ਸਿੱਖੀ ਸਿਦਕ

ਸਿੱਖੀ ਸਿਦਕ

ਮੁੱਢ ਬੰਨ੍ਹ ਗਿਆ ਕੋਈ ਸ਼ਹੀਦੀਆਂ ਦਾ,
ਤੱਤੀਆਂ ਤਵੀਆਂ ਠੰਢੀਆਂ ਕਰਨ ਵਾਲਾ।
ਕੋਈ ਪੀ ਗਿਆ ਜ਼ਾਮ ਸ਼ਹਾਦਤਾਂ ਦਾ,
ਦੇਗਾਂ ਉੱਬਲਦੀਆਂ ਵਿੱਚ ਕੜ੍ਹਣ ਵਾਲਾ।

ਸੜ ਕੇ ਰੂੰ ‘ਚ ਤਰ ਗਿਆ ਭਵਜਲ ਕੋਈ,
ਸੀਸ ਕਟਾ ਗਿਆ ਖੰਡਾ ਫੜ੍ਹਣ ਵਾਲਾ।
ਕੋਈ ਦੇ ਗਿਆ ਬਲੀਦਾਨ ‘ਭਗਤਾ’,
ਲੁਹਾ ਖੋਪੜੀ ਬਾਣੀ ਪੜ੍ਹਣ ਵਾਲਾ।

ਬੰਦ ਬੰਦ ਸੀ ਗਿਆ ਕਟਵਾ ਕੋਈ,
ਤਿੱਖੇ ਟੋਕਿਆਂ ਮੂਹਰੇ ਅੜਣ ਵਾਲਾ।
ਕੋਈ ਪਾ ਗਿਆ ਸ਼ਹੀਦੀ ਬਾਲ ਉਮਰੇ,
ਖੂਨੀ ਕੰਧ ਵਿੱਚ ਜੋੜਾ ਖੜ੍ਹਣ ਵਾਲਾ।

ਨਾਲ ਆਰਿਆਂ ਚਰਾ ਗਿਆ ਤਨ ਕੋਈ,
ਸਿੱਖੀ ਸਿਦਕ ਲਈ ਸੂਲੀ ਚੜ੍ਹਣ ਵਾਲਾ।
ਦੇ ਸੀਸ ਗਿਆ ਕੋਈ ਧਰਮ ਲਈ,
ਕੋਈ ਵਾਰ ਗਿਆ ਸਰਬੰਸ ਪ੍ਰਣ ਵਾਲਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113