ਸਰੀ ‘ਚ ਸਕਾਈ ਟਰੇਨ ਬਣਾਉਣ ਦੇ ਹੱਕ ‘ਚ ਮੱਤਾ ਪਾਸ

ਸਰੀ ‘ਚ ਸਕਾਈ ਟਰੇਨ ਬਣਾਉਣ ਦੇ ਹੱਕ ‘ਚ ਮੱਤਾ ਪਾਸ

ਜ਼ਿਆਦਾਤਰ ਮੇਅਰਾਂ ਨੇ ਸਕਾਈ ਟਰੇਨ ਦੇ ਹੱਕ ‘ਚ ਪਾਈਆਂ ਵੋਟਾਂ

ਸਰੀ: ਬੀਤੇ ਦਿਨੀ ਨਿਊਵੈਸਟਮਨਿਸਟਰ ਸ਼ਹਿਰ ਵਿੱਚ ਨਵੇ ਚੁਣੇ ਗਏ ਮੇਅਰਾਂ ਦੀ ਮੀਟਿੰਗ ਵਿੱਚ ਬਹੁਸੰਮਤੀ ਨਾਲ ਸਕਾਈਟਰੇਨ ਦੇ ਹੱਕ ਵਿੱਚ ਮਤਾ ਪਾਸ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੋਈਆਂ ਸਥਾਨਕ ਚੋਣਾਂ ‘ਚ ਡੱਗ ਮਕੱਲਮ ਨੇ ਸਰੀ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਸਰੀ ‘ਚ ਐਲ. ਆਰ.ਟੀ. ਦੀ ਥਾਂ ਸਕਾਈ ਟ੍ਰੇਨ ਲਿਆਉਣਗੇ। ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਕਰਦਿਆਂ ਸਹੁੰ ਚੁੱਕਦਿਆਂ ਸਾਰ ਹੀ ਐਲ.ਆਰ.ਟੀ. ਦਾ ਭੋਗ ਪਾ ਕੇ ਸਰੀ ‘ਚ ਸਕਾਈ ਟ੍ਰੇਨ ਲਿਆਉਣ ਦਾ ਨਿਸ਼ਚਾ ਕੀਤਾ ਸੀ।
ਇਸ ਦੌਰਾਨ ਸਰੀ ਦੇ ਮੇਅਰ ਡੱਗ ਮਕੱਲਮ ਨੇ ਕਿਹਾ ਕਿ ਅਸੀਂ ਬਹੁਤ ਸਾਰੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਇੱਕ ਵੀ ਵਿਅਕਤੀ ਅਜਿਹਾ ਨਹੀਂ ਸੀ ਮਿਲਿਆ ਜੋ ਐਲ.ਆਰ.ਟੀ. ਦੇ ਹੱਕ ‘ਚ ਸੀ, ਹਰ ਕੋਈ ਸਕਾਈ ਟ੍ਰੇਨ ਹੀ ਚਾਹੁੰਦਾ ਸੀ। ਡੱਗ ਮਕੱਲਮ ਨੇ ਕਿਹਾ ਕਿ ਲੋਕਾਂ ਵਲੋਂ ਮਿਲੇ ਹੁੰਗਾਰੇ ਤੋਂ ਬਾਅਦ ਲਾਈਟ ਰੇਲ ਲਈ ਮਿਲੀ 1.65 ਬਿਲਿਅਨ ਡਾਲਰ ਦੀ ਰਕਮ ਨੂੰ ਵੀ ਸਕਾਈ ਟ੍ਰੇਨ ਦੇ ਲਈ ਹੀ ਖਰਚ ਕੀਤਾ ਜਾਵੇਗਾ। ਉੱਧਰ ਵੱਖ-ਵੱਖ ਸ਼ਹਿਰਾਂ ਦੇ ਮੇਅਰਾਂ ਦੀ ਹੋਈ ਮੀਟਿੰਗ ‘ਚ ਰਿਚਮੰਡ ਦੇ ਮੇਅਰ ਮੈਲਕਾਮ ਬ੍ਰੌਡੀ ਵਲੋਂ ਆਪਣਾ ਪੱਖ ਲਾਈਟ ਰੇਲ ਦੇ ਹੱਕ ‘ਚ ਹੀ ਜਤਾਇਆ ਗਿਆ ਜਦੋਂ ਕਿ ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਨੇ ਸਕਾਈ ਰੇਲ ਨੂੰ ਸਮੇਂ ਦੀ ਲੋੜ ਦੱਸਦੇ ਹੋਏ ਕਿਹਾ ਕਿ ਸਰੀ ਦੇ ਲੋਕਾਂ ਵਲੋਂ ਚੋਣਾਂ ‘ਚ ਜੋ ਫੈਸਲਾ ਲਿਆ ਹੈ ਸਾਨੂੰ ਵੀ ਉਨ੍ਹਾਂ ਦੇ ਹੀ ਪੱਖ ‘ਚ ਫੈਸਲਾ ਸੁਣਾਉਣਾ ਚਾਹੀਦਾ ਹੈ ਅਤੇ ਸਾਨੂੰ ਇਸ ਬਦਲਾਅ ਦੀ ਲੋੜ ਹੈ।