ਜਾਗ ਮੇਰੇ ਲਾਲ

ਜਾਗ ਮੇਰੇ ਲਾਲ

ਲਾਲ ਮੇਰੇ ਉਠ ਫੜ ਕੇ ਪੀ ਲੈ, ਦੁਧ ਦੀ ਭਰੀ ਕਟੋਰੀ ।
ਸ਼ਾਲਾ ਹੋਰ ਲੰਮੇਰੀ ਹੋਵੇ, ਉਮਰ ਤੇਰੀ ਦੀ ਡੋਰੀ ।

ਜਾਗ ਪਿਆ ਸੂਰਜ ਦਾ ਬਚਪਨ ਖੋਲ੍ਹ ਲਈਆਂ ਉਸ ਅੱਖਾਂ ।
ਓਹਦੀਆਂ ਬੁਲ੍ਹੀਆਂ ਚੋਂ ਮੁਸਕਾਨਾਂ, ਡੁਲ੍ਹ ਡੁਲ੍ਹ ਪਈਆਂ ਲੱਖਾਂ ।
ਬੁਲ੍ਹੀਆਂ ਛੋਹ ਕੇ ਤੂੰ ਵੀ ਦੁਧ ਵਿਚ ਭਰ ਦੇ ਗੀਤ ਹਜ਼ਾਰਾਂ,
ਚੰਨ ਦੀਆਂ ਰਿਸ਼ਮਾਂ ਇਸਦੇ ਅੰਦਰ ਰਾਤੀਂ ਮਿਸ਼ਰੀ ਖੋਰੀ ।

ਵੇਖ ਨਾ ! ਇਸ ਵਿਚ ਖਿੜ ਖਿੜ ਹਸੇ, ਤੇਰੇ ਵਰਗਾ ਚਿਹਰਾ ।
ਮੈਂ ਤੇਰੇ ਬੰਦ ਨੈਣਾਂ ਅੰਦਰ, ਵੇਖਾਂ ਸੋਹਲ ਸਵੇਰਾ ।
ਏਸ ਸਵੇਰੇ ਅੰਦਰ ਉਸਰਨ, ਤੇਰੀਆਂ ਆਸਾਂ ਸਧਰਾਂ,
ਜਾਗ ! ਕਿਧਰੇ ਨਾ ਇਸ ਤੇ ਧੂੜੇ ਰਾਤ ਸਿਹਾਈ ਚੋਰੀ ।

ਦੁਧ ‘ਚੋਂ ਆਵੇ ਤੇਰੇ ਪਿਓ ਦੇ, ਮੁੜ੍ਹਕੇ ਦੀ ਖ਼ੁਸ਼ਬੋਈ ।
ਹੁਣ ਤਾਂ ਓਹਦੀਆਂ ਹਡੀਆਂ ਵਿਚ ਵੀ ਬੂੰਦ ਰਹੀ ਨਹੀਂ ਕੋਈ ।
ਓਹਦੀਆਂ ਨਜ਼ਰਾਂ ਤੈਨੂੰ ਨਾਪਣ ਸਰਘੀ ਖੇਤੀਂ ਜਾਂਦੇ,
ਓਹਦੀ ਹਿੰਮਤ ਟੋਲ ਰਹੀ ਏ, ਹੁਣ ਤਾਂ ਕੋਈ ਡੰਗੋਰੀ ।

ਔਹ ਤਕ ਬੈਠਾ ਕਾਂ ਬੇਰੀ ਤੇ ਆਲ੍ਹਣੇ ਵਲ ਪਿਆ ਘੂਰੇ ।
ਆਲ੍ਹਣੇ ਵਿਚਲੇ ਆਂਡਿਆਂ ਦੇ ਹੁਣ ਦਿਨ ਦਿਸਦੇ ਨੇ ਪੂਰੇ ।
ਦੇਰ ਨਾ ਕਰ ! ਹੁਣ ਛੇਤੀ ਉਠ ਕੇ ਗਟ ਗਟ ਕਰਦਾ ਪੀ ਜਾ,
ਇਹ ਵੀ ਇਲ ਕੋਈ ਡੋਲ੍ਹ ਨਾ ਦੇਵੇ ਮਾਰ ਕੇ ਝੁੱਟੀ ਜ਼ੋਰੀ ।

-ਤੇਰਾ ਸਿੰਘ ਚੰਨ