ਟਰੰਪ ਨੇ ਕੀਤੀ ਆਪਣੇ ਪ੍ਰਸ਼ਾਸਨ ‘ਚ ਸ਼ਾਮਿਲ ਭਾਰਤੀਆਂ ਦੀ ਤਾਰੀਫ਼

ਟਰੰਪ ਨੇ ਕੀਤੀ ਆਪਣੇ ਪ੍ਰਸ਼ਾਸਨ ‘ਚ ਸ਼ਾਮਿਲ ਭਾਰਤੀਆਂ ਦੀ ਤਾਰੀਫ਼

ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਪ੍ਰਸ਼ਾਸਨ ਵਿੱਚ ਕੰਮ ਕਰਦੇ ਭਾਰਤੀ-ਅਮਰੀਕੀਆਂ ਵੱਲੋਂ ਵਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਸਾਲ 2017 ਵਿੱਚ ਮੁਲਕ ਦੇ ਸਰਵਉੱਚ ਅਹੁਦੇ ‘ਤੇ ਬੈਠਣ ਮਗਰੋਂ ਟਰੰਪ ਨੇ ਦੋ ਦਰਜਨ ਤੋਂ ਵੱਧ ਭਾਰਤੀਆਂ ਨੂੰ ਅਮਰੀਕੀ ਪ੍ਰਸ਼ਾਸਨ ਵਿੱਚ ਸੀਨੀਅਰ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ।
ਇਥੇ ਵ੍ਹਾਈਟ ਹਾਊਸ ਦੇ ਇਤਿਹਾਸਕ ਰੂਸਵੈਲਟ ਰੂਮ ਵਿੱਚ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ, ‘ਮੈਂ ਭਾਰਤੀ ਤੇ ਦੱਖਣ-ਪੂਰਬੀ ਏਸ਼ਿਆਈ ਵਿਰਾਸਤ ਸਾਂਭੀ ਬੈਠੇ ਉਨ੍ਹਾਂ ਅਮਰੀਕੀਆਂ ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਮੇਰੇ ਪ੍ਰਸ਼ਾਸਨ ਵਿੱਚ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਉਨ੍ਹਾਂ ਆਪਣਾ ਕੰਮ ਸ਼ਾਨਦਾਰ ਤੇ ਬਾਖੂਬੀ ਤਰੀਕੇ ਨਾਲ ਕੀਤਾ ਹੈ।’ ਖਾਸ ਦੀਵਾਲੀ ਦੇ ਜਸ਼ਨਾਂ ਲਈ ਰੱਖੇ ਇਸ ਸਮਾਗਮ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੂੰ ਛੱਡ ਕੇ ਦੋ ਦਰਜਨ ਦੇ ਕਰੀਬ ਸਿਖਰਲੇ ਭਾਰਤੀ-ਅਮਰੀਕੀ ਅਧਿਕਾਰੀ ਮੌਜੂਦ ਸਨ। ਅਮਰੀਕੀ ਸਦਰ ਨੇ ਇਸ ਮੌਕੇ ਡੀਸੀ ਸਰਕਿਟ ਦੀਆਂ ਅਪੀਲਾਂ ਬਾਰੇ ਅਮਰੀਕੀ ਅਦਾਲਤ ਲਈ ਨਿਓਮੀ ਜਹਾਂਗੀਰ ਰਾਓ(45) ਦੀ ਨਾਮਜ਼ਦਗੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਟਰੰਪ ਨੇ ਜਹਾਂਗੀਰ ਦੀ ਨਾਮਜ਼ਦਗੀ ਨੂੰ ਦੀਵਾਲੀ ਦਾ ਤੋਹਫ਼ਾ ਦੱਸਿਆ। ਹਰੀ ਝੰਡੀ ਮਿਲਣ ਮਗਰੋਂ ਰਾਓ ਸੁਪਰੀਮ ਕੋਰਟ ਦੇ ਜਸਟਿਸ ਬਰੈੱਟ ਕੈਵਾਨੌਗ ਦੀ ਥਾਂ ਲੈਣਗੇ। ਅਮਰੀਕੀ ਸਦਰ ਡੋਨਲਡ ਟਰੰਪ ਨੇ ਭਾਵੇਂ ਵ੍ਹਾਈਟ ਹਾਊਸ ਵਿੱਚ ਦੀਵਾਲੀ ਦੇ ਜਸ਼ਨ ਧੂਮਧਾਮ ਨਾਲ ਮਨਾਇਆ, ਪਰ ਉਹ ਇਸ ਤਿਓਹਾਰ ਦੀ ਵਧਾਈ ਦੇਣ ਲਈ ਕੀਤੇ ਟਵੀਟ ‘ਚ ਹਿੰਦੂਆਂ ਦਾ ਜ਼ਿਕਰ ਕਰਨ ਤੋਂ ਉੱਕ ਗਏ, ਜਿਨ੍ਹਾਂ ਲਈ ਰੌਸ਼ਨੀਆਂ ਦਾ ਇਹ ਤਿਓਹਾਰ ਸਭ ਤੋਂ ਵੱਡਾ ਹੈ। ਟਰੰਪ ਨੇ ਟਵੀਟ ‘ਚ ਕਿਹਾ, ‘ਅੱਜ ਅਸੀਂ ਦੀਵਾਲੀ ਦਾ ਤਿਓਹਾਰ ਮਨਾਉਣ ਲਈ ਇਕੱਤਰ ਹੋਏ ਹਾਂ, ਜਿਸ ਨੂੰ ਬੋਧੀ, ਸਿੱਖ ਤੇ ਜੈਨ ਫਿਰਕਿਆਂ ਨਾਲ ਸਬੰਧਤ ਲੋਕ ਅਮਰੀਕਾ ਤੇ ਪੂਰੀ ਦੁਨੀਆਂ ‘ਚ ਮਨਾਉਂਦੇ ਹਨ। ਟਰੰਪ ਨੇ ਹਾਲਾਂਕਿ ਮਗਰੋਂ ਹਿੰਦੂਆਂ ਦਾ ਜ਼ਿਕਰ ਕਰਕੇ ਆਪਣੀ ਭੁੱਲ ਸੁਧਾਰ ਲਈ।