ਗੁਰੂ ਨਾਨਕ ਜੀ ਦਾ ਹਕੀਕੀ ਪ੍ਰਕਾਸ਼ ਪੁਰਬ

ਗੁਰੂ ਨਾਨਕ ਜੀ ਦਾ ਹਕੀਕੀ ਪ੍ਰਕਾਸ਼ ਪੁਰਬ

ਪਿਛਲੇ ਕੁਝ ਸਮੇਂ ਤੋਂ ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੀ ਚਰਚਾ ਜ਼ੋਰ-ਸ਼ੋਰ ਨਾਲ ਚਲ ਰਹੀ ਹੈ। ਮੁਬਾਰਕ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ। ਇਸ ਇਤਿਹਾਸਕ ਹਕੀਕਤ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਗੁਰੂ ਨਾਨਕ ਨੇ 15ਵੀਂ ਤੇ 16ਵੀਂ ਸਦੀ ਵਿਚ ਅਕਾਲ ਪੁਰਖ ਤੇ ਸਮੁੱਚੀ ਕੁਦਰਤੀ ਕਾਇਨਾਤ ਵਿਚਲੇ ਰਿਸ਼ਤੇ ਨੂੰ ਉਜਾਗਰ ਕਰ ਕੇ ਬੇਥਵੇ ਤੇ ਨਿਰਾਰਥਕ ਮਿਥਿਹਾਸਕ ਸਿਲਸਿਲੇ ਨੂੰ ਪਛਾਣ ਕੇ ਨਕਾਰਿਆ।
ਉਨ੍ਹਾਂ ਸਮੁੱਚੇ ਉਸਾਰ ਦੇ ਵਿਗੜੇ ਹੋਏ ਸਾਰੇ ਪਸਾਰਾਂ ਨੂੰ ਰੱਦ ਕਰਦਿਆਂ ਕੁਦਰਤ ਤੇ ਮਨੁੱਖ ਵਿਚ ਸਮਤੋਲ ‘ਤੇ ਆਧਾਰਤ ਉਸਾਰ ਦੀ ਗੱਲ ਕੀਤੀ। ਉਸ ਸਮੇਂ ਪੱਛਮ ਦੇ ਬੁਧੀਮਾਨ ਸ੍ਰਿਸ਼ਟੀ ਦੀ ਹਰ ਰਚਨਾ ਨੂੰ ਬੇਜਾਨ ਵਸਤੂਗਤ ਵਰਤਾਰੇ ਵਜੋਂ ਤਸੱਵਰ ਕਰਕੇ ਖੋਜ ਵਿਚ ਲੱਗੇ ਹੋਏ ਸਨ। ਭਾਰਤ ਦੀ ਧਰਤੀ ਉਤੇ ਭੇਖ ਦੇ ਲਬਾਦੇ ਹੇਠ ਕੂੜ ਦਾ ਪ੍ਰਚਾਰ ਜ਼ੋਰਾਂ ‘ਤੇ ਸੀ। ਗਰੀਬੀ, ਬੇਵਸੀ ਤੇ ਜਹਾਲਤ ਵਿਚ ਗ੍ਰੱਸੀ ਹੋਈ ਲੋਕਾਈ ਦੁੱਖ ਭੋਗ ਰਹੀ ਸੀ। ਰਾਜ, ਧਰਮ, ਸਮਾਜ, ਕਿਰਦਾਰ ਵਿਚ ਪਖੰਡ, ਦੰਭ ਤੇ ਆਪ ਹੁਦਰਾਪਨ ਪਸਰ ਚੁਕਾ ਸੀ।
ਅਜਿਹੇ ਹਾਲਾਤ ਦੇ ਹਨੇਰੇ ਵਿਚ ਡੁੱਬੀ ਹੋਈ ਮਾਨਵਤਾ ਨੂੰ ਰੋਸ਼ਨੀ ਦੇਣ ਵਾਲੇ ਗੁਰੂ ਨਾਨਕ ਦਾ ਜਨਮ 1469 ਦੀ ਪਹਿਲੀ ਵਿਸਾਖ ਨੂੰ ਰਾਇਕੋਟਿ ਦੀ ਤਲਵੰਡੀ ਵਿਚ ਹੋਇਆ। ਬਾਬੇ ਨਾਨਕ ਦਾ ਅਰੰਭਕ ਜੀਵਨ ਲਗਾਤਾਰ ਚੁਣੌਤੀਆਂ ਵਾਲਾ ਰਿਹਾ। ਹਨੇਰੇ ਵਿਚ ਭਟਕ ਰਹੇ ਲੋਕਾਂ ਨੂੰ ਰੋਸ਼ਨੀ ਦੇਣ ਵਾਲੇ ਗੁਰੂ ਨਾਨਕ ਬਾਰੇ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿਚ ਖੂਬਸੂਰਤ ਕਾਵਿ-ਭਾਸ਼ਾ ਵਿਚ ਚਰਚਾ ਕੀਤੀ ਹੈ, ”ਬਾਬਾ ਦੇਖੇ ਧਿਆਨ ਧਰ ਜਲਤੀ ਸਭ ਸ੍ਰਿਸ਼ਟੀ ਦਿਸ ਆਈ।”
ਰੋਸ਼ਨੀ ਦੀ ਭਾਲ, ਕਾਲੀਆਂ ਤਾਕਤਾਂ ਦੇ ਖਿਲਾਫ ਚਿੰਤਨ ਤੇ ਪੈਂਤੜੇ ਤੋਂ ਵਿਚਾਰਧਾਰਕ ਸੰਘਰਸ਼ ਛੇੜਨ ਲਈ ਉਨ੍ਹਾਂ ਪਹਿਲਾਂ ਚੱਲੀਆਂ ਲਹਿਰਾਂ ਨਾਲ ਨਾਤਾ ਜੋੜਿਆ। ਆਪਣੇ ਤੋਂ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਸ਼ੇਖ ਫਰੀਦ, ਦੋ ਸਦੀਆਂ ਪਹਿਲਾਂ ਹੋਏ ਭਗਤ ਤਰਲੋਚਨ ਤੇ ਜੈਦੇਵ, ਸੌ ਸਾਲ ਪਹਿਲਾਂ ਹੋਏ ਭਗਤ ਰਵਿਦਾਸ ਤੇ ਰਾਮਾਨੰਦ, ਪੌਣੀ ਸਦੀ ਪਹਿਲਾਂ ਹੋਏ ਭਗਤ ਕਬੀਰ ਤੇ ਸੈਣ ਅਤੇ ਅੱਧੀ ਸਦੀ ਪਹਿਲਾਂ ਹੋਏ ਭਗਤ ਧੰਨਾ ਤੇ ਪੀਪਾ ਦੀ ਬਾਣੀ ਇਕੱਤਰ ਕਰ ਕੇ ਸਮੁੱਚੇ ਉਸਾਰ ਬਾਰੇ ਦਾਰਸ਼ਨਿਕ ਲਹਿਰ ਲਈ ਆਧਾਰ ਬਣਾਇਆ। ਇਸ ਦੇ ਨਾਲ-ਨਾਲ ਆਪਣੀ ਬਾਣੀ ਰਾਹੀਂ ਅਧਿਆਤਮਕ, ਧਾਰਮਕ, ਸਮਾਜਕ, ਸਭਿਆਚਾਰਕ ਅਤੇ ਸਿਆਸੀ ਖੇਤਰ ਦੇ ਨਾਲ-ਨਾਲ ਕੁਦਰਤ ਤੇ ਵਾਤਾਵਰਣ ਬਾਰੇ ਇਨਕਲਾਬੀ ਚੇਤਨਾ ਪੈਦਾ ਕੀਤੀ।
ਇਥੇ ਇਹ ਕਹਿਣਾ ਹੀ ਕਾਫੀ ਹੋਵੇਗਾ ਕਿ ਗੁਰੂ ਨਾਨਕ ਨੇ ਗਹਿਰ ਗੰਭੀਰ ਅਨੁਭਵ ਅਤੇ ਕਰਤਾਰੀ ਸੂਝ ਨਾਲ ਮਾਨਵਤਾ ਨੂੰ ਸੂਝ-ਬੂਝ ਦੇਣ ਲਈ ਸ਼ਬਦ-ਗੁਰੂ ਦਾ ਸੰਕਲਪ ਦਿੱਤਾ। ਉਨ੍ਹਾਂ ਦੇ ਇਸ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ ਦੀ ਬੀੜ ਬੰਨ੍ਹੀ ਅਤੇ ਪਹਿਲੀ ਸਤੰਬਰ 1604 ਨੂੰ ਦਰਬਾਰ ਸਾਹਿਬ ਵਿਚ ਇਸ ਦਾ ਪ੍ਰਕਾਸ਼ ਕੀਤਾ।
ਗੁਰੂ ਨਾਨਕ ਦੀ ਬਾਣੀ ਬਾਰੇ ਲੰਮੀ ਚਰਚਾ ਦੀ ਥਾਂ ਏਨਾ ਕਹਿਣਾ ਕਾਫੀ ਹੈ ਕਿ ਉਨ੍ਹਾਂ ਨੇ ਇਕਵਾਦ, ਭਾਵ ਇਕ ਅਕਾਲ ਪੁਰਖ ਦੀ ਗੱਲ ਕੀਤੀ। ਅਨੇਕਾਂ ਦੇਵਤਿਆਂ ਨੂੰ ਰੱਦ ਕਰਦਿਆਂ ਮਨੁੱਖ ਨੂੰ ਦੰਭੀ ਵਰਤਾਰਿਆਂ ਤੇ ਕਿਨਾਰਾ ਕਰਨ ਲਈ ਪ੍ਰੇਰਨਾ ਦਿੱਤੀ। ਧਰਮ ਦੇ ਨਾਂ ‘ਤੇ ਲੋਕਾਂ ਦੀ ਲੁੱਟ ਨੂੰ ਚੁਣੌਤੀ ਦਿੱਤੀ। ਨਿਆਂ ਅਤੇ ਬਰਾਬਰੀ ‘ਤੇ ਆਧਾਰਤ ਰਾਜ, ਧਰਮ ਤੇ ਸਮਾਜ ਦਾ ਸੰਕਲਪ ਦਿੱਤਾ। ਕਿਸੇ ਦੇਸ਼ ਅਤੇ ਕੌਮ ਉਤੇ ਜਾਬਰ ਤੇ ਜ਼ਾਲਮ ਹਮਲਿਆਂ ਸਬੰਧੀ ਬੇਬਾਕ ਵਿਚਾਰ ਦਿੱਤੇ। ਦੱਬੇ-ਕੁਚਲੇ ਤੇ ਅਛੂਤ ਕਹੇ ਜਾਂਦੇ ਕਿਰਤੀਆਂ ਨਾਲ ਨਾਤਾ ਜੋੜਿਆ। ਔਰਤ ਦੀ ਮਨੁੱਖੀ ਜੀਵਨ ਵਿਚ ਸਹੀ ਥਾਂ ਕਾਇਮ ਕੀਤੀ।
ਮਿਥਿਹਾਸਕ ਕਥਾਵਾਂ ਵਿਚਲੇ ਪਾਤਰਾਂ ਦੀਆਂ ਕੁਚਾਲਾਂ ਸਬੰਧੀ ਚੇਤਨਾ ਪੈਦਾ ਕੀਤੀ। ਜੋਤਿਸ਼, ਵਰਤ, ਕਰਮ ਕਾਂਡ, ਵਹਿਮ-ਭਰਮ, ਸ਼ਰਾਧ, ਨਰਾਤੇ ਰੱਦ ਕੀਤੇ। ਅਖੌਤੀ ਦੇਵੀਆਂ-ਦੇਵਤਿਆਂ ਸਬੰਧੀ ਭੁਲੇਖੇ ਦੂਰ ਕੀਤੇ। ਗੁਰਬਾਣੀ ਦਾ ਅਧਿਐਨ ਕਰਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਮਨੁੱਖੀ ਤੇ ਕੁਦਰਤੀ ਹੋਂਦ ਦੀ ਅਨੇਕਤਾ ਨੂੰ ਅਕਾਲ ਪੁਰਖ ਦੀ ਏਕਤਾ ਵਿਚ ਵੇਖਣ ਦਾ ਮਹਾਨ ਵਿਚਾਰ ਦਿੱਤਾ।
ਮੁਬਾਰਕ ਹੈ, ਐਸੇ ਗੁਰੂ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਸਥਾਪਤ ਧਿਰਾਂ ਵਲੋਂ ਮਨਾਇਆ ਜਾ ਰਿਹਾ ਹੈ। ਪਹਿਲਾ ਸਵਾਲ ਇਹ ਹੈ ਕਿ ਇਹ ਧਿਰਾਂ ਆਪ ਕਿਸ ਕਿਰਦਾਰ ਦੀਆਂ ਮਾਲਕ ਹਨ। ਸਰਕਾਰਾਂ ਦੇ ਸਿਆਸੀ ਉਦੇਸ਼ ਪ੍ਰਤੱਖ ਹਨ, ਪਰ ਕੀ ਇਹ ਸਿਆਸੀ ਧਿਰਾਂ ਨਿਆਂ ਬਰਾਬਰੀ ਤੇ ਪ੍ਰੇਮ ਉਤੇ ਆਧਾਰਤ ਅਮਲ ਦਾ ਯਤਨ ਕਰਦੀਆਂ ਹਨ। ਸਿੱਖ ਜਗਤ ਦੀ ਧਾਰਮਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਜਿਸ ਪੈਂਤੜੇ ਨੂੰ ਅਪਨਾ ਕੇ ਚਲ ਰਹੀ ਹੈ, ਉਹ ਗੁਰੂ ਨਾਨਕ ਦੀ ਚਿੰਤਨ ਧਾਰਾ ਤੋਂ ਅਲੱਗ ਹੈ। ਪਿਛਲੇ ਦਿਨੀਂ ‘ਜਸ ਪੰਜਾਬੀ’ ਤੋਂ ਬੋਲਦਿਆਂ ਦਾਸ ਨੇ ਇਹ ਕਹਿਣ ਦਾ ਯਤਨ ਕੀਤਾ ਸੀ ਕਿ ਮਹਾਪੁਰਖਾਂ ਦੇ ਇਤਿਹਾਸਕ ਪਿਛੋਕੜ ਨੂੰ ਇਕੱਤਰ ਕਰ ਕੇ ਉਨ੍ਹਾਂ ਦੇ ਦਿਨ ਮਨਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ। ਨਾਨਕਸ਼ਾਹੀ ਕੈਲੰਡਰ ਦੇ ਕਰਤਾ ਸ਼ ਪਾਲ ਸਿੰਘ ਪੁਰੇਵਾਲ ਨੇ ਜੀਵਨ ਭਰ ਦੀ ਖੋਜ ਤੋਂ ਪਿਛੋਂ ਇਹ ਸਿੱਧ ਕਰ ਦਿੱਤਾ ਹੈ ਕਿ ਗੁਰੂ ਨਾਨਕ ਦਾ ਜਨਮ ਪਹਿਲੀ ਵਿਸਾਖ 1469 ਨੂੰ ਹੋਇਆ। ਇਥੇ ਇਸ ਲੰਮੀ ਅਤੇ ਤਰਕਸ਼ੀਲ ਖੋਜ ਬਾਰੇ ਚਰਚਾ ਕਰਨ ਲਈ ਮੌਕਾ ਨਹੀਂ ਹੈ। ਇਹ ਸਪਸ਼ਟ ਹੈ ਕਿ 1992 ਤੋਂ ਲੈ ਕੇ ਲਗਾਤਾਰ ਇਸ ਬਾਰੇ ਚਰਚਾ ਹੁੰਦੀ ਰਹੀ ਹੈ ਅਤੇ ਸਿੱਖ ਜਗਤ ਦੀ ਮੁੱਖ ਧਾਰਾ ਵਲੋਂ ਦੁਨੀਆਂ ਭਰ ਵਿਚ ਇਸ ਨੂੰ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਦੇ ਪੁਰਬ ਨੂੰ ਬਦਲਣ ਸਬੰਧੀ ਮਨਆਈਆਂ ਪਿਛੇ ਲੁਕੇ ਵਰਤਾਰਿਆਂ ਸਬੰਧੀ ਵਧੇਰੇ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਉਨ੍ਹਾਂ ਸਬੰਧੀ ਸੱਚ ਕਿਸੇ ਤੋਂ ਲੁਕਿਆ ਨਹੀਂ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਜਥੇਦਾਰਾਂ ਵਲੋਂ ਇਸ ਤੱਥ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਕਿ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਿਸਾਖ 1469 ਹੈ। ਇਥੋਂ ਤਕ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਉਤੇ ਵੀ ਇਹ ਦਰਜ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਿਸਾਖ ਹੈ ਪਰ ਖਾਸ ਕਾਰਨਾਂ ਕਰਕੇ ਮਨਾਇਆ ਕੱਤਕ ਦੀ ਪੂਰਨਮਾਸ਼ੀ ਨੂੰ ਜਾਵੇਗਾ। ਇਸ ਮਨ ਆਈ ਤਬਦੀਲੀ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ। ਸਭ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਤਬਦੀਲੀ ਕਿਉਂ ਹੋਈ, ਜੋ ਪਿਛੋਂ ਸਿੱਖ ਇਤਿਹਾਸ ਦੇ ਬਾਨੀ ਸਬੰਧੀ ਇਹ ਨਵੀਂ ਰਵਾਇਤ ਪੱਕੀ ਹੋ ਗਈ।
ਸਿੱਖ ਚਿੰਤਨ ਦਾ ਮੱਸਿਆ, ਸੰਗਰਾਂਦ, ਪੂਰਨਮਾਸ਼ੀ ਜਾਂ ਦਿਨਾਂ, ਮਹੀਨਿਆਂ ਸਬੰਧੀ ਵਹਿਮਾਂ-ਭਰਮਾਂ ਦਾ ਨੇੜੇ ਦਾ ਕੋਈ ਸਬੰਧ ਨਹੀਂ ਹੈ। ਜੇ ਇਥੇ ਗੁਰਬਾਣੀ ਦੇ ਪ੍ਰਮਾਣ ਦੇਣ ਦਾ ਯਤਨ ਕੀਤਾ ਗਿਆ ਤਾਂ ਗੱਲ ਲੰਮੀ ਹੋ ਜਾਵੇਗੀ। ਸਿੱਖ ਚਿੰਤਨ ਦਾ ਹਕੀਕੀ ਤੌਰ ‘ਤੇ ਸਾਖੀ ਸਾਹਿਤ ਦੇ ਵੱਡੇ ਹਿੱਸੇ ਦੇ ਨਾਲ-ਨਾਲ ਕਰਾਮਾਤਾਂ, ਅਡੰਬਰਾਂ ਜਾਂ ਮਿਥਿਹਾਸ ਨਾਲ ਕੋਈ ਸਬੰਧ ਨਹੀਂ ਹੈ। ਜਦੋਂ ਕਿਸੇ ਵੀ ਇਤਿਹਾਸਕ ਵਰਤਾਰੇ ਨੂੰ ਕਰਾਮਾਤ ਵਿਚ ਬਦਲ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਗੁਰਬਾਣੀ ਦਾ ਸੱਚ ਵਿਚਾਰ ਉਤੇ ਆਧਾਰਤ ਹੈ, ਕਿਸੇ ਅੰਧਵਿਸ਼ਵਾਸੀ ਦਾ ਮੁਥਾਜ ਨਹੀਂ ਹੈ।
ਬਿਕਰਮੀ ਕੈਲੰਡਰ ਚੰਦਰਮਾ ਦੀਆਂ ਗਤੀਆਂ ਉਤੇ ਆਧਾਰਤ ਹੈ। ਚੰਦ 354 ਦਿਨਾਂ ਵਿਚ ਆਪਣੀਆਂ ਸਾਰੀਆਂ ਗਤੀਆਂ ਸਮਾਪਤ ਕਰ ਲੈਂਦਾ ਹੈ ਤੇ ਇੰਜ ਹਰ ਵਰ੍ਹਾ 11 ਦਿਨ ਛੋਟਾ ਹੋ ਜਾਂਦਾ ਹੈ। ਇਸੇ ਕਾਰਨ ਹਰ ਤਿੰਨ ਸਾਲ ਬਾਅਦ ਇਕ ਮਹੀਨਾ ਵਧ ਜਾਂਦਾ ਹੈ, ਜਿਸ ਨੂੰ ਆਮ ਬੋਲੀ ਵਿਚ ਤੇਰ੍ਹਵਾਂ ਮਹੀਨਾ ਕਿਹਾ ਜਾਂਦਾ ਹੈ ਪਰ ਬ੍ਰਾਹਮਣ ਅਨੁਸਾਰ, ਇਸ ਨੂੰ ਮਲ ਮਾਸ ਕਿਹਾ ਜਾਂਦਾ ਹੈ। ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਮਹੀਨਾ ਬਦਸ਼ਗਨੀ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਕਿਸੇ ਦਿਨ, ਘੜੀ, ਹਫਤੇ ਜਾਂ ਮਹੀਨੇ ਨੂੰ ਨਹੀਂ ਮੰਨਦੀ। ਸਮੁੱਚੇ ਬ੍ਰਹਿਮੰਡ ਵਿਚ ਜੋ ਵੀ ਵਾਪਰਦਾ ਹੈ, ਉਹ ਕੁਦਰਤੀ ਸ਼ਕਤੀਆਂ ਦਾ ਹਿੱਸਾ ਹੈ।
ਗੁਰੂ ਨਾਨਕ ਦੀ ਹਸਤੀ ਦੀ ਥਾਂ ਕਈ ਸਦੀਆਂ ਦੌਰਾਨ ਹੀ ਨਹੀਂ ਸਗੋਂ ਆਉਣ ਵਾਲੇ ਸਮੇਂ ਵਿਚ ਇਹ ਚਾਨਣ ਮੁਨਾਰੇ ਵਾਂਗ ਹੈ। ਉਨ੍ਹਾਂ ਸਥਾਨਕ ਚਿੰਤਨ, ਕੋਮਲ ਕਲਾਵਾਂ, ਪੰਜਾਬੀ ਭਾਸ਼ਾ ਦੇ ਨਾਲ ਹੋਰ ਬੋਲੀਆਂ, ਛੰਦਾਂ, ਕਾਵਿ ਰੂਪਾਂ ਤੇ ਰਾਗ ਵਿਦਿਆ ਦੇ ਵਿਰਸੇ ਨੂੰ ਸੰਭਾਲਿਆ। ਉਨ੍ਹਾਂ ਦੇ ਨਾਂ ਉਤੇ ਸ਼ ਪਾਲ ਸਿੰਘ ਪੁਰੇਵਾਲ ਦਾ ਕੈਲੰਡਰ ਇਕ ਵਿਗਿਆਨਕ ਦਸਤਾਵੇਜ਼ ਹੈ। ਇਸ ਕੈਲੰਡਰ ਅਨੁਸਾਰ ਸਿੱਖ ਇਤਿਹਾਸ ਨਾਲ ਸਬੰਧਤ ਮਹਾਨ ਪੁਰਬ ਪੱਕੀਆਂ ਤਰੀਕਾਂ ਅਨੁਸਾਰ ਨਿਸ਼ਚਿਤ ਹੋ ਗਏ ਹਨ। ਅੱਜ ਮੌਕਾ ਹੈ ਕਿ ਜ਼ਿੰਮੇਵਾਰ ਪਦਵੀਆਂ ‘ਤੇ ਬੈਠੇ ਸੱਜਣ ਇਸ ਨੂੰ ਮੁਕੰਮਲ ਰੂਪ ਵਿਚ ਪ੍ਰਵਾਨ ਕਰਦਿਆਂ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੀ ਖੇਚਲ ਕਰਨ। ਸ਼੍ਰੋਮਣੀ ਕਮੇਟੀ ਅਤੇ ਤਖਤ ਸਾਹਿਬਾਨ ‘ਤੇ ਸੁਭਾਇਅਨ ਸੱਜਣ ਕਿਸੇ ਮੌਕੇ ਆਪ ਹੀ ਉਨ੍ਹਾਂ ਦੀ ਖੋਜ ਨੂੰ ਪ੍ਰਵਾਨ ਕਰ ਚੁਕੇ ਹਨ।
ਕਈ ਕੁਇੰਟਲ ਫੁੱਲਾਂ ਦੀ ਤਬਾਹੀ ਕਰਨ ਵਾਲਿਉ! ਗੁਰੂ ਨਾਨਕ ਦੇ ਕੁਦਰਤ ਨਾਲ ਪ੍ਰੇਮ ਦੀ ਤੌਹੀਨ ਨਾ ਕਰੋ। ਗੁਰੂ ਨਾਨਕ ਦੇ ਬਹਾਨੇ ਆਪਣਾ ਜਲੌਅ ਕਰਨਾ ਛੱਡੋ ਅਤੇ ਕੂੜ ਹਨੇਰੇ ਵਿਚ ਭਟਕਣ ਦੀ ਥਾਂ ਸੱਚ ਦਾ ਪੱਲਾ ਫੜੋ।
ਸਭ ਤੋਂ ਵੱਡਾ ਇਤਿਹਾਸਕ ਸੱਚ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਲਈ ਪਹਿਲੀ ਵਿਸਾਖ ਦਾ ਦਿਹਾੜਾ ਇਸ ਕਾਰਨ ਹੀ ਚੁਣਿਆ ਕਿ ਇਹ ਦਿਨ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਹੈ।
ਅਸੀਂ ਮਹਾਰਾਜਾ ਰਣਜੀਤ ਸਿੰਘ ਵੇਲੇ ਕੱਤਕ ਦੀ ਪੂਰਨਮਾਸ਼ੀ ਦੀ ਪਰੰਪਰਾ ਕਿਉਂ ਨਿਭਾ ਰਹੇ ਹਾਂ? ਇਸ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਇਸ ਸਵਾਲ ਦਾ ਵੀ ਜ਼ਿੰਮੇਵਾਰ ਹਸਤੀਆਂ ਕੋਲ ਕੋਈ ਜਵਾਬ ਨਹੀਂ ਹੈ ਕਿ ਉਨ੍ਹਾਂ ਨੇ ਕਿਹੜੀ ਮਜਬੂਰੀ ਅਧੀਨ ਦੋਗਲੀ ਨੀਤੀ ਅਪਨਾਈ ਹੈ।
ਪਵਿੱਤਰ ਮੌਕਾ ਹੈ, ਗੁਰੂ ਨਾਨਕ ਦਾ ਪੁਰਬ ਇਤਿਹਾਸਕ ਹਕੀਕਤ ਅਤੇ ਵਿਚਾਰਧਾਰਕ ਸੁਹਿਦਰਤਾ, ਪ੍ਰਤੀਬਧਤਾ ਅਨੁਸਾਰ ਹੀ ਮਨਾਇਆ ਜਾਣਾ ਚਾਹੀਦਾ ਹੈ।

ਪ੍ਰੋ. ਨਿਰੰਜਨ ਸਿੰਘ ਢੇਸੀ, ਫੋਨ: 317-954-8969