ਪੂਜਾ

ਪੂਜਾ

ਮੈਂ ਦੇਵੀ ਤੇ ਦਿਉਤੇ ਤੇ ਮੜ੍ਹੀਆਂ ਨਾ ਪੂਜਾਂ ।
ਵਤਨ ਦੇ ਪਿਆਰੇ ਸ਼ਹੀਦਾਂ ਨੂੰ ਪੂਜਾਂ ।
ਦੁਨੀਆਂ ਦੇ ਸਾਰੇ ਪਾਖੰਡਾਂ ਨੂੰ ਛੱਡ ਕੇ,
ਮੈਂ ਕਿਰਤੀ ਦੇ ਉਜੜੇ ਨਸੀਬਾਂ ਨੂੰ ਪੂਜਾਂ ।

ਅੱਖੀਆਂ ਦੀ ਦੁਨੀਆਂ ਦੇ ਦੀਵੇ ਬਣਾ ਕੇ,
ਤੇ ਛਾਤੀ ਦੀ ਥਾਲੀ ਦੇ ਅੰਦਰ ਟਿਕਾ ਕੇ ।
ਪਰੋ ਕੇ ਮੈਂ ਸਾਹਾਂ ਦੇ ਫੁੱਲਾਂ ਦੀ ਮਾਲਾ,
ਵਤਨ ਦੇ ਪਿਆਰੇ ਮੁਰੀਦਾਂ ਨੂੰ ਪੂਜਾਂ ।

ਕਿਸੇ ਦੀ ਅਮੀਰੀ ਦੀ ਖਿੱਚ ਨਹੀਂ ਹੈ ਮੈਨੂੰ,
ਅਮੀਰਾਂ ਦੇ ਪੱਲੇ ਨੂੰ ਛੋਂਹਦਾ ਨਹੀਂ ਹਾਂ ।
ਜਿਨ੍ਹਾਂ ਦੇ ਆਸਰੇ ਇਹ ਦੁਨੀਆ ਖਲੋਤੀ,
ਮੈਂ ਕਿਰਤੀ ਕਿਸਾਨਾਂ ਗ਼ਰੀਬਾਂ ਨੂੰ ਪੂਜਾਂ ।

ਵਤਨ ਦੀ ਸੇਵਾ ‘ਚ ਸਰਸ਼ਾਰ ਹੋ ਕੇ,
ਜਿਨ੍ਹਾਂ ਨੇ ਜੁਆਨੀ ਜੁਆਨੀ ਨਾ ਸਮਝੀ ।
ਜਿਥੇ ਦੇਸ਼ ਵਾਸੀ ਸ਼ਹਾਦਤ ਸੀ ਪਾ ਗਏ,
‘ਉਦਾਸੀ’ ਮੈਂ ਉਨ੍ਹਾਂ ਦਲ੍ਹੀਜ਼ਾਂ ਨੂੰ ਪੂਜਾਂ ।

‘ਸੰਤ ਰਾਮ ਉਦਾਸੀ’