ਰੌਸ ਸਟਰੀਟ ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਇਮਾਰਤ ਦਾ ਉਦਘਾਟਨ 18 ਨਵੰਬਰ ਨੂੰ

ਰੌਸ ਸਟਰੀਟ ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਇਮਾਰਤ ਦਾ ਉਦਘਾਟਨ 18 ਨਵੰਬਰ ਨੂੰ

ਵੈਨਕੂਵਰ : ਪਿਛਲੇ ਸਮੇਂ 2016 ਵਿੱਚ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਰੌਸ ਸਟਰੀਟ ਵੈਨਕੂਵਰ ਦੀ ਇਮਾਰਤ ਜੋ ਅੱਗ ਲੱਗਣ ਨਾਲ ਨਸ਼ਟ ਹੋ ਗਈ ਸੀ ਉਸਦੀ ਨਵ ਉਸਾਰੀ ਤੋਂ ਬਾਅਦ ਨਵੀਂ ਇਮਾਰਤ ਦਾ ਉਦਘਾਟਨ ਐਤਵਾਰ 18 ਨਵੰਬਰ ਨੂੰ ਹੋਵੇਗਾ। ਇਸ ਸਮੇਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਪ੍ਰਧਾਨ ਮਲਕੀਤ ਸਿੰਘ ਧਾਮੀ, ਜਨਰਲ ਸਕੱਤਰ ਜਰਨੈਲ ਸਿੰਘ ਭੰਡਾਲ, ਅਤੇ ਕਸ਼ਮੀਰ ਸਿੰਘ ਧਾਲੀਵਾਲ ਤੇ ਹੋਰ ਪ੍ਰਬੰਧਕਾਂ ਨੇ ਵੇਰਵੇ ਦਿੰਦੇ ਦੱਸਿਆ ਕਿ ਮੁਰੰਮਤ ਅਤੇ ਨਵੀਂ ਉਸਾਰੀ ਲਗਭਗ 3 ਮਿਲੀਅਨ ਡਾਲਰ ਦੇ ਖਰਚੇ ਨਾਲ ਕੀਤੀ ਗਈ ਹੈ ਜੋ ਕਾਰਜ ਸੰਗਤਾਂ ਦੇ ਭਾਰੀ ਸਹਿਯੋਗ ਨਾਲ ਸੰਪੂਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਲੰਗਰ ਹਾਲ ਸਮੇਤ ਕਈ ਹੋਰ ਸਹੂਲਤਾਂ ‘ਚ ਵਾਧਾ ਕੀਤਾ ਗਿਆ ਹੈ ਤੇ ਆਉਣ ਵਾਲੇ 10 ਸਾਲਾਂ ਤੱਕ ਹੋਰ ਕਿਸੇ ਉਸਾਰੀ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਸੈਮੀਨਾਰ ਕਵੀ ਦਰਬਾਰ ਵੀ ਹੋਵੇਗਾ। ਭਾਈ ਮੇਵਾ ਸਿੰਘ ਹਾਲ ਵਿੱਚ ਚਿੱਤਰਕਾਰ ਜਰਨੈਲ ਸਿੰਘ ਵਲੋਂ ਤਿਆਰ ਕੀਤਾ ਚਿੱਤਰ ਵੀ ਇਸ ਮੌਕੇ ਸਥਾਪਤ ਕੀਤਾ ਜਾਵੇਗਾ। ਜ਼ਿਕਰ ਕਰਨਾ ਬਣਦਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ, ਵਾਸ਼ਰੂਮ ਤੇ ਗਲਾਸ ਵਰਕ ਦਾ ਕੰਮ ਬਹੁਤ ਸ਼ਾਨਦਾਰ ਅਤੇ ਲੋੜ ਮੁਤਾਬਕ ਕੀਤਾ ਗਿਆ ਹੈ। ਇਮਾਰਤ ਦੇ ਏਰੀਏ ‘ਚ ਵਾਧੇ ਦੇ ਨਾਲ ਨਾਲ ਨਵੀਂ ਲਿਫਟ ਵੀ ਲਗਾਈ ਜਾ ਰਹੀ ਹੈ। ਇੰਗਲੈਂਡ ਤੋਂ ਪਹੁੰਚੇ ਇੰਟਰਨੈਸ਼ਨਲ ਪੱਤਰਕਾਰ ਨਿਰਪਾਲ ਸਿੰਘ ਸ਼ੇਰਗਿਲ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਤੇ ਉਨ੍ਹਾਂ ਗੁਰੂ ਨਾਨਕ ਸਾਹਿਬ ਦੇ 150 ਸਾਲਾਂ ਨੂੰ ਸਮਰਪਿਤ ਵਿਸ਼ੇਸ਼ ਸੋਵੀਨਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ 2018 ਦੀ ਇੰਟਰਨੈਸ਼ਨਲ ਡਾਇਰੈਕਟਰੀ ਵੀ ਪ੍ਰਬੰਧਕਾਂ ਨੂੰ ਭੇਂਟ ਕੀਤੀ।