ਕੱਤਕ ਕਿ ਵੈਸਾਖ

ਕੱਤਕ ਕਿ ਵੈਸਾਖ

ਇਤਿਹਾਸ ਗਵਾਹ ਹੈ ਕਿ ਅਠਾਰਵੀ ਦੇ ਅੰਤਲੇ ਦਹਾਕੇ ਸੰਨ 1790 ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤੇ ਵੀਹਵੀਂ ਸਦੀ ਅਰੰਭਲੇ ਦਹਾਕੇ ਤੱਕ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ ਪੁਰਬ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਸੀ। ਅੱਜ ਵਾਂਗ ਕੱਤਕ ਦੀ ਪੂਰਨਮਾਸੀ ਨੂੰ ਨਹੀ ਸੀ ਮਨਾਇਆ ਜਾਂਦਾ । ਫਿਰ ਇਹ ਰੀਤ ਕਦੋਂ ਤੇ ਕਿਸ ਨੇ ਸ਼ੁਰੂ ਕੀਤੀ ?
1 ਮਿਸਟਰ ਮਕੈਲਫ ਦੇ ਕਥਨ ਅਨੁਸਾਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਏਥੋਂ ਦੇ ਪ੍ਰਮੁੱਖ ਗਿਆਨੀ ਸੰਤ ਸਿੰਘ ਉਸਤਾਦ ( ਸੰਤੋਖ ਸਿੰਘ ਚੂੜਾਮਣੀ ) ਨੇ ਕੱਤਕ ਦੀ ਪੂਰਨਮਾਸੀ ਨੂੰ ਗੁਰਪੁਰਬ ਮਨਾਉਣ ਦੀ ਰੀਤ ਸ਼ੁਰੂ ਕੀਤੀ, ਫਿਰ ਇਸ ਤੋਂ ਬਾਅਦ ਹੋਰ ਧਾਰਮਿਕ ਅਸਥਾਨਾਂ ਦੀ ਵਾਰੀ ਸੀ, ਭਾਂਵੇ ਕਿ ਰਾਜਸੀ ਪ੍ਰਭਾਵ ਦੇ ਸਾਹਮਣੇ ਇਹ ਕੰਮ ਕੋਈ ਬਹੁਤਾ ਔਖਾ ਨਹੀ ਸੀ , ਪਰ ਫਿਰ ਵੀ ਸੌ ਸਾਲ ਲੰਘ ਜਾਣ ਦੇ ਬਾਅਦ ਵੀ ਨਾਨਕਾਣਾ ਸਾਹਿਬ ਵਿਖੇ ਇਹ ਰੀਤ ਚਾਲੂ ਨਾਂ ਕੀਤੀ ਜਾ ਸਕੀ ।
2 ਕਰਮ ਸਿੰਘ ਹਿਸਟੋਰੀਅਨ ਦੇ ਮੁਤਾਬਕ 1925 ਦੀ ਗੱਲ ਹੈ ਕਿ ਨਾਨਕਾਣਾ ਸਾਹਿਬ ਕੱਤਕ ਦੀ ਪੂਰਨਮਾਸੀ ਨੂੰ ਗੁਰਪੁਰਬ ਮਨਾਉਣਾਂ ਸ਼ੁਰੂ ਹੋਇਆ । ਇਸ ਤੋਂ ਪਹਿਲਾਂ ਇਸ ਦਿਨ ਨੂੰ ਏਥੇ ਕੋਈ ਜਾਣਦਾ ਵੀ ਨਹੀ ਸੀ। ਸੱਠ ਕੁ ਵਰੇ ਇਸ ਤਰਾਂ ਹੋਰ ਲੰਘ ਗਏ ਤਾਂ ਲੋਕੀਂ ਆਖਣਗੇ ਕਿ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਰਿਹਾ ਹੈ ਜਿਸ ਤਰਾਂ ਲੋਕ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸੱਭ ਤੋਂ ਪੁਰਾਣਾ ਮੰਨ ਰਹੇ ਹਨ।
(ਪੁਸਤਕ ਕੱਤਕ ਕਿ ਵੈਸਾਖ, ਪੰਨਾ ੧੩੭)
3 ਗੁਰੂ ਅਮਰਦਾਸ ਜੀ , ਗੁਰੂ ਤੇਗ ਬਹਾਦਰ ਜੀ ਦੇ ਜੀਵਨ ਕਾਲ ਸਮੇ ਗੁਰੂ ਘਰ ਵਿੱਚ ਤੇ ਹੋਰ ਥਾਂਵਾਂ ਤੇ ਵਿਸ਼ੇਸ ਇਕੱਠ ਤੇ ਗੁਰੂ ਸਾਹਿਬ ਵੱਲੋਂ ਉਲੀਕੇ ਹੋਏ ਖਾਸ ਪ੍ਰੋਗਰਾਮ ਵੀ ਵੈਸਾਖੀ ਵਾਲੇ ਦਿਨ ਦੇ ਹੀ ਮਿਲਦੇ ਹਨ, ਖਾਲਸੇ ਦਾ ਪ੍ਰਗਟ ਦਿਹਾੜਾ ਵੀ ਵੈਸਾਖੀ ਦਾ ਹੀ ਹੈ , ਅਠਾਰਵੀਂ ਸਦੀ ਦੇ ਜੁਝਾਰੂ ਸਿੱਖ ਪੰਥਕ ਆਗੂ ਵੀ ਕੌਮੀ ਇਕੱਠ ਵੈਸਾਖੀ ਤੇ ਹੀ ਕਰਦੇ ਸਨ ਜੋ ਕਿ ਇਸ ਹੱਲ ਤੋਂ ਚੰਗੀ ਤਰਾਂ ਜਾਣੂ ਸਨ ਕਿ ਇਸ ਦਿਨ ਧੁਰ ਦਰਗਾਹ ਤੋਂ ਥਾਪੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ।
ਸੋ ਪਾਠਕ ਉੱਪਰ ਦਿੱਤੇ ਹੋਏ ਨੋਟ ਨੰਬਰ 1,2,3, ਨੂੰ ਪੜਣ ਤੋਂ ਬਾਅਦ ਖੁਦ ਵਿਚਾਰ ਲੈਣ, ਕੋਈ ਭੁਲੇਖਾ ਨਹੀ ਰਹਿ ਜਾਂਦਾ। ਵੈਸੇ ਵੀ ਗਿਆਨੀ ਸੰਤ ਸਿੰਘ ਜੀ ਨੇ ਇੰਝ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਅਧਾਰ ਤੇ ਕੀਤਾ ਸੀ । ( ਜਿਸ ਦੀ ਕਥਾ ਅੱਜਕਲ੍ਹ ਬਹੁਤਾਂਤ ਗੁਰਦੁਆਰਿਆਂ ਚ ਹੋ ਰਹੀ ਹੈ) ਜੋ ਕਿ ਵਿਰੋਧੀ ਧਿਰ ਵੱਲੋਂ ਗੁਰ ਇਤਿਹਾਸ ਨੂੰ ਦੂਸ਼ਿਤ ਕਰਨ ਦੇ ਇਰਾਦੇ ਨਾਲ ਲਿਖਵਾਈ ਗਈ ਸੀ। ਇਸਦੀ ਉਦਾਹਾਰਨ ਹੇਠਾਂ ਪੜੋ ਜੀ ।
ਨਮੂਨਾ; ਬ੍ਰਾਹਮਣ ਦੇ ਮੁਤਾਬਿਕ ਕੱਤਕ ਦੀ ਪੂਰਨਮਾਸੀ ਨੂੰ ਜਨਮਿਆ ਬੱਚਾ ਅਸ਼ੁੱਭ ਹੁੰਦਾ ਹੈ,ਪਰ ਜੇਕਰ ਇਹ ਬੱਚਾ ਘਰੋਂ ਕੱਢ ਕੇ ਬ੍ਰਾਹਮਣ ਨੂੰ ਸੌਂਪ ਕੇ ਵਾਪਸ ਮੁੱਲ ਲੈ ਲਿਆ ਜਾਵੇ ਤਾਂ ਬੱਚੇ ਦਾ ਅਸ਼ੁੱਭਪੁਣਾ ਖਤਮ ਹੋ ਜਾਂਦਾ ਹੈ,ਇੰਝ ਇੱਕ ਤੀਰ ਨਾਲ ਦੋ ਨਿਸ਼ਾਨ ਲਾਏ ਬ੍ਰਾਹਮਣ ਨੇ,ਪਹਿਲਾ ਗੁਰੂ ਸਾਹਿਬ ਨੂੰ ਭੰਡਣਾਂ ਤੇ ਦੂਜਾ ਆਪਣੇ ਆਪ ਨੂੰ ਉੱਚਾ ਦਰਸਾਉਣਾਂ, ਤਾਂ ਹੀ ਭਾਈ ਕਰਮ ਸਿੰਘ ਹਿਸਟੋਰੀਅਨ ਇਸ ਜਨਮਸਾਖੀ ਨੂੰ ਜਾਲ੍ਹੀ ਤੇ ਝੂਠੀ ਦੱਸ ਕੇ ਅਜਿਹੇ ਥਾਂ ਪਹੁਚਾਉਣ ਦੀ ਗੱਲ ਕਰਦੇ ਹਨ ਜਿੱਥੋਂ ਇਸਦਾ ਖ਼ੁਰਾ ਖੋਜ ਨਾ ਮਿਲੇ । ਵਧੇਰੇ ਜਾਣਕਾਰੀ ਲਈ ਪੁਸਤਕ (ਕੱਤਕ ਕਿ ਵਿਸਾਖ ) ਪੜ ਸਕਦੇ ਹੋ ।
ਹੁਣ ਇਹ ਵੇਖਦੇ ਹਾਂ ਕਿ ਗਿਆਨੀ ਸੰਤ ਸਿੰਘ ਨੇ ਇਹ ਰੀਤ ਆਖਿਰ ਕਿਉਂ ਸ਼ੁਰੂ ਕੀਤੀ ?
ਮਿਸਟਰ ਮੈਕਾਲਫ ਮੁਤਾਬਿਕ ਕੱਤਕ ਦੀ ਪੂਰਨਮਾਸੀ ਨੂੰ ਰਾਮ ਤੀਰਥ ( ਅੰਮ੍ਰਿਤਸਰ ) ਦਾ ਮੇਲਾ ਹੋਣ ਕਰਕੇ ਸਿੱਖ ਉੱਧਰ ਚਲੇ ਜਾਂਦੇ ਸਨ ਸੋ ਓਧਰੋਂ ਹਟਾਉਣ ਵਾਸਤੇ ਗਿਆਨੀ ਸੰਤ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸੀ ਨੂੰ ਮਨਾਉਣਾਂ ਸ਼ੁਰੂ ਕੀਤਾ । ਪਰ ਵਿਦਵਾਨ ਸੱਜਣਾਂ ਦਾ ਮੱਤ ਹੈ,ਕਿ ਇਸ ਤਬਦੀਲੀ ਦਾ ਮੁੱਖ ਕਾਰਨ ਗਿਆਨੀ ਜੀ ਦੇ ਆਲੇ ਦੁਆਲੇ ਉਦਾਸੀ ਬਾਵਿਆਂ ਦਾ ਘੇਰਾ ਸੀ, ਜੋ ਸ੍ਰੀ ਚੰਦ ਨੂੰ ਸਿੱਖਾ ਦਾ ਦੂਸਰਾ ਗੁਰੂ ਸਿੱਧ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਸਨ । ਜੋ ਚਾਹੁੰਦੇ ਸਨ ਕਿ ਕੱਤਕ ਦੀ ਪੂਰਨਮਾਸੀ ਜੋ ਸ੍ਰੀ ਚੰਦ ਦੀ ਜਨਮ ਤਾਰੀਖ ਸੀ ਗੁਰਦੁਆਰਿਆਂ ਚ ਲਾਗੂ ਕੀਤੀ ਜਾਵੇ।
– ਇਸ ਗੱਲ ਦੀ ਪ੍ਰੋੜਤਾ ਲਈ ਕੁੱਝ ਕੁ ਹਵਾਲੇ ਥੱਲੇ ਦਿੱਤੇ ਜਾ ਰਹੇ ਹਨ ਜਿਹਨਾਂ ਤੋਂ ਕੱਤਕ ਦੀ ਪੁੰਨਿਆਂ ਨੂੰ ਸ਼੍ਰੀ ਚੰਦ ਦਾ ਜਨਮ ਹੋਇਆ ਮਿਲਦਾ ਹੈ।
– ਪ੍ਰਸਿੱਧ ਖੋਜੀ ਵਿਦਵਾਨ ਪ੍ਰੋ: ਪਿਆਰਾ ਸਿੰਘ ਪਦਮ ਜੀ” ਸਿੱਖ ਸੰਪਰਦਾਵਲੀ ” ਪੁਸਤਕ ਵਿੱਚ ਸ੍ਰੀ ਚੰਦ ਦਾ ਜਨਮ. ਮਾਤਾ ਸੁਲੱਖਣੀ ਦੀ ਕੁੱਖੋਂ 1551 ਬਿਕਰਮੀ ਨੂੰ ਕੱਤਕ ਦੀ ਪੂਰਨਮਾ ਨੂੰ ਸੁਲਤਾਨਪੁਰ ਹੋਇਆ ਦੱਸਦੇ ਹਨ ।
– ਬੇਦੀ ਦਲਜੀਤ ਸਿੰਘ ਆਪਣੀ ਲਿਖਤ ” ਸਾਖੀ ਸ੍ਰੀ ਚੋਲਾ ਸਾਹਿਬ ” ਵਿੱਚ ਕੱਤਕ ਦੀ ਪੂਰਨਮਾਸੀ ਦਾ ਹੀ ਦੱਸਦੇ ਹਨ।
– ਸੁਖਬਾਸੀ ਰਾਮ ਨੇ ਆਪਣੇ ਗ੍ਰੰਥ” ਗੁਰੂ ਨਾਨਕ ਬੰਸ ਪ੍ਰਕਾਸ਼ ” ਵਿੱਚ ਵੀ ਏਹੀ ਲਿਖੀਆ ਹੈ ।
– ਉਦਾਸੀ ਸਾਧੂਆਂ ਦੀਆਂ ਲਿਖਤਾਂ ਅਤੇ ਖਾਨਦਾਨੀ ਰਵਾਇਤਾਂ ਅਨੁਸਾਰ ਵੀ ਬਾਬਾ ਸ੍ਰੀ ਚੰਦ ਦਾ ਜਨਮ ਸੰਮਤ 1551( ਸੰਨ 1494 ) ਦੇ ਕੱਤਕ ਦੀ ਪੂਰਨਮਾਸੀ ਦਾ ਹੀ ਮੰਨਿਆ ਹੈ ।
( ਸ੍ਰੀ ਚੰਦ ਦਾ ਜਨਮ ਕੁੱਝ ਲਿਖਾਰੀਆਂ ਨੇ ਭਾਦੋਂ ਸੁਦੀ 9 ਵੀਂ ਲਿਖਿਆ ਹੈ)
ਉਦਾਸੀ ਸਾਧੂ ਇਸ ਗੱਲ ਨੂੰ ਚੰਗੀ ਤਰਾਂ ਜਾਣਦੇ ਸਨ ਕਿ ਉਵੇਂ ਤਾਂ ਸਿੱਖਾਂ ਨੇ ਸ੍ਰੀਚੰਦ ਦੀਆਂ ਉਸਤਤੀ ਤੇ ਕਰਾਮਾਤੀ ਕਹਾਣੀਆ ਸੁਨਣੀਆਂ ਨਹੀ ਤੇ ਨਾਂ ਗੁਰਦੁਆਰਿਆਂ ਵਿੱਚ ਸ੍ਰੀ ਚੰਦ ਦਾ ਜਨਮ ਮਨਾਉਣ ਦੇਣਾ ਹੈ, ਇਸ ਲਈ ਉਹਨਾਂ ਨੇ ਵੈਸਾਖ ਦੀ ਥਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ ਕੱਤਕ ਦੀ ਪੁੰਨਿਆਂ ਨੂੰ ਮਨਾਉਣ ਪ੍ਰਚਲਿਤ ਕਰਵਾ ਲਿਆ ਸੰਤ ਸਿੰਘ ਨੂੰ ਇਹ ਕਹਿ ਕਿ , ਕੀ ਆਮ ਸੰਗਤ ਦਾ ਵਧੇਰੇ ਰੁਝਾਨ ਰਾਮ ਤੀਰਥ ਵੱਲ ਹੋ ਰਿਹਾ ਹੈ, ਇੰਝ ਉਹ ਆਪਣੇ ਮਨਸੂਬੇ ਵਿੱਚ ਵੀ ਕਾਮਯਾਬ ਹੋ ਗਏ ਤੇ ਸੰਤ ਸਿੰਘ ਦੀ ਨਜ਼ਰ ਵਿੱਚ ਪੰਥ ਹਿੱਤੂ ਵੀ । ਸੋ ਇਸ ਤਰ੍ਹਾਂ ਅਸੀਂ ਉਦਾਸੀਆਂ ਦੀ ਸਾਜਿਸ਼ ਦਾ ਸ਼ਿਕਾਰ ਹੋਏ । ਜਦੋਂ ਸੰਨ 1790 ਵਿੱਚ ਖਾਲਸਾ ਪੰਥ ਹਕੂਮਤ ਨਾਲ ਟੱਕਰ ਲੈਦੇ ਹੋਏ ਆਪਣੇ ਬਚਾਅ ਲਈ ਪਹਾੜਾਂ, ਜੰਗਲਾਂ, ਵਿੱਚ ਦਿਨਕਟੀ ਕਰ ਰਿਹਾ ਸੀ ਉਦਾਸੀਆਂ ਵੱਲੋਂ ਉਦੋਂ ਇਹ ਰੀਤ ਦਰਬਾਰ ਸਾਹਿਬ ( ਅੰਮ੍ਰਿਤਸਰ ) ਤੇ ਹੋਰ ਗੁਰਦੁਆਰਿਆਂ ਵਿੱਚ ਸ਼ੁਰੂ ਕਰਵਾਈ ਗਈ । ਗਿਆਨੀ ਸੰਤ ਸਿੰਘ ਦੇ ਰਾਹੀਂ ,ਤੇ ਬਿਪਰਵਾਦੀ ਲਿਖਾਰੀਆਂ ਨੇ ਇਸ ਦਾ ਪ੍ਰਚਾਰ ਹੋਰ ਵੀ ਜੋਰ ਨਾਲ ਕਰਨਾਂ ਸ਼ੁਰੂ ਕਰ ਦਿੱਤਾ। ( ਗਿਆਨੀ ਗਿਆਨ ਸਿੰਘ ਲਿਖਤ ਸ੍ਰੀ ਗੁਰੂ ਪੰਥ ਪ੍ਰਕਾਸ਼ , ਤਵਾਰੀਖ ਗੁਰੂ ਖਾਲਸਾ ) ਨੇ ਵੀ ਗੁਰੂ ਜੀ ਦਾ ਪ੍ਰਕਾਸ਼ ਕੱਤਕ ਪੂਰਨਮਾਸੀ ਦਾ ਹੀ ਮੰਨਿਆ ਹੈ । ਜੋ ਕਿ ਕੋਰਾ ਝੂਠ ਹੈ। ਭੋਲੇ ਭਾਲੇ ਸਿੱਖਾਂ ਲਈ ਇਹ ਵਲ ਛਲ ਸਮਝਣੇ ਬਹੁਤ ਔਖਾ ਕੰਮ ਸੀ ਇਸ ਕਰਕੇ ਵੈਸਾਖ ਦੀ ਥਾਂ ਕੱਤਕ ਵਾਲੀ ਤਾਰੀਖ ਜਿਆਦਾ ਪ੍ਰਚੱਲਿਤ ਹੋ ਗਈ ।
ਜੇਕਰ ਕੋਈ ਇਹ ਸਵਾਲ ਕਰੇ ਕਿ ਉਦਾਸੀ ਅੱਜ ਸ੍ਰੀ ਚੰਦ ਦਾ ਜਨਮ ਕੱਤਕ ਦੀ ਪੂਰਨਮਾਸੀ ਨੂੰ ਫਿਰ ਕਿਉਂ ਨਹੀ ਮਨਾਉਂਦੇ ? ਤਾਂ ਇਸਦਾ ਜਵਾਬ ਹੈ, ਗੁਰਦੁਆਰਾ ਸੁਧਾਰ ਲਹਿਰ ਸਦਕਾ ਗੁਰਧਾਮਾਂ ਦੀ ਸੇਵਾ – ਸੰਭਾਲ ਜਦੋਂ ਦੁਬਾਰਾ ਖਾਲਸਾ ਪੰਥ ਨੇ ਸੰਭਾਲੀ ਤਾਂ ਗੁਰਪੁਰਬ ਭਾਂਵੇ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਣ ਲੱਗ ਪਿਆ ਪਰ ਸ੍ਰੀ ਚੰਦ ਦਾ ਜ਼ਿਕਰ ਵਿੱਚੋਂ ਬਿਲਕੁੱਲ ਬੰਦ ਹੋ ਗਿਆ। ਫਿਰ ਉਦਾਸੀ ਚਿੰਤਤ ਹੋਏ ਤੇ ਸ੍ਰੀ ਚੰਦ ਦੀ ਹੋਂਦ ਬਚਾਉਣ ਲਈ ਭਾਦੋਂ ਸੁਦੀ 9 ਨੂੰ ਵੱਖਰੇ ਤੌਰ ਤੇ ਸ੍ਰੀ ਚੰਦ ਜਨਮ ਦਿਹਾੜਾ ਮਨਾਉਣਾਂ ਸ਼ੁਰੂ ਕਰ ਦਿੱਤਾ ਤੇ ਹੁਣ ਪੰਜਾਬ ਸਰਕਾਰ ਪਾਸੋਂ ਸਰਕਾਰੀ ਛੁੱਟੀ ਵੀ ਪ੍ਰਵਾਨ ਕਰਵਾ ਲਈ, ਅੱਜ ਭਾਂਵੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ ਪੁਰਬ ਵਿਸਾਖ ਦੀ ਥਾਂ ਕੱਤਕ ਪੂਰਨਮਾਸੀ ਨੂੰ ਮਨਾਇਆ ਜਾ ਰਿਹਾ । ਪਰ ਗੁਰਦੁਆਰਾ ਸੁਧਾਰ ਲਹਿਰ ਤੇ ਸਿੰਘ ਸਭਾ ਲਹਿਰ ਸਦਕਾ ਉਦਾਸੀ ਸੰਪਰਦਾ ਬਾਬਾ ਸ੍ਰੀ ਚੰਦ ਨੂੰ ਸਿੱਖਾਂ ਦਾ ਗੁਰੂ ਸਥਾਪਿਤ ਕਰਨ ਵਿੱਚ ਕਾਮਯਾਬ ਨਹੀ ਹੋਈ ।
ਸੋ ਇਹ ਰਲਾ 18 ਵੀਂ ਤੇ 19 ਵੀਂ ਸਦੀ ਦੇ ਦੌਰ ਵਿੱਚ ਹੀ ਪਿਆ ਜੋ ਕਿ ਇਤਿਹਾਸਕ ਸਚਾਈ ਦੇ ਉਲਟ ਹੈ । ਪਰ ਵਿਦਵਾਨ ਸੱਜਣਾਂ ਦੀ ਸੂਝਬੂਝ ਭਰੀ ਘਾਲਣਾ ਸਦਕਾ ਇਹ ਗੱਲ ਪ੍ਰਗਟ ਹੋ ਚੁੱਕੀ ਹੈ । ਸੱਚ ਕੀ ਹੈ ? ਤੇ ਝੂਠ ਕੀ।
ਸੋ ਸੂਝਵਾਨ ਸੱਜਣ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ , ਸੰਗਤਾਂ ਨੂੰ ਬੇਨਤੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸੀ ਨੂੰ ਮਨਾਉਣ ਦੀ ਬਜਾਇ ਵੈਸਾਖ ਮਹੀਨੇ ਦਾ ਹੀ ਮਨਾਇਆ।