ਹੰਸਾ-ਬੰਸਾ

ਹੰਸਾ-ਬੰਸਾ

(ਵਿਅੰਗ)

– ਪਿੰਡ ਦੀ ਸੱਥ ਵਿੱਚੋਂ

ਸੱਥ ‘ਚ ਆ ਕੇ ਬਾਬੇ ਸੁਰਜਨ ਸਿਉਂ ਨੇ ਥੜ੍ਹੇ ‘ਤੇ ਬੈਠਦਿਆਂ ਹੀ ਆਪਣੇ ਹਾਣੀ ਬੁੜ੍ਹੇ ਭਾਨ ਸਿਉਂ ਨੂੰ ਪੁੱਛਿਆ, ”ਕਿਉਂ ਬਈ ਭਾਨ ਸਿਆਂ! ਸੋਡੇ ਸੀਰੀਆਂ ਦੇ ਘਰੇ ਬੜਾ ‘ਕੱਠ ਐ ਯਾਰ, ਵਿਆਹ ਹੋਏ ਨੂੰ ਤਾਂ ਹੁਣ ਮਹੀਨਾ ਸਾਰਾ ਹੋ ਗਿਆ ਹੋਣਾ, ਹੁਣ ਕਾਹਦਾ ‘ਕੱਠ ਕਰੀ ਬੈਠੇ ਐ ਭਾਈਚਾਰੇ?”
ਹੰਸਾ ਤੇ ਬੰਸਾ ਦੋ ਸਕੇ ਭਰਾਵਾਂ ਦੇ ਵਿਆਹ ਹੋਏ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਤੇ ਦੋਵਾਂ ‘ਚੋਂ ਹੰਸਾ, ਬੁੜ੍ਹੇ ਭਾਨ ਸਿਉਂ ਕਿਆਂ ਨਾਲ ਸਾਲ ਭਰ ਵਾਸਤੇ ਖੇਤੀ ਬਾੜੀ ਦੇ ਕੰਮ ਧੰਦੇ ਲਈ ਸਾਂਝੀ ਰਲਿਆ ਹੋਇਆ ਸੀ ਜਿਸ ਕਰਕੇ ਬਾਬੇ ਸੁਰਜਨ ਸਿਉਂ ਨੇ ਹੰਸੇ ਬੰਸੇ ਦੇ ਘਰੇ ਵਿਆਹ ਵਾਂਗ ਹੋਇਆ ਇਕੱਠ ਵੇਖ ਕੇ ਹੀ ਬੁੜ੍ਹੇ ਭਾਨ ਸਿਉਂ ਨੂੰ ਇਹ ਗੱਲ ਪੁੱਛੀ ਸੀ।
ਨਾਥਾ ਅਮਲੀ ਬਾਬੇ ਦਾ ਸੁਆਲ ਸੁਣਕੇ ਕਹਿੰਦਾ, ”ਨਮੇਂ ਵਿਆਹਿਆਂ ਨੂੰ ਸਗਨ ਸੁਗਨ ਦੇਣ ਆਉਂਦੇ ਹੋਣੇ ਐ ਲੋਕ, ਹੋਰ ਕਿਤੇ ਭਾਈਚਾਰੇ ਪੁੱਛਾਂ ਤਾਂ ਨ੍ਹੀ ਦੇਣ ਲੱਗ ਪੇ ਬਈ ਲੋਕ ਦੂਰੋਂ ਦੂਰੋਂ ਪੁੱਛ ਕਢਾਉਣ ਆ ਗੇ।”
ਅਮਲੀ ਦੀ ਗੱਲ ਸੁਣ ਕੇ ਮਾਹਲਾ ਨੰਬਰਦਾਰ ਅਮਲੀ ਵੱਲ ਨੂੰ ਇਉਂ ਝਾਕਿਆ ਜਿਵੇਂ ਅਮਲੀ ਨੇ ਸਾਕ ‘ਚ ਭਾਨੀ ਮਾਰ ‘ਤੀ ਹੋਵੇ।
ਅਮਲੀ ਨੂੰ ਮਾਹਲੇ ਨੰਬਰਦਾਰ ਨੇ ਪੁੱਛਿਆ, ”ਹੁਣ ਕੀਹਦਾ ਵਿਆਹ ਹੰਸੇ ਬੰਸੇ ਕੇ ਸਗਨ ਦੇਣ ਨੂੰ? ਇਨ੍ਹਾਂ ਦੋਨਾਂ ਦਾ ਤਾਂ ਮਹੀਨਾ ਕੁ ਹੋਇਆ, ਵਿਆਹ ਹੋ ਕੇ ਹਟਿਆ, ਬਾਕੀ ਵੱਡੇ ਮੋਦਨ ਦੇ ਜੁਆਕ ਵੇਖ ਲੈ ਹਜੇ ਛਣਕਣਿਆਂ ਨਾਲ ਈ ਖੇਡਦੇ ਐ। ਹੋਰ ਕੀਹਦਾ ਵਿਆਹ।”
ਤਾਸ਼ ਖੇਡੀ ਜਾਂਦਾ ਮਦਨ ਪੰਡਤ ਹੱਸ ਕੇ ਕਹਿੰਦਾ, ”ਹੰਸੇ ਕੇ ਬੁੜ੍ਹੇ ਕਰਤਾਰੇ ਦਾ ਨਾ ਹੋਵੇ ਕਿਤੇ!”
ਸੀਤਾ ਮਰਾਸੀ ਬੋਲਿਆ, ”ਵੱਸ! ਸਾਲ ਛਮਾਹੀ ਠਹਿਰ ਜਾ, ਚੜ੍ਹਣ ਆਲੀ ਓ ਈ ਕਰਤਾਰੇ ਦੀ ਜੰਨ ਵੀ ਹਰਦੁਆਰ ਨੂੰ, ਉਹਦੀਆਂ ਵੀ ਪੱਕੀਆਂ ਈਂ ਖੜ੍ਹੀਆਂ ਜਲੇਬੀਆਂ ਹੁਣ ਤਾਂ।”
ਨਾਥਾ ਅਮਲੀ ਫੇਰ ਗਰਜਿਆ ਬੋਲ਼ੇ ਬੱਦਲ ਵਾਂਗੂੰ, ”ਇੱਕ ਇੱਕ ਵਾਰੀ ਤਾਂ ਹੰਸੇ ਬੰਸੇ ਦਾ ਵਿਆਹ ਹੋ ਗਿਐ। ਇੱਕ ਇੱਕ ਹੋਰ ਕਰਾਉਣ ਨੂੰ ਕਿਤੇ ਮੋਘੇ ਨਾਲ ਲੱਗਦੀ ਐ ਦੋ ਸੈ ਘਮਾਂ। ਕਰਦੇ ਤਾਂ ਦਿਹਾੜੀਆਂ, ਰਲਦੇ ਸੀਰੀ ਐ। ਸ਼ੁਕਰ ਕਰ ਇੱਕ ਇੱਕ ਜੁੜ ਗੀ। ਦੋ ਦੋ ਵਿਆਹ ਕਰਾਉਂਣ ਨੂੰ ਹੁਣ ਕੇਰਾਂ ਈਂ ਚੱਕ ਸ਼ੇਰੇ ਆਲੀਏ ਪ੍ਰਤਾਪ ਸਿਉਂ ਦੀ ਰੀਸ ਕਰਦੇ ਐ।”
ਅਮਲੀ ਤੋਂ ਪ੍ਰਤਾਪ ਸਿਉਂ ਦਾ ਨਾਂ ਸੁਣ ਕੇ ਬਾਬੇ ਸੁਰਜਨ ਸਿਉਂ ਨੇ ਹੱਸ ਕੇ ਅਮਲੀ ਨੂੰ ਪੁੱਛਿਆ, ”ਅਮਲੀਆ! ਪ੍ਰਤਾਪ ਸਿਉਂ ਦੇ ਦੋ ਵਿਆਹ ਸੀ?”
ਅਮਲੀ ਕਹਿੰਦਾ, ”ਅੱਬਲ ਤਾਂ ਕਿਤੇ ਤਿੰਨ ਈ ਨਾ ਹੋਣ ਬਾਬਾ, ਦੋਂਹ ਦਾ ਤਾਂ ਮੈਨੂੰ ਪਤੈ। ਵੱਡੀ ਦਾ ਨਾਂ ਰੱਖੀ ਸੀ ਛੋਟੀ ਦਾ ਭੱਪੀ ਸੀ। ਸੀ ਦੋਮੇਂ ਸਕੀਆਂ ਭੈਣਾਂ, ਪਰ ਲੜਦੀਆਂ ਚਾਮਚੜਿਕਾਂ ਆਂਗੂੰ ਸੀ।”
ਮਾਹਲਾ ਨੰਬਰਦਾਰ ਕਹਿੰਦਾ, ”ਕਿਉਂ! ਲੜਦੀਆਂ ਕਾਹਤੋਂ ਸੀ? ਉਨ੍ਹਾਂ ਨੂੰ ਤਾਂ ਯਾਰ ਸਗੋਂ ਮਿਲ ਕੇ ਰਹਿਣਾ ਚਾਹੀਦਾ ਸੀ, ਸਕੀਆਂ ਭੈਣਾਂ ਸੀ, ਨਾਲੇ ਇੱਕੋ ਨੂੰ ਤਾਂ ਵਿਆਹੀਆਂ ਵੀਆਂ ਸੀ। ਕਿਹੜਾ ਕੋਈ ਕੁੜਮ ਕਬੀਲੇ ਆਲੀ ਗੱਲ ਸੀ।”
ਨੰਬਰਦਾਰ ਦੀ ਗੱਲ ਸੁਣ ਕੇ ਅਮਲੀ ਨੰਬਰਦਾਰ ‘ਤੇ ਗਲੋਟੇ ਵਾਂਗੂੰ ਉੱਧੜਿਆ, ”ਜਾਹ ਓਏ ਨੰਬਰਦਾਰਾ! ਤੂੰ ਵੀ ਮਾਮਲਾ ਗਰਾਹੁਣ ਆਲਾ ਈ ਐਂ। ਤੂੰ ਆਂਏਂ ਦੱਸ, ਬਈ ਜੇ ਕਤੂਰਾ ਤੇ ਬਾਂਦਰੀ ਇੱਕ ਥਾਂ ਤਾੜਦੀਏ, ‘ਕੱਠੇ ਰਹਿ ਲੈਣਗੇ?”
ਸੀਤਾ ਮਰਾਸੀ ਕਹਿੰਦਾ, ”ਕਿਉਂ! ‘ਕੱਠੇ ਰਹਿਣ ਨੂੰ ਕੀਅ੍ਹੈ, ਕਤੂਰੇ ਨੇ ਆਵਦੀ ਬੋਲੀ ‘ਚ ਭੌਂਕੀ ਜਾਣਾ, ਬਾਂਦਰੀ ਆਵਦੀਆਂ ਚਿੜਾਂ ਭਣਾਈ ਜਾਊ। ਹੋਰ ਕਿਹੜਾ ਉਨ੍ਹਾਂ ਦਾ ਕਾਰਖਾਨਾ ਸਾਂਝਾ ਹੋਊ ਬਈ ਇੱਕ ਜਾਣਾ ਹਿਸਾਬ ਕਿਤਾਬ ‘ਚ ਹੇਰਾ ਫੇਰੀ ਕਰ ਜੂ।”
ਮਰਾਸੀ ਦੀ ਗੱਲ ਸੁਣ ਕੇ ਅਮਲੀ ਮਰਾਸੀ ਵੱਲ ਨੂੰ ਇਉਂ ਝਾਕਿਆ ਜਿਵੇਂ ਬਾਂਦਰ ਕਿੱਲਾ ਖੇਡਦਾ ਪਿੱਤ ਦੇਣ ਵਾਲਾ ਛਿੱਤਰ ਚੱਕਣ ਵਾਲਿਆਂ ਵੱਲ ਝਾਕਦਾ ਹੁੰਦੈ।
ਮਰਾਸੀ ਦੇ ਗੋਡੇ ‘ਤੇ ਹੱਥ ਮਰਾ ਕੇ ਕਹਿੰਦਾ, ”ਇਹੀ ਗੱਲ ਪ੍ਰਤਾਪ ਸਿਉਂ ਦੇ ਘਰੇ ਹੁੰਦੀ ਸੀ ਨਿੱਤ। ਰੱਖੀ ਵੱਡੀ ਸੀ, ਉਹ ਆਵਦੀ ਚੌਧਰ ਭਾਲਦੀ ਸੀ, ਛੋਟੀ ਭੱਪੀ ਸਮਝਦੀ ਸੀ ਇਸ ਘਰ ਦੀ ਮੈਂ ਵੀ ਅੱਧ ਦੀ ਮਾਲਕ ਆਂ। ਪ੍ਰਤਾਪ ਸਿਉਂ ਬੈਠਾ ਦੋਨਾਂ ਲੜਦੀਆਂ ਵੱਲ ਇਉਂ ਝਾਕੀ ਜਾਂਦਾ ਹੁੰਦਾ ਸੀ ਜਿਮੇਂ ਮੰਡੀ ‘ਚ ਨਰਮੇ ਦੇ ਢੇਰ ‘ਤੇ ਬੈਠਾ ਜੱਟ ਬੋਲੀ ਲਾਉਂਦੇ ਫਿਰਦੇ ਇਨਸਪਿਟਰ ਵੱਲ ਝਾਕਦਾ ਹੁੰਦਾ ਬਈ ਪਤਾ ਨ੍ਹੀ ਮੇਰੀ ਢੇਰੀ ‘ਤੇ ਵੀ ਆਊਗਾ ਕੁ ਨਹੀਂ।”
ਗੱਲਾਂ ਸੁਣੀ ਜਾਂਦਾ ਹਾਕਮ ਕਾਮਰੇਡ ਕਹਿੰਦਾ, ”ਜਿਹੜੇ ਪਿੰਡ ਦਾ ਈ ਨ੍ਹੀ ਪਤਾ ਬਈ ਹੈ ਕਿੱਥੇ? ਉਹਦੀ ਕੀ ਗੱਲ ਕਰਨੀ ਹੁੰਦੀ ਐ ਸਾਥੀ। ਗੱਲ ਤਾਂ ਆਪਣੇ ਪਿੰਡ ਆਲੇ ਹੰਸੇ ਬੰਸੇ ਕਿਆਂ ਦੀ ਚੱਲਦੀ ਐ, ਤੁਸੀਂ ਯਾਰ ਚੱਕ ਸ਼ੇਰੇ ਆਲੀਏ ਪ੍ਰਤਾਪ ਸਿਉਂ ਦੇ ਘੰਧੇੜੇ ਚੜ੍ਹ ਗੇ ਜਾ ਕੇ। ਪਹਿਲੀ ਗੱਲ ਤਾਂ ਚੱਕ ਸ਼ੇਰੇ ਆਲੇ ਦਾ ਨ੍ਹੀ ਪਤਾ ਹੋਣਾ ਬਾਹਲ਼ਿਆਂ ਨੂੰ ਬਈ ਪਿੰਡ ਐ ਕੁ ਸ਼ਹਿਰ ਐ, ਨਾਲੇ ਹੈ ਕਿੱਥੇ? ਗੱਲ ਆਂਏਂ ਕਰਦੇ ਐ ਜਿਮੇਂ ਬੁੜ੍ਹੇ ਦੇ ਨਾਨਕੇ ਹੁੰਦੇ ਐ ਉੱਥੇ। ਤੁਸੀਂ ਹੰਸੇ ਬੰਸੇ ਕੀ ਸਣਾਓ, ਜਿਹੜੀ ਗੱਲ ਬਾਬੇ ਨੇ ਪੁੱਛੀ ਐ ਬਈ ਉਨ੍ਹਾਂ ਦੇ ਘਰੇ ‘ਕੱਠ ਕਾਹਦਾ? ਉਹ ਗੱਲ ਦੱਸੋ। ਤੁਸੀਂ ਤਾਂ ਹੋਰ ਈ ਪਾਥੀਆਂ ‘ਚ ਬਾਂਦਰੀ ਭਜਾਈ ਫਿਰਦੇ ਐਂ।”
ਨਾਥਾ ਅਮਲੀ ਕਹਿੰਦਾ, ”ਭਾਨ ਸਿਉਂ ਬੁੜ੍ਹਾ ਦੱਸੇ ਫਿਰ ਜਿਨ੍ਹਾਂ ਦਾ ਸਾਂਝੀ ਐ ਹੰਸਾ, ਮਹੀਨਾ ਹੋ ਗਿਆ ਇੰਨ੍ਹਾਂ ਦੇ ਕੰਮ ‘ਤੇ ਈ ਨ੍ਹੀ ਆਇਆ।”
ਗੱਲ ਸਿਰੇ ਨਾ ਲੱਗਦੀ ਸੁਣ ਕੇ ਬਾਬੇ ਸੁਰਜਨ ਸਿਉਂ ਨੇ ਪਲੋਸਿਆ ਫਿਰ ਅਮਲੀ ਨੂੰ, ”ਅਮਲੀਆਂ! ਤੇਰੇ ਬਿਨਾਂ ਖੁੱਭਿਆ ਗੱਡਾ ਕਿਹੜਾ ਕੱਢੇ ਯਾਰ? ਤੈਨੂੰ ਤਾਂ ਪਤਾ ਹੋਣੈ ਬਈ ‘ਕੱਠ ਕਾਹਦਾ ਹੰਸੇ ਬੰਸੇ ਕੇ, ਤੂੰ ਦੱਸ ਸ਼ੇਰਾ।”
ਅਮਲੀ ਢਿੱਲੀ ਜੀ ਆਵਾਜ਼ ‘ਚ ਬੋਲਿਆ ਫਿਰ, ”ਕਾਹਦਾ ‘ਕੱਠ ਦੱਸੀਏ ਬਾਬਾ? ਹੰਸਾ ਤੇ ਬੰਸਾ ਵੇਖ ਲੈ ਦੋਨੇ ਸਕੇ ਭਰਾ। ਦੋਨੇਂ ਈਂ ਜੌੜੇ ਐ। ਛੀ ਮਹੀਨੇ ਨਾਲ ਰਹੇ ਬਿਨਾਂ ਦੋਨਾਂ ਭਰਾਵਾਂ ਦਾ ਪਤਾ ਨ੍ਹੀ ਲੱਗਦਾ ਬਈ ਕਿਹੜਾ ਹੰਸਾ ਤੇ ਕਿਹੜਾ ਬੰਸਾ। ਇੱਕ ਉੱਤੋਂ ਵਿਆਹ ਕਰ ‘ਤੇ ਸਕੀਆਂ ਭੈਣਾਂ ਨਾਲ। ਇੱਕ ਦਾ ਨਾਂ ਰੱਖੋ ਸੁਣਿਐਂ ਦੂਜੀ ਨੂੰ ਖਾਣੀ ਸੱਤੋ ਕਹਿੰਦੇ ਐ। ਆਹ ਪੰਜ ਛੀ ਦਿਨ ਹੋ ਗੇ, ਹੰਸਾ ਹੁਣ ਪਹਿਲੀ ਵਾਰ ਬਹੂ ਨੂੰ ਲੈਣ ਗਿਆ ਤਾਂ ਗਾਹਾਂ ਆਲੇ ਉਹਦੇ ਸਹੁਰੇ ਚੱਕਰਾਂ ‘ਚ ਪੈ ਗੇ ਬਈ ਰੱਖੋ ਨੂੰ ਤੋਰੀਏ ਕੁ ਸੱਤੋ ਨੂੰ ਤੋਰੀਏ ਏਹਦੇ ਨਾਲ ਕਿਉਂਕਿ ਦੋਹਾਂ ਭਰਾਵਾਂ ਦੀ ਸਿਆਣ ਤਾਂ ਆਉਂਦੀ ਨ੍ਹੀ ਸੀ ਬਈ ਇਹ ਹੰਸਾ ਸਿਉਂ ਐਂ ਕੁ ਬੰਸਾ ਸਿਉਂ ਐ। ਭਾਈਚਾਰੇ ਤਾਂ ਇਨ੍ਹਾਂ ਚੱਕਰ ‘ਚ ਪ੍ਰਾਹੁਣੇ ਦੀ ਸੇਵਾ ਈ ਕਰਨੀ ਭੁੱਲ ਗੇ। ਸਾਰਾ ਟੱਬਰ ਇੱਕ ਦੂਜੇ ‘ਚ ਈ ਉਲਝ ਗਿਆ ਬਈ ਪਤਾ ਕਿਮੇਂ ਲੱਗੇ, ਇਹ ਰੱਖੋ ਦਾ ਪ੍ਰਾਹੁਣਾ ਕੁ ਸੱਤੋ ਦਾ ਪ੍ਰਾਹੁਣਾ। ਇੱਕ ਕਹੇ ਤੂੰ ਪੁੱਛ ਬਈ ਤੇਰਾ ਨਾਂ ਹੰਸਾ ਸਿਉਂ ਐਂ ਕੁ ਬੰਸਾ ਸਿਉਂ ਐ? ਦੂਜਾ ਕਹੇ ਤੂੰ ਪੁੱਛ। ਹੰਸੇ ਬੰਸੇ ਦੀ ਸੱਸ ਅੱਡ ਚੰਡੋਲ ‘ਤੇ ਚੜੀ੍ਹ ਫਿਰੇ। ਉਹਨੂੰ ਵੀ ਸਮਝ ਨਾ ਆਵੇ ਬਈ ਜੇ ਇਹਦੇ ਨਾਲ ਰੱਖੋ ਤੋਰ ‘ਤੀ ਤਾਂ ਕੱਲ੍ਹ ਨੂੰ ਕਿਤੇ ਦੂਜਾ ਪ੍ਰਾਹੁਣਾ ਨਾ ਆ ਜੇ ਰੱਖੋ ਨੂੰ ਲੈਣ। ਜੇ ਸੱਤੋ ਤੋਰਦੇ ਆਂ ਤਾਂ ਇਹਨੂੰ ਨਾ ਲੈਣ ਆ ਜੇ। ਸਾਰਾ ਟੱਬਰ ਅੰਦਰ ਵੜਿਆ ਵਿਆ ਘੁਸਰ ਘੁਸਰ ਕਰੀ ਜਾਵੇ। ਪ੍ਰਾਹੁਣਾ ਹੰਸਾ ਸਿਉਂ ਸਹੁਰਿਆਂ ਦੇ ਘਰੇ ਭੁੱਖਾ ਤਿਹਾਇਆ ਬੈਠਾ ਇਉਂ ਮੁਟਰ ਮੁਟਰ ਝਾਕੀ ਜਾਵੇ ਜਿਮੇਂ ਮੀਂਹ ‘ਚ ਛੰਨ ਡਿੱਗੀ ਹੇਠ ਆਈ ਬੱਕਰੀ ਝਾਕਦੀ ਹੁੰਦੀ ਐ। ਹੰਸੇ ਦੀ ਸੱਸ ਨੇ ਆਵਦੇ ਮੁੰਡੇ ਨੂੰ ਪਿੰਡ ‘ਚ ਭੇਜ ‘ਤਾ ਬਈ ਜਾਹ ਜਾ ਕੇ ਦੋ ਚਾਰ ਸਿਆਣੇ ਬੰਦੇ ਲਿਆ ਸੱਦ ਕੇ ਬਈ ਇਹ ਕਹਾਣੀ ਸਿਰੇ ਕਿਮੇਂ ਲੱਗੇ। ਹੰਸੇ ਦਾ ਸਾਲਾ ਕੈਂਟਾ, ਪਿੰਡ ‘ਚੋਂ ਸਰਪੈਂਚ ਤੇ ਦੋ ਤਿੰਨਾਂ ਹੋਰਾਂ ਨੂੰ ਲੈ ਗਿਆ ਸੱਦ ਕੇ। ਇੱਕ ਉਨ੍ਹਾਂ ‘ਚ ਪਿੰਡ ਦਾ ਕੋਈ ਨੰਬਰਦਾਰ ਸੀ। ਨੰਬਰਦਾਰ ਵੇਖ ਲੈ ਕੋਲੇ ਸ਼ੌਂਕ ਨਾਲ ਖੂੰਡਾ ਰੱਖਦਾ ਸੀ ਕੋਕੇ ਜੜਿਆਂ ਆਲਾ। ਉਹ ਵੀ ਹੰਸੇ ਦੇ ਸਹੁਰਿਆਂ ਦੇ ਘਰੇ ਆ ਗਿਆ। ਜਦੋਂ ਹੰਸੇ ਨੇ ਵੇਖਿਆ ਬਈ ਮੈਨੂੰ ਆਏ ਨੂੰ ਦੋ ਤਿੰਨ ਘੈਂਟੇ ਹੋ ਗੇ, ਇਨ੍ਹਾਂ ਨੇ ਤਾਂ ਮੈਨੂੰ ਚਾਹ ਪਾਣੀ ਮਨ੍ਹੀ ਪੁੱਛਿਆ, ਕੁੜੀ ਮੇਰੇ ਨਾਲ ਕਿੱਥੋਂ ਤੋਰ ਦੇਣਗੇ? ਇਹ ਤਾਂ ਪਿੰਡ ‘ਚੋਂ ਇਉਂ ਬੰਦੇ ‘ਕੱਠੇ ਕਰੀ ਆਉਂਦੇ ਐ ਜਿਮੇਂ ਮੈਨੂੰ ਕੁੱਟਣਾ ਹੁੰਦਾ। ਹੰਸਾ ਤਾਂ ਬਾਬਾ ਡਰ ਗਿਆ ਬਈ ਕਿਤੇ ਸੱਚੀਓਂ ਈਂ ਨਾ ਪਦੀੜਾਂ ਕੱਢ ਦੇਣ। ਹੰਸੇ ਨੇ ਜਿਉਂ ਬਚਾਈ ਅੱਖ, ਉਹ ਤਾਂ ਭਾਈ ਡਰ ਕੇ ਮੂਤਣ ਦੇ ਬਹਾਨੇ ਵਿਛਿਆ ਵਛਾਇਆ ਮੰਜਾ ਛੱਡ ਕੇ ਘਰੋਂ ਪੱਤੇ ਲੀਹ ਹੋਇਆ। ਜਦੋਂ ਘਰ ਵਾਲੇ ਅੰਦਰੋਂ ਬਾਹਰ ਨਿੱਕਲੇ ਤਾਂ ਉਨ੍ਹਾਂ ਨੇ ਵੇਖਿਆ ਬਈ ਪ੍ਰਾਹੁਣਾ ਸਾਹਬ ਤਾਂ ਨੇਰ੍ਹੀ ‘ਠਾ ਗਿਆ ਲੱਗਦਾ। ਮੁੜ ਕੇ ਸਾਰੇ ਟੱਬਰ ਹੋਰ ਵੀ ਫਿਕਰਾਂ ‘ਚ ਪੈ ਗਿਆ ਬਈ ਪ੍ਰਾਹੁਣਾ ਤਾਂ ਭੱਜ ਗਿਆ, ਹੁਣ ਕੀ ਕਰੀਏ। ਉਨ੍ਹਾਂ ਦੇ ਪਿੰਡ ‘ਚ ਗਾਹਾਂ ਰੌਲਾ ਪੈ ਗਿਆ ਬਈ ਜੰਗੇ ਕੇ ਮੀਤੇ ਕਾ ਪ੍ਰਾਹੁਣਾ ਕੁੜੀ ਨੂੰ ਲੈਣ ਆਇਆ ਸੀ, ਬੁੜ੍ਹੀ ਨੇ ਕੁੜੀ ਤੋਰੀ ਨ੍ਹੀ ਉਹ ਰੁੱਸ ਕੇ ਭੱਜ ਗਿਆ। ਲੋਕਾਂ ਨੇ ਬਾਬਾ ਗੱਲ ਦੀ ਘੜੱਲ ਬਣਾ ਕੇ ਗੱਲ ਛੱਤਣੀ ਚਾੜ੍ਹ ‘ਤੀ। ਚਾਰ ਪੰਜ ਦਿਨ ਹੋ ਗੇ ਹਜੇ ਘਰੇ ਨ੍ਹੀ ਮੁੜਿਆ। ਇਨ੍ਹਾਂ ਦੇ ਘਰੇ ਤਾਂ ਕਰਕੇ ‘ਕੱਠ ਹੋਇਆ ਵਿਐ। ਸਕੀਰੀਆਂ ਆਲੇ ਤੇ ਹੋਰ ਮਿਲਣ ਗਿਲਣ ਆਲੇ ਆਏ ਵੇ ਐ ਬਈ ਕਿੱਥੋਂ ਭਾਲ ਕੇ ਲਿਆਈਏ ਹੰਸੇ ਨੂੰ। ਉਧਰ ਹੰਸੇ ਬੰਸੇ ਦੇ ਸਹੁਰੇ ਭੱਜੇ ਫਿਰਦੇ ਐ। ਉਹ ਆ ਕੇ ਕਰਤਾਰੇ ਨੂੰ ਕਹਿੰਦੇ ‘ਦੂਜੇ ਕਾਕੇ ਨੂੰ ਭੇਜ ਦਿਉ, ਜਾ ਕੇ ਇੱਕ ਲੱਟਕੀ ਨੂੰ ਤਾਂ ਲਿਆਵੇ’। ਜਦੋਂ ਬੰਸੇ ਨੂੰ ਆਪਣੇ ਪਿੰਡ ਆਲੇ ਘੁੱਲੇ ਸਰਪੈਂਚ ਨੇ ਕਿਹਾ ਬਈ ਤੂੰ ਤਾਂ ਜਾ ਕੇ ਆਵਦੇ ਟੱਬਰ ਨੂੰ ਲਿਆ, ਹੰਸੇ ਨੂੰ ਲਿਆਉਣੇ ਐਂ ਭਾਲ ਭੂਲ ਕੇ ਤਾਂ ਬੰਸਾ ਸਰਪੈਂਚ ਨੂੰ ਕਹਿੰਦਾ ‘ਹਜੇ ਤਾਂ ਸਰਪੈਂਚਾ ਪਹਿਲਾ ਈ ਨ੍ਹੀ ਮੁੜਿਆ, ਮੈਂ ਨ੍ਹੀ ਜਾਂਦਾ। ਮੈਨੂੰ ਵੀ ਕੁੱਟਣਗੇ। ਆਹ ਗੱਲ ਐ ਬਾਬਾ।”
ਸੀਤੇ ਮਰਾਸੀ ਨੇ ਬੁੜ੍ਹੇ ਭਾਨ ਸਿਉਂ ਨੂੰ ਪੁੱਛਿਆ, ”ਬੁੜਿਆ ਤੇਰੇ ਤਾਂ ਨ੍ਹੀ ਕਿਤੇ ਨਾਨਕੀ ਨੂਨਕੀ ਜਾ ਕੇ ਬਹਿ ਗਿਆ ਡਰਦਾ?”
ਬੁੜ੍ਹਾ ਭਾਨ ਸਿਉਂ ਕਹਿੰਦਾ, ”ਸਾਡਾ ਤਾਂ ਆਵਦਾ ਕੰਮ ਖੜ੍ਹ ਗਿਆ, ਇੱਕ ਉੱਤੋਂ ਖਾਸੇ ਪੈਸੇ ਵੀ ਲਈ ਬੈਠੇ ਐ। ਨਿੱਤ ਸਾਡਾ ਮੁੰਡਾ ਜਾਂਦਾ ਕਰਤਾਰੇ ਕੇ ਘਰੇ ਬਈ ਤੁਸੀਂ ਪਿਉ ਪੁੱਤਾਂ ‘ਚੋਂ ਇੱਕ ਜਾਣਾ ਤਾਂ ਕੰਮ ‘ਤੇ ਆ ਜੋ। ਕਰਤਾਰਾ ਕਹਿ ਦਿੰਦਾ ‘ਸਾਡਾ ਤਾਂ ਮੁੰਡਾ ਗੁਆਚਿਆ ਫਿਰਦਾ, ਸੋਨੂੰ ਕੰਮ ਦੀ ਲੱਗੀ ਪਈ ਐ।”
ਸੀਤੇ ਮਰਾਸੀ ਨੇ ਅਮਲੀ ਨੂੰ ਪੁੱਛਿਆ, ”ਅਮਲੀਆ! ਇਨ੍ਹਾਂ ਦੀਆਂ ਬਹੂਆਂ ਵੀ ਜੌੜੀਐਂ?”
ਅਮਲੀ ਕਹਿੰਦਾ, ”ਜੇ ਬਹੂਆਂ ਜੌੜੀਆਂ ਹੁੰਦੀਆਂ, ਫੇਰ ਤਾਂ ਘਪਲ਼ ਚੌਦੇਂ ਹੋ ਜਾਣੀ ਸੀ। ਫੇਰ ਤਾਂ ਮੁੰਡਿਆਂ ਨੂੰ ਵੀ ਸਿਆਣ ਨ੍ਹੀ ਸੀ ਆਉਣੀ ਬਈ ਕਿਹੜੀ ਰੱਖੋ ਐ ਤੇ ਕਿਹੜੀ ਸੱਤੋ ਐ।”
ਏਨੇ ਚਿਰ ਨੂੰ ਪਿੰਡ ਦੇ ਬੰਦਿਆਂ ਨਾਲ ਭਰੀ ਹੋਈ ਜੀਪ, ਜਿਉਂ ਹੀ ਸੱਥ ਕੋਲ ਦੀ ਲੰਘੀ ਤਾਂ ਸੱਥ ਕੋਲ ਸਾਇਕਲ ਲਈ ਖੜ੍ਹਾ ਪ੍ਰੀਤੇ ਨਹਿੰਗ ਕਾ ਸੁੱਖਾ ਕਹਿੰਦਾ, ”ਹੋ ਲਿਆਏ ਹੰਸੇ ਨੂੰ ਭਾਲ ਕੇ, ਹੋ ਜਾਂਦਾ ਜੀਪ ‘ਚ ਬੈਠਾ।” ਸੁੱਖੇ ਦੀ ਗੱਲ ਸੁਣ ਕੇ ਸਾਰੀ ਸੱਥ ਉੱਠ ਕੇ ਕਰਤਾਰੇ ਕੇ ਘਰ ਵੱਲ ਨੂੰ ਹੰਸੇ ਦਾ ਪਤਾ ਲੈਣ ਚੱਲ ਪਈ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113