ਸਨ। ਇਸ ਨਾਵਲ ‘ਚ ਜ਼ਾਲਮਾਂ ਵਿਰੁੱਧ ਲੜਨ ਲਈ ਸਾਜੇ ਖਾਲਸਾ ਪੰਥ ਦੇ ਬਾਨੀ ਨੂੰ ਹੀ ਧਾੜਵੀਆਂ ਨੂੰ ਬੁਲਾਉਣ ਵਾਲਾ ਦੱਸਣਾ ਸਿਰਫ਼ ਇਤਿਹਾਸਕ ਗਲਤੀ ਨਹੀਂ, ਬਲਕਿ ਡੂੰਘੀ ਸਾਜਿਸ਼ ਹੈ। ਲੇਖਕ ਦੇ ਦੋਹਰੇ ਕਿਰਦਾਰ ਦੀ ਵੱਡੀ ਉਦਾਹਰਣ ਹੈ ਕਿ ਉਹ ਇੱਕ ਪਾਸੇ ‘ਲੋਕ ਸੰਵਾਦ’ ਰਾਹੀਂ ਲੇਖਕ ਖੁਦ ਨੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਦੱਸਦਾ ਹੈ, ਦੂਜੇ ਪਾਸੇ ਉਨ੍ਹਾਂ ਦੇ ਹੀ ਮੂਲ ਸਿਧਾਂਤਾਂ ‘ਲੋਕ ਮਾਰੂ ਤਾਕਤਾਂ’ ਵਿਰੁੱਧ ਲੜਨ ਨੂੰ ਆਪਣੀਆਂ ਟਿੱਪਣੀਆਂ ਰਾਹੀਂ ਨਕਾਰਦਾ ਹੈ। ਲੇਖਕ ਖੁਦ ਨੂੰ ਬੰਦਾ ਸਿੰਘ ਬਹਾਦਰ ਦਾ ਸਿੱਖ ਵੀ ਦੱਸਦਾ ਹੈ, ਪਰ ਨਾਵਲ ਦੇ ਪੰਨਾ-6 ‘ਤੇ ਉਹ ਲਿਖਦਾ ਹੈ ‘ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਾਸੀਆਂ ਖਾਸ ਕਰਕੇ ਸਿੱਖਾਂ ਦੇ ਮੂੰਹ ਨੂੰ ‘ਰਾਜ ਕਰਨ ਦਾ ਲਹੂ’ ਲੱਗ ਚੁੱਕਾ ਸੀ।’ ਪੰਜਾਬੀ ਮੁਹਾਵਰੇ ‘ਮੂੰਹ ਨੂੰ ਲਹੂ ਲੱਗਣ’ ਦੀ ਸ਼ਾਤੁਰ ਸੋਚ ਨਾਲ ਇਉਂ ਵਰਤੋਂ ਕਰਨੀ ਲੇਖਕ ਦੀ ਸੌੜੀ ਭਾਵਨਾ ਦਾ ਇਜ਼ਹਾਰ ਕਰਦੀ ਹੈ। ਸੱਚ ਤਾਂ ਇਹ ਹੈ ਕਿ ਦੱਬੇ-ਕੁਚਲੇ, ਭੂਮੀ ਹੀਣ, ਕਮਜ਼ੋਰ, ਗ਼ਰੀਬ, ਨਿਤਾਣੇ ਅਤੇ ਨਿਆਸਰੇ ਲੋਕਾਂ ਨੂੰ ਰਾਜ ਪ੍ਰਬੰਧ ਸੰਭਾਲਣਾ ਹੀ, ਜਰਵਾਣਿਆਂ ਤੇ ਅੱਤਿਆਚਾਰੀ ਰਾਜਿਆਂ ਦੇ ‘ਮੂੰਹ ਨੂੰ ਲੱਗਿਆ ਲਹੂ ਲਾਹੁਣਾ’ ਕਿਹਾ ਜਾ ਸਕਦਾ ਹੈ।
ਨਾਵਲਕਾਰ ਦਾ ਇਤਿਹਾਸਕ ਨਾਵਲ ਲਿਖਣ ਦਾ ਮਨੋਰਥ ਕੀ ਹੈ, ਇਹ ਪੰਨਾ 54 ਅਤੇ 55 ‘ਤੇ ਜ਼ਾਹਿਰ ਹੋ ਜਾਂਦਾ ਹੈ, ਜਦੋਂ ਉਸਦਾ ਪਾਤਰ ‘ਪ੍ਰੋ. ਕੌਤਕੀ’ ਆਖਦਾ ਹੈ ‘ਅਸਲ ਗੱਲ ਤਾਂ ਇਹ ਹੈ ਮਿੱਤਰਾ, ਜਿਸ ਨੂੰ ਤੂੰ ਇਤਿਹਾਸ ਦੀ ਪੁਰਨ ਸਿਰਜਣਾ ਕਰਨਾ ਆਖਦਾਂ ਐ, ਇਹ ਸਾਰਾ ਕੁਝ ਤਾਂ ਕਿਤਾਬਾਂ ‘ਚ ਬਥੇਰਾ ਲਿਖਿਆ ਗਿਐ। ਸੋਹਣ ਲਾਲ ਸੂਰੀ ਪੜ੍ਹ ਲੈ, ਕਨ੍ਹੱਈਆ ਲਾਲ ਪੜ੍ਹ ਲੈ। ਸੋਹਣ ਸਿੰਘ ਸੀਤਲ ਪੜ੍ਹ ਲਾ। ਸਤਿਬੀਰ ਸਿੰਘ ਪੜ੍ਹ ਲਾ। ਹੋਰ ਬਹੁਤ ਨੇ। ਗੱਲ ਹੈ, ਅਸਲ ਸੱਚ ਤੋਂ ਪਰਦਾ ਚੁੱਕਣ ਦੀ।’ਲੇਖਕ ਆਪ ਹੀ ਅੱਗੇ ਜਾ ਕੇ ਆਪਣੇ ‘ਅਸਲ ਸੱਚ’ ਦੇ ਸਰੋਤ ਤੇ ਉਦੇਸ਼ ਦੱਸ ਦਿੰਦਾ ਹੈ, ਅਤੇ ਉਪਰੋਕਤ ਸਭਨਾਂ ਨੂੰ ਰਾਜਿਆਂ ਦੇ ਕਸੀਦੇ ਪੜ੍ਹਨ ਵਾਲੇ ਕਹਿ ਕੇ ਛੁਟਿਆਉਂਦਾ ਹੈ। ਅਗਲੇ ਪੰਨੇ ‘ਤੇ ਉਹ ਲਿਖਦਾ ਹੈ ‘ਮਹਾਂ ਸਿੰਘ ਨੇ ਮਨ ‘ਚ ਸਹੁੰ ਖਾ ਲਈ-ਛੱਡਣੀ ਮੈਂ ਆਪਣੀ ਮਾਂ ਵੀ ਨਹੀਂ। ਇੱਕ ਦਿਨ ਮਾਈ ਦੇਸਾਂ, ਹਕੀਕਤ ਸਿੰਘ ਤੇ ਹੋਰ ਸਰਦਾਰਾਂ ਨਾਲ ਬੈਠੀ ਸ਼ਰਾਬ ਪੀ ਰਹੀ ਸੀ। ਮਹਾਂ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਬੰਦੂਕ ਲੈ ਕੇ ਆ ਗਿਆ। ਠੀਕ ਪਹਿਲਾਂ ਕਿਸੇ ਨੇ ਮੁਖਬਰੀ ਕਰ ਦਿੱਤੀ ਸੀ। ਸਰਦਾਰ ਤਾਂ ਸਾਰੇ ਤਿੱਤਰ ਹੋਗੇ…ਮਾਈ ਦੇਸਾਂ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।… ਆਹ ਈ ਗੱਲ। ਲਤੀਫ਼ ਪੜ੍ਹ, ਪ੍ਰਿੰਸਪ ਪੜ੍ਹ, ਲੈਪਲ ਗ੍ਰਿਫ਼ਨ ਪੜ੍ਹ, ਜੇ ਇਤਿਹਾਸ ਨੂੰ ਸਹੀ ਜਾਨਣਾ ਐ ਤਾਂ। ਸਾਡੇ ਇਤਿਹਾਸਕਾਰ ਤਾਂ ਰਾਜਿਆਂ ਮਹਾਂਰਾਜਿਆਂ ਦੇ ਕਸੀਦੇ ਪੜ੍ਹਨ ਵਾਲੇ ਐ।” ਹੈਰਾਨੀ ਵਾਲੀ ਗੱਲ ਹੈ ਕਿ ਲੇਖਕ ਪੱਛਮੀ ਸਾਮਰਾਜ ਦੇ ਹਮਾਇਤੀ ਮੁਹੰਮਦ ਲਤੀਫ਼ ਵਰਗੇ ‘ਤੇ ਅੰਗਰੇਜ਼ ਸਾਮਰਾਜ ਦੇ ਲਿਖਾਰੀ ‘ਸਹੀ ਇਤਿਹਾਸਕਾਰ’ ਜਾਪਦੇ ਹਨ ਤੇ ਸਾਡੇ ਆਪਣੇ ‘ਦਰਬਾਰੀ ਲੇਖਕ’। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਅੰਗਰੇਜ਼ ਮਹਾਰਾਜਾ ਦੇ ਜਿਉਂਦੇ ਜੀਅ ਤਾਂ ਕੀ, ਉਸ ਦੀ ਮੌਤ ਤੋਂ ਦਸ ਸਾਲ ਮਗਰੋਂ ਤੱਕ ਵੀ ਪੰਜਾਬ ‘ਤੇ ਕਾਬਜ਼ ਨਾ ਹੋ ਸਕੇ, ਉਹਨਾਂ ਦੇ ਅੰਗਰੇਜ਼ਪ੍ਰਸਤ ਅਤੇ ਬਸਤੀਵਾਦ ਪੱਖੀ ਲੇਖਕ, ਬਲਦੇਵ ਸਿੰਘ ਸੜਕਨਾਮਾ ਲਈ ਸੱਚੇ-ਸੁੱਚੇ ਤੇ ਸਕੇ ਹਨ। ਅਜਿਹੇ ਲੇਖਕਾਂ ਦਾ ਪੱਖ ਪੂਰ ਕੇ ਨਾਵਲਕਾਰ ਆਪਣੇ ਇਤਿਹਾਸ ਨਾਲ ਵਿਸ਼ਵਾਸ਼ਘਾਤ ਕਰਦਾ ਪ੍ਰਤੀਤ ਹੁੰਦਾ ਹੈ।
ਅਜਿਹੇ ਲੇਖਕਾਂ ਤੋਂ ਪ੍ਰਭਾਵਿਤ ਹੋ ਕੇ ਨਾਵਲਕਾਰ ਇਸ ਹੱਦ ਤੱਕ ਲਿਖ ਦਿੰਦਾ ਹੈ ਕਿ ਮਹਾਰਾਣੀ ਜਿੰਦਾਂ ਨਾਲ ਵਿਆਹ ਵੇਲੇ ਮਹਾਰਾਜਾ ਰਣਜੀਤ ਸਿੰਘ ਨਿਪੁੰਸਕ ਹੋ ਚੁੱਕਿਆ ਸੀ। ਮਹਾਰਾਜਾ ਦਲੀਪ ਸਿੰਘ ਨੂੰ ਕਿਸੇ ‘ਗੱਲੂ ਮਾਸ਼ਕੀ’ ਦੀ ਔਲਾਦ ਸਿੱਧ ਕਰਨ ਲਈ ਡਾ. ਵਿਕਟਰ ਜੈਕੂਮੋਂ ਦਾ ਹਵਾਲਾ ਦਿੰਦਾ ਹੈ। ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅਨੁਵਾਦਿਤ ਨਰਿੰਦਰ ਕ੍ਰਿਸ਼ਨ ਸਿਨਹਾ ਦੀ 1933 ਵਿੱਚ ਛਪੀ ਕਿਤਾਬ ਵਿੱਚ ਵਿਕਟਮ ਜੈਕੂਮੋਂ ਅਤੇ ਮੇਜਰ ਜਨਰਲ ਸਮਿਥ ਦੀਆਂ ਲਿਖਤਾਂ ਨੂੰ ਸੁਣੀਆਂ-ਸੁਣਾਈਆਂ ਗੱਲਾਂ ‘ਤੇ ਆਧਾਰਿਤ ਦਸਦਿਆਂ ਮੂਲੋਂ ਹੀ ਰੱਦ ਕੀਤਾ ਜਾ ਚੁੱਕਿਆ ਹੈ। ਸਵਾਲ ਉਠਦਾ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਨਾ ਦੱਸਣਾ ਅਤੇ ‘ਗੁੱਲੂ ਮਾਸ਼ਕੀ’ ਦਾ ਮੁੰਡਾ ਸਿੱਧ ਕਰਨਾ ਕਿਹੜੇ ਡੀ.ਐਨ.ਏ. ਦੀ ਰਿਪੋਰਟ ‘ਤੇ ਅਧਾਰਿਤ ਹੈ ਅਤੇ ਕੀ ਨਾਵਲਕਾਰ ਕੋਲ ਇਸ ਦਾ ਕੋਈ ਜਵਾਬ ਹੈ? ਹਕੀਕਤ ਵਿੱਚ ਇਹ ਇਤਿਹਾਸਕ ਨਾਵਲ ਕਿਹੜੀਆਂ ਨਵੀਆਂ ਪਰਤਾਂ ਖੋਲ੍ਹ ਰਿਹਾ ਹੈ ਤੇ ਨਵੀਂ ਪਿਤਰਾਂ ਪਾ ਰਿਹਾ ਹੈ, ਉਕਤ ਕਥਨਾਂ ਤੋਂ ਸਪੱਸ਼ਟ ਹੋ ਜਾਂਦਾ ਹੈ।
ਇਤਿਹਾਸਕ ਅਧਿਐਨ ਕਰਦਿਆਂ ਨਾਵਲ ਦਾ ਕੱਚ-ਸੱਚ ਉਦੋਂ ਹੋਰ ਵੀ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ ਜਦੋਂ ਨਾਵਲਕਾਰ ਲਿਖਦਾ ਹੈ, ‘ਜਦ ਕੋਈ ਅਬਦਾਲੀ ਜਾਂ ਸ਼ਾਹ ਜਮਾਨ ਵਰਗਾ ਚੜ੍ਹ ਆਉਂਦਾ ਸੀ, ਤਾਂ ਆਪਣਾ ਮਾਲ-ਮੱਤਾ ਸਾਂਭ ਕੇ ਤੇ ਪਰਿਵਾਰ ਲੈ ਕੇ ਪਹਾੜੀਂ ਜਾ ਛੁਪੱਦੇ ਸਨ। ਇਹ ਰਾਜਿਆਂ ਦਾ ਧਰਮ ਹੈ? ਆਮ ਲੋਕਾਂ ਨੂੰ ਧਾੜਵੀ ਬਘਿਆੜਾਂ ਦਾ ਖਾਣਾ ਬਣਾ ਕੇ , ਆਪ ਮੈਦਾਨ ਛੱਡ ਕੇ ਹਰਨ ਹੋ ਜਾਓ। ਰਣਜੀਤ ਸਿੰਘ ਨੇ ਹਰ ਵਾਰ ਏਹੀ ਕੀਤਾ।’ ਪੰਨਾ 168 ‘ਤੇ ਅੰਕਿਤ ਇਸ ਕਥਨ ਨੂੰ ਇਤਿਹਾਸਕ ਪੱਖੋਂ ਮੂਲੋਂ ਹੀ ਬੇਬੁਨਿਆਦ ਅਤੇ ਸੱਚਾਈ ਤੋਂ ਕੋਹਾਂ ਦੂਰ ਕਿਹਾ ਜਾ ਸਕਦਾ ਹੈ। ਨਾਵਲਕਾਰ ਨੂੰ ਇਹ ਚੁਣੌਤੀ ਹੈ ਕਿ ਜਾਂ ਤਾਂ ਉਹ ਇਹ ਸਾਬਤ ਕਰ ਦੇਵੇ ਕਿ ਮਹਾਰਾਜਾ ਰਣਜੀਤ ਸਿੰਘ ‘ਹਰ ਵਾਰ’ ਤਾਂ ਕੀ, ਇੱਕ ਵਾਰ ਵੀ ਅਬਦਾਲੀ ਜਾਂ ਸ਼ਾਹ ਜਮਾਨ ਦੇ ਡਰੋਂ ਪਹਾੜੀਂ ਜਾ ਛੁੱਪਿਆ ਸੀ, ਨਹੀਂ ਤਾਂ ਖੁਦ ਨੂੰ ਇਤਿਹਾਸਕ ਨਾਵਲਕਾਰ ਕਹਿਣ ਦਾ ਦਾਅਵਾ ਤਿਆਗ ਦੇਵੇ।
ਲੇਖਕ ਨੂੰ ਮਹਾਰਾਜਾ ਰਣਜੀਤ ਸਿੰਘ ਮਹਾਂ ਦੁਰਾਚਾਰੀ ਹੀ ਨਜ਼ਰ ਆਉਂਦਾ ਹੈ। ਪੰਨਾ 171 ‘ਤੇ ਉਹ ਬਗੈਰ ਫੁੱਟਨੋਟ ਤੇ ਹਵਾਲੇ ਤੋਂ ਲਿਖਦਾ ਹੈ ਕਿ ਮਹਾਰਾਜੇ ਨੇ ਮੋਰਾਂ ਪਿੱਛੇ ਇਸਲਾਮ ਧਰਮ ਧਾਰਨ ਕਰ ਲਿਆ ਸੀ। ਕੁਝ ਸਮੇਂ ਲਈ ਮੁਸਲਮਾਨ ਬਣ ਕੇ ਉਸ ਨਾਲ ਨਿਕਾਹ ਕੀਤਾ। ਇਸ ਪੰਨੇ ‘ਤੇ ਹੀ ਮਹਾਰਾਜਾ ਰਣਜੀਤ ਸਿੰਘ ਬਾਰੇ ਪ੍ਰੋ. ਕੌਤਕੀ ਰਾਹੀਂ ਲੇਖਕ ਮਨ-ਚਿਤ ਆਈ ਸਾਰੀ ਭੜਾਸ ਕੱਢਦਾ ਹੈ। ‘ਪ੍ਰਿੰਸਪ ਪੜ੍ਹਿਐ? ਜਿਥੇ ਉਹ ਲਿਖਦਾ ਹੈ- ਉਸ ਨੇ ਵਧੇਰੇ ਦੁਰਾਚਾਰੀ ਜ਼ਿੰਦਗੀ ਜੀਈ। ਉਸ ਦੀਆਂ ਅਯਾਸ਼ੀਆਂ ਹੋਲੀ ਤੇ ਦੁਸਹਿਰੇ ਦੇ ਤਿਉਹਾਰਾਂ ਵੇਲੇ ਵੇਖਣ ਵਾਲੀਆਂ ਹੁੰਦੀਆਂ ਸਨ। ਏਨਾ ਬੇਸ਼ਰਮ ਕੋਈ ਮਹਾਰਾਜਾ ਹੋ ਸਕਦਾ ਹੈ, ਦਰਬਾਰੀਆਂ ਦੇ ਸਾਹਮਣੇ ਤੇ ਆਮ ਸ਼ਹਿਰੀਆਂ ਦੇ ਸਾਹਮਣੇ? ਇਸ ਤਰ੍ਹਾਂ ਤਾਂ ‘ਹਿੰਦੁਸਤਾਨ’ ਵਿੱਚ ਕਿਸੇ ਵੀ ਰਾਜੇ ਨੇ ਨਹੀਂ ਕੀਤਾ। ਉਸ ਨੇ ਤਾਂ ਪੁਰਾਤਨ ਰੋਮ ਦੀਆਂ ਘਟਨਾਵਾਂ ਨੂੰ ਵੀ ਮਾਤ ਪਾ ਦਿੱਤਾ, ਇਕੋ ਹਾਥੀ ‘ਤੇ ਚੜ੍ਹ ਕੇ ਉਹ ਕੰਜਰੀਆਂ ਨਾਲ ਸ਼ਰੇਆਮ ਸ਼ਰਾਬ ਪੀ ਕੇ ਖਰਮਸਤੀਆਂ ਕਰਦਾ ਸੀ।’ ਪੰਨਾ 172 ‘ਤੇ ਰਹਿੰਦੀ ਕਸਰ ਪੂਰੀ ਕਰਦਾ ਲਿਖਦਾ ਹੈ, ‘ਜਦੋਂ ਹੋਰ ਅੱਗੇ ਜਾਵੇਂਗਾ, ਵੇਖੇਂਗਾ, ਰਣਜੀਤ ਸਿੰਘ ਕਿੰਨਾ ਵੱਡਾ ਧੋਖੇਬਾਜ਼, ਮੱਕਾਰ, ਮਿੱਤਰਮਾਰ ਸੀ।’
ਜਿਸ ਹੱਦ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਕਿਰਦਾਰਕੁਸ਼ੀ ਬਲਦੇਵ ਸਿੰਘ ਸੜਕਨਾਮਾ ਕਰਦਾ ਹੈ, ਉਹ ਕਹਿਣ ਤੋਂ ਬਾਹਰ ਹੈ। ਲੋਕ ਸੰਵਾਦ ‘ਚ ਉਹ ਲਿਖਦਾ ਹੈ ਕਿ ‘ਮੈਂ ਮਹਾਰਾਜਾ ਰਣਜੀਤ ਸਿੰਘ ਦੀ ਤਰਜ਼ ਦਾ ਸਿੱਖ ਨਹੀਂ ਹਾਂ।’ ਇਹ ਸਹੀ ਹੈ ਕਿ ਨਾਵਲਕਾਰ ਉਸ ਤਰਜ਼ ਦਾ ਸਿੱਖ ਹੋ ਵੀ ਨਹੀਂ ਸਕਦਾ, ਜਿਹੜਾ ਮਹਾਰਾਜਾ ਹੁੰਦੇ ਹੋਏ ਲੋਕਾਂ ਦਾ ਕੂਕਰ ਅਤੇ ਪਾਂਡੀ ਪਾਤਸ਼ਾਹ ਬਣੇ, ਜੋ ਹਿੰਦੂ-ਸਿੱਖਾਂ-ਮੁਸਲਮਾਨਾਂ ਸਭਨਾਂ ਲਈ ਇਕੋ ਜਿਹੀ ਨਿਆਂ ਪ੍ਰਣਾਲੀ ਕਾਇਮ ਕਰੇ, ਜੋ ਪੰਜਾਬ ਦੀਆਂ ਕੰਧਾਂ ਕਾਬੁਲ-ਕੰਧਾਰ ਤੇ ਦੱਰਾ-ਖ਼ੈਬਰ ਤੱਕ ਫੈਲਾਏ, ਜਿਸਦੇ ਰਾਜ ਕਾਲ ‘ਚ ਇੱਕ ਵੀ ਮਨੁੱਖ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਗਈ ਹੋਵੇ ਤੇ ਜੋ ਅਕਾਲ ਤਖ਼ਤ ਦੇ ਸਨਮੁੱਖ ਹੋ ਕੇ ਆਪਣੇ ਹੀ ਜਰਨੈਲ ਅੱਗੇ ਪੇਸ਼ ਹੁੰਦਿਆਂ, ਸਜ਼ਾ ਲਵਾਉਣ ਲਈ ਤਿਆਰ ਹੋਵੇ। ਸੰਤੁਲਤ ਮੁਲਾਂਕਣ ਇਹ ਹੈ ਕਿ ਰਾਜਿਆਂ ਵਾਲੀਆਂ ਅਨੇਕਾਂ ਕਮੀਆਂ ਦੇ ਬਾਵਜੂਦ ਉਹ ਪੰਜਾਬ ਦਾ ਅਜਿਹਾ ਮਹਾਰਾਜਾ ਸੀ, ਜਿਸਦੇ ਆਪਣੇ ਬਲ ਅਤੇ ਬੁੱਧੀ ਨਾਲ ਧਾੜਵੀਆਂ ਨੂੰ ਨੱਥ ਪਾਈ। ਜਦੋਂ ਪੂਰੇ ਭਾਰਤ ‘ਚ ਅੰਗਰੇਜ਼ਾਂ ਦਾ ਰਾਜ ਸੀ, ਉਦੋਂ ਪੰਜਾਬ ਜੀ ਅਜਿਹਾ ਦੇਸ਼ ਸੀ, ਜਿਥੇ ਮਹਾਰਾਜਾ ਨੇ ਫਿਰੰਗੀਆਂ ਨੂੰ ਕਦਮ ਨਾ ਰੱਖਣ ਦਿੱਤਾ।
ਨਾਵਲਕਾਰ ‘ਸਮਰਪਣ’ ਦੇ ਸ਼ਬਦਾਂ ਵਿੱਚ ਇੱਕ ਹੋਰ ਗ਼ਲਤ-ਬਿਆਨੀ ਕਰਦਾ ਲਿਖਦਾ ਹੈ ‘ਉਹਨਾਂ ਲੱਖਾਂ ਬੇਨਾਮ ਸਿਪਾਹੀਆਂ ਦੇ ਨਾਮ ਜਿਹੜੇ ਸਿਰਫ਼ ਦੋ ਜਾਂ ਤਿੰਨ ਰੁਪਏ ਮਹੀਨੇ ਦੀ ਤਨਖਾਹ ਲੈ ਕੇ ਆਪਣੇ ਮਹਾਰਾਜੇ ਲਈ ਲੜੇ ਤੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਵੀਰ-ਗਤੀ ਪ੍ਰਾਪਤ ਕੀਤੀ। ਜਿਨ੍ਹਾਂ ਦੀ ਨਾ ਮਹਾਰਾਜੇ ਨੇ ਪਰਵਾਹ ਕੀਤੀ ਨਾ ਹੀ ਇਤਿਹਾਸ ਨੇ।’ ਸੱਚ ਤਾਂ ਇਹ ਹੈ ਕਿ ਮਹਾਰਾਜੇ ਦੇ ਰਾਜ ਕਾਲ ਦੌਰਾਨ ਫੌਜੀਆਂ ਤੇ ਸਿਪਾਹੀਆਂ ਦੀ ਹਾਲਤ ਕੰਗਾਲੀ ਵਾਲੀ ਨਹੀਂ ਸੀ, ਬਲਕਿ ਉਨ੍ਹਾਂ ਦਾ ਰੁਤਬਾ ਕਿਤੇ ਉੱਚਾ ਸੀ। ਇਹੀ ਕਾਰਨ ਸੀ ਕਿ ਮਹਾਰਾਜੇ ਦੇ ਚਲਾਣੇ ਤੋਂ ਦਸ ਸਾਲ ਮਗਰੋਂ ਤੱਕ ਵੀ ਉਹ ਮੈਦਾਨ-ਏ-ਜੰਗ ‘ਚ ਜੂਝਦੇ ਰਹੇ ਅਤੇ ਆਖ਼ਰਕਾਰ 1849 ‘ਚ ਅੰਗਰੇਜ਼ਾਂ ਅੱਗੇ ਸਮਰਪਣ ਵੇਲੇ ਉਨ੍ਹਾਂ ਕਿਹਾ ‘ਮਹਾਰਾਜਾ ਅੱਜ ਮੋਇਆ ਹੈ।’
ਪੰਜਾਬੀ ਵਿਆਕਰਣ ਪੱਖੋਂ ਨਾਵਲ ‘ਸੂਰਜ ਦੀ ਅੱਖ’ ਵਿੱਚ ਹਰੇਕ ਪੰਨੇ ‘ਤੇ ਕਈ-ਕਈ ਗਲਤੀਆਂ ਹਨ, ਜੋ ਪਾਤਰਾਂ ਦੇ ਵਾਰਤਾਲਾਪ ਵਿਚੋਂ ਨਹੀਂ, ਬਲਕਿ ਨਾਵਲਕਾਰ ਦੇ ਵਾਕਾਂ ‘ਚੋਂ ਵੀ ਜਗ੍ਹਾ-ਜਗ੍ਹਾ ਨਜ਼ਰ ਆਉਂਦੀਆਂ ਹਨ। ਮਿਸਾਲ ਵਜੋਂ ਬਲਦੇਵ ਸਿੰਘ ਨੂੰ ‘ਸਿਹਤ’ ਅਤੇ ‘ਸਹਿਤ’ ਵਿੱਚ ਫਰਕ ਨਜ਼ਰ ਨਹੀਂ ਆਉਂਦਾ ਅਤੇ ਉਹ ‘ਸਿਹਤਯਾਬ’ ਦੀ ਥਾਂ ਸਹਿਤਯਾਬ ਹੀ ਲਿਖੀ ਜਾਂਦਾ ਹੈ। ਕੁਝ ਹੋਰ ਵੇਰਵਿਆਂ ‘ਚ ‘ਸਿਹਤ’ ਨੂੰ ‘ਸੇਹਿਤ’ ਲਿਖ ਕੇ ਪੰਜਾਬੀ ਭਾਸ਼ਾ ਨੂੰ ਵਿਗਾੜਦੇ ਹੋਏ ਲੇਖਕ ਵਾਰ-ਵਾਰ ਅਜਿਹੀਆਂ ਗਲਤੀਆਂ ਕਰਦਾ ਹੈ, ਜਿਸ ਦੀ ਆਸ ਸਕੂਲੀ ਪੱਧਰ ਦੇ ਵਿਦਿਆਰਥੀ ਤੋਂ ਵੀ ਨਹੀਂ ਹੋ ਸਕਦੀ। ਪੰਜਾਬੀ ਸਾਹਿਤ ਤੇ ਭਾਸ਼ਾ ਪੱਖੋਂ ਅਧਿਐਨ ਕਰੀਏ ਤਾਂ ਨਾਵਲਕਾਰ ਕਈ ਜਗ੍ਹਾ ‘ਗੱਡੇ ਵਿੱਚ ਬੈਠਾ’ ਸ਼ਬਦ ਵਰਤਦਾ ਹੈ, ਜਦਕਿ ਗੱਡੇ ਵਿੱਚ ਨਹੀਂ, ਸਗੋਂ ਗੱਡੇ ਉਤੇ ਬੈਠਿਆ ਜਾਂਦਾ ਹੈ। ਕਈ ਵਾਕਾਂ ਵਿੱਚ ਉਹ ‘ਗਲਤ ਅਫ਼ਵਾਹਾਂ’ ਲਿਖਦਾ ਹੈ, ਜਦ ਕਿ ਅਫ਼ਵਾਹਾਂ ਕਦੇ ਵੀ ਸਹੀ ਨਹੀਂ ਹੁੰਦੀਆਂ ਅਤੇ ਜੋ ਸੱਚ ਹੋਵੇ ਉਹ ਅਫ਼ਵਾਹ ਨਹੀਂ ਹੁੰਦੀ। ਨਾਵਲਕਾਰ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਦਾ ਲਿਖਦਾ ਹੈ, ‘ਸਿਰ ਵਾਲਾ ਮੜਾਸਾ’ ਵਿਚਾਰਨ ਵਾਲੀ ਗੱਲ ਹੈ ਕਿ ਮੜਾਸਾ ਸਿਰ ਵਾਲਾ ਹੀ ਹੁੰਦਾ ਹੈ, ਪੈਰਾਂ ਵਾਲਾ ਨਹੀਂ। ਹੋਰਨਾਂ ਸ਼ਬਦਾਂ ‘ਚ ‘ਹਾਲਾਤ’ ਦੀ ਥਾਂ ‘ਹਾਲਾਤਾਂ’, ‘ਲਹਿਜਾ’ ਦੀ ਥਾਂ ‘ਲਹਿਜ਼ਾ’, ‘ਕਤਲੇਆਮ ਦੀ ਥਾਂ ‘ਕਤਲੇ ਆਮ’, ‘ ‘ਪਰਤਾਣਾ’ ਦੀ ਥਾਂ ‘ਵਾਪਿਸ ਪਰਤਣਾ’, ਬੈਠਿਆਂ ਦੀ ਥਾਂ ‘ਬੈਇਠਆਂ’, ‘ਛੱਡਿਆ’ ਦੀ ਥਾਂ ‘ਛੋੜਿਆ’ ‘ਤੰਬੂ ਦੀ ਥਾਂ ‘ਤੰਬਤੂ’, ‘ਵਾਜੇ-ਗਾਜੇ’ ਦੀ ਥਾਂ ‘ਗਾਜੇ-ਵਾਜੇ’, ‘ਵਾਗਾਂ’ ਦੀ ਥਾਂ ‘ਵਾਂਗਾਂ’, ‘ਕਰ ਕੇ’ ਦੀ ਥਾਂ ‘ਕਰਕੇ’ ਆਦਿ। ਹੋਰ ਵੀ ਅਨੇਕਾਂ ਅਜਿਹੇ ਸ਼ਬਦ, ਸ਼ਬਦ-ਜੋੜ ਤੇ ਵਾਕ ਹਨ, ਜਿਹੜੇ ਪੰਜਾਬੀ ਦਾ ਇਮਤਿਹਾਨ ਦੇਣ ਵਾਲਾ ਕੋਈ ਵਿਦਿਆਰਥੀ ਜੇਕਰ ਗ਼ਲਤ ਲਿਖ ਦੇਵੇ ਤਾਂ ਅਧਿਆਪਕ ਉਸਨੂੰ ਫੇਲ੍ਹ ਕਰੇਗਾ, ਪਰ ਹੈਰਾਨੀ ਹੈ ਕਿ ਢਾਹਾਂ ਇਨਾਮ ਦੇਣ ਵਾਲਿਆਂ ਨੂੰ ਇਹ ਗਲਤੀਆਂ ਨਜ਼ਰ ਹੀ ਨਹੀਂ ਆਈਆਂ, ਜਾਂ ਫਿਰ ਉਨ੍ਹਾਂ ਨਾਵਲ ਨੂੰ ਐਵਾਰਡ ਦੇਣ ਵੇਲੇ, ਪੜ੍ਹਨ ਦੀ ਖੇਚਲ ਹੀ ਨਹੀਂ ਕੀਤੀ।
ਨਾਵਲ ‘ਸੂਰਜ ਦੀ ਅੱਖ’ ਵਿਚਲੀਆਂ ਖਾਮੀਆਂ ਨੂੰ ਜ਼ਾਹਰ ਕਰਨ ਵਾਲਿਆਂ ਨੂੰ ਈਰਖਾਲੂ, ਕੱਟੜ, ਗੁਰਦੁਆਰਿਆਂ ਵਾਲੇ, ਕਾਮਰੇਡ ਵਿਰੋਧੀ, ਆਰ. ਐਸ. ਐਸ. ਵਿਰੋਧੀ ਅਤੇ ਲੇਖਕਾਂ ਦੀ ਆਜ਼ਾਦੀ ਦੇ ਵਿਰੋਧੀ ਕਹਿਣਾ ਕਿਥੋਂ ਤੱਕ ਜਾਇਜ਼ ਹੈ, ਇਸ ਦਾ ਅੰਦਾਜ਼ਾ ਹੁਣ ਪਾਠਕ ਖ਼ੁਦ ਲਾ ਸਕਦੇ ਹਨ। ਜੇਕਰ ਪੰਜਾਬੀ ਭਾਸ਼ਾ ਨਾਲ ਲੇਖਕ ਵਲੋਂ ਕੀਤੇ ਖਿਲਵਾੜ ਦੇ ਹੀ ਵੇਰਵੇ ਦਿੱਤੇ ਜਾਣ, ਤਾਂ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਨਾਵਾਂ ਦੇ ਵਿਗਾੜ ਪੱਖੋਂ, ‘ਇੰਡਸ’ ਨੂੰ ‘ਇੰਡੂਸ’ ਹੀ ਲਿਖੀ ਜਾਣਾ, ਇੱਕੋ ਵਿਅਕਤੀ ਦਾ ਨਾਂ ਕਿਤੇ ‘ਨਰੂੜ ਮੱਲ’ ਤੇ ਕਿਤੇ ‘ਅਰੂੜ ਮੱਲ’ ਕਿਤੇ ‘ਫਹਿਤ ਸਿੰਘ ਕਾਲਿਆਂ ਵਾਲਾ’ ਅਤੇ ਉਸ ਨੂੰ ਹੀ ਕਿਤੇ ‘ਫਤੇਹ ਸਿੰਘ ਆਹਲੂਵਾਲੀਆ’ ਕਦੇ ਨਾਂ ‘ਗੁਲਾਮ ਮੋਹਉਦਦੀਨ’ ਅਤੇ ਕਦੇ ‘ਗੁਲਾਮ ਮੋਹੀਉਦੀਨ’ ਇਥੋਂ ਤੱਕ ਕਿ ਨਾਵਲਕਾਰ ਦੇ ਘੜੇ ਵਿਸ਼ੇਸ਼ ਪਾਤਰ ਦਾ ਨਾਂ ਕਿਤੇ ‘ਪ੍ਰੋ. ਕੌਤਕੀ’ ਤੇ ਕਿਤੇ ‘ਕੌੜੀ’ ਲਿਖਣਾ ਹਾਸੋਹੀਣਾ ਹੀ ਨਹੀਂ, ਬਲਕਿ ਸਾਹਿਤਕ ਭੰਬਲਭੂਸੇ ਦਾ ਸਬੂਤ ਹਨ। ਲੇਖਕ ਦੇ ਗਿਆਨ ਦੀ ਗੱਲ ਕਈਏ, ਤਾਂ ਸਥਿਤੀ ਉਸ ਸਮੇਂ ਹਾਸੋਹੀਣੀ ਜਾਪਦੀ ਹੈ ਜਦ ਉਹ ‘ਫਜ਼ਰ ਦੀ ਪਹਿਲੀ ਨਮਾਜ਼’ ਪੜ੍ਹਨਾ ਲਿਖਦਾ ਹੈ, ਜਦਕਿ ਫਜ਼ਰ ਭਾਵ ਸਵੇਰ ਦੀ ਨਮਾਜ਼ ਪਹਿਲੀ ਹੀ ਹੁੰਦੀ ਹੈ। ਨਾਵਲਕਾਰ ਮੋਰਾਂ ਦੇ ‘ਪੈਰਾਂ ਦੀਆਂ ਝਾਂਜਰਾਂ’ ਲਿਖਕੇ ਸਵਾਲ ਖੜਾ ਕਰ ਦਿੰਦਾ ਹੈ ਕਿ ਕੀ ਕਿਧਰੇ ਝਾਂਜਰਾਂ ਹੱਥਾਂ ਦੀਆਂ ਵੀ ਹੁੰਦੀਆਂ ਹਨ? ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲਾਂ ਦਾ ਨਾਂ ਲਿਖਦਾ ਉਹ ‘ਵੈਂਚੁਰਾ’ ਨੂੰ ‘ਵੈਂਤੁਰਾ’ ਹੀ ਲਿਖੀ ਜਾਂਦਾ ਹੈ। ਪੰਜਾਬੀ ਵਿਆਕਰਣ ਦੀਆਂ ਧੱਜੀਆਂ ਉਡਾਉਣ ਤੋਂ ਇਲਾਵਾ ਲੇਖਕ ਪੰਜਾਬੀਆਂ ਦੀ ਸੋਚ ਪੱਖੋਂ ਵੀ ਉਸ ਵੇਲੇ ਅਪਮਾਨ ਕਰਦਾ ਹੈ, ਜਦੋਂ ਮਹਾਰਾਜਾ ਵਾਸਤੇ ਵਾਰ-ਵਾਰ ‘ਕਾਣਾ’ ਤੇ ‘ਕਾਣਾ-ਮੀਣਾ’ ਸ਼ਬਦ ਵਰਤਦਾ ਹੈ, ਉਹ ਵੀ ਇਕੋ ਪੰਨੇ (166) ਉਪਰ ਕਈ ਵਾਰ। ਨਾਵਲਕਾਰ ਵਲੋਂ ਬਣਾਉਣੇ ਨੂੰ ‘ਬਨਾਉਣ’ ਜਾਂ ‘ਬਨਾਣਾ’, ਵਾਰ-ਵਾਰ ਨੂੰ ‘ਬਾਰ-ਬਾਰ’, ‘ਸੱਦਣ’ ਨੂੰ ‘ਬਲਾਵਣ’, ‘ਪਾਉਂਦਾ ਨੂੰ ‘ਪਾਂਦਾ’, ‘ਫਰਮਾਨ’ ਨੂੰ ‘ਫੁਰਮਾਨ’, ‘ਸਿਰ’ ਨੂੰ ‘ਸੁਰ’, ‘ਕੁਰਾਨ’ ਨੂੰ ‘ਕੁਰਆਨ’, ‘ਘਿਸੜਦਾ’ ਨੂੰ ‘ਘੜੀਸੀਦਾ’ ਸ਼ਭਦ ਵਰਤਣੇ ਪੰਜਾਬੀ ਭਾਸ਼ਾ ਦੇ ਵਿਆਕਰਣ ਨਾਲ ਜਬਰ-ਜਨਾਹ ਕਰਨ ਦੇ ਤੁਲ ਜਾਪਦੇ ਹਨ। ਪੰਜਾਬੀ ਵਿਆਕਰਣ ਦੇ ਅਹਿਮ ਪੱਖ ਵਿਸਰਾਮ ਚਿੰਨ੍ਹ, ਪੁੱਠੇ ਕੌਮੇ ਆਪਣੀ ਮਰਜ਼ੀ ਅਨੁਸਾਰ ਲਾ ਕੇ ਜਾਂ ਛੱਡ ਕੇ ਲੇਖਕ ਥਾਂ-ਥਾਂ ਅਰਥਾਂ ਦੇ ਅਨਰਥ ਕਰਦਾ ਹੈ।
‘ਸੂਰਜ ਦੀ ਅੱਖ’ ਨਾਵਲ ਵਿਚਲੀਆਂ ਸਾਹਿਤਕ ਤੇ ਇਤਿਹਾਸਕ ਤਰੁਟੀਆਂ ਕਾਰਨ ਹੀ ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ ਨੇ ਢਾਹਾਂ ਪੁਰਸਕਾਰ ਤੋਂ ਦੋ ਦਿਨ ਪਹਿਲਾਂ ਗਰੈਂਡ ਤਾਜ ਹਾਲ ਸਰੀ ਵਿੱਚ ਸਾਹਿਤਕ ਕਾਨਫਰੰਸ ਕੀਤੀ ਸੀ, ਜਦਕਿ ਲੋਕ ਸੰਵਾਦ ‘ਚ ਬਲਦੇਵ ਸਿੰਘ ਸੜਕਨਾਮਾ ਝੂਠ ਲਿਖਦਾ ਹੈ ਕਿ ਉਸਦਾ ਇਨਾਮ ਮਿਲਣ ਤੋਂ ਪਹਿਲਾਂ ਕੋਈ ਵਿਰੋਧ ਨਹੀਂ ਹੋਇਆ। ਕਈ ਲੇਖਕ ਜਥੇਬੰਦੀਆਂ ਜਿਵੇਂ ਕਿ ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ:) ਐਬਟਸਫੋਰਡ, ਸਿੱਖ ਸਾਹਿਤ ਸਦਨ ਸਰੀ, ਲੋਕ ਲਿਖਾਰੀ ਸਾਹਿਤ ਸਭਾ ਉੱਤਰੀ ਅਮਰੀਕਾ, ਕਲਮੀਂ ਪਰਵਾਜ਼ ਮੰਚ, ਸਾਊਥ ਏਸ਼ੀਅਨ ਰੀਵਿਯੂ ਪ੍ਰਿੰਸ ਜੌਰਜ਼, ਫੈਡਰੇਸ਼ਨ ਆਫ਼ ਸਿੱਖ ਸੁਸਾਇਟੀਜ਼ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀਜ਼ ਤੇ ਟੀਚਿੰਗ ਸੁਸਾਇਟੀ ਕੈਨੇਡਾ, ਜੀਵੇ ਪੰਜਾਬ ਸਾਹਿਤ ਸੰਸਥਾ ਅਤੇ ਸਿੱਖ ਵਿਚਾਰ ਮੰਚ ਕੈਨੇਡਾ ਤੋਂ ਇਲਾਵਾ ਕਈ ਸਾਹਿਤਕ ਸੰਸਥਾਵਾਂ ਨੇ ਇਸ ਨਾਵਲ ਨੂੰ ਸਨਮਾਨ ਦੇਣ ਦਾ ਵਿਰੋਧ ਕੀਤਾ ਸੀ। ਸਾਹਿਤਕ ਕਾਨਫਰੰਸ ‘ਚ ਸਾਂਝੇ ਮਤੇ ਰਾਹੀਂ ਲੇਖਕ ਵਲੋਂ ਸਾਹਿਤਕ ਤੇ ਇਤਿਹਾਸਕ ਪੱਖੋਂ ਕੀਤੀਆਂ ਗਲਤੀਆਂ ਦੀ ਨਿਖੇਧੀ ਵੀ ਕੀਤੀ ਗਈ। ਲੇਖਕ ਦਾ ਇਹ ਕਹਿਣਾ ਵੀ ਗਲਤ ਹੈ ਕਿ ਉਸ ਦੇ ਪ੍ਰੋਗਰਾਮ ‘ਨਿਰਵਿਘਨ ਨੇਪਰੇ ਚੜ੍ਹੇ’। ਸੱਚ ਤਾਂ ਇਹ ਹੈ ਕਿ ਇਥੋਂ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵਿਖੇ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਦੇ ਸਾਊਥ ਏਸ਼ੀਅਨ ਸਟੱਡੀਜ਼ ਵਿਭਾਗ ਵਲੋਂ ਰੱਖਿਆ ਸਮਾਗਮ ਪ੍ਰਬੰਧਕਾਂ ਨੇ ਰੱਦ ਕੀਤਾ।
ਨਾਵਲਕਾਰ ਨੇ ਆਪਣੇ ਲੇਖ ਵਿੱਚ ਉਸਦੇ ਨਾਵਲ ਦੀ ਆਲੋਚਨਾ ਕਰਨ ਵਾਲਿਆਂ ਪਿੱਛੇ ਪੰਜਾਬ ਦੇ ਕੁਝ ਲੇਖਕਾਂ ਦੀ ਈਰਖਾ ਜਾਂ ਵਿਰੋਧ ਦੱਸਦਿਆਂ ਸੱਚਾਈ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਸਲ ਵਿੱਚ ਲੇਖਕ ਨੂੰ ਜਦੋਂ ਵੀ ਉਸ ਦੀ ਵਿਵਾਦਤ ਲਿਖਤ ਬਾਰੇ ਪੁੱਛਣਾ ਚਾਹਿਆ, ਤਾਂ ਉਸਨੇ ਸਵਾਲਾਂ ਦੇ ਜਵਾਬ ਦੇਣ ਤੋਂ ਜਾਂ ਤਾਂ ਪਾਸਾ ਵੱਟਿਆ ਜਾਂ ਫਿਰ ਮੁੜ ਮਿਲਣ ਦਾ ਝੂਠਾ ਇਕਰਾਰ ਕਰਕੇ ਖਿਸਕਣਾ ਹੀ ਠੀਕ ਸਮਝਿਆ। ਇਸ ਦੀ ਪਹਿਲੀ ਉਦਾਹਰਣ ਸੜਕਨਾਮਾ ਦੇ ਮੇਜ਼ਬਾਨ ਨਾਵਲਕਾਰ ਜਰਨੈਲ ਸਿੰਘ ਸੇਖਾ ਨਾਲ ਮੇਰੇ ਵਲੋਂ ਕੀਤੀ ਗੱਲਬਾਤ ਹੈ, ਜਿਸ ਦਿਨ ਸੜਕਨਾਮਾ ਨੇ ਟੈਲੀਵਿਜ਼ਨ ‘ਮਹਿਕ ਪੰਜਾਬ ਦੀ’ ਵਿੱਚ ਗੱਲਬਾਤ ਕਰਨੀ ਸੀ। ਐਨ ਆਖਰੀ ਮੌਕੇ ‘ਤੇ ਉਸ ਨੇ ਇਹ ਕਹਿਕੇ ਪ੍ਰੋਗਰਾਮ ‘ਚ ਆਉਣੋਂ ਇਨਕਾਰ ਕੀਤਾ ਕਿ ਉਸਦੇ ਖਿਲਾਫ਼ ਸਰੀ ‘ਚ ਹੋਈ ਸਾਹਿਤਕ ਕਾਨਫਰੰਸ ਕਾਰਨ ਉਹ ਇੰਟਰਵਿਯੂ ਨਹੀਂ ਦੇਵੇਗਾ। ਰਹੀ ਗੱਲ ਐਬਟਸਫੋਰਡ ‘ਚ ਹੋਈ ਮੁਲਾਕਾਤ ਦੀ, ਉਥੇ ਜਿੰਨੇ ਵੀ ਸਵਾਲ ‘ਸੂਰਜ ਦੀ ਅੱਖ’ ਬਾਰੇ ਕੀਤੇ ਗਏ, ਉਨ੍ਹਾਂ ਦੇ ਜਵਾਬ ਮੁੜ ਸ਼ਨੀਵਾਰ ਦੇਣ ਦਾ ਵਾਅਦਾ ਖੁਦ ਬਲਦੇਵ ਸਿੰਘ ਸੜਕਨਾਮਾ ਨੇ ਕੀਤਾ। ਕਈ ਸਵਾਲਾਂ ਜਿਵੇਂ ਕਿ ਨਾਵਲ ‘ਸੂਰਜ ਦੀ ਅੱਖ’ ਨੂੰ ਇਨਾਮ ਲਈ ਉਸ ਵਲੋਂ ਨਾ ਭੇਜਣਾ ਅਤੇ ਚੋਣ ਕਮੇਟੀ ਵਲੋਂ ਆਪਣੇ ਆਪ ਹੀ ਚੋਣ ਕਰਨੀ ਅਤੇ ਨਾਵਲ ਵਿਚਲੀਆਂ ਵਿਆਕਰਣਿਕ ਗ਼ਲਤੀਆਂ ਕਬੂਲਣ ਦੀ ਗੱਲ, ਲੇਖਕ ਨੇ ਆਪ ਸਵੀਕਾਰ ਕੀਤੀ। ਇਸ ਦੌਰਾਨ ਲੇਖਕ ਵਲੋਂ ਜਵਾਬ ਦੇਣ ਲਈ ਸਮਾਂ ਆਪਣੇ-ਆਪ ਚੁਣਿਆ ਗਿਆ ਤੇ ਇਕਰਾਰ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਹੀ ਲੇਖਕ ਨੇ ਪੰਜਾਬ ਨੂੰ ਚਾਲੇ ਪਾ ਦਿੱਤੇ। ਜੇਕਰ ਉਸਦੇ ਕੋਲ ਠੋਸ ਇਤਿਹਾਸਕ ਦਲੀਲਾਂ ਸਨ, ਤਾਂ ਫਿਰ ਉਹ ਸਵਾਲਾਂ ਦੇ ਤਰਕ ਸਹਿਤ ਉੱਤਰ ਦਿੰਦਾ। ਲੇਖਕ ਨੇ ਕੈਨੇਡਾ ਤੋਂ ਵਾਪਸ ਜਾ ਕੇ ਖੁਦ ਨੂੰ ਸਹੀ ਤੇ ਸੱਚਾ ਦੱਸਣ ਅਤੇ ਵਿਰੋਧ ਕਰਨ ਵਾਲਿਆਂ ਨੂੰ ਮਾੜੇ ਦੱਸਣ ਅਤੇ ਕੂੜ ਪ੍ਰਚਾਰ ਸ਼ੁਰੂ ਕੀਤਾ ਹੈ। ਇਥੇ ਇਹ ਦੱਸਣਯੋਗ ਹੈ ਕਿ ਨਾਵਲਕਾਰ ਨੂੰ ਕੋਈ ਵੀ ਸਵਾਲ ਉਸ ਦੇ ਨਿੱਜੀ ਜੀਵਨ, ਕਾਰੋਬਾਰ, ਪਰਿਵਾਰ, ਪੜ੍ਹਾਈ ਅਤੇ ਕਿੱਤੇ ਆਦਿ ਬਾਰੇ ਨਹੀਂ ਕੀਤਾ ਗਿਆ, ਬਲਕਿ ਹਰ ਗੱਲ ਉਸ ਦੇ ਲਿਖੇ ਨਾਵਲ ‘ਤੇ ਹੀ ਕੇਂਦਰਤ ਰਹੀ, ਨਾ ਹੀ ਇਸ ਚਰਚਾ ਨੂੰ ਧਰਮ, ਜਾਤ ਜਾਂ ਫ਼ਿਰਕੇ ‘ਤੇ ਅਧਾਰਿਤ ਬਹਿਸ ਬਣਾਇਆ ਗਿਆ, ਪਰ ਅਫ਼ਸੋਸ ਦੀ ਗੱਲ ਹੈ ਲੇਖਕ ਨੇ ਲੋਕ ਸੰਵਾਦ ਵਿੱਚ ਉਸ ਨੂੰ ਸਵਾਲ ਕਰਨ ਵਾਲੇ ਵਿਅਕਤੀਆਂ ਬਾਰੇ ਨਿੱਜੀ ਪੱਧਰ ‘ਤੇ ਹਲਕੀਆਂ ਟਿੱਪਣੀਆਂ ਕਰਕੇ, ਆਪਣੇ ਬੌਣੇਪਣ ਦਾ ਸਬੂਤ ਦਿੱਤਾ ਹੈ।
ਜਿਹੜੇ ਲੇਖਕ ਇਤਿਹਾਸ ਨੂੰ ਝੁਠਲਾਉਣ ਤੇ ਸਸਤੀ ਸ਼ੋਹਰਤ ਤੇ ਇਨਾਮਾਂ ਲਈ ਰਾਜਨੀਤੀ ਕਰਦੇ ਹਨ, ਉਹ ਲੋਕਾਂ ਦੀ ਕਚਿਹਰੀ ‘ਚ ਪ੍ਰਵਾਨ ਨਹੀਂ ਹੁੰਦੇ। ਬਲਦੇਵ ਸਿੰਘ ਸੜਕਨਾਮਾ ਨੇ ਭਾਰਤ ‘ਚ ਸਹਿਣਸ਼ੀਲਤਾ ਦੇ ਮੁੱਦੇ ‘ਤੇ ਆਪਣਾ ਐਵਾਰਡ ਮੋੜਕੇ ਵਾਹਵਾ ਖੱਟੀ, ਪਰ ਕੈਨੇਡਾ ਆ ਕੇ ਉਨ੍ਹਾਂ ਹੀ ਫਾਸ਼ੀਵਾਦੀ ਅਤੇ ਸਰਕਾਰ ਪੱਖੀ ਤਾਕਤਾਂ ਤੋਂ ਪੱਚੀ ਹਜ਼ਾਰ ਡਾਲਰ ਦਾ ਇਨਾਮ ਕਬੂਲ ਕਰ ਲਿਆ। ਇਹ ਸਵਾਲ ਲੇਖਕ ਨੂੰ ਜਦੋਂ ਪੱਤਰਕਾਰ ਗੁਰਪ੍ਰੀਤ ਸਿੰਘ ਵਲੋਂ ਪੁੱਛਿਆ ਗਿਆ ਕਿ ਕੀ ਉਹ ਮੋਦੀ ਭਗਤਾਂ ਅਤੇ ਸਰਕਾਰੀ ਹਮਾਇਤੀਆਂ ਵਲੋਂ ਦਿੱਤੇ ਗਏ ਢਾਹਾਂ ਇਨਾਮ ਨੂੰ ਵੀ ਵਾਪਸ ਮੋੜੇਗਾ, ਤਾਂ ਲੇਖਕ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ। ਰਹੀ ਗੱਲ ਸਵਾਲਾਂ ਦੇ ਜਵਾਬ ਲਈ ਇਕਰਾਰ ਕਰਕੇ ਮੁਕਰਨ ਦੀ, ਤਾਂ ਅਜਿਹੀ ਸਥਿਤੀ ‘ਚ ਬਾਵਾ ਬਲਵੰਤ ਦਾ ਸ਼ੇਅਰ ਚੇਤੇ ਆਉਂਦਾ ਹੈ: ”ਸੌ ਦਿਨ ਕਰਾਰ ਵਾਲੇ ਖਾਲੀ ਗਏ ਨੇ ਆ ਕੇ। ਪੱਤਰ ‘ਚ ਭੇਜਦੀ ਹਾਂ ਤੋਤੇ ਦੀ ਅੱਖ ਬਣਾ ਕੇ।” ਇਉਂ ‘ਸੂਰਜ ਦੀ ਅੱਖ’ ਦਾ ਲੇਖਕ ਖੁਦ ‘ਤੋਤੇ ਦੀ ਅੱਖ’ ਵਾਲਾ ਹੀ ਨਿਕਲਿਆ ਅਤੇ ਇਕਰਾਰ ਕਰਨ ਮਗਰੋਂ ਸੱਚਾਈ ਤੋਂ ਭੱਜਣ ਵਾਲੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਬਲਦੇਵ ਸਿੰਘ ‘ਤੋਤਾਚਸ਼ਮ’ ਕਹਿਣਾ ਜ਼ਿਆਦਾ ਢੁੱਕਵਾਂ ਹੋਏਗਾ।

-ਡਾ. ਗੁਰਵਿੰਦਰ ਸਿੰਘ ਧਾਲੀਵਾਲ
604-825-1550