ਐਬਟਸਫੋਰਡ ‘ਚ ਸਿੱਖ ਨਸ਼ਲਕੁਸ਼ੀ ਦੀ ਯਾਦ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ

ਐਬਟਸਫੋਰਡ ‘ਚ ਸਿੱਖ ਨਸ਼ਲਕੁਸ਼ੀ ਦੀ ਯਾਦ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ

150 ਤੋਂ ਵੱਧ ਦਾਨੀਆਂ ਨੇ ਕੀਤਾ ਖੂਨ ਦਾਨ

ਐਬਟਸਫੋਰਡ : ਬਰਾੜ-ਭਗਤਾ ਭਾਈ ਕਾ : ਨਵੰਬਰ 1984 ‘ਚ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਹੋਈ ਨਸਲਕੁਸ਼ੀ ਦੇ ਦੁਖਾਂਤ ਨੂੰ ਯਾਦ ਕਰਦਿਆਂ ਐਬਟਸਫੋਰਡ ਵਿੱਚ ਇਸ ਵਾਰ ਵੀ ਵੱਡੀ ਪੱਧਰ ‘ਤੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ, ਨੌਜਵਾਨਾਂ, ਇਸਤਰੀਆਂ, ਮਰਦਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਵਲੰਟੀਅਰ ਵਜੋਂ ਸ਼ਮੂਲੀਅਤ ਕੀਤੀ। ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਇੱਸ ਕੈਂਪ ਵਿੱਚ ਕਈ ਘੰਟਿਆਂ ਤੱਕ ਉਡੀਕ ਕਰਦੇ ਹੋਏ ਸਿੱਖ ਕੌਮ ਦੇ ਸੇਵਾਦਾਰਾਂ ਨੇ ਖੂਨਦਾਨ ਕੀਤਾ ਅਤੇ ਦੁਖਾਂਤ ਨੂੰ ਚੇਤੇ ਕਰਦਿਆਂ ਜ਼ਾਲਮ ਤਾਕਤਾਂ ਅਤੇ ਹੁਕਮਰਾਨਾਂ ਖਿਲਾਫ਼ ਵੱਖਰੇ ਢੰਗ ਨਾਲ ਆਵਾਜ ਬੁਲੰਦ ਕੀਤੀ। ਕੈਂਪ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਿੱਥੇ ਕੈਨੇਡਾ ਭਰ ਵਿੱਚ ਹੁਣ ਤੱਕ ਇਨ੍ਹਾਂ ਖੂਨਦਾਨ ਕੈਂਪਾਂ ਕਰਕੇ 1,30,000 ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ ਉੱਥੇ ਐਬਟਸਫੋਰਡ ਅਤੇ ਨੇੜਲੇ ਇਲਾਕੇ ਦੇ ਵਾਸੀਆਂ ਨੇ ਇਸ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਇਸ ਸੰਬੰਧ ਵਿੱਚ 150 ਤੋਂ ਵੱਧ ਸਿੱਖ ਕੌੰਮ ਨਾਲ ਸੰਬੰਧਤ ਵਿਆਕਤੀਆਂ ਦਾ ਖੂਨਦਾਨ ਹੋ ਸਕਿਆ ਅਤੇ ਸੈਂਕੜੇ ਹੋਰ ਉਡੀਕ ਕਰਦੇ ਰਹੇ ਜਿਹੜੇ ਆਉਂਦੇ ਦਿਨਾਂ ਵਿੱਚ ਵੱਖ ਵੱਖ ਸਮਿਆਂ ਦੌਰਾਨ ਲੜੀਵਾਰ ਕੈਂਪਾਂ ‘ਚ ਖੂਨਦਾਨ ਕਰਨ ਦਾ ਪ੍ਰਣ ਕਰਦੇ ਦੇਖੇ ਗਏ। ਸਿੱਖ ਕੌਮ ਦੇ ਸਮੂਹ ਵਲੰਟੀਆਂ ਨੇ ਜਿੱਥੇ ਐਬਟਸਫੋਰਡ ਵਾਸੀਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਇਹ ਸੁਨੇਹਾ ਵੀ ਦਿੱਤਾ ਕਿ ਕੈਨੇਡਾ ਸਮੇਤ ਦੁਨੀਆਂ ਦੇ ਵੱਖ ਵੱਖ ਕੋਨਿਆਂ ‘ਚ ਲਗਾਏ ਜਾਂਦੇ ਇੰਨ੍ਹਾਂ ਖੂਨਦਾਨ ਕੈਂਪਾਂ ਰਾਹੀਂ ਉਹ ਸੰਸਾਰ ਨੂੰ ਦੱਸਣਾ ਚਾਹੁੰਦੇ ਹਨ ਕਿ 1984 ‘ਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਕਈ ਹੋਰ ਵੱਖ ਵੱਖ ਥਾਵਾਂ ‘ਤੇ ਸਰਕਾਰੀ ਸ਼ਹਿ ਉੱਪਰ ਗੁੰਡਿਆਂ, ਪੁਲਿਸ, ਪ੍ਰਸਾਸ਼ਨ ਅਤੇ ਸਿਆਸਤਦਾਨਾਂ ਨੇ ਮਿਲਕੇ ਸਿੱਖਾਂ ਦਾ ਲਹੂ ਡੋਲ੍ਹਿਆ, ਉੱਥੇ ਸਿੱਖ ਕੌਮ ਆਪਣਾ ਲਹੂ ਦਾਨ ਕਰਕੇ ਮਨੁੱਖਤਾ ਦੀ ਜਾਨ ਬਚਾ ਰਹੀ ਹੈ। ਇਸ ਤੋਂ ਇਲਾਵਾ ਅੰਤਰਰਾਸਟਰੀ ਭਾਈਚਾਰੇ ਨੂੰ ਸਿੱਖਾਂ ਨਾਲ ਹੋਏ ਜਬਰ ਜੁਲਮ ਦੀ ਦਾਸਤਾਨ ਬਿਆਨ ਕਰਨ ਦਾ ਇਹ ਇੱਕ ਪ੍ਰਭਾਵਸ਼ਾਲੀ ਤਰੀਕਾ ਵੀ ਹੈ ਜੋ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਦੇ ਮਨੋਰਥ ਨੂੰ ਪੇਸ਼ ਕਰਦੇ ਹੋਏ ਜਨੂਨੀ ਅਤੇ ਘੱਟ ਗਿਣਤੀ ਵਿਰੋਧੀ ਹਕੂਮਤਾਂ ਦੇ ਸਾਜਿਸ਼ੀ ਨੀਤੀਆਂ ਨੂੰ ਸੰਸਾਰ ਸਾਹਮਣੇ ਨੰਗਾ ਕਰਦਾ ਹੈ। ਸਮੁੱਚੇ ਤੌਰ ‘ਤੇ ਕੈਨੇਡਾ ਭਰ ਵਿੱਚ ਲੱਗੇ ਅਤੇ ਲਗਾਤਾਰ ਚੱਲ ਰਹੇ ਇਨ੍ਹਾਂ ਖੂਨਦਾਨ ਕੈਂਪਾਂ ‘ਚ ਸੰਗਤਾਂ ਅੰਦਰ ਬੇਮਿਸਾਲ ਉਤਸ਼ਾਹ ਪਾਇਆ ਜਾ ਰਿਹਾ ਹੈ।