ਕੀ ਪੰਜਾਬੀ ਨੌਜਵਾਨਾਂ ਵਿਚਲੀਆਂ ਗੈਂਗ ਵਾਰਦਾਤਾਂ ਕਦੇ ਰੁਕਣਗੀਆਂ ?

ਕੀ ਪੰਜਾਬੀ ਨੌਜਵਾਨਾਂ ਵਿਚਲੀਆਂ ਗੈਂਗ ਵਾਰਦਾਤਾਂ ਕਦੇ ਰੁਕਣਗੀਆਂ ?

ਅਪਰਾਧਾਂ ਨੂੰ ਨੱਥ ਪਾਉਣ ‘ਚ ਨਾਕਾਮਯਾਬ ਹੋਈਆਂ ਸਰਕਾਰਾਂ

ਅਮਰਪਾਲ ਸਿੰਘ : ਪਿਛਲੇ ਚਾਰ ਮਹੀਨਿਆਂ ਤੋਂ ਸ਼ਾਇਦ ਕੋਈ ਹਫ਼ਤਾ ਅਜਿਹਾ ਲੰਘਿਆ ਹੋਵੇਗਾ ਜਦੋਂ ਕਿਸੇ ਨੌਜਵਾਨ ਦੀ ਮੌਤ ਮੀਡੀਏ ਦੀਆਂ ਸੁਰਖੀਆਂ ਨਾ ਬਣਦੀ ਹੋਵੇ। ਜਦੋਂ ਵੀ ਕਿਸੇ ਨੌਜਵਾਨ ਨੂੰ ਗੈਂਗ ਵਾਰਦਾਤ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਥੋੜੇ ਦਿਨਾਂ ਬਾਅਦ ਉਸ ਨੌਜਵਾਨ ਦਾ ਨਾਮ ਲੋਕ ਭੁੱਲ ਜਾਂਦੇ ਹਨ ਅਤੇ ਫਿਰ ਕੋਈ ਮਨਹੂਸ ਖ਼ਬਰ ਆ ਜਾਂਦੀ ਹੈ ਜਦੋਂ ਕਿਸੇ ਹੋਰ ਪਰਿਵਾਰ ਦੇ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਆਖਰ ਕਦੋਂ ਤੱਕ ਇਹ ਸਿਲਸਲਾ ਜਾਰੀ ਰਹੇਗਾ?
ਨੌਜਵਾਨਾਂ ਦੀ ਗੈਂਗ ਹਿੰਸਾ ਤੋਂ ਬਿਨਾ ਹੋਰ ਵੀ ਕਈ ਅਪਰਾਧਾਂ ਦੀਆਂ ਘਟਨਾਵਾਂ ਲੋਅਰਮੇਲੈਂਡ ਅਤੇ ਫਰੇਜ਼ਰ ਵੈਲੀ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਹਨ। ਪਿਛੇ ਜਿਹੇ ਆਰ.ਸੀ.ਐਮ.ਪੀ. ਵਲੋਂ ਤਾਜ਼ਾ ਜਾਰੀ ਕੀਤੇ ਗਏ ਅੰਕੜਿਆਂ ‘ਚ ਖੁਲਾਸਾ ਕੀਤਾ ਗਿਆ ਹੈ ਕਿ ਸਰੀ ਸ਼ਹਿਰ ਅਪਰਾਧ ਦੇ ਮਾਮਲਿਆਂ ‘ਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਤਬਦੀਲੀ ਨਹੀਂ ਲਿਆ ਸਕਿਆ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਬੀਤੇ ਸਾਲ ਜਨਵਰੀ ਤੋਂ ਸਤੰਬਰ ਤੱਕ ਲੱਗਭਗ 32,477 ਅਪਰਾਧਿਕ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ ਇਸ ਸਾਲ ਵੀ ਇਨ੍ਹਾਂ ਮਾਮਲਿਆਂ ਦੀ ਗਿਣਤੀ 32,379 ਹੈ।
ਆਰ.ਸੀ.ਐਮ.ਪੀ. ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਇਸ ਸਾਲ ਦੇ ਪਹਿਲੇ 9 ਮਹੀਨਿਆਂ ‘ਚ 42666 ਹਿੰਸਕ ਅਪਰਾਧ, 9 ਕਤਲ, 193 ਡਕੈਤੀਆਂ, 267 ਜਿਨਸੀ ਹਮਲੇ, 9 ਕਤਲ ਦੀਆਂ ਵਾਰਦਾਤਾਂ, 2207 ਲੜਾਈ-ਝਗੜੇ ਦੇ ਮਾਮਲੇ, 48 ਅਗਵਾ ਦੇ ਮਾਮਲੇ ਅਤੇ ਲੱਗਭਗ 20259 ਜਾਇਦਾਦ ਸਬੰਧੀ ਅਪਰਾਧਕ ਮਾਮਲੇ ਸਿਰਫ਼ ਸਰੀ ‘ਚ ਦਰਜ ਹੋਏ। ਇਨ੍ਹਾਂ ਤੋਂ ਇਲਾਵਾ 7854 ਦੂਸਰੇ ਕ੍ਰਿਮੀਨਲ ਕੋਡ ਅਪਰਾਧਾਂ ਤਹਿਤ ਵੀ ਦਰਜ ਹੋਏ ਜਿਨ੍ਹਾਂ ‘ਚ ਅਦਾਲਤੀ ਆਦੇਸ਼ਾਂ ਦੀ ਉਲੰਘਣਾ, ਗੈਰਕਾਨੂੰਨੀ ਹਥਿਆਰਾਂ ਸਬੰਧੀ ਮਾਮਲੇ ਸਾਹਮਣੇ ਆਏ। ਬੀਤੇ ਸਾਲ ਦੀ ਤੁਲਨਾ ਮੁਤਾਬਕ ਇਸ ਸਾਲ ਵੀ ਅਪਰਾਧਾਂ ਦੇ ਮਾਮਲਿਆਂ ‘ਚ ਕੋਈ ਫਰਕ ਨਜ਼ਰ ਨਹੀਂ ਆਇਆ। ਆਰ.ਸੀ.ਐਮ.ਪੀ. ਵਲੋਂ ਜਾਰੀ ਰਿਪੋਰਟ ‘ਚ ਦਰਸਾਇਆ ਗਿਆ ਹੈ ਕਿ ਪਿਛਲੇ ਸਾਲ 4263 ਹਿੰਸਕ ਅਪਰਾਧ, 10 ਕਤਲ, 250 ਡਕੈਤੀਆਂ, 284 ਜਿਨਸੀ ਅਪਰਾਧ 9 ਕਤਲ ਦੀਆਂ ਵਾਰਦਾਤਾਂ, 226 ਲੜਾਈ-ਝਗੜੇ ਦੇ ਮਾਮਲੇ, 51 ਅਗਵਾ ਕਰਨ ਦੇ ਮਾਮਲੇ ਅਤੇ ਲੱਗਭਗ 22319 ਜਾਇਦਾਦ ਸਬੰਧੀ ਅਪਰਾਧਕ ਮਾਮਲੇ ਦਰਜ ਹੋਏ ਸਨ। ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਦੋ ਸਾਲਾਂ ਦੇ ਸਮੇਂ ਦੌਰਾਨ ਅਪਰਾਧਾਂ ਨੂੰ ਰੋਕਣ ਲਈ ਸਰਕਾਰਾਂ ਵਲੋਂ ਕੀਤੇ ਵਾਅਦੇ ਫਿਲਹਾਲ ਠੁੱਸ ਹੀ ਸਾਬਤ ਹੋਏ ਹਨ।
ਹੁਣ ਤੱਕ ਸਿਰਫ ਪੰਜਾਬੀ ਭਾਈਚਾਰੇ ਦੇ ਹੀ ਸੈਂਕੜੇ ਨੌਜਵਾਨ ਇਸ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਮਾਪਿਆਂ ਦੀ ਨੀਂਦ ਹਰਾਮ ਹੋਈ ਪਈ ਹੈ। ਹਰ ਮਾਪੇ ਨੂੰ ਫਿਕਰ ਰਹਿੰਦਾ ਹੈ ਕਿ ਉਹਨਾਂ ਦਾ ਬੱਚਾ ਇਨ੍ਹਾਂ ਗੈਂਗਾਂ ਵਿੱਚ ਨਾ ਚਲਾ ਜਾਵੇ ਜਾਂ ਇਸ ਦੀ ਹਿੰਸਾ ਦਾ ਸ਼ਿਕਾਰ ਨਾ ਹੋ ਜਾਵੇ ।
ਇਸ ਵੇਲੇ ਸਖ਼ਤ ਲੋੜ ਹੈ ਕਿ ਵਾਰਦਾਤਾਂ ਵਿੱਚ ਮਾਰੇ ਜਾ ਚੁੱਕੇ ਨੌਜਵਾਨਾਂ ਬਾਰੇ ਕੋਈ ਵਿਸ਼ੇਸ਼ ਤਫਤੀਸ਼ ਹੋਵੇ ਅਤੇ ਇਸ ਨੂੰ ਰੋਕਣ ਲਈ ਭਾਈਚਾਰੇ ਵਲੋਂ ਖਾਸ ਯਤਨ ਕੀਤੇ ਜਾਣ।
ਕਈ ਵਾਰ ਪੁਲਿਸ ਵਿਭਾਗ ਨੂੰ ਕਤਲ ਅਤੇ ਕਤਲ ਹੋਣ ਵਾਲੇ ਬਾਰੇ ਜਾਣਕਾਰੀ ਹੁੰਦੀ ਹੈ ਪਰ ਉਹ ਕੁਝ ਨਹੀਂ ਕਰ ਸਕਦੇ ਅਤੇ ਕਈ ਵਾਰ ਗਵਾਹੀ ਦੇਣ ਲਈ ਵੀ ਕੋਈ ਸਾਹਮਣੇ ਨਹੀਂ ਆਉਂਦਾ, ਜਾਂ ਕਾਨੂੰਨ ਅਨੁਸਾਰ ਗੈਂਗ ਮੈਂਬਰਾਂ ਨੂੰ ਸਜ਼ਾ ਮਿਲਣੀ ਅਸੰਭਵ ਹੁੰਦੀ ਹੈ ਅਤੇ ਉਹ ਕੁਝ ਵੀ ਕਰਣ ਤੋਂ ਅਸਮਰਥ ਹੋ ਜਾਂਦੇ ਹਨ। ਇਸ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਮੁੰਡੇ ਤਾਂ ਛੋਟੇ ਪੱਧਰ ਤੇ ਹੀ ਡਰੱਗ ਦਾ ਧੰਦਾ ਕਰਦੇ ਹਨ, ਅਸਲ ਧੰਦੇ ਕਰਨ ਵਾਲੇ ਤਾਂ ਵੱਡੇ ਗੈਂਗ ਹਨ, ਜੋ ਨੌਜਵਾਨ ਮੁੰਡਿਆਂ ਨੂੰ ਇਸ ਧੰਦੇ ਲਈ ਵਰਤਦੇ ਹਨ।
ਇਹ ਵੀ ਸੱਚ ਹੈ ਹਰ ਵਾਰ ਜਦੋਂ ਵੀ ਚੋਣਾਂ ਹੁੰਦੀਆਂ ਹਨ ਚਾਹੇ ਉਹ ਸਿਟੀ, ਪ੍ਰੋਵਿੰਸ਼ਲ ਜਾਂ ਫੈਡਰਲ ਚੋਣਾਂ ਹੋਣ ਇਹ ਮਸਲਾ ਜ਼ਰੂਰ ਅੱਗੇ ਆਉਂਦਾ ਹੈ ਅਤੇ ਫਿਰ ਆਇਆ – ਗਿਆ ਹੋ ਜਾਂਦਾ ਹੈ ਅਤੇ ਗੈਂਗਾਂ ਨੂੰ ਰੋਕਣ ਦੇ ਨਾਮ ਤੇ ਕਈ ਸੰਸਥਾਵਾਂ ਵੀ ਬਣੀਆਂ ਹਨ ਪਰ ਕੋਈ ਸਫਲ ਨਤੀਜਾ ਸਾਹਮਣੇ ਨਹੀਂ ਆ ਰਿਹਾ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਕੁਝ ਵੀ ਯਤਨ ਨਹੀਂ ਕੀਤੇ ਜਾ ਰਹੇ ਧਾਰਮਿਕ ਸੰਸਥਾਵਾਂ ਭਾਈਚਾਰੇ ਨੂੰ ਸੇਧ ਦੇਣ ਦੀ ਬਜਾਏ ਵਪਾਰਕ ਅਦਾਰੇ ਬਣ ਕਿ ਰਹਿ ਗਈਆਂ ਹਨ ।
ਭਾਈਚਾਰੇ ਲਈ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸ਼ਰੇਆਮ ਨੌਜਵਾਨ ਮਾਰੇ ਜਾ ਰਹੇ ਹਨ ਭਾਈਚਾਰਾ ਲਾਚਾਰ ਹੋਇਆ ਜਾਪਦਾ ਹੈ , ਐਬਟਸਫੋਰਡ, ਵੈਨਕੂਵਰ ਕੋਲ ਆਪਣੀ ਪੁਲਿਸ ਹੈ ਪਰ ਵਾਰਦਾਤਾਂ ਉਥੇ ਵੀ ਹੋ ਰਹੀਆਂ ਹਨ ਜਦੋਂ ਭਾਈਚਾਰਾ ਵੈਨਕੂਵਰ ਵਿੱਚ ਜ਼ਿਆਦਾ ਰਹਿੰਦਾ ਸੀ ਉੱਥੇ ਬਹੁਤ ਜ਼ਿਆਦਾ ਵਾਰਦਾਤਾਂ ਉੱਥੇ ਹੀ ਹੁੰਦੀਆਂ ਸਨ , ਹੁਣ ਵੱਡਾ ਭਾਈਚਾਰਾ ਸਰੀ ਅਤੇ ਐਬਟਸਫੋਰਡ ਵਿੱਚ ਰਹਿੰਦਾ ਹੈ ਅਤੇ ਇਹ ਵਾਰਦਾਤਾਂ ਦਾ ਸਿਲਲਿਸਾ ਹੁਣ ਇੱਥੇ ਸ਼ੁਰੂ ਹੋ ਚੁੱਕਾ ਹੈ। ਸਾਨੂੰ ਸੋਚਣਾ ਚਾਹੀਦਾ ਹੈ ਕਿ ਨੌਜਵਾਨ ਗੈਂਗਾਂ ਵਿੱਚ ਕਿਉਂ ਜਾਦੇ ਹਨ ਅਤੇ ਬੱਚਿਆਂ ਨੂੰ ਗੈਂਗਾਂ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਸਕੂਲ ਅਧਿਆਪਕ, ਮਾਪੇ, ਪੁਲੀਸ, ਧਾਰਮਿਕ ਸੰਸਥਾਵਾਂ ਅਤੇ ਸਿਆਸਤਦਾਨਾਂ ਨੂੰ ਰਲ ਕੇ ਭੂਮਿਕਾ ਨਿਭਾਉਣ ਅਤੇ ਬੱਚਿਆਂ ਨੂੰ ਇਸ ਨਾਮੁਰਾਦ ਬਣ ਰਹੀ ਬਿਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕਰਣ। ਅਸੀਂ ਅੱਗੇ ਕਈ ਵਾਰ ਲਿਖਿਆ ਹੈ ਕਿ ਸਿਟੀ ਅਧਿਕਾਰੀਆਂ ਨੂੰ ਸਕੂਲ,ਖੇਡ ਮੈਦਾਨਾਂ (ਗਰਾਂਉਡਾਂ) ਵਿੱਚ ਕੈਮਰੇ ਅਤੇ ਪੁਲੀਸ ਦੀ ਨਫਰੀ ਵੀ ਵਧਾਉਣੀ ਚਾਹੀਦੀ ਹੈ ਤਾਂ ਕਿ ਗੈਂਗ ਦੀ ਭਰਤੀ ਰੁਕ ਸਕੇ ਅਤੇ ਬੱਚਿਆਂ ਦੇ ਸਕੂਲ ਲਾਕਰਾਂ ਨੂੰ ਵੀ ਲਗਾਤਾਰ ਚੈਕ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਭਾਈਚਾਰੇ ਵਲੋਂ ਸਕੂਲ ਟਰਸਟੀਆਂ, ਕੋਂਸਲਰਾਂ, ਐਮ.ਐਲ.ਏਜ਼ ਅਤੇ ਐਮ.ਪੀਜ਼ ‘ਤੇ ਲਗਾਤਾਰ ਦਬਾਓ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਲਈ ਸੁੱਰਖਿਅਤ ਦਾ ਮਹੌਲ ਸਿਰਜਿਆ ਜਾ ਸਕੇ।
ਪੰਜਾਬੀ ਭਾਈਚਾਰੇ ਵਲੋਂ ਜੰਗੀ ਪੱਧਰ ਤੇ ਸਕੂਲੀ ਵਿਦਿਆਰਥੀਆਂ ਦੀਆਂ ਰੁੱਚੀਆਂ ਠੀਕ ਕਰਨ ਲਈ ਵਿਸ਼ੇਸ਼ ਸਾਧਨ ਜਾਂ ਉਪਾਓ ਉਪਲੱਬਧ ਕਰਨੇ ਚਾਹੀਦੇ ਹਨ ਅਤੇ ਵਿਦਿਅਕ ਅਦਾਰਿਆਂ ਵਿੱਚ ਵਿਸ਼ੇਸ਼ ਤੌਰ ਤੇ ਗੈਂਗ ਹਿੰਸਾ ਅਤੇ ਵੱਧ ਰਹੇ ਨਸ਼ਿਆਂ ਬਾਰੇ ਜਾਗਰੂਕ ਕਰਣ ਲਈ ਵਿਸ਼ੇਸ਼ ਯਤਨ ਕਰਣੇ ਚਾਹੀਦੇ ਹਨ। ਨੌਜਵਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਦੇ ਧੰਦਿਆਂ ਨੂੰ ਛੇਤੀ ਪੈਸਾ ਕਮਾਉਣ ਲਈ ਸੁੱਖ ਸਾਧਨ ਮੰਨਿਆ ਸੀ , ਉਹ ਨੌਜਵਾਨਾਂ ਦੀ ਗਲਤ ਸੋਚਣੀ ਸੀ ਕਿਉਂਕਿ ਅਜਿਹੇ ਧੰਦੇ ਕਰਨ ਵਾਲੇ ਜਵਾਨੀ ‘ਚ ਖਤਮ ਹੋ ਗਏ । ਕੋਈ ਅਜਿਹਾ ਪਰਿਵਾਰ ਨਹੀ ਦਿਸਦਾ ਜੋ ਅਜਿਹੇ ਧੰਦਿਆਂ ਕਰਨ ਕਾਰਣ ਸਦਕਾ ਮੌਜਾਂ ਮਾਣਦਾ ਹੋਵੇ, ਸਗੋਂ ਦਿਨ-ਰਾਤ ਸਿਰ ਤੇ ਮੌਤ ਖੜੀ ਰਹਿੰਦੀ ਹੈ।
ਸਰਕਾਰ ਅਤੇ ਧਾਰਮਿਕ ਸੰਸਥਾਵਾਂ ਨੂੰ ਹਿੰਸਕ ਵਾਰਦਾਤਾਂ ਪ੍ਰਤੀ ਸੰਜੀਦਾ ਹੋਣ ਦੀ ਸਖ਼ਤ ਲੋੜ ਹੈ ਤਾਂ ਕਿ ਜੁਰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ।
ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਬਹੁਤ ਜ਼ਿਆਦਾ ਚੌਕਸੀ ਵਰਤਣ ਤਾਂ ਕਿਸੇ ਹੋਰ ਪਰਿਵਾਰ ਦਾ ਚਿਰਾਗ ਨਾ ਬੁਝੇ ।