ਅਰਦਾਸ

ਨਿਮਾਣਿਆਂ ਤੇ ਮਿਹਰ ਕਰ, ਨਿਤਾਣਿਆਂ ਤੇ ਮਿਹਰ ਕਰ
ਤੇਰੇ ਹੀ ਤਾਂ ਬੱਚੇ ਆਂ, ਨਿਆਣਿਆਂ ਤੇ ਮਿਹਰ ਕਰ

ਮਸਾਂ ਫੁਲ ਖਿੜੇ ਆ , ਫਲਾਂ ਦੀ ਉਡੀਕ ਹੈ
ਦੇਖੀਂ ਟੁੱਟ ਜਾਣ ਨਾ , ਟਾਹਣੇਆਂ ਤੇ ਮਿਹਰ ਕਰ
ਆਪਣੇ ਹੀ ਬੱਚਿਆਂ ਨਿਆਣਿਆਂ ਤੇ ਮਿਹਰ ਕਰ

ਝੱਖੜ ਲਿਆਵੀਂ ਨਾ ,ਬਿਜਲੀਆਂ ਗਿਰਾਵੀਂ ਨਾ
ਪੱਕੀਆਂ ਨੇ ਫਸਲਾਂ , ਦਾਣਿਆਂ ਤੇ ਮਿਹਰ ਕਰ
ਧੋਤਿਆਂ ਸਵਾਰਿਆਂ ਛਾਣਿਆਂ ਤੇ ਮਿਹਰ ਕਰ

ਕਰਦੇ ਸਵਾਲ ਜਿਹੜੇ ਤੇਰੀ ਅੱਜ ਹੋਂਦ ਤੇ
ਪੜੇ ਲਿਖੇ ਮੂਰਖਾਂ ,ਸਿਆਣਿਆਂ ਤੇ ਮਿਹਰ ਕਰ
ਝੂਠਿਆਂ ਪਖੰਡੀਆਂ ਦੇ ਲਾਣੇਆਂ ਤੇ ਮਿਹਰ ਕਰ

ਤੂੰ ਦਯਾਵਾਨ ਅਸੀਂ ਗਲਤੀਆਂ ਦੇ ਪੁਤਲੇ
ਅਸੀਂ ਨੀਚ ਪਾਪੀ ,ਅਣਜਾਣੇਆਂ ਤੇ ਮਿਹਰ ਕਰ
ਆਪਣੇ ਹੀ ਬੱਚਿਆਂ ਨਿਆਣਿਆਂ ਤੇ ਮਿਹਰ ਕਰ

ਔਗਣਾਂ ਦੇ ਭਰੇ ਅਸੀਂ ਗੁਣਾਂ ਦਾ ਭੰਡਾਰ ਤੂੰ
ਕੁਲਵੀਰ ਜਿਹੇ ਮਾੜੇ ਮਰ ਜਾਣਿਆਂ ਤੇ ਮਿਹਰ ਕਰ
ਅਸੀਂ ਨੀਚ ਪਾਪੀ ਅੰਞਾਣਿਆਂ ਤੇ ਮਿਹਰ ਕਰ

– ਕੁਲਵੀਰ ਸਿੰਘ ਡਾਨਸੀਵਾਲ