ਐਬਟਸਫੋਰਡ ‘ਚ ਇੱਕ ਹੋਰ 19 ਸਾਲਾ ਨੌਜਵਾਨ ਜਗਵੀਰ ਮੱਲ੍ਹੀ ਖੂਨੀ ਹਿੰਸਾ ਦੀ ਭੇਟ ਚੜ੍ਹਿਆ

ਐਬਟਸਫੋਰਡ ‘ਚ ਇੱਕ ਹੋਰ 19 ਸਾਲਾ ਨੌਜਵਾਨ ਜਗਵੀਰ ਮੱਲ੍ਹੀ ਖੂਨੀ ਹਿੰਸਾ ਦੀ ਭੇਟ ਚੜ੍ਹਿਆ

ਐਬਟਸਫੋਰਡ : (ਬਰਾੜ-ਭਗਤਾ ਭਾਈ ਕਾ): ਲੋਅਰ ਮੇਨਲੈਂਡ ਵਿੱਚ ਭਿਆਣਕ ਖੂਨੀ ਹਿੰਸਾ ਦਾ ਸ਼ਿਕਾਰ ਹੋਏ 19 ਸਾਲਾ ਨੌਜਵਾਨ ਜਗਵੀਰ ਸਿੰਘ ਮੱਲ੍ਹੀ ਦੀ ਮੌਤ ਨਾਲ ਪੰਜਾਬੀ ਭਾਈਚਾਰੇ ‘ਚ ਫਿਰ ਮਾਤਮ ਛਾਅ ਗਿਆ ਹੈ। ਇੱਥੋਂ ਦੇ ਮੋਇਟ ਸੈਕੰਡਰੀ ਸਕੂਲ ਦੇ ਗਰੈਜੂਏਟ ਅਤੇ ਬੀ ਸੀ ਸੂਬੇ ਦੇ ਬਾਸਕਟਬਾਲ ਦੇ ਸਭ ਤੋਂ ਚੰਗੇ 10 ਖਿਡਾਰੀਆਂ ‘ਚ ਗਿਣੇ ਜਾਣ ਵਾਲੇ ਇਸ ਨੌਜਵਾਨ ਦਾ ਨਾ ਤਾਂ ਕੋਈ ਅਪਰਾਧਿਕ ਪਿਛੋਕੜ ਸੀ ਅਤੇ ਨਾ ਹੀ ਕਿਸੇ ਸਰਗਰਮੀ ਕਦੇ ਸ਼ਾਮਲ ਰਿਹਾ ਸੀ। ਪੁਲੀਸ ਵੱਲੋਂ ਮਿਲੇ ਵੇਰਵਿਆਂ ਅਨੁਸਾਰ 12 ਨਵੰਬਰ ਬਾਅਦ ਦੁਪਹਿਰ ਸਿਮਸਨ ਰੋਡ ਅਤੇ ਰੌਸ ਰੋਡ ਦੇ ਨਜ਼ਦੀਕ ਇਸ ਨੌਜਵਾਨ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਜਿਸ ਦੇ ਨਤੀਜੇ ਵੱਲੋਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨਜ਼ਦੀਕੀ ਸੂਤਰਾਂ ਅਨੁਸਾਰ ਮ੍ਰਿਤਕ ਜਗਵੀਰ ਮੱਲ੍ਹੀ ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਕ੍ਰਿਮਨਾਲੋਜੀ ਵਿਭਾਗ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ ਅਤੇ ਘਟਨਾ ਵਾਲੇ ਦਿਨ ਉਹ ਸ਼ਾਮੀਂ 4 ਵਜੇ ਰੀਅਲ ਅਸਟੇਟ ਦੇ ਕੋਰਸ ਦੀ ਕਲਾਸ ਲੈਣ ਲਈ ਜਾ ਰਿਹਾ ਸੀ। ਇਸ ਦੁਖਦਾਈ ਘਟਨਾ ‘ਚ ਮਾਰੇ ਗਏ ਨਿਰਦੋਸ਼ ਨੌਜਵਾਨ ਦੇ ਸੰਤਾਪ ਨੇ ਸਿਟੀ ਕੌਂਸਲ, ਪੁਲੀਸ, ਸਕੂਲ ਬੋਰਡ ਅਤੇ ਸਮੂਹ ਅਧਿਕਾਰਤ ਲੋਕਾਂ ਨੂੰ ਮੌਜੂਦਾ ਸੰਕਟਮਈ ਸਥਿੱਤੀ ਵਿੱਚ ਲਿਆ ਖੜ੍ਹਾ ਕੀਤਾ ਹੈ। ਅਗਸਤ ਮਹੀਨੇ ਤੋਂ ਹੁਣ ਤੱਕ ਐਬਟਸਫੋਰਡ ‘ਚ 4 ਮੌਤਾਂ ਹੋ ਚੁੱਕੀਆਂ ਹਨ। ਅਗਸਤ ‘ਚ ਗਗਨ ਧਾਲੀਵਾਲ ਅਕਤੂਬਰ ਦੇ ਪਹਿਲੇ ਹਫਤੇ ਵਰਿੰਦਰਪਾਲ ਵੀਪੀ ਨੂੰ ਮਿਸ਼ਨ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਜਦ ਕਿ ਤੀਜੇ ਹਫ਼ਤੇ ਮਨਵੀਰ ਗਰੇਵਾਲ ਨੂੰ ਸਾਊਥ ਫਰੇਜ਼ਰ ਵੇਅ ‘ਤੇ ਸਥਿੱਤ ਬੈਂਕ ਦੇ ਏ ਟੀ ਐਮ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਹ ਵੀ ਜ਼ਿਕਰਯੋਗ ਹੈ ਇਸ ਦਾ ਅਪਰਾਧੀ ਪਿਛੋਕੜ ਨਹੀਂ ਸੀ ਪਰ ਗੈਂਗ ਹਿੰਸਾ ਵਿੱਚ ਸ਼ਾਮਲ ਗਰੋਹਾਂ ਵੱਲੋਂ ਸ਼ੁਰੂ ਕੀਤੀ ਗਈ ਬਦਲਾਖੋਰੀ ਦੀ ਨੀਤੀ ਅਧੀਨ ਬੇਗੁਨਾਹ ਪਰਿਵਾਰਕ ਮੈਂਬਰਾਂ ਨੂੰ ਸ਼ਿਕਾਰ ਬਣਾਕੇ ਇੱਕ ਦੂਜੇ ਨੂੰ ਦੁੱਖ ਦੇਣ ਅਤੇ ਉਕਸਾਉਣ ਦੀਆਂ ਅਜਿਹੀਆਂ ਕਾਰਵਾਈਆਂ ਦਾ ਭਵਿੱਖ ਵੱਡਾ ਖਤਰਾ ਹੈ ਜਿਹੜੀ ਕਿ ਸਭ ਤੋਂ ਗੰਭੀਰ ਸਮੱਸਿਆ ਹੈ। ਸਮੂਹ ਭਾਈਚਾਰੇ ਵੱਲੋਂ ਪੁਲੀਸ, ਪ੍ਰਸਾਸ਼ਨ ਅਤੇ ਸਿਆਸਤਦਾਨਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਅਜੇ ਤੱਕ ਕਿਸੇ ਵੀ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ।