ਕ੍ਰਾਂਤੀ ਲਈ ਬਲਦਾ ਕਣ ਕਣ ਸੰਤ ਰਾਮ ਉਦਾਸੀ

ਕ੍ਰਾਂਤੀ ਲਈ ਬਲਦਾ ਕਣ ਕਣ ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ (20 ਅਪ੍ਰੈਲ 1939-11 ਜਨਵਰੀ 1986) ਪੰਜਾਬੀ ਕਵੀ ਅਤੇ ਗੀਤਕਾਰ ਸੀ। ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ।
ਸੰਤ ਰਾਮ ਉਦਾਸੀ ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹੀਂ ਦਿਨੀਂ, ਦਲਿਤ ਲੋਕਾਂ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਲੁਟ ਸਿੱਖਰਾਂ ਤੇ ਸੀ। ਚੂਹੜਿਆਂ ਨੂੰ ਦੁਹਰੀ ਗੁਲਾਮੀ ਦਾ ਜੀਵਨ ਭੋਗਣਾ ਪੈਂਦਾ ਸੀ। ਨੀਵੀਂ ਜਾਤ ਦੇ ਲੋਕ ਉਚੀ ਜਾਤ ਦੇ ਭਾਂਡਿਆ ਨੂੰ ਭਿੱਟ ਚੜ ਜਾਣ ਦਾ ਡਰੋਂ ਹੱਥ ਨਹੀਂ ਲਾ ਸਕਦੇ ਸੀ। ਦੂਜੀਆਂ ਦਸਤਕਾਰ ਜਾਤਾਂ, ਨਾਈ, ਛੀਂਬੇ, ਝਿਊਰ, ਤਰਖਾਣ ਆਦਿ ਆਪਣੇ ਕਿੱਤੇ ਕਰਕੇ ਰੋਜ਼ੀ ਕਮਾਉਣ ਲਈ ਆਜ਼ਾਦ ਸਨ, ਜਦ ਕਿ ਗੈਰ ਹੁਨਰੀ ਜਾਤ ਲਈ ਜਿਮੀਂਦਾਰਾਂ ਦੇ ਖੇਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ, ਉਨ੍ਹਾਂ ਦੇ ਘਰੀਂ ਗੋਹਾ ਕੂੜਾ ਤੱਕ ਕਰਨਾ ਪੈਂਦਾ ਸੀ। ਭਾਵੇਂ ਚਮਿਆਰ ਜਾਤ ਨੂੰ ਨੀਵੀਂ ਜਾਤ ਵਰਗੀ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਚਮੜੇ ਦਾ ਕੰਮ ਕਰਦੇ ਹੋਣ ਕਰਕੇ ਕੱਚਾ ਮਾਲ ਮੁਫਤ ਮਿਲਣ ਕਾਰਨ ਆਰਥਿਕ ਤੌਰ ਆਪਣੇ ਵਿਕਾਸ ਵਲ ਤੇਜ ਗਤੀ ਨਾਲ ਵਧੀ ਹੈ। ਅਜਿਹੇ ਹਾਲਤ ਵਿੱਚ ਸੰਤ ਰਾਮ ਉਦਾਸੀ ਦਾ ਬਚਪਨ ਬੀਤਿਆ।
ਸੰਤ ਰਾਮ ਉਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ। ਹੋਰ ਉਸ ਸਮੇਂ ਚੂਹੜਿਆਂ ਦੇ ਮੁੰਡਿਆਂ ਲਈ ਸਿਰਫ਼ ਸੀਰੀ ਰਲਣ ਤੋਂ ਸਿਵਾ ਹੋਰ ਸੋਚਿਆ ਵੀ ਨਹੀ ਜਾਂਦਾ ਸੀ। ਪਰ ਉਦਾਸੀ ਨੂੰ ਆਜ਼ਾਦੀ ਉਪਰੰਤ ਹੋਏ ਵਿਦਿਅਕ ਪਸਾਰ ਸਦਕਾ ਪੜ੍ਹਨ ਦਾ ਮੌਕਾ ਮਿਲ ਗਿਆ।
ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖ਼ਾ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ਇੱਕ ਹਰੀਜਨ ਨਾਮਧਾਰੀ ਨੇ ਗਵਰਨਮੈਂਟ ਸਕੂਲਤਾ ਤੋਂ ਪ੍ਰਭਾਵਿਤ ਹੋ ਆਪਣੇ ਹੁਣ ਦੇ ਪਿੰਡ ਸੰਤ ਨਗਰ ਆ ਕੇ ਨਾਮਧਾਰੀ ਨਾਲ ਡਰਾਮਾਂ ਖੇਡਣ ਦਾ ਸ਼ੋਂਕ ਦੱਸਿਆ। 1964 ਤੋਂ 1968 ਦੌਰਾਨ ਉਸਨੇ ਮਾਰਕਸ, ਏਂਗਲਜ਼, ਲੈਨਿਨ, ਗੋਰਕੀ, ਲੂਸ਼ਨ, ਜੂਲੀਅਸ ਫਿਊਚਕ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਲੇਖਕਾਂ ਦੀਆਂ ਕਿਰਤਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਘੋਖਿਆ। 1967 ਵਿਚ ਨਕਸਲਬਾੜੀ ਲਹਿਰ ਦੇ ਲਾਲ ਉਭਾਰ ਨੇ ਇਸ ਕਵੀ ਦਾ ਰੋਮ ਰੋਮ ਵਿੰਨ੍ਹ ਦਿੱਤਾ। 13 ਅਗਸਤ, 1971 ਨੂੰ ਸਾਹਿਤ ਸਭਾ, ਨਕੋਦਰ ਵੱਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉਦਾਸੀ ਪੰਜਾਬ ਪੱਧਰ ਦੇ ਕਵੀ ਦੇ ਤੌਰ ‘ਤੇ ਉੱਭਰਿਆ। 1965 ਦੇ ਦੌਰ ਤੋਂ ਬਾਅਦ ਸੰਤ ਰਾਮ ਉਦਾਸੀ ਨੇ ਆਪਣੀ ਸਮਾਜਕ, ਰਾਜਸੀ ਸੋਝ ਰਾਹੀ ਇਹ ਅਨੁਭਵ ਕਰ ਲਿਆ ਸੀ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੋਤੀ ਕਮਿਊਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜਾਮਨੀ ਨਹੀ ਭਰ ਸਕਦੀਆਂ। ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ, ਸੰਤ ਰਾਮ ਉਦਾਸੀ ਨਕਸਲ ਬਾੜੀ ਲੋਕ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ। ਸੰਤ ਰਾਮ ਉਦਾਸੀ ਦਾ ਜੀਵਨ ਇੰਨੇ ਵਿਸ਼ਾਲ ਕੈਨਵਸ ਵਿੱਚ ਫੈਲਿਆ ਹੋਇਆ ਹੈ ਲੋਕ ਮੁਕਤੀ ਦੇ ਜੁਝਾਰੂ ਸਿਪਾਹੀ ਨੂੰ ਜਿੱਥੇ ਹਕੂਕਤ ਨੇ ਸਰੀਰਕ ਤੌਰ ਤੇ ਆਪਣੇ ਜੁਲਮਾਂ ਦਾ ਸਿਕਾਰ ਬਣਾਇਆ। ਉਥੇ ਉਸਨੂੰ ਹੋਰ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦਲਿੱਤ ਪਰਿਵਾਰ ਦੇ ਹੋਣ ਕਾਰਨ ਉਦਾਸੀ ਕੋਲ ਰੋਜੀ ਦਾ ਵਸੀਲਾ ਵੀ ਸਿਰਫ਼ ਸਕੂਲ ਮਲਾਜ਼ਮਤ ਹੀ ਸੀ। ਜਿਸ ਰਾਹੀਂ ਉਹ ਟੱਬਰ ਦਾ ਪੇਂਟ ਪਾਲਦਾ ਸੀ। ਉਹ ਉੱਚ ਕੋਟੀ ਦਾ ਕਵੀ, ਸਿਪਾਹੀ ਤੇ ਜਿੰਮੇਵਾਰ ਇਨਸਾਨ ਸੀ।
ਕੌਣ ਕਹਿੰਦਾ ਹੈ ਕਿ ਸੰਤ ਰਾਮ ਉਦਾਸੀ ਇਸ ਜਹਾਨ ਤੋਂ ਤੁਰ ਗਿਆ ਹੈ। ਉਹ ਮਰਿਆ ਨਹੀਂ, ਉਹ ਤਾਂ ਸਦਾ ਸਦਾ ਲਈ ਸੂਰਜ ਬਣ ਕੇ ਚਮਕਦਾ ਰਹੇਗਾ। ਸਾਡੇ ਜੁਝਾਰੂ ਕਵੀ ਉਦਾਸੀ ਨੇ ਲੋਕਤਾ ਲਈ ਸਮੇਂ ਦੀ ਕੁੜੱਤਣ ਪੀ ਕੇ ਸਦੀਵਤਾ ਪ੍ਰਾਪਤ ਕੀਤੀ। ਸਦੀਵਤਾ ਦੀ ਸਥਾਪਨਾ ਲਈ ਲੰਬੀ ਸਾਧਨਾ, ਲਗਨ, ਦ੍ਰਿੜ੍ਹਤਾ, ਅਮਲ ਤੇ ਗੰਭੀਰ ਚਿੰਤਨ ਦੀ ਲੋੜ ਹੈ। ਉਦਾਸੀ ਨੇ ਸਾਰੀ ਉਮਰ ਔਕੜਾਂ ਦੇ ਬਾਵਜੂਦ ਉਕਤ ਗੁਣਾਂ ਨੂੰ ਆਪਣੀ ਸ਼ਖ਼ਸੀਅਤ ਵਿੱਚ ਸਮੋਈ ਰੱਖਿਆ। ਇਸੇ ਕਰਕੇ ਉਹ ਕੰਮੀਆਂ ਦੇ ਵਿਹੜੇ ਨੂੰ ਮਘਦਾ ਸੂਰਜ ਬਣ ਕੇ ਰੁਸ਼ਨਾਉਂਦਾ ਰਿਹਾ ਅਤੇ ਭਵਿੱਖ ਵਿੱਚ ਵੀ ਲੋਕ ਕਵੀ ਉਦਾਸੀ ਰੌਸ਼ਨੀ ਦੀਆਂ ਕਿਰਨਾਂ ਬਿਖੇਰਦਾ ਰਹੇਗਾ।
ਸੰਤ ਰਾਮ ਉਦਾਸੀ ਦੇ ਕਾਵਿ ਚਿੰਤਨ ਵਿੱਚ ਲੋਕਤਾ ਦਾ ਰੰਗ ਨਿਰੰਤਰ ਚੱਲਦਾ ਰਿਹਾ ਹੈ। ਉਸਦਾ ਇਹ ਕਾਵਿ ਰੰਗ ਸੁਭਾਵਿਕ ਕਰਮ ਵਿੱਚੋਂ ਪੈਦਾ ਨਹੀਂ ਹੋਇਆ, ਸਗੋਂ ਇਸ ਦੇ ਪਿੱਛੇ ਉਦਾਸੀ ਦੀ ਮਾਰਕਸੀ-ਦਰਸ਼ਨ ਧਾਰਾ ਦੀ ਵਿਗਿਆਨਕ ਸੋਚ ਅਤੇ ਲੋਕ ਲਹਿਰਾਂ ਦੇ ਅਮਲ ਦਾ ਸਿੱਟਾ ਸੀ। ਲੋਕ ਕਵੀ ਸੰਤ ਰਾਮ ਉਦਾਸੀ ਨੂੰ ਕੇਵਲ ਪੰਜਾਬ ਦਾ ਬੱਚਾ ਬੱਚਾ ਹੀ ਨਹੀਂ ਸੀ ਜਾਣਦਾ,ਸਗੋਂ ਉਹ ਬਾਹਰਲੇ ਸੂਬਿਆਂ ਅਤੇ ਸੱਤ ਸਮੰਦਰੋਂ ਪਾਰ ਪੰਜਾਬੀ ਲੋਕਾਂ ਦੇ ਦਿਲਾਂ ਦੀ ਧੜਕਣ ਵੀ ਸੀ। ਜਦੋਂ ਉਸਦੀ ਦੀ ਸੁਰੀਲੀ ਅਤੇ ਰੋਹੀਲੀ ਆਵਾਜ਼ ਹਜ਼ਾਰਾਂ ਲੋਕਾਂ ਦੇ ਇੱਕਠ ਵਿੱਚ ਗੜ੍ਹਕਦੀ ਸੀ ਤਾਂ ਸਰੋਤਿਆਂ ਦੇ ਦਿਲਾਂ ਅੰਦਰ ਲੋਕਾਂ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਪ੍ਰੰਚਡ ਹੋ ਜਾਂਦੀ ਸੀ। ਜਦੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅਪਣੱਤ ਰੱਖਣ ਵਾਲੇ ਲੋਕਾਂ ਨੇ ਉਦਾਸੀ ਦੇ ਇਸ ਜਹਾਨ ਤੋਂ ਤੁਰ ਜਾਣ ਦੀ ਖਬਰ ਸੁਣੀ ਤਾਂ ਇਕਦਮ ਉਹਨਾਂ ਦੇ ਦਿਲਾਂ ਦੀ ਧੜਕਣ ਥੰਮ੍ਹ ਗਈ। ਆਪਣੀ ਮਿੱਟੀ ਲਈ ਜਾਨ ਕੁਰਬਾਨ ਕਰਨ ਵਾਲਾ ਕਵੀ, ਆਪਣੀ ਜਨਮ ਭੂਮੀ ਰਾਏਸਰ ਤੋਂ ਤਕਰੀਬਨ ਹਜ਼ਾਰ ਮੀਲ ਦੂਰ ਪਿੰਡ ਵਾਪਸੀ ਸਮੇਂ ਨੰਦੇੜ ਦੇ ਰੇਲਵੇ ਸਟੇਸ਼ਨ ‘ਤੇ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸਦੀ ਮੌਤ ਦੀ ਖਬਰ ਸੁਣ ਕੇ ਸ਼ਾਇਦ ਹੀ ਕੋਈ ਅਜਿਹਾ ਅਭਾਗਾ ਪੰਜਾਬੀ ਹੋਵੇਗਾ, ਜਿਸਦੀ ਅੱਖ ਨਮ ਨਾ ਹੋਈ ਹੋਵੇ। ਫਰਾਂਸੀਸੀ ਕਿਰਤੀ ਯੁਜੀਨ ਪੋਤੀਏ, ਜਿਸਨੇ ਪ੍ਰਸਿੱਧ ਪ੍ਰੋਲੇਤਾਰੀ ਤਰਾਨਾ ‘ਇੰਟਰਨੈਸ਼ਨਲ’ ਲਿਖਿਆ, ਵਾਂਗ ਉਦਾਸੀ ਵੀ ਬਚਪਨ ਤੋਂ ਲੈ ਕੇ ਜਿੰਦਗੀ ਦੇ ਅਖੀਰਲੇ ਪਲਾਂ ਤੱਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਰਿਹਾ। ਪਰ ਉਸਨੇ ਆਪਣੀ ਕਲਮ ਅਤੇ ਅਮਲ ਦੀ ਲੜਾਈ ਤੋਂ ਕੰਡ ਨਹੀਂ ਭੁਆਈ। ਆਪਣੀਆਂ ਸਾਹਿਤਕ ਅਤੇ ਲੋਕ ਕਲਾ ਵਿੱਚ ਸਰਗਰਮ ਸ਼ਿਰਕਤਾਂ ਕਰਕੇ ਉਦਾਸੀ ਨੂੰ ਅਨੇਕਾਂ ਵਾਰੀ ਹਾਕਮ ਜਮਾਤ ਦੇ ਜਾਬਰ ਹੱਥ-ਕੰਡਿਆਂ ਦਾ ਸ਼ਿਕਾਰ ਹੋਣਾ ਪਿਆ। ‘ਪੁੱਛ-ਗਿੱਛ’ ਕੇਂਦਰਾਂ ਦੇ ਅਣਮਨੁੱਖੀ ਤਸੀਹੇ ਉਦਾਸੀ ਨੂੰ ਉਸਦੀ ਮੰਜ਼ਿਲ ਤੋਂ ਭਟਕਾ ਨਹੀਂ ਸਕੇ, ਸਗੋਂ ਉਹ ਸ਼ੁੱਧ ਸੋਨਾ ਬਣਕੇ ਚਮਕਦਾ ਰਿਹਾ।
ਸਾਹਿਤਕਾਰ ਦਾ ਲੋਕ-ਪੱਖੀ ਹੋਣਾ ਅਤਿਅੰਤ ਜ਼ਰੂਰੀ। ਜਿਹੜਾ ਸਾਹਿਤਕਾਰ ਇਸ ਕਰਤੱਵ ਵਿੱਚ ਪੂਰਾ ਨਹੀਂ ਉੱਤਰਦਾ, ਉਹ ਅਸਲੀ ਸਾਹਿਤਕਾਰ ਨਹੀਂ ਅਖਵਾ ਸਕਦਾ। ਸਾਹਿਤ ਦੇ ਸੰਚਾਰ ਲਈ ਇਹ ਲਾਜ਼ਮੀ ਹੈ ਕਿ ਜਿਨ੍ਹਾਂ ਲੋਕਾਂ ਲਈ ਸਾਹਿਤ ਲਿਖਿਆ ਗਿਆ ਹੈ, ਉਹ ਉਹਨਾਂ ਦੀ ਜ਼ੁਬਾਨ ਵਿੱਚ ਹੋਵੇ ਅਤੇ ਉਨ੍ਹਾਂ ਤੱਕ ਪਹੁੰਚ ਕਰ ਸਕੇ। ਉਦਾਸੀ-ਕਾਵਿ ਦੀ ਇਹ ਵਿਲੱਖਣਤਾ ਅਤੇ ਖੂਬੀ ਹੈ ਕਿ ਜਿਨ੍ਹਾਂ ਲੋਕਾਂ ਲਈ ਉਸਨੇ ਸਾਹਿਤ ਰਚਿਆ, ਉਹ ਉਹਨਾਂ ਲੋਕਾਂ ਤੱਕ ਪਹੁੰਚਿਆ।
ਉਦਾਸੀ ਦੇ ਪੱਖ ਵਿੱਚ ਇੱਕ ਗੱਲ ਹੋਰ ਵੀ ਜਾਂਦੀ ਹੈ ਕਿ ਉਹ ਖੁਦ ਗਾਇਕ ਸੀ। ਉਸਨੇ ਵਧੇਰੇ ਗੀਤ ਹੀ ਲਿਖੇ ਹਨ। ਇਕ ਚੰਗੇ ਗੀਤ ਲਈ ਸਰਲ ਅਤੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਉਸ ਵਿੱਚ ਲੈਅ ਦਾ ਹੋਣਾ ਵੀ ਲਾਜ਼ਮੀ ਹੈ। ਉਦਾਸੀ ਦੇ ਸਾਰੇ ਗੀਤ ਇਸ ਸ਼ਰਤ ਨੂੰ ਪੂਰਾ ਕਰਦੇ ਹਨ।
ਉਦਾਸੀ ਦੀ ਕਵਿਤਾ ਵਿਚਲੀ ਪ੍ਰੇਰਨਾ ਦੀ ਪਿੱਠ-ਭੂਮੀ ਵਿੱਚ ਸਿੱਖ ਇਤਿਹਾਸ ਦੀ ਆਪਣੀ ਇੱਕ ਵਿਲੱਖਣ ਥਾਂ ਹੈ। ਉਸਨੇ ਸਿੱਖ ਇਤਿਹਾਸ ਵਿੱਚੋਂ ਬੁਹਤ ਸਾਰੇ ਪ੍ਰਸੰਗਾਂ ਨੂੰ ਆਪਣੀ ਵਿਗਿਆਨਕ ਸੋਚ ਦੇ ਨਜ਼ਰੀਏ ਕਰਕੇ ਅਜੋਕੇ ਹਾਲਾਤ ਦੇ ਸੰਦਰਭ ਵਿੱਚ ਇਨਕਲਾਬੀ ਪੁੱਠ ਦੀ ਰੰਗਣ ਦਿੱਤੀ ਹੈ। ਉਦਾਸੀ ਨੇ ਸਿੱਖ ਇਤਿਹਾਸ ਦੇ ਪ੍ਰਸੰਗਾਂ ਨੂੰ ਆਪਣੀ ਕਾਵਿਤਾ ਵਿੱਚ ਪੇਸ਼ ਕਰਨ ਸਮੇਂ ਉਹਨਾਂ ਪਾਤਰਾਂ ਨੂੰ ਪਹਿਲ ਦਿੱਤੀ, ਜਿਹੜੇ ਦਲਿਤ ਵਰਗਾਂ ਵਿੱਚੋਂ ਆਉਂਦੇ ਹਨ। ਉਦਾਸੀ-ਕਾਵਿ ਦੀ ਇਹ ਵੀ ਵਿਲੱਖਣਤਾ ਬਣਦੀ ਹੈ ਕਿ ਉਸਨੇ ਮਜ਼ਦੂਰ ਵਰਗ ਦੀਆਂ ਤੰਗੀਆਂ-ਤੁਰਸ਼ੀਆਂ, ਥੁੜਾਂ, ਔਕੜਾਂ ਅਤੇ ਭਾਵਨਾਵਾਂ ਦੀ ਪੇਸ਼ਕਾਰੀ ਕਲਾਤਮਿਕਤਾ ਰਾਹੀਂ ਅਭਿਵਿਅਕਤ ਕੀਤੀ ਹੈ, ਕਿਉਂਕਿ ਸੰਤ ਰਾਮ ਉਦਾਸੀ ਨੇ ਇਨ੍ਹਾਂ ਨੂੰ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਜਦੋਂ ਸਾਡੇ ਕਈ ਜੁਝਾਰੂ ਸ਼ਾਇਰ ਕਹਿਣ ਨੂੰ ਤਾਂ ਮਜ਼ਦੂਰ ਜਮਾਤ ਦੇ ਕਵੀ ਅਖਵਾਉਣ ਵਿੱਚ ਮੋਹਰੀ ਰਹੇ, ਪਰ ਉਹਨਾਂ ਦੀ ਪਹੁੰਚ ਅਤੇ ਪਕੜ ਉਦਾਸੀ ਕਾਵਿ ਦੇ ਹਾਣ ਦੀ ਨਾ ਹੋ ਸਕੀ। ਮਜ਼ਦੂਰ ਸ਼ਰੇਣੀ ਦੇ ਸਮਾਜਿਕ ਯਥਾਰਥ ਨੂੰ ਉਦਾਸੀ ਇੰਝ ਪ੍ਰਗਟਾਉਂਦਾ ਹੈ:
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਇਸ ਤਰ੍ਹਾਂ ਦੀ ਖੁਰਦਬੀਨੀ-ਨੀਝ ਉਦਾਸੀ ਦੇ ਹਿੱਸੇ ਹੀ ਆਉਂਦੀ ਜਾਪਦੀ ਹੈ। ਸ਼ੋਸ਼ਿਤ ਵਰਗ ਦੀ ਆਰਥਿਕ ਲੁੱਟ-ਖਸੁੱਟ ਤਾਂ ਹੁੰਦੀ ਹੀ ਹੈ। ਉਦਾਸੀ ਨੇ ਇਸ ਦੁਖਾਂਤਿਕ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:
ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ
ਪੰਜਾਬੀ ਸਾਹਿਤ ਵਿੱਚ ‘ਪਾਲੀ-ਮੰਡਿਆਂ’ ਦਾ ਜ਼ਿਕਰ ਅਨੇਕਾਂ ਸਾਹਿਤਕਾਰਾਂ ਨੇ ਕੀਤਾ ਹੈ। ਪਰ ਪਾਲੀ-ਮੁੰਡਿਆਂ ਦੇ ਜੀਵਨ ਨੂੰ ਉਦਾਸੀ ਨੇ ਯਥਾਰਥਕ ਪੱਧਰ ਦੀ ਜਿਸ ਪੇਸ਼ਕਾਰੀ ਤੋਂ ਸਾਡੇ ਸਾਹਮਣੇ ਬਿਆਨ ਕੀਤਾ ਹੈ, ਉਹ ਬਹੁਤ ਹੀ ਕਮਾਲ ਦੀ ਮਿਸਾਲ ਬਣਦੀ ਹੈ। ਪਾਲੀ ਆਪ ਤਾਂ ਮੱਝੀਆਂ ਚਾਰ ਕੇ ਦੂਜਿਆਂ ਦੇ ਪੋਣਿਆਂ ਨੂੰ ਥੰਧਾ ਕਰਦਾ ਹੈ, ਪਰ ਵੇਦਨਾ ਇਸ ਗੱਲ ਦੀ ਹੈ ਕਿ ਉਸ ਦਾ ਆਪਣਾ ਪੋਣਾ ਥੰਧਾ ਨਹੀਂ ਹੁੰਦਾ ਹੈ। ਉਦਾਸੀ ਨੇ ਇਸ ਤ੍ਰਾਸਦੀ ਨੂੰ ਇੰਝ ਪ੍ਰਗਟਾਇਆ ਹੈ।
ਪਾਲੀ ਮੁੰਡਿਆ, ਹੱਕੀ ਜਾਨੈ ਵੱਡਾ ਵਲ ਪਿੰਡ ਦਾ ਖੰਧਾ
ਤੇਰਾ ਪੋਣਾ ਪਰ,
ਤੇਰਾ ਪੋਣਾ ਪਰ ਅਜੇ ਤੱਕ ਨਾ ਹੋਇਆ ਥੰਧਾ
ਕੋਈ ਵੀ ਸਾਹਿਤਕਾਰ ਆਪਣੇ ਸਮੇਂ ਵਿੱਚ ਚੱਲ ਰਹੀਆ ਲਹਿਰਾਂ ਤੋਂ ਅਭਿੱਜ ਨਹੀਂ ਰਹਿ ਸਕਦਾ ਹੈ। ਉਹ ਉਹਨਾਂ ਲਹਿਰਾਂ ਦਾ ਆਪਣੇ ਦ੍ਰਿਸ਼ਟਕੋਣ ਰਾਹੀਂ ਵਿਸ਼ਲੇਸ਼ਣ ਕਰਦਾ ਹੈ। ਸ਼ੁਦਾਸੀ ਦਾ ਇਸ ਪ੍ਰਤੀ ਉਲਾਰ ਦ੍ਰਿਸ਼ਟੀਕੋਣ ਨਹੀਂ ਹੈ। ਉਹ ਤਾਂ ਦੋਸ਼ੀ ਧਿਰਾਂ ਉੱਪਰ ਵੀ ਉਂਗਲ ਧਰਦਾ ਹੈ। ਉਦਾਸੀ ਦੀ ਇਹ ਵੇਦਨਾ ‘ਕਿਸ ਨੂੰ ਵਤਨ ਕਹੂੰਗਾ’ ਅਤੇ ‘ਮੈ ਹਾਂ ਪੰਜਾਬ ਬੋਲਦਾ’ ਗੀਤਾਂ ਰਾਹੀਂ ਪ੍ਰਗਟ ਹੁੰਦੀ ਹੈ:
ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ
ਉਦਾਸੀ ਦੀ ਆਪਣੇ ਕਾਜ਼ ਪ੍ਰਤੀ ਅਡੋਲਤਾ ਅਤੇ ਦ੍ਰਿੜ੍ਹਤਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਉਹ ਲੋਕ ਘੋਲ਼ ਦੇ ਸ਼ਹੀਦਾਂ ਨੂੰ ਭੁੱਲਦਾ ਨਹੀਂ ਹੈ। ਉਹ ਉਹਨਾਂ ਨੂੰ ਸ਼ਰਧਾਂਜਲੀ ਅਰਪਤ ਕਰਦਾ ਹੋਇਆ ਕਹਿੰਦਾ ਹੈ ਕਿ ਤੁਹਾਡੇ ਵਲੋਂ ਚਲਾਏ ਸੰਗਰਾਮਾਂ ਨੂੰ ਅਸੀਂ ਆਖਰੀ ਸਾਹਾਂ ਤੱਕ ਮਘਦਾ ਰੱਖਾਂਗੇ:
ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ
ਬਲਦੀ ਚਿਖਾ ਹੁਣ ਠੰਢੀ ਨਹੀਂ ਹੋਣ ਦੇਣੀ
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ।
ਲੁਟੇਰੀ ਜਮਾਤ ਲੋਕਾਂ ਘੋਲਾਂ ਨੂੰ ਕੁਚਲਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੀ ਹੈ। ਪਰ ਹੱਕ-ਸੱਚ ਦੀ ਲੜਾਈ ਲੜਨ ਵਾਲੇ ਕਾਫਲੇ ਤਾਂ ਵਧਦੇ ਹੀ ਰਹਿੰਦੇ ਹਨ। ਭਾਵੇਂ ਕੁਝ ਸਮੇਂ ਲਈ ਲਹਿਰ ਮੱਠੀ ਪੈ ਜਾਵੇ ਪਰ ਅੰਤਮ ਜਿੱਤ ਤਾਂ ਵਧ ਰਹੇ ਕਾਫਲਿਆਂ ਦੀ ਹੀ ਹੁੰਦੀ ਹੈ:
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ,
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਹੀਂ,
ਏਡੀ ਲੰਮੀ ਏ ਸਾਡੀ ਕਤਾਰ ਲੋਕੋ।
ਸਮਾਜਵਾਦੀ ਵਿਵਸਥਾ ਵਾਲੇ ਪ੍ਰੰਬਧ ਵਿੱਚ, ਹਰ ਸ਼ੈਅ ਸਾਰੇ ਸਮਾਜ ਦੀ ਹੁੰਦੀ ਹੈ। ਕਿਸੇ ਵੀ ਖੇਤਰ ਵਿੱਚ ਇਕੱਲੇ ਵਿਅਕਤੀ ਦੀ ਤੇਰ-ਮੇਰ ਨਹੀਂ ਹੁੰਦੀ। ਸਾਰੇ ਹੀ ਲੋਕ ਖੁਸ਼ੀ ਅਤੇ ਗਮੀ ਵਿੱਚ ਸ਼ਰੀਕ ਹੁੰਦੇ ਹਨ। ਇਸਦੇ ਉਲਟ ਲੁਟੇਰੇ ਸਮਾਜੀ ਪ੍ਰੰਬਧ ਵਿੱਚ ਮਨੁੱਖਤਾ ਦੀ ਕਣੀ ਨਾ ਮਾਤਰ ਵੀ ਨਹੀਂ ਹੁੰਦੀ। ਕਿਰਤੀਆਂ ਦੇ ਮੁੜ੍ਹਕੇ ਦਾ ਕੋਈ ਮੁੱਲ ਨਹੀਂ ਪੈਦਾ ਸਗੋਂ ਤਿੱਪ ਤਿੱਪ ਕਰਕੇ ਉਹਨਾਂ ਦਾ ਖੂਨ ਪੀਤਾ ਜਾਂਦਾ ਹੈ। ਸਾਡਾ ਜੁਝਾਰੂ ਸ਼ਾਇਰ ਉਦਾਸੀ ਸਾਮਾਜਵਾਦੀ ਪ੍ਰਬੰਧ ਅਤੇ ਲੁਟੇਰੇ ਸਮਾਜੀ ਪ੍ਰਬੰਧ ਦਾ ਤੁਲਨਾਤਮਕ ਅਧਿਐਨ ਲੁਟੇਰੀ ਜਮਾਤ ਪ੍ਰਤੀ ਨਫਰਤ ਅਤੇ ਸੱਜਰੀ ਸਵੇਰ – ਭਾਵ ਸਮਾਜਵਾਦੀ ਪ੍ਰਬੰਧ ਦੀ ਸਿਰਜਣਾ ਲਈ ਉਸਾਰੂ ਭਾਵਨਾਵਾਂ ਰੂਪਮਾਨ ਕਰਦਾ ਹੈ। ਉਦਾਸੀ ਦਾ ਇਹ ਤੁਲਨਾਤਮਕ ਅਧਿਐਨ ਉਸਦੀ ਨਜ਼ਮ ‘ਸਾਥੀ ਮਾਓ ਦੇ ਨਾਂ’ ਅਤੇ ਗੀਤ ‘ਲੈਨਿਨ ਦੇ ਨਾਂ’ ਵਿੱਚੋਂ ਬਹੁਤ ਸਪਸ਼ਟ ਅਰਥਾਂ ਵਿੱਚ ਉੱਘੜਕੇ ਪੇਸ਼ ਹੁੰਦਾ ਹੈ:
ਤੇਰੇ ਪਿੰਡ ਵਿੱਚ ਰੱਬ, ਖੇਤਾਂ ਦਿਆਂ ਬੱਚਿਆਂ ‘ਤੇ,
ਪਾਹਰੂ ਬਣ ਭੌਂ ਜਾਇਆ ਕਰੇ।
ਮੇਰੇ ਪਿੰਡ ਬੋਹਲ਼ਾਂ ਦੇ ਵਿਚਾਲੇ ਟੋਲਾਂ ਕਾਮਿਆਂ ਦਾ,
ਭੁੱਖਿਆਂ ਹੀ ਸੌਂ ਜਾਇਆ ਕਰੇ।
ਕਵੀ ਸੰਤ ਰਾਮ ਉਦਾਸੀ ਆਪਣੀ ਨਜ਼ਮ ‘ਵਸੀਅਤ’ ਵਿਚ ਲੋਕਾਂ ਨੂੰ ਸੰਬੋਧਨੀ ਸ਼ੈਲੀ ਵਿੱਚ ਵਸੀਅਤਨਾਮਾ ਲਿਖ ਕੇ ਸੰਦੇਸ਼ ਦਿੰਦਾ ਹੈ ਕਿ ਤੁਸੀਂ ਮੇਰੀ ਮੌਤ ਉੱਪਰ ਅੱਥਰੂ ਨਾ ਕੇਰਿਓ, ਸਗੋਂ ਨਵੇਂ ਸਮਾਜ ਦੀਸਿਰਜਣਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਮੇਰੇ ਗੀਤਾਂ ਨੂੰ ਲੋਕ ਸੱਥਾਂ ਵਿੱਚ ਲਿਜਾ ਕੇ, ਸ਼ੋਸ਼ਿਤ ਵਰਗ ਦੀ ਚੇਤਨਾ ਨੂੰ ਪ੍ਰਚੰਡ ਕਰਿਓ ਤਾਂ ਕਿ ਕਿਰਤੀਆਂ ਦੇ ਵਿਹੜੇ ਸੁਨਹਿਰੀ ਨੂਰ ਚਮਕੇ:
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ,
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ।
ਸਾਡਾ ਕਵੀ ਸੰਤ ਰਾਮ ਉਦਾਸੀ ਆਪਣੇ ਪਿੱਛੇ ਪਤਨੀ ਨਸੀਬ, ਤਿੰਨ ਧੀਆਂ, ਦੋ ਪੁੱਤਰ ਅਤੇ ਲੱਖਾਂ ਸਾਥੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਹੈ। ਫਰਾਂਸੀਸੀ ਕਿਰਤੀ ਕਵੀ ਯੁਜਨਿ ਪੋਤੀਏ ਨੇ ਜਦੋਂ ਪ੍ਰਸਿੱਧ ਪ੍ਰੋਲੇਤਾਰੀ ਤਾਰਨਾ ਇੰਟਰਨੈਸ਼ਨਲ ਰਚਿਆ ਤਾਂ ਉਸ ਸਮੇਂ ਕਿਰਤੀ ਕਵੀ ਦੀ ਸਮਝ ਨੂੰ ਅਗੇਰੇ ਲਿਜਾਣ ਵਾਲੇ ਇਨਕਲਾਬੀਆਂ ਦੀ ਗਿਣਤੀ ਮੁੱਠੀ ਭਰ ਹੀ ਸੀ। ਫੇਰ ਉਸ ਦੀ ਸਮਝ ਨੂੰ ਲੱਖਾਂ ਕਰੋੜਾਂ ਕਿਰਤੀਆਂ ਨੇ ਆਪਣਾ ਮੱਕਾ-ਮਦੀਨਾ ਸਮਝਿਆ। ਅੱਜ ਹਰ ਕਿਰਤੀ ਨੇ ਸੰਤ ਰਾਮ ਉਦਾਸੀ ਦੇ ਗੀਤਾਂ ਨੂੰ ਆਪਣੇ ਮਨ ਵਿਚ ਵਸਾ ਕੇ ਹੱਕ-ਸੱਚ ਦਾ ਸੂਰਜ ਮਘਦਾ ਰੱਖਣਾ ਹੈ। ਇਹੋ ਉਸ ਪ੍ਰਤੀ ਸੱਚੀ ਸ਼ਰਧਾਂਜਲੀ ਬਣਦੀ ਹੈ:
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਮੇਰਾ ਪੱਕਾ ਵਿਸ਼ਵਾਸ ਹੈ ਕਿ ਜੁਝਾਰੂ ਕਵੀ ਸੰਤ ਰਾਮ ਉਦਾਸੀ ਸਦਾਕੁੱਲੀਆਂ ਅਤੇ ਢਾਰਿਆਂ ਵਿੱਚ ਮਘਦਾ ਸੂਰਜ ਬਣਕੇ ਚਮਕਦਾ ਰਹੇਗਾ ਅਤੇ ਮਹਿਲ ਮੁਨਾਰਿਆਂ ਨੂੰ ਕੰਬਣੀਆਂ ਛੇੜਦਾ ਰਹੇਗਾ।