ਸਰਕਾਰਾਂ ਦੇ ਚਾਲ਼ੀ ਸਾਲ ਅਤੇ ਸਿੱਖ

ਸਰਕਾਰਾਂ ਦੇ ਚਾਲ਼ੀ ਸਾਲ ਅਤੇ ਸਿੱਖ

1978 ਦੀ ਵਿਸਾਖੀ ਨੂੰ ਸ਼ਹੀਦ ਸਿੱਖਾਂ ਦੇ ਜੁਰਮ-ਇ-ਕਤਲ ਦੀ ਬੇਇਨਸਾਫੀ ਤੋਂ ਸਰਕਾਰ ਨੇ ਸਿੱਖਾਂ ਖਿਲਾਫ ਲੜਾਈ ਦਾ ਨਵਾਂ ਪੜਾਅ ਆਰੰਭ ਦਿੱਤਾ ਸੀ, ਜਿਸ ਨੂੰ ਹੁਣ ਚਾਰ ਦਹਾਕੇ ਹੋ ਗਏ ਹਨ। ਇਸ ਦੌਰਾਨ ਸਰਕਾਰ ਨੇ ਸਿੱਖਾਂ ਦੀ ਦੇਹ ਅਤੇ ਮਨ ਨੂੰ ਕਾਬੂ ਕਰਨ ਲਈ ਲੁਭਾਉਣ, ਲਲਚਾਉਣ, ਡਰਾਉਣ, ਧਮਕਾਉਣ ਦੇ ਨਾਲ ਨਾਲ ਬਦਨਾਮ ਕਰਨ ਦੇ ਵੀ ਸੈਂਕੜੇ ਪੈਂਤੜੇ ਖੇਡੇ। ਉਨ੍ਹਾਂ ਨੂੰ ਬਦਨਾਮ ਕਰਨ ਲਈ ਆਮ ਅਫਵਾਹਾਂ ਤੋਂ ਲੈ ਕੇ ਸੰਚਾਰ ਪਰਚਾਰ ਰਾਹੀਂ ਵਿਦਵਾਨਾਂ ਤੋਂ ਲੇਖ-ਕਿਤਾਬਾਂ ਲਿਖਵਾਉਣ ਤੱਕ ਦਾ ਸਰਕਾਰ ਨੇ ਲੰਮਾ ਝਾਗ ਝਾਗਿਆ। ਸੰਚਾਰ ਸਾਧਨ ਅਖਬਾਰ, ਰੇਡੀਉ, ਟੈਲੀਵਿਜਨ ਨੇ ਉਸ ਸਮੇਂ ਤੋਂ ਹੀ ਝੂਠਾ ਪਰਚਾਰ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ਦੇ ਪਰਚਾਰ ਨੇ ਜੋ ਵੀ ਬਾਤ ਪਾਈ ਸਰਕਾਰ ਦੇ ਪੱਖ ਦੀ ਪਾਈ ਜੋ ਵੀ ਬਦਬਾਤ ਪਾਈ ਉਹ ਸਿੱਖਾਂ ਦੀ ਪਾਈ।
ਸਰਕਾਰ ਨੇ ਸਿੱਖਾਂ ਨੂੰ ਉਨ੍ਹਾਂ ਦੀ ਵਿਰਾਸਤ ਤੋਂ ਤੋੜਨ ਲਈ ਸਾਮ-ਦਾਮ-ਦੰਡ-ਭੇਦ ਦੇ ਸਭ ਰਾਹ ਫੜ ਵੇਖੇ। ਸ੍ਰੀ ਦਰਬਾਰ ਸਾਹਿਬ ‘ਤੇ ਸਰਕਾਰੀ ਹਮਲਾ ਕਰ ਕੇ ਉਨ੍ਹਾਂ ਦਾ ਰੱਬ/ਗੁਰੂ ਦੇ ਇਲਾਹੀ ਸਥਾਨ ਤੋਂ ਵਿਸ਼ਵਾਸ ਤੋੜਨ ਦਾ ਜਤਨ ਕੀਤਾ ਪਰ ਸੱਚੇ ਪਾਤਸ਼ਾਹ ਨੇ ਹਮਲਾਵਰ ਧਿਰ ਦੇ ਵੱਡੇ ਦਰੱਖਤਾਂ ਨੂੰ ਸਿੱਟ ਕੇ ਸਿੱਖਾਂ ਦਾ ਭਰੋਸਾ ਬਰਕਰਾਰ ਕਰ ਦਿੱਤਾ। ਸਰਕਾਰ ਨੇ ਹਮਲੇ ਨੂੰ ਜਾਇਜ ਠਹਿਰਾਉਣ ਵਾਸਤੇ ਹਰ ਰਾਹ ਅਪਣਾਇਆ। ਦਿੱਲੀ ਨੇ ਸਿੱਖ-ਨਸਲਕੁਸ਼ੀ ਰਾਹੀਂ ਵੀ ਸਿੱਖ ਨੂੰ ਖਤਮ ਕਰਨਾ ਚਾਹਿਆ। ਸ੍ਰੀ ਦਰਬਾਰ ਸਾਹਿਬ ‘ਤੇ ਸਰਕਾਰੀ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਜਦੋਂ ਸਿੱਖ ਸੰਘਰਸ਼ ਦੀ ਲਹਿਰ ਉੱਠੀ ਤਾਂ ਉਸ ਨੂੰ ਜਿਸ ਜਬਰ ਨਾਲ ਦਬਾਇਆ ਗਿਆ, ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਦੁਨੀਆ ਭਰ ਵਿਚ ਇਕ ਮਿਸਾਲ ਹੈ। ਕਿਵੇਂ ਉਸ ਵੇਲੇ ਸਿੱਖ ਦੀ ਕੀਮਤ ਸਰਕਾਰ ਦੇ ਸਿਪਾਹੀਆਂ ਲਈ ਇਕ ਰੁਤਬੇ ਜਾਂ ਕੇਵਲ ਉੱਚ ਅਧਿਕਾਰੀ ਦੀ ‘ਸਾਬਾਸ਼’ ਦੇ ਮੁੱਲ ਹੋ ਗਈ ਸੀ। ਇਸ ਜਬਰ ਦੀ ਯਾਦ ਭੁਲਾਉਣ ਲਈ ਸਰਕਾਰੀ ਸਹਾਇਤਾ ਨਾਲ ਉੱਠੇ ਕਲਾਕਾਰਾਂ ਦੇ ਅਖਾੜੇ, ਗੀਤ-ਸੰਗੀਤ ਦੀ ਮੰਡੀ, ਫਿਲਮਾਂ, ਪੱਛਮੀ ਪੰਜਾਬ ਨੂੰ ਸਿੱਖਾਂ ਦੇ ਦੁਸ਼ਮਣ ਬਣਾਉਣ ਦੇ ਬਿਰਤਾਂਤ, 47 ਅਤੇ 84 ਦਾ ਖੌਫ ਖੜ੍ਹਾ ਕਰਨ ਵਰਗਾ ਹੋਰ ਪਤਾ ਨੀ ਕੀ-ਕੀ ਹੋਇਆ। ਫਿਰ ਨਵੀਂ ਸਕੂਲੀ ਵਿੱਦਿਆ ਦਾ ਦੌਰ ਚੱਲਿਆ ਜਿਸ ਵਿਚ ਪਾਠਕ੍ਰਮ, ਅਕਾਦਮਿਕ ਕਾਰਜ, ਸਹਿ-ਅਕਾਦਮਿਕ ਕਾਰਜ ਸਭ ਸਰਕਾਰਮੁਖੀ ਬਣੇ। ਵੀਹਵੀਂ ਸਦੀ ਦੇ ਪਿਛਲੇ ਡੇਢ ਦਹਾਕੇ ਤੋਂ ਸਿੱਖਾਂ ਦੀਆਂ ਨਵੀਆਂ ਪੀੜ੍ਹੀਆਂ ਇਹੀ ਪੜ੍ਹਦੀਆਂ-ਸਿਖਦੀਆਂ ਆ ਰਹੀਆਂ ਹਨ।
ਸਿੱਖਾਂ ਦੀਆਂ ਸਿਆਸੀ ਧਿਰਾਂ ਅਤੇ ਧੜੇ ਅਲੋਪ ਹੋ ਗਏ ਜਾਂ ਫਿਰ ਸਰਕਾਰ ਦੀ ਛਤਰਛਾਇਆ ਹੇਠ ਮੌਲਣ ਲੱਗੇ। ਸਿਆਸੀ ਧਿਰਾਂ/ਧੜੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੇ ਜਿਕਰ ਤੋਂ ਬਚਦੇ ਰਹੇ, ਕਿਉਂਕਿ ਇਹ ਜਿਕਰ ਸਰਕਾਰ ਦੀ ਨਾਰਾਜਗੀ ਸਹੇੜ ਸਕਦਾ ਹੈ। ਪੰਜਾਬ ਦੀ ਜਮੀਨ ਖੁਰਦੀ ਗਈ; ਪਾਣੀ ਲੁੱਟਿਆ ਗਿਆ-ਪਲੀਤ ਕੀਤਾ ਗਿਆ; ਕੁਝ ਜਵਾਨੀ ਸਿੱਖੀ ਤੋਂ ਦੂਰ ਬਦਮਾਸ਼ੀ ‘ਚ ਜਾਣ ਲੱਗੀ, ਕੁਝ ਅਸ਼ਲੀਲਤਾ ਵਿਚ ਡੁੱਬੀ, ਕੁਝ ਨਸ਼ੇ ਵਿਚ ਵੀ ਤਬਾਹ ਹੋਈ ਪਰ ਪੰਜਾਬ ਦੀਆਂ ਸਿਆਸੀ ਧਿਰਾਂ ਤੇ ਧੜਿਆਂ ਵਿਚੋਂ ਕੋਈ ਕੁਝ ਨਾ ਕਰ ਸਕਿਆ। ਇਹ ਨਹੀਂ ਕਿ ਪੰਜਾਬ ਦੇ ਕੁੱਲ ਸਿਆਸਤਦਾਨ ਬੇਈਮਾਨ ਹੋ ਗਏ ਸਨ ਜਾਂ ਹਨ। ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਸਾਰੇ ਹੀ ਬੇਈਮਾਨ ਹੋ ਜਾਣ ਪਰ ਉਹ ਬੋਲ ਤਾਂ ਨਾ ਸਕੇ ਕਿਉਂਕਿ ਇਹ ਸਭ ਕੁਝ ਉਨ੍ਹਾਂ ਤੋਂ ਵੱਡੀ ਸਰਕਾਰ ਦੀ ਇੱਛਾ ਨਾਲ ਹੋ ਰਿਹਾ ਸੀ।
ਪੰਜਾਬੀਆਂ ਨੂੰ ਉਨ੍ਹਾਂ ਦਾ ਪੰਜਾਬ ਦੇਸ ਭੁਲਾ ਕੇ ‘ਰਾਸ਼ਟਰ’ ਨਾਲ ਸਭ ਵਫਾਦਾਰੀਆਂ ਜੋੜਨ ਦੀ ਕਵਾਇਦ ਚੱਲੀ ਜਿਸ ਦੌਰਾਨ ਪੰਜਾਬੀ ਬੋਲੀ ਹਿੰਦੀ-ਅੰਗਰੇਜੀ ਦੇ ਸਾਂਝੇ ਹੱਲੇ ਹੇਠ ਲਗਾਤਾਰ ਟੁੱਟੀ ਜਾ ਰਹੀ ਹੈ। ਪੰਜਾਬੀ ਦੀ ਸਾਂਭ ਸੰਭਾਲ ਲਈ ਬਣੀਆਂ ਸੰਸਥਾਵਾਂ ਪੰਜਾਬ ਦੇ ਸਿਆਸੀ ਆਗੂਆਂ ਦੀਆਂ ਅੱਖਾਂ ਸਾਹਵੇਂ ਢਹਿ ਗਈਆਂ, ਉਹ ਗਰੀਬ ਕੁਝ ਨਾ ਬੋਲ ਸਕੇ। ਪੰਜਾਬ ਦਾ ਵਿਦਵਾਨ ਤਬਕਾ ਵੀ ਇਸ ਪਾਸੇ ਕੁਝ ਨਾ ਕਰ ਸਕਿਆ, ਪਤਾ ਨਹੀਂ ਲਾਲਚ ਜਾਂ ਬੇਬਸੀ ਕਰ ਕੇ! ਇਹ ਤਬਕਾ ਪੰਜਾਬ ਦੇ ਕਮਜੋਰ ਹੋਣ ਲਈ ਵੱਧੋਂ ਵੱਧ ਜੇ ਬੋਲ ਸਕਿਆ ਤਾਂ ਉਹ ਕੇਵਲ ਪੰਜਾਬ ਦੇ ਸਿਆਸਤਦਾਨਾਂ ਵਿਚ ਨੁਕਸ ਕੱਢ ਸਕਿਆ ਜਾਂ ਸਿੱਖਾਂ ਦੇ ਦੋਸ਼ ਕੱਢ ਸਕਿਆ, ਇਸ ਤੋਂ ਅਗਾਂਹ ਉਹ ਚੁੱਪ ਰਿਹਾ। ਵਿਦਵਾਨ ਤਾਂ ਬੇਚਾਰਾ ਇੰਨਾ ਚੁੱਪ ਹੈ ਕਿ ਜੇ ਸਰਕਾਰ ਕਹਿੰਦੀ ਹੈ ਕਿ ਵਿੱਦਿਅਕ ਸੰਸਥਾਵਾਂ ਵਿਚ ਯੋਗ ਦਿਹਾੜਾ ਮਨਾ ਕੇ ਫੋਟੋਆਂ ਭੇਜੋ ਤਾਂ ਉਹ ਮੂਕ ਹੈ, ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਜਾਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿਣ ਵਾਲੇ ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਰਾਸ਼ਟਰੀ ਏਕਤਾ ਦਾ ਦਿਹਾੜੇ ਵਜੋਂ ਮਨਾਉ ਤਾਂ ਵੀ ਵਿਦਵਾਨ ਨਹੀਂ ਬੋਲਦਾ। ਪੰਜਾਬ ਦੇ ਉੱਚ ਵਰਗ ਦੀਆਂ ਦੋ ਜਮਾਤਾਂ ਸਿਆਸੀ ਆਗੂ ਅਤੇ ਵਿਦਵਾਨ ਕੁਝ ਨਹੀਂ ਕਰ ਸਕੇ। ਨਵੇਂ ਸਿਆਸੀ ਧੜੇ ਜਨਮੇ, ਨਵੇਂ ਆਗੂ ਆਏ, ਨਵਾਂ ਵਿਦਵਾਨ ਤਬਕਾ ਆਇਆ ਥੋੜੇ ਬਹੁਤੇ ਫੇਰਬਦਲ ਨਾਲ ਪੁਰਾਣੇ ਕਿਰਦਾਰਾਂ ਵਿਚੋਂ ਬਾਹਰ ਨਾ ਨਿਕਲ ਸਕੇ।
ਸਿੱਖਾਂ ਨੂੰ ਗੁਰੂ ਪਰੰਪਰਾ ਅਤੇ ਗੁਰੂ ਸਤਿਕਾਰ ਨਾਲੋਂ ਰਾਸ਼ਟਰ ਪਰੰਪਰਾ ਅਤੇ ਰਾਸ਼ਟਰ ਸਤਿਕਾਰ ਨਾਲ ਜੋੜਨ ਦੀ ਕਵਾਇਦ ਵਿਚ ਸਿੱਖਾਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪਲੈਨਿੰਗ ਕਮਿਸ਼ਨ ਦੀ ਚੇਅਰਮੈਨੀ ਆਦਿ ਵੱਡੇ ਅਹੁਦੇ ਵੀ ਦਿੱਤੇ ਗਏ। ਇਨ੍ਹਾਂ ਅਹੁਦਿਆਂ ‘ਤੇ ਬੈਠਣ ਵਾਲੇ ਆਗੂਆਂ ਨੇ ਬਾਕਾਇਦਾ ਸਮੇਂ ਸਮੇਂ ‘ਤੇ ਸਰਕਾਰੀ ਰਾਗ ਅਲਾਪਿਆ ਅਤੇ ਸਿੱਖਾਂ ਨੂੰ ਪਿਛੋਕੜ ਵਿਚ ਵਾਪਰੇ ਨੂੰ ਭੁੱਲ ਜਾਣ ਦੀਆਂ ਸਲਾਹਾਂ ਦਿੱਤੀਆਂ। ਜਿਹੜੇ ਨਹੀਂ ਮੰਨੇ ਓਹਨਾਂ ਨੂੰ ਪੁਲਸ ਪੜਤਾਲਾਂ, ਮੁਕਦਮੇ, ਜੇਲ੍ਹਾਂ ਅਤੇ ਰਾਸ਼ਟਰ ਵਿਰੋਧੀ ਠੱਪਿਆਂ ਰਾਹੀਂ ਠੀਕ ਕਰਨ ਦੇ ਜਤਨ ਹੋਏ।ਜਦ ਪੰਜਾਬ ਨਾ ਠੀਕ ਆਇਆ ਤਾਂ ਡੇਰਿਆਂ ਨੂੰ ਤਰਜੀਹ ਦਿੱਤੀ ਗਈ, ਕੁਝ ਸਾਲਾਂ ਵਿਚ ਹੀ ਡੇਰਿਆਂ ਦੀ ਗਿਣਤੀ ਵੱਡੀ ਤਾਦਾਦ ਵਿਚ ਹੋ ਗਈ। ਪੰਜਾਬ, ਜਿੱਥੇ ਹਿੰਦੁਸਤਾਨ ਦੇ ਬਾਕੀ ਸਾਰੇ ਹਿੱਸਿਆਂ ਨਾਲੋਂ ਮੁਕਾਬਲਤਨ ਜਾਤ ਕਮਜੋਰ ਸੀ ਉੱਥੇ ਜਾਤਵਾਦ ਨੂੰ ਤੂਲ ਦਿੱਤੀ ਗਈ।
ਇਸ ਕਵਾਇਦ ਵੇਲੇ ਰਾਸ਼ਟਰਵਾਦ ਦਾ ਵਿਸ਼ਵਵਿਆਪੀ ਵਰਤਾਰਾ ਸਰਕਾਰ ਦੇ ਹਿਤਾਂ ਅਨੁਸਾਰੀ ਰਿਹਾ। ਇਹ ਸਿਧਾਂਤ ਸਰਕਾਰ ਨੂੰ ਬਹੁਤ ਰਾਸ ਆਇਆ। ਫਲਸਫੇ ਵਿਚ ਆਧੁਨਿਕਤਾ ਦਾ ਸਿਧਾਂਤ ਜੋ ਪਦਾਰਥ ਕੇਂਦਰਤ ਸੀ ਉਹ ਰੂਹਾਨੀਅਤ ਨਾਲੋਂ ਪਦਾਰਥਕ ਕਰਮਕਾਂਡ ਨੂੰ ਤਰਜੀਹ ਦੇਣ ਵਾਲੇ ਬ੍ਰਾਹਮਣਵਾਦ ਲਈ ਸਿੱਖਾਂ ਨਾਲੋਂ ਵਧੇਰੇ ਠੀਕ ਸੀ। ਮੰਡੀ ਅਤੇ ਬਹੁਰਾਸ਼ਟਰੀ ਪੂੰਜੀਵਾਦ ਦਾ ਵਰਤਾਰਾ ਵੀ ਕਰਮਕਾਂਡ ਦੇ ਸੂਤ ਆਇਆ, ਕਰਮਕਾਂਡ ਲਈ ਲੋੜੀਂਦੀ ਹਰ ਵਸਤ ਮੰਡੀ ਅਨੇਕਾਂ ਭਾਂਤ ਵਿਚ ਮੁਹੱਈਆ ਕਰਦੀ ਹੈ।
ਵਿਸ਼ਵ ਦੇ ਪ੍ਰਚਲਤ ਸਿਧਾਂਤ, ਵਰਤਾਰੇ, ਵਿੱਦਿਅਕ ਢਾਂਚੇ ਸਰਕਾਰਮੁਖੀ ਹੋਣ ਦੇ ਬਾਵਜੂਦ ਅਤੇ ਸਰਕਾਰ ਦੁਆਰਾ ਕੀਤੇ ਅਨੇਕਾਂ ਸਾਮ-ਦਾਮ-ਦੰਡ-ਭੇਦੀ ਜਤਨਾਂ ਦੇ ਬਾਵਜੂਦ ਵੀ ਸਿੱਖ ਗੁਰੂ ਪਰੰਪਰਾ ਅਤੇ ਗੁਰੂ ਸਤਿਕਾਰ ਲਈ ਉੱਥੇ ਹੀ ਖੜ੍ਹੇ ਹਨ ਜਿੱਥੇ ਇਸ ਸਰਕਾਰ ਨੂੰ ਮਿਲੇ ਸਨ। ਤਤਕਾਲ ਵਿਚ ਵਾਪਰੀਆਂ ਘਟਨਾਵਾਂ ਇਸ ਦੀ ਮਿਸਾਲ ਹਨ। ਇਕ ਤਾਂ ਹੁਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਸਿੱਖਾਂ ਦੇ ਬਰਗਾੜੀ ਵਿਖੇ ਇਕੱਠੇ ਹੋਣ ਦੀ ਘਟਨਾ ਹੈ। ਇਸੇ ਦਿਨ ਵੱਡੇ ਸਿਆਸੀ ਧੜਿਆਂ ਦੁਆਰਾ ਆਪੋ-ਆਪਣੀਆਂ ਰੈਲੀਆਂ ਵੀ ਰੱਖੀਆਂ ਗਈਆਂ ਸਨ। ਜਿਨ੍ਹਾਂ ਨੇ ਆਪੋ-ਆਪਣੇ ਵਰਤਾਰਿਆਂ ਮੂਜਬ ਅਨੇਕਾਂ ਢੰਗ-ਤਰੀਕੇ ਵਰਤ ਕੇ ਲੋਕਾਂ ਨੂੰ ਲਾਲਚਾਂ ਵਾਅਦਿਆਂ ਨਾਲ ਰੈਲੀਆਂ ਵਿਚ ਲਿਜਾਣ ਦੇ ਜਤਨ ਕੀਤੇ। ਉਨ੍ਹਾਂ ਧੜਿਆਂ ਕੋਲੇ ਤਾਕਤ ਅਤੇ ਗੁੱਟਬੰਦੀ ਵੀ ਭਰਪੂਰ ਹੈ। ਦੂਜੇ ਪਾਸੇ ਬਰਗਾੜੀ ਜਾਣ ਲਈ ਬਿਨ੍ਹਾ ਕਿਸੇ ਉਚੇਚ ਦੇ ਲੋਕ ਖੁਦ ਗਏ, ਆਪੋ-ਆਪਣੇ ਸਾਧਨਾਂ ‘ਤੇ। ਪਿੰਡ ਪਿੰਡ ਗੁਰਦੁਆਰਾ ਸਾਹਿਬ ਇਕੱਠੇ ਹੋਏ, ਖੁਦ ਦੁੱਧ-ਸੀਧਾ ਲੈ ਕੇ ਗਏ, ਲੰਗਰਾਂ ਦਾ ਬੰਦੋਬਸਤ ਆਪੂੰ ਕੀਤਾ।
ਬਰਗਾੜੀ ਵਿਖੇ ਵੀ ਉਸੇ ਦਿਨ ਇਕ ਸਿਆਸੀ ਧੜੇ ਨੇ ਜਾਣ ਦਾ ਐਲਾਨ ਕੀਤਾ ਹੋਇਆ ਸੀ। ਇਹ ਪੈਸਾ ਭਰ ਵੀ ਭੁਲੇਖਾ ਨਹੀਂ ਹੋ ਸਕਦਾ ਕਿ ਉਸ ਧੜੇ ਕਰ ਕੇ ਸੰਗਤਾਂ ਬਰਗਾੜੀ ਰੋਸ ਵਿਚ ਪਹੁੰਚੀਆਂ। ਇਸ ਸਿਆਸੀ ਧੜੇ ਨੂੰ ਪੰਜਾਬ ਦੇ ਬਾਕੀ ਸਿਆਸੀ ਧੜਿਆਂ ਨਾਲੋਂ ਬਹੁਤਾ ਵਖਰਿਆਇਆ ਨਹੀਂ ਜਾ ਸਕਦਾ। ਇਸ ਧੜੇ ਤੋਂ ਇਲਾਵਾ ਉੱਥੇ ਆਸ ਲਾ ਕੇ ਕੁਝ ਹੋਰ ਆਗੂ ਵੀ ਬੈਠੇ ਹਨ, ਓਹਨਾਂ ਨੂੰ ਪੰਥਕ ਵੀ ਕਿਹਾ ਜਾਂਦਾ ਹੈ ਪਰ ਪੰਥ ਓਹਨਾਂ ਕਰ ਕੇ ਵੀ ਨਹੀਂ ਗਿਆ। ਸ਼ਾਇਦ ਓਹਨਾਂ ਨੂੰ ਵੀ ਇਹ ਭੁਲੇਖਾ ਨਹੀਂ ਹੈ, ਸਗੋਂ ਓਹ ਤਾਂ ਪੰਥ ਦੇ ਉੱਥੇ ਜਾਣ ਵਿਚੋਂ ਕੁਝ ਹਾਸਲ ਕਰਨ ਨੂੰ ਬੈਠੇ ਹੋ ਸਕਦੇ ਨੇ। ਪੰਥ ਦੀਆਂ ਵੱਡੀਆਂ ਸੰਸਥਾਵਾਂ ਵੀ ਇਸ ਵੇਲੇ ਪੰਥ ਨੂੰ ਕਿਸੇ ਹੋਰ ਰੈਲੀ ਵਿਚ ਲਿਜਾਣ ਲਈ ਤਹੂ ਸਨ। ਪੰਥ ਦੇ ਇਕਲੌਤੇ ਤਾਕਤਵਰ ਅਤੇ ਪੁਰਾਣੇ ਧੜੇ ਨੇ ਵੀ ਲੋਕਾਂ ਨੂੰ ਰੋਸ ਵਿਚ ਪਹੁੰਚਣ ਤੋਂ ਰੋਕਿਆ। ਇਸ ਸਭ ਦੇ ਬਾਵਜੂਦ ਵੀ ਆਪ ਮੁਹਾਰੇ ਪੰਥ ਉੱਥੇ ਪਹੁੰਚਿਆ ਮਤਲਬ ਪੰਥ ਅਜੇ ਅਜਾਦ ਹੈ, ਉਹ ਕਿਸੇ ਸਿਆਸੀ ਆਗੂ, ਧੜੇ ਦੇ ਪਿੱਛੇ ਨਹੀਂ। ਪੰਥ ਕਰਮ ਦਾ ਸਾਥ ਦੇਵੇਗਾ ਜਿਸ ਦਿਨ ਸਿਆਸਤ ਦਾ ਕਰਮ ਠੀਕ ਹੋ ਗਿਆ ਉਸ ਦਿਨ ਦੀ ਉਡੀਕ ਰਹੇਗੀ। ਸਿੱਖਾਂ ਦਾ ਇਹ ਜਜਬਾ ਅਤੇ ਰੋਸ ਦੇਖ ਕੇ ਲਗਦਾ ਸਰਕਾਰ ਦੇ ਚਾਲੀ ਸਾਲਾਂ ਦੇ ਜਤਨ ਵਿਅਰਥ ਵਰਗੇ ਰਹੇ ਹਨ।
ਇਸ ਤੋਂ ਪਹਿਲਾਂ ਪੰਥ ਨੇ ‘ਨਾਨਕ ਸ਼ਾਹ ਫਕੀਰ’ ਫਿਲਮ ਮੋੜੀ ਹੈ। ਉਸ ਫਿਲਮ ਨੂੰ ਚਲਾਉਣ ਲਈ ਸਰਕਾਰ ਨੇ ਬੇਥਾਹ ਜਤਨ ਕੀਤੇ। ਪੰਥ ਦੀ ਸਰਵਉੱਚ ਸੰਸਥਾ ਨੇ ਵੀ ਉਸ ਨੂੰ ਪਹਿਲਾਂ ਤਾਂ ਪਰਵਾਨਗੀ ਦੇ ਦਿੱਤੀ ਸੀ ਪਰ ਪੰਥ ਦੁਆਰਾ ਰੱਦ ਕਰਨ ‘ਤੇ ਉਨ੍ਹਾਂ ਨੇ ਸਿਆਣਪ ਵਰਤੀ ਅਤੇ ਪਰਵਾਨਗੀ ਵਾਪਸ ਲੈ ਕੇ ਡਟਵਾਂ ਵਿਰੋਧ ਕੀਤਾ। ਸਰਕਾਰ ਦੀ ਸਰਵਉੱਚ ਅਦਾਲਤ ਨੇ ਫਿਲਮ ਨੂੰ ਠੀਕ, ਅਤੇ ਪੰਥ ਦੀ ਸਰਵਉੱਚ ਸੰਸਥਾ ਨੂੰ ਗਲਤ ਕਿਹਾ। ਇਹ ਵੀ ਕਿਹਾ ਕਿ ਕੋਈ ਵਿਅਕਤੀਗਤ ਸੰਸਥਾ ਸਰਕਾਰ ਦੇ ਸੈਂਸਰ ਬੋਰਡ ਦੇ ਫੈਸਲੇ ਨੂੰ ਕਿਵੇਂ ਰੋਕ ਸਕਦੀ ਹੈ। ਸਰਕਾਰ ਦੀ ਸਰਵਉੱਚ ਅਦਾਲਤ ਨੇ ਫਿਲਮ ਚਲਾਉਣ ਲਈ ਫੌਜਦਾਰੀ ਪ੍ਰਬੰਧ ਕਰਨ ਦੇ ਹੁਕਮ ਵੀ ਦਿੱਤੇ। ਇੰਨੇ ਦੇ ਬਾਵਜੂਦ ਵੀ ਪੰਥ ਨੇ ਇਹ ਫਿਲਮ ਚੱਲਣ ਨਹੀਂ ਦਿੱਤੀ। ਹਿੰਦੁਸਤਾਨ ਦੇ ਬਾਕੀ ਸੂਬਿਆਂ-ਸਮਾਜਾਂ ਦੇ ਲੋਕ ਵੀ ਧੰਨਵਾਦ ਦੇ ਹੱਕਦਾਰ ਹਨ ਕਿ ਉਨ੍ਹਾਂ ਪੰਥ ਦੀ ਹਿਮਾਇਤ ਕੀਤੀ ਅਤੇ ਸਰਕਾਰ ਜਾਂ ਉਸ ਦੀ ਸਰਵਉੱਚ ਅਦਾਲਤ ਦਾ ਹੁਕਮ ਨਹੀਂ ਸੁਣਿਆ।
ਸਾਡੇ ਸਮਕਾਲ ਵਿਚ ਨੇੜੇ-ਨੇੜੇ ਵਾਪਰੀਆਂ ਇਹ ਘਟਨਾਵਾਂ ਸਿੱਖਾਂ ਦੇ ਭਵਿੱਖ ਦੀਆਂ ਕਨਸੋਆਂ ਦਿੰਦੀਆਂ ਹਨ। ਭਾਰਤ ਸਰਕਾਰ ਦੁਆਰਾ ਚਾਲ਼ੀ ਸਾਲਾਂ ਵਿਚ ਸਿੱਖਾਂ ਦਾ ਅਨੇਕਾਂ ਢੰਗ ਤਰੀਕਿਆਂ ਨਾਲ ਦਮਨ ਕਰਨ ਦੇ ਬਾਵਜੂਦ ਅੱਜ ਸਿੱਖ ਸਰਕਾਰ ਨੂੰ ਜਮਹੂਰੀ ਤਰੀਕਿਆਂ ਨਾਲ ਅਸਫਲ ਕਰ ਰਹੇ ਹਨ ਅਤੇ ਸਰਕਾਰ ਵਰਗੇ ਹੋ ਚੁੱਕੇ ਸਿਆਸੀ ਧੜਿਆਂ ਨੂੰ ਸਮੂਹਕ ਰੂਪ ਵਿਚ ਰੱਦ ਕਰ ਰਹੇ ਹਨ। ਸਿਫਤ ਦੀ ਗੱਲ ਇਹ ਹੈ ਕਿ ਉਹ ਇਹ ਸਾਰਾ ਕੁਝ ਆਗੂ ਦੀ ਅਣਹੋਂਦ ਵਿਚ ਕਰ ਰਹੇ ਹਨ, ਬਿਨ੍ਹਾ ਆਗੂ ਤੋਂ ਕੇਵਲ ਸੰਗਤੀ ਰੂਪ ਵਿਚ, ਸੁੱਚੇ ਕਾਰਜਾਂ ਲਈ ਗੁਰੂ ਖੁਦ ਅਗਵਾਈ ਕਰਦਾ। ਦੂਜੇ ਪਾਸੇ ਭਾਰਤ ਸਰਕਾਰ ਦਿਨੋ ਦਿਨ ਕਮਜੋਰ ਅਤੇ ਬਦਨਾਮ ਹੋ ਰਹੀ ਹੈ। ਸਿਆਸੀ ਆਗੂਆਂ ਅਤੇ ਧੜਿਆਂ ਵਿਚੋਂ ਬਹੁਤੇ ਅਪਰਾਧੀ ਅਤੇ ਭ੍ਰਿਸ਼ਟ ਹਨ। ਬਹੁਰਾਸ਼ਟਰੀ ਕਾਰਪੋਰੇਟ ਢਾਂਚੇ ਵਿਚ ਸਰਕਾਰ ਗੁਲਾਮ ਵਰਗੀ ਹੋ ਗਈ ਹੈ, ਲੋਕ ਹਰ ਧੜੇ ਦੀ ਸਰਕਾਰ ਤੋਂ ਤੰਗ ਹਨ। ਅਧੀਨ ਭਾਸ਼ਾਵਾਂ ਅਤੇ ਸਭਿਆਚਾਰਾਂ ਨੂੰ ਕਮਜੋਰ ਕਰਨ ਅਤੇ ਉਨ੍ਹਾਂ ਨੂੰ ਮਾਰਨ ਦੇ ਅਨੇਕਾਂ ਦੋਸ ਭਾਰਤ ਸਰਕਾਰ ‘ਤੇ ਹਨ। ਦੂਜੇ ਪਾਸੇ ਇਸ ਖਿੱਤੇ ਦੇ ਸਭ ਸੱਭਿਆਚਾਰਾਂ ਦੇ ਲੋਕ ਜਾਗਦੇ ਜਾ ਰਹੇ, ਉਹ ਆਪਣੇ ਹੱਕ ਮੰਗ ਰਹੇ ਹਨ। ਇਸ ਹਾਲਤ ਵਿਚ ਸਰਕਾਰ ਦੀ ਹਾਲਤ ਔਖੀ ਹੁੰਦੀ ਜਾ ਰਹੀ ਹੈ ਪਰ ਸਿੱਖ ਰਾਸ਼ਟਵਰਾਦ, ਆਧੁਨਿਕਤਾਵਾਦ ਅਤੇ ਸਰਕਾਰ ਦੇ ਸਾਮ-ਦਾਮ-ਦੰਡ-ਭੇਦੀ ਜਬਰ ਵਿਚੋਂ ਬਚ ਨਿਕਲਿਆ ਹੈ। ਕੌਮਾਂਤਰੀ ਸਾਂਝੀਵਾਲਤਾ ਦੀ ਗੱਲ ਇੰਨੀ ਚੱਲ ਗਈ ਹੈ ਕਿ ‘ਸਰਬਸਾਂਝੀਵਾਲਤਾ’ ਦੇ ਆਦੇਸ਼ ‘ਤੇ ਤੁਰਨ ਵਾਲਿਆਂ ਦਾ ਭਵਿੱਖ ਖਾਸ ਉੱਜਲ ਹੈ।

– ਡਾ.ਸਿਕੰਦਰ ਸਿੰਘ