ਰੁਝਾਨ ਖ਼ਬਰਾਂ
ਖਾਲਸਾ ਪੰਥ

ਖਾਲਸਾ ਪੰਥ

ਗੁਰੂ ਨਾਨਕ ਦੇਵ ਜੀ ਦੀ ਆਮਦ ਤੋਂ ਪਹਿਲਾਂ ਹਿੰਦੁਸਤਾਨ ਦੀ ਸਮਾਜਿਕ, ਆਰਥਿਕ, ਰਾਜਨੀਤਿਕ ਦਸ਼ਾ ਇਤਨੀ ਗੰਭੀਰ ਹੋ ਚੁੱਕੀ ਸੀ ਕਿ ਵਿਅਕਤੀ ਲਈ ਧਰਮ ਨਿਆਂ ਦੀ ਕੋਈ ਗੱਲ ਨਹੀਂ ਰਹੀ ਸੀ। ਸਮੂਹ ਸਮਾਜ ਵਿੱਚ ਮੁਗਲ ਸ਼ਾਸਕਾਂ ਦੇ ਜ਼ੁਲਮ ਕਾਰਨ ਤ੍ਰਾਹੀ ਮੱਚੀ ਹੋਈ ਸੀ। ਰਾਜੇ ਭੇੜੀਏ ਦਾ ਰੂਪ ਧਾਰਨ ਕਰਕੇ ਪਰਜਾ ਨੂੰ ਆਪ ਹੀ ਨਿਗਲਣ ਲਗੇ ਹੋਏ ਸਨ। ਇਨ੍ਹਾਂ ਵੱਧ ਰਹੇ ਪਾਪਾਂ ਨੂੰ ਰੋਕਣ ਲਈ ਗੁਰੂ ਨਾਨਕ ਨੇ ਕਲਯੁਗ ਵਿੱਚ ਅਵਤਾਰ ਧਾਰਿਆ। ਮੁਗਲਾਂ ਦੇ ਜ਼ੁਲਮਾਂ ਦਾ ਨਾਸ਼ ਕਰਨ ਲਈ ਗੁਰੂ ਜੀ ਨੇ ਸਿੱਖ ਧਰਮ ਦੀ ਨੀਂਹ ਰਖੀ ਤੇ ਸਮੂਹ ਲੋਕਾਈ ਨੂੰ ਉਪਦੇਸ਼ ਦਿੱਤਾ। ਉਨ੍ਹਾਂ ਦਾ ਉਦੇਸ਼ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਸੀ। ਜਿਸ ਦੁਆਰਾ ਉਨ੍ਹਾਂ ਨੇ ਮਾਨਵੀ ਕਲਿਆਣ, ਸਮਾਜਿਕ ਭਾਈਚਾਰਾ, ਨੈਤਿਕ ਮੁੱਲਾਂ ਅਤੇ ਜੀਵਨ ਜਾਚ ਜਿਉਣ ਲਈ ਰਾਹ ਪਧਰਾ ਕੀਤਾ। ਗੁਰੂ ਸਾਹਿਬ ਨੇ ‘ਹੰਸਦਿਆ ਖੇਡਿੰਦਆ ਪਹਿਨਦਿਆ ਵਿਚੈ ਹੋਵੇ ਮੁਕਤਿ’ ਦਾ ਸਿਧਾਂਤ ਦਿੱਤਾ। ਇਸ ਦੇ ਨਾਲ ਸਮੇਂ ਦੇ ਹਾਕਮਾਂ ਵਲੋਂ ਪਰਜਾ ਉੱਤੇ ਹੋ ਰਹੇ ਅਤਿਆਚਾਰਾਂ ਪ੍ਰਤੀ ਵੀ ਆਪਣੀ ਆਵਾਜ਼ ਬੁਲੰਦ ਕੀਤੀ।
ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਸਾਰੇ ਗੁਰੂ ਸਾਹਿਬਾਨ ਨੇ ਧਰਮ ਲਈ ਅਤੇ ਅਨਿਆਇ ਵਿਰੁੱਧ ਸੰਘਰਸ਼ ਜਾਰੀ ਰਖਿਆ। ਗੁਰੂ ਅਰਜਨ ਅਤੇ ਗੁਰੂ ਤੇਗ ਬਹਾਦੁਰ ਜੀ ਨੇ ਧਰਮ ਦੀ ਰਖਿਆ ਹਿਤ ਬਲੀਦਾਨ ਵੀ ਦਿੱਤਾ। ਪ੍ਰੰਤੂ ਮੁਗਲਾਂ ਤੇ ਇਸ ਦਾ ਕੋਈ ਅਸਰ ਨਾ ਹੋਇਆ ਤੇ ਉਨ੍ਹਾਂ ਦਾ ਅਤਿਆਚਾਰ ਦਿਨ-ਪ੍ਰਤੀ-ਦਿਨ ਵਧਣ ਲੱਗਾ। ਪਰਜਾ ਮੁਗਲ ਸ਼ਾਸਕਾਂ ਦੇ ਜ਼ੁਲਮਾਂ ਤੋਂ ਐਨੀ ਡਰੀ ਹੋਈ ਸੀ ਕਿ ਉਹ ਆਪਣੇ ਧਰਮ ਤੋਂ ਬੇ-ਧਰਮ ਹੁੰਦੀ ਜਾ ਰਹੀ ਸੀ। ਲੋਕਾਂ ਨੂੰ ਇਸਲਾਮ ਧਰਮ ਕਬੂਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸ ਜ਼ੁਲਮ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਤਲਵਾਰ ਉਠਾਉਣੀ ਪਈ। ਉਨ੍ਹਾਂ ਦਾ ਕਥਨ ਸੀ ਜਦੋਂ ਸਾਰੇ ਹੀਲੇ-ਵਸੀਲੇ ਖਤਮ ਹੋ ਜਾਣ ਤਾਂ ਤਲਵਾਰ ਉਠਾਉਣੀ ਜਾਇਜ਼ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ: ਵਿੱਚ ਅਨੰਦਪੁਰ ਸਾਹਿਬ ਵਿੱਚ ਵਿਸਾਖੀ ਤੋਂ ਪਹਿਲਾਂ ਹੀ ਸਾਰੇ ਪਾਸੇ ਸੁਨੇਹਾ ਭੇਜਿਆ ਅਤੇ ਲੋਕਾਂ ਨੂੰ ਉਥੇ ਇਕੱਠੇ ਹੋਣ ਦੀ ਆਗਿਆ ਦਿੱਤੀ। ਲਗਭਗ 80 ਹਜ਼ਾਰ ਲੋਕਾਂ ਦਾ ਇਕੱਠ ਅਨੰਦਪੁਰ ਸਾਹਿਬ ਵਿੱਚ ਪਹੁੰਚਿਆ। ਉਥੇ ਇਕ ਵਿਸ਼ਾਲ ਸਭਾ ਲਗਾਈ ਗਈ। ਉਸ ਸਭਾ ਵਿੱਚ ਗੁਰੂ ਸਾਹਿਬ ਨੇ ਇਕ ਕੌਤਕ ਰਚਿਆ। ਉਨ੍ਹਾਂ ਨੇ ਸਭਾ ਵਿੱਚ ਐਲਾਨ ਕੀਤਾ ਕਿ ਮੈਨੂੰ ਇਕ ਸੀਸ ਦੀ ਲੋੜ ਹੈ ਜੋ ਧਰਮ ਦੀ ਖਾਤਰ ਆਪਣਾ ਬਲੀਦਾਨ ਦੇ ਸਕੇ। ਇਹ ਸੁਣ ਕੇ ਸਭ ਦੇ ਸਿਰ ਝੁਕ ਗਏ ਤਾਂ ਉਸ ਇਕੱਠ ਵਿੱਚੋਂ ਇਕ ਵਿਅਕਤੀ ਭਾਈ ਦਇਆ ਰਾਮ ਖੱਤਰੀ ਅੱਗੇ ਆਇਆ, ਜੋ ਲਾਹੋਰ ਦਾ ਵਾਸੀ ਸੀ। ਗੁਰੂ ਸਾਹਿਬ ਉਸ ਨੂੰ ਤੰਬੂ ਪਿਛੇ ਲੈ ਗਏ ਤੇ ਸਿਰ ਝਟਕਾਉਣ ਦੀ ਆਵਾਜ਼ ਗੂੰਜੀ। ਸਭ ਡਰੇ ਹੋਏ ਸਨ ਫਿਰ ਗੁਰੂ ਸਾਹਿਬ ਤੰਬੂ ਵਿਚੋਂ ਬਾਹਰ ਆਏ ਉਨ੍ਹਾਂ ਦੀ ਤਲਵਾਰ ਖੂਨ ਦੇ ਨਾਲ ਲੱਥਪੱਥ ਸੀ। ਬਾਹਰ ਆਕੇ ਗੁਰੂ ਸਾਹਿਬ ਨੇ ਇਕ ਹੋਰ ਸਿਰ ਦੀ ਮੰਗ ਕੀਤੀ ਤਾਂ ਭਾਈ ਧਰਮ ਦਾਸ ਜਾਟ ਜੋ ਕਿ ਹਸਤਿਨਾਪੁਰ ਦਾ ਵਾਸੀ ਸੀ ਅੱਗੇ ਆਇਆ। ਇਸੇ ਤਰ੍ਹਾਂ ਤੀਸਰੀ ਵਾਰ ਭਾਈ ਮੁਹਕਮ ਚੰਦ ਧੋਬੀ ਜੋ ਕਿ ਦਵਾਰਕਾਪੁਰੀ ਦਾ ਨਿਵਾਸੀ ਸੀ ਨੇ ਆਪਣਾ ਸਿਰ ਭੇਟ ਕੀਤਾ। ਚੋਥੀ ਪੁਕਾਰ ਤੇ ਭਾਈ ਹਿੰਮਤ ਰਾਏ ਜਗਨਨਾਥਪੁਰੀ ਨੇ ਆਪਣਾ ਸੀਸ ਹਾਜ਼ਰ ਕੀਤਾ। ਦਸ਼ਮੇਸ਼ ਦੀ ਪੰਜਵੀ ਪੁਕਾਰ ਤੇ ਬਿਦਰ ਦੇ ਸਾਹਿਬ ਚੰਦ ਨਾਈ ਨੇ ਸੀਸ ਭੇਟ ਕਰਨ ਦੀ ਜੋਦੜੀ ਕੀਤੀ। ਇਸ ਤਰ੍ਹਾਂ ਵਾਰੀ-2 ਉਨ੍ਹਾਂ ਨੇ ਪੰਜ ਸੀਸਾਂ ਦੀ ਮੰਗ ਕੀਤੀ। ਇਨ੍ਹਾਂ ਪੰਜਾਂ ਵਿਅਕਤੀਆਂ ਤੋਂ ਖਾਲਸੇ ਦਾ ਨਿਰਮਾਣ ਹੋਇਆ। ਸਭ ਤੋਂ ਪਹਿਲਾ ਦਇਆ ਰਾਮ ਖੱਤਰੀ ਤੋਂ ਖਾਲਸੇ ਵਿੱਚ ਦਇਆ ਆਈ ਤੇ ਖਾਲਸਾ ਪਰਉਪਕਾਰ ਦਾ ਸੋਮਾਂ ਬਣਿਆ। ਦੂਸਰੇ ਵਿਅਕਤੀ ਭਾਈ ਧਰਮਦਾਸ ਤੋਂ ਖਾਲਸੇ ਰੂਪੀ ਦਇਆ ਵਿੱਚ ਧਰਮ ਰੂਪੀ ਸਚਾਈ ਮਿਲ ਗਈ। ਤੀਸਰੇ ਪੁਰਸ਼ ਹਿੰਮਤ ਰਾਏ ਦੇ ਸੀਸ ਨਿਵਾਉਣ ਤੇ ਦਇਆ ਅਤੇ ਧਰਮ ਵਿੱਚ ਹਿੰਮਤ ਪੈਦਾ ਹੋ ਗਈ। ਇਸ ਖਾਲਸੇ ਨੂੰ ਹੋਰ ਪੱਕਿਆਂ ਕਰਨ ਲਈ ਭਾਈ ਮੁਹਕਮ ਜੀ ਨੇ ਬਲੀਦਾਨ ਦਿੱਤਾ ਮੁਹਕਮ ਦਾ ਅਰਥ ਦ੍ਰਿੜ ਵਿਸ਼ਵਾਸ਼ ਹੈ ਇਸ ਤਰ੍ਹਾਂ ਗੁਰੂ ਸਾਹਿਬ ਨੇ ਖਾਲਸੇ ਵਿੱਚ ਵਿਸ਼ਵਾਸ ਦੀ ਭਾਵਨਾ ਪੈਦਾ ਕਰ ਦਿੱਤੀ। ਪੰਜਵੇ ਸਾਹਿਬ ਚੰਦ ਦੇ ਬਲੀਦਾਨ ਨੇ ਖਾਲਸੇ ਨੂੰ ਸਰਦਾਰ ਬਣਾ ਦਿੱਤਾ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਪਰਉਪਕਾਰੀ ਸਚਾਈ ਦੇ ਥੰਮ, ਹਿੰਮਤੀ, ਦ੍ਰਿੜ ਵਿਸ਼ਵਾਸੀ ਖਾਲਸੇ ਨੂੰ ਸਰਦਾਰੀ ਦਿੱਤੀ।
ਇਹ ਪੰਜ ਵਿਅਕਤੀ ਪੰਜ ਪਿਆਰਿਆਂ ਦੇ ਰੂਪ ਵਿੱਚ ਸੰਗਤ ਸਾਹਮਣੇ ਪੇਸ਼ ਕੀਤੇ ਗਏ। ਇਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਇਨ੍ਹਾਂ ਦੇ ਨਾਮ ਨਾਲ ਸਿੰਘ ਸ਼ਬਦ ਜੋੜ ਦਿੱਤਾ ਗਿਆ। ਸਿੰਘ ਦਾ ਅਰਥ ਸ਼ੇਰ ਹੈ। ਸਿੱਖ ਔਰਤਾਂ ਦੇ ਨਾਮ ਨਾਲ ਕੌਰ ਸ਼ਬਦ ਜੋੜਿਆ ਗਿਆ। ਇਹ ਖਾਲਸਾ ਜਾਂ ਅੰਮ੍ਰਿਤ ਕੀ ਹੈ? ਇਹ ਅੰਮ੍ਰਿਤ ਪਵਿਤਰਤਾ, ਸਚਾਈ, ਸਵੱਛਤਾ ਤੇ ਸ਼ਕਤੀ ਦਾ ਪ੍ਰਤੀਕ ਹੈ ਜਿਸ ਨੂੰ ਸਰਬਲੋਹ ਦੇ ਬਾਟੇ ਵਿੱਚ ਖੰਡੇ ਨਾਲ ਪੰਜ ਬਾਣੀਆਂ ਜਪੁਜੀ ਸਾਹਿਬ, ਜਾਪ ਸਾਹਿਬ, ਸਵੱਯੇ ਤਵਪ੍ਰਸਾਦਿ ਚੋਪਈ ਤੇ ਆਨੰਦ ਸਾਹਿਬ ਦਾ ਪਾਠ ਕਰਕੇ ਤਿਆਰ ਕੀਤਾ ਗਿਆ। ਪਾਠ ਦੀ ਸਮਾਪਤੀ ਤੋਂ ਪਹਿਲਾ ਮਾਤਾ ਸਾਹਿਬ ਕੌਰ ਜੀ ਨੇ ਇਸ ਅੰਮ੍ਰਿਤ ਵਿੱਚ ਮਿੱਠੇ ਪਤਾਸੇ ਪਾ ਦਿੱਤੇ ਤਾਂ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ ਕਿ ਖਾਲਸੇ ਵਿੱਚ ਤਾਕਤ ਅਤੇ ਦਲੇਰੀ ਤੋਂ ਇਲਾਵਾ ਕੌਮਲਤਾ ਤੇ ਮਿਠਾਸ ਵੀ ਹੋਵੇਗੀ। ਖਾਲਸਾ ਇਸ ਤਰ੍ਹਾਂ ਪ੍ਰਫੁੱਲਤ ਹੋਵੇਗਾ ਕਿ ਉਹ ਸ਼ਾਂਤੀ ਅਤੇ ਵੀਰਤਾ ਦਾ ਸੁਮੇਲ ਹੋਵੇਗਾ। ਇਨ੍ਹਾਂ ਦਾ ਪਹਿਰਾਵਾ ਤੇ ਰੂਪ ਸਭ ਤੋਂ ਅਲਗ ਹੋਵੇਗਾ। ਇਨ੍ਹਾਂ ਲਈ ਪੰਜ ਕਕਾਰ-ਕੇਸ, ਕੜਾ, ਕੰਘਾ, ਕੱਛਾ ਤੇ ਕਿਰਪਾਨ ਜ਼ਰੂਰੀ ਕਰ ਦਿੱਤੇ। ਇਨ੍ਹਾਂ ਸਾਰੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ। ਪੰਜਾਂ ਨੂੰ ਅੰਮ੍ਰਿਤ ਛਕਾਕੇ ਗੁਰੂ ਜੀ ਨੇ ਆਪ ਉਨ੍ਹਾਂ ਤੋਂ ਅੰਮ੍ਰਿਤ ਛੱਕਣ ਦੀ ਯਾਚਨਾ ਕੀਤੀ। ਇਸ ਤਰ੍ਹਾਂ ਸਿੱਖ ਗੁਰੂ ਤੇ ਗੁਰੂ ਤੋਂ ਸਿੱਖ ਬਣਾ ਦਿੱਤਾ –
ਕਹੀ ਜੁ ਸਤਿਗੁਰ ਪ੍ਰਿਥਮ ਬਿਧ
ਸੋਈ ਪੁਨ ਬਿਧ ਕੀਨ
ਪੰਜ ਭੁਜੰਗੀ ਜੋ ਭਏ
ਗੁਰ ਉਨ ਤੇ ਪਾਹੁਲ ਲੀਨ।
ਵਹੀ ਵਰਤਾਰੇ ਭੁਜੰਗੀਨ ਵਰਤਾਯੋ
ਆਪੇ ਗੁਰ ਚੇਲਾ ਕਹਿਵਾਯੋ
ਯਹੀ ਆਦਿ ਹੁਤ ਆਯੋ ਵਰਤਾਰਾ
ਜਿਨ ਨਾਨਕ ਗੁਰ ਅੰਗਤ ਧਾਰਾ
‘ਆਪੇ ਗੁਰ ਚੇਲਾ’ ਭਾਵ ਆਪ ਗੁਰੂ ਵੀ ਹੋਏ ਤੇ ਚੇਲਾ ਬਣ ਕੇ ਉਨ੍ਹਾਂ ਸਿੰਘਾਂ ਤੋਂ ਅੰਮ੍ਰਿਤ ਦੀ ਦਾਤ ਵੀ ਲਈ। ਗੁਰੂ ਜੀ ਨੇ ਉਨ੍ਹਾਂ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਖਾਲਸਾ ਪ੍ਰਦਾਨ ਕਰਕੇ ਜਾਤ-ਪਾਤ ਦੇ ਧਰਮ ਨੂੰ ਖਤਮ ਕਰ ਦਿੱਤਾ ਇਸ ਤਰ੍ਹਾਂ ਆਪ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ ਅਤੇ ਵਿਸਾਖੀ ਵਾਲੇ ਦਿਨ 1699 ਈ: ਵਿੱਚ ਉਚ-ਨੀਚ ਦਾ ਭੇਦ ਭਾਵ ਮਿਟਾ ਕੇ ਮੁਰਦਾ ਰੂਹਾਂ ਵਿੱਚ ਜਾਨ ਪਾ ਕੇ ਨਵੇਂ ਸਮਾਜ ਦਾ ਨਿਰਮਾਣ ਕੀਤਾ। ਇਹ ਅਜਿਹਾ ਸੰਗਠਨ ਸੀ ਜੋ ਸਮੂਹ-ਜਾਤੀ, ਨਸਲ, ਜਨਮ ਅਤੇ ਕੌਮੀਅਤ ਦੇ ਵਿਤਕਰਿਆਂ ਤੋਂ ਰਹਿਤ ਸੀ। ਅਨੰਦਪੁਰ ਸਾਹਿਬ ਦੀ ਕਹਾਣੀ ਦੇ ਵਿੱਚ ਦੱਸਿਆ ਹੈ ਕਿ ਉਸ ਦਿਨ 20 ਹਜ਼ਾਰ ਦੇ ਲਗਭਗ ਲੋਕਾਂ ਨੇ ਅੰਮ੍ਰਿਤ ਛਕਿਆ। ਪੰਜ ਤੋਂ ਪੰਜਾਹ ਅਤੇ ਫਿਰ ਸੈਂਕੜੇ ਹਜਾਰਾਂ ਖਾਲਸਾ ਬਣ ਗਏ। ਇਹ ਤਾਦਾਦ ਇਤਨੀ ਵਧ ਗਈ ਕਿ ਹਰ ਵੱਡੀ ਸੜਕ ਤੇ ਖਾਲਸੇ ਦੇ ਜਥੇ ਜੈਕਾਰੇ ਗਜਾਂਦੇ ਦੇਖੇ ਜਾਣ ਲਗੇ। ਇਬਾਰਤਨਾਮਾ ਦੇ ਲਿਖਾਰੀ ਨੇ ਲਿਖਿਆ ਹੈ ਕਿ ਸਭ ਤੋਂ ਵੱਡੀ ਗਲ ਇਹ ਹੋਈ ਕਿ ਦਸ਼ਮੇਸ਼ ਪਿਤਾ ਨੇ ਸਾਰੇ ਇਖਤਿਆਰ ਖਾਲਸੇ ਨੂੰ ਸੌਂਪ ਦਿੱਤੇ:
ਯੋ ਸਤਿਗੁਰ ਕੰਮ ਸਭ ਖਾਲਸੈ ਦੀਯੋ
ਮੁਖਤਯਾਰ ਖਾਲਸਾ ਸਭ ਥਾਂ ਕੀਯੋ
ਖਾਲਸੇ ਦੀ ਮਹਾਨਤਾ ਇਹ ਵੀ ਸੀ ਕਿ ਇਸ ਨਾਲ ਇਕ ਪੁਰਸ਼ੀ ਲੀਡਰਸ਼ਿਪ ਖਤਮ ਹੋ ਗਈ ਤੇ ਪੰਜ ਪੁਰਖੀ ਅਗਵਾਈ ਸਥਾਪਤ ਕਰ ਦਿੱਤੀ ਗਈ। ਇਸ ਵਿੱਚ ਅਜਿਹੀ ਸ਼ਕਤੀ ਦਾ ਨਿਰਮਾਣ ਹੈ ਜੋ ਮੁਰਦੇ ਨੂੰ ਸੁਰਜੀਤ ਕਰ ਸਕਦੀ ਹੈ ਅਤੇ ਜੀਉਂਦੇ ਵਿੱਚ ਉਹ ਸਮਰੱਥਾ ਪੈਦਾ ਕਰ ਦਿੰਦੀ ਹੈ ਕਿ ਉਹ ਕਦੇ ਮਰੇ ਹੀ ਨਾ ਕਿਉਂਕਿ ਅੰਮ੍ਰਿਤ ਨਵਾਂ ਜਨਮ ਤੇ ਜੀਵਨ ਦੇਣ ਵਾਲੀ ਦਾਤ ਹੈ। ਖਾਲਸੇ ਦੀ ਸਾਜਨਾ ਨਾਲ ਸਿੱਖ ਧਰਮ ਦਾ ਸਰੂਪ ਹੀ ਬਦਲ ਗਿਆ। ਹੁਣ ਸਿੱਖ ਧਰਮ ਵਿੱਚ ਆਉਣ ਲਈ ਅੰਮ੍ਰਿਤ ਦੀ ਦਾਤ ਜ਼ਰੂਰੀ ਕਰ ਦਿੱਤੀ ਗਈ। ਸਿੰਘਾਂ ਦੀ ਗਿਣਤੀ ਇੰਨੀ ਜ਼ਿਆਦਾ ਵਧਣ ਲੱਗੀ। ਸੰਗਤ ਵਿੱਚ ਵਧਦੇ ਜੋਸ਼ ਨੂੰ ਦੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਨਾਲ ਹੀ ਉਨ੍ਹਾਂ ਨੇ ਇਹ ਵਰ ਵੀ ਦਿੱਤਾ ਕਿ ਇਸ ਦੇ ਟਾਕਰੇ ਵਿਚ ਕੋਈ ਨਹੀਂ।
ਰਾਜ ਕਰੇਗਾ ਖਾਲਸਾ,
ਆਕੀ ਰਹੇ ਨਾ ਕੋਈ।
ਸਚਮੁੱਚ ਹੀ ਖਾਲਸਾ ਰਾਜ ਕਰਨ ਲੱਗਾ ਤੇ ਉਸ ਦੀ ਸ਼ਕਤੀ ਦਿਨ ਪ੍ਰਤੀ ਦਿਨ ਵਧਣ ਲੱਗੀ। ਜਦੋਂ ਵੀ (ਬਾਈਧਾਰ ਦੇ) ਪਹਾੜੀ ਰਾਜੇ ਜਾਂ ਮਸੰਦ ਲੋਕਾਂ ਵਿੱਚ ਜ਼ੁਲਮ ਕਰਦੇ ਤਾਂ ਖਾਲਸਾ ਉਥੇ ਪਹੁੰਚ ਕੇ ਉਨ੍ਹਾਂ ਦੀ ਰੱਖਿਆ ਕਰਦਾ। ਕਈ ਪਹਾੜੀ ਰਾਜੇ ਖਾਲਸੇ ਦੀ ਵਧਦੀ ਤਾਕਤ ਨੂੰ ਵੇਖ ਕੇ ਹੀ ਇਸ ਵਿੱਚ ਮਿਲ ਗਏ।ઠ ਵਾਸਤਵ ਵਿੱਚ ਖਾਲਸਾ ਕੋਈ ਵਸਤੂ ਨਹੀਂ ਇਹ ਕੁਝ ਆਦਰਸ਼ਾਂ ਦਾ ਸਮੂਹ ਹੈ। ਇਹ ਧਾਰਮਿਕ, ਮਾਨਸਿਕ ਤੇ ਸਦਾਚਾਰਕ ਬਿਰਤੀ ਦਾ ਨਾਮ ਹੈ ਜਿਸ ਦਾ ਉਦੇਸ਼ ਜੁਲਮ ਦਾ ਨਾਸ਼ ਕਰਨਾ ਹੈ। ਖਾਲਸਾ ਸੰਸਾਰ ਦੇ ਰਸ ਮਾਣਦਾ ਹੋਇਆ ਸਿਪਾਹੀ ਦੀ ਤਰ੍ਹਾਂ ਨਿਰਲੇਪ ਰਹਿੰਦਾ ਹੈ। ਇਹ ਕਿਸੇ ਉਚੇ ਆਦਰਸ਼ਾਂ ਲਈ ਰਸਾਂ ਨੂੰ ਤਿਆਗ ਕੇ ਸਿਪਾਹੀ ਦੀ ਤਰ੍ਹਾਂ ਜਾਨ ਤਲੀ ਤੇ ਰਖ ਲੈਂਦਾ ਹੈ, ਨਿਆਂ ਲਈ ਤੇ ਸੱਚ ਲਈ, ਮਰਨ ਨੂੰ ਤਿਆਰ ਹੋ ਜਾਂਦਾ ਹੈ। ਪਰਮਾਤਮਾ ਇਕ ਹੈ ਖਾਲਸਾ ਉਸ ਰੱਬੀ ਰਾਜ ਨੂੰ ਸਥਾਪਤ ਕਰਨ ਵਾਲੀ ਫੌਜ ਹੈ। ਖਾਲਸੇ ਦੀ ਆਵਾਜ਼ ਕ੍ਰੋੜਾਂ ਝੂਠ ਦੀਆਂ ਆਵਾਜ਼ਾਂ ਤੇ ਭਾਰੂ ਹੈ। ਇਹ ਆਵਾਜ਼ ਸਦਾ ਗੂੰਜਦੀ ਰਹੇਗੀ। ਖਾਲਸਾ ਅੰਮ੍ਰਿਤ ਵਿਚੋਂ ਪੈਦਾ ਹੋਇਆ ਹੈ ਅਤੇ ਖਾਲਸੇ ਵਿੱਚ ਅੰਮ੍ਰਿਤ ਘੁਲਿਆ ਹੋਇਆ ਹੈ ਤੇ ਇਸ ਦੇ ਆਦਰਸ਼ ਅੰਮ੍ਰਿਤਮਈ ਹਨ। ਵਰਤਮਾਨ ਸਮੇਂ ਵੀ ਗੁਰੂ ਸਾਹਿਬਾਨ ਵੱਲੋਂ ਸਾਜਿਆ ਖਾਲਸਾ ਮਾਨਵੀ ਕਲਿਆਣ ਅਤੇ ਸਰਬ ਹਿਤਾਂ ਦੀ ਰਾਖੀ ਲਈ ਤਿਆਰ-ਬਰ-ਤਿਆਰ ਸਿੱਖ ਧਰਮ ਦਾ ਗੌਰਵ ਹੈ।
ਵਿਸਾਖੀ ਦਿਹਾੜੇ ਦਾ ਸੁਨੇਹਾ : ਗੁਰੂ ਗੋਬਿੰਦ ਸਿੰਘ ਜੀ ਦੀ ਸਾਹਿਤਕ ਅਤੇ ਖ਼ਾਸ ਕਰਕੇ ਧਰਮ ਦੇ ਖੇਤਰ ਵਿੱਚ ਦੇਹਧਾਰੀ ਗੁਰੂ ਦੀ ਥਾਂ ਦੁਨੀਆਂ ਦੇ ਸਾਰੇ ਧਰਮਾਂ ਨਾਲੋਂ ਵਿਲੱਖਣ ‘ਸ਼ਬਦ ਗੁਰੂ’ ਜਿਹੀ ਦੇਣ ਨੂੰ ਵਿਸਾਰ ਕੇ ਅਸੀਂ ਫਿਰ ਤੋਂ ਪਿੱਛਲਪੈਰੀਂ ਡੇਰਾਵਾਦ ਵੱਲ ਤੁਰ ਪਏ ਹਾਂ। ਅੱਜ ਸਮੇਂ ਦੀ ਲੋੜ ਹੈ ਕਿ ਵਿਸਾਖੀ ਦੇ ਇਸ ਪੁਰਬ ‘ਤੇ ਅਸੀਂ ਆਪਣੇ ਗੁਰੂ ਸਾਹਿਬਾਨ, ਕੁਰਬਾਨੀ ਦੇ ਪੁੰਜਾਂ ਅਤੇ ਸੰਘਰਸ਼ੀ ਯੋਧਿਆਂ ਦੇ ਮਹਾਨ ਫ਼ਲਸਫ਼ੇ ਤੇ ਸੰਕਲਪਾਂ ਨੂੰ ਆਪਣੇ ਮਨਾਂ ਵਿੱਚ ਵਸਾਈਏ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਤੇ ਇਤਿਹਾਸ ਨਾਲ ਜੋੜ ਕੇ ਆਪਣੇ ਪੁਰਖਿਆਂ ਦੀ ਮਹਾਨ ਦੇਣ ਨੂੰ ਦੁਨੀਆਂ ਵਿੱਚ ਨਸ਼ਰ ਕਰੀਏ। ਸਾਨੂੰ ਆਜ਼ਾਦ ਹੋਇਆਂ ਨੂੰ 68 ਸਾਲ ਹੋ ਗਏ ਹਨ ਪਰ ਸਿਤਮ ਇਹ ਹੈ ਕਿ ਹੁਣ ਵੀ ਗੁਲਾਮ ਮਾਨਸਿਕਤਾ ਸਾਡਾ ਖਹਿੜਾ ਨਹੀਂ ਛੱਡ ਰਹੀ। ਆਜ਼ਾਦੀ ਤੋਂ ਪਹਿਲਾਂ ਅਸੀਂ ਮੁਗਲਾਂ ਅਤੇ ਫਿਰ ਅੰਗਰੇਜ਼ਾਂ ਤੋਂ ਡਰ ਕੇ ਆਪਣੇ ਮਹਾਨ ਪੁਰਖਿਆਂ ਦੀ ਥਾਂ ਬਗਾਨੇ ਤਾਨਾਸ਼ਾਹਾਂ ਦੇ ਸੋਹਲੇ ਗਾਉਂਦੇ ਰਹੇ ਹਾਂ। ਹੁਣ ਅਸੀਂ ਆਜ਼ਾਦ ਵੀ ਹਾਂ ਅਤੇ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਵੀ ਹਾਸਲ ਹੈ ਪਰ ਫਿਰ ਵੀ ਸਾਡਾ ਇਤਿਹਾਸ ਸਹੀ ਪਰਿਪੇਖ ਵਿੱਚ ਨਹੀਂ ਹੈ। ਸਾਡੇ ਪੰਜਾਬ ਦੇ ਇਤਿਹਾਸ ਵਿੱਚ ਗੁਰੂ ਕਾਲ, ਸਿੱਖ ਕਾਲ ਅਤੇ ਆਜ਼ਾਦੀ ਵਾਸਤੇ ਪੰਜਾਬੀਆਂ ਵੱਲੋਂ ਕੀਤੇ ਗਏ ਸੰਘਰਸ਼ਾਂ ਤੇ ਕੁਰਬਾਨੀਆਂ ਨੂੰ ਸਹੀ ਸੰਦਰਭ ਵਿੱਚ ਅੱਜ ਤਕ ਪੇਸ਼ ਨਹੀਂ ਕੀਤਾ ਜਾ ਸਕਿਆ। ਨਿਰਸੰਦੇਹ ਇਹ ਅਤਿਕਥਨੀ ਨਹੀਂ ਹੈ ਕਿ ਅੱਜ ਸਾਡੀਆਂ ਆਪਣੀਆਂ ਸਰਕਾਰਾਂ, ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਤਾਂ ਹਨ ਪਰ ਅਸੀਂ ਹਾਲੇ ਤਕ ਵੀ ਆਪਣੇ ਸਹੀ ਇਤਿਹਾਸ ਤੇ ਸਾਹਿਤ ਨੂੰ ਦੁਨੀਆਂ ਦੇ ਸਾਹਮਣੇ ਨਹੀਂ ਲਿਆ ਸਕੇ। ਅਸੀਂ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਕੌਮੀ ਸਪੂਤਾਂ ਦੇ ਦੇਸ਼ ਅਤੇ ਸਮਾਜ ਲਈ ਕੀਤੇ ਸੰਘਰਸ਼ਾਂ ਤੇ ਕੁਰਬਾਨੀਆਂ ਨਾਲ ਨਹੀਂ ਜੋੜ ਸਕੇ ਹਾਂ। ਅੰਗਰੇਜ਼ੀ ਰਾਜ ਸਮੇਂ ਦੇ ਨਜ਼ਰੀਏ ਅਨੁਸਾਰ ਵਿੱਦਿਅਕ ਕੋਰਸਾਂ ਵਿੱਚ ਨਿਰਧਾਰਤ ਕੀਤੇ ਗਏ ਸਿਲੇਬਸਾਂ ਨੂੰ ਹੀ ਤਰਜੀਹ ਦੇ ਰਹੇ ਹਾਂ। ਨਤੀਜੇ ਵਜੋਂ ਸਾਡੀ ਨੌਜਵਾਨ ਪੀੜ੍ਹੀ ਆਪਣੇ ਸ਼ਾਨਦਾਰ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਾਸਤ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਸੰਦਰਭ ਵਿੱਚ ਸਰਕਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਿਆ ਸੰਸਥਾਵਾਂ ਅਕਸਰ ਹੀ ਆਪਣੀ ਕਥਿਤ ਕਾਰਗੁਜ਼ਾਰੀ ਦੇ ਬੜੇ ਦਮਗਜ਼ੇ ਮਾਰਦੀਆਂ ਹਨ ਪਰ ਸਭ ਨੂੰ ਪਤਾ ਹੈ ਕਿ ਇਸ ਪਾਸੇ ਅਸੀਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ ਬਲਕਿ ਦਿਨ-ਬ-ਦਿਨ ਪੱਛਮੀ ਸੱਭਿਅਤਾ ਦੇ ਮਾੜੇ ਪ੍ਰਭਾਵ ਕਾਰਨ ਸਾਡਾ ਸਮਾਜ ਪੁਰਖਿਆਂ ਵੱਲੋਂ ਦੱਸੇ ਗਏ ਨੇਕ ਕਦਰਾਂ-ਕੀਮਤਾਂ ਦੇ ਰਾਹ ਤੋਂ ਥਿੜਕ ਚੁੱਕਿਆ ਹੈ। ਆਓ, ਵਿਸਾਖੀ ਦੇ ਇਸ ਪੁਰਬ ‘ਤੇ ਅਸੀਂ ਆਪਣੇ ਗੁਰੂ ਸਾਹਿਬਾਨ, ਮਹਾਨ ਫ਼ਲਸਫ਼ੇ ਤੇ ਸੰਕਲਪਾਂ ਨੂੰ ਆਪਣੇ ਮਨਾਂ ਵਿੱਚ ਵਸਾਈਏ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਤੇ ਇਤਿਹਾਸ ਨਾਲ ਜੋੜ ਕੇ ਆਪਣੇ ਪੁਰਖਿਆਂ ਦੀਆਂ ਮਹਾਨ ਦੇਣਾਂ ਨੂੰ ਦੁਨੀਆਂ ਵਿੱਚ ਉਜਾਗਰ ਕਰੀਏ। ਸਾਨੂੰ ਪੰਜਾਬ ਦੀ ਸਮੁੱਚੀ ਇਤਿਹਾਸਕ, ਸਾਹਿਤਕ ਅਤੇ ਸੱਭਿਆਚਾਰਕ ਜਾਣਕਾਰੀ ਨੂੰ ਸਹੀ ਪਰਿਪੇਖ ਵਿੱਚ ਲਿਆ ਕੇ ਦੁਬਾਰਾ ਲਿਖਣ ਦੀ ਲੋੜ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸੱਭਿਆਚਾਰਕ, ਸਿੱਖਿਆ, ਖੇਡ ਅਤੇ ਸੈਰ ਸਪਾਟੇ ਦੀ ਨੀਤੀ ਦਾ ਆਪਸੀ ਤਾਲਮੇਲ ਬਿਠਾ ਕੇ ਸਾਡੇ ਵਿਰਸੇ-ਵਿਰਾਸਤ ਸਬੰਧੀ ਸਾਰੀ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਵਿੱਦਿਅਕ ਕੋਰਸਾਂ ਦੇ ਸਿਲੇਬਸਾਂ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ। ਅੱਜ ਜਦੋਂ ਅਸੀਂ ਆਨੰਦਪੁਰ ਸਾਹਿਬ ਵਰਗੇ ਵਿਰਾਸਤੀ ਭਵਨ, ਚੱਪੜਚਿੜੀ ਦੇ ਸਰਹਿੰਦ ਫਤਹਿ ਬੁਰਜ, ਛੋਟੇ ਘੱਲੂਘਾਰੇ ਦੇ ਕਾਹਨੂੰਵਾਨ ਛੰਭ, ਵੱਡੇ ਘੱਲੂਘਾਰੇ ਦੇ ਕੁੱਪ ਰਹੀੜਾ, ਕੂਕਿਆਂ ਦੀ ਯਾਦਗਾਰ ਮਾਲੇਰਕੋਟਲਾ, ਫਿਰੋਜ਼ਸ਼ਾਹ ਐਂਗਲੋ ਸਿੱਖ ਵਾਰ ਮੈਮੋਰੀਅਲ ਤੇ ਲੁਧਿਆਣਾ ਵਿਖੇ ਸੈਨਿਕ ਅਜਾਇਬ ਘਰਾਂ ਦੀ ਉਸਾਰੀ ਕਰ ਚੁੱਕੇ ਹਾਂ ਤਾਂ ਇਨ੍ਹਾਂ ਦਰਸ਼ਨੀ ਸਮਾਰਕਾਂ ਵਿੱਚ ਆਨੰਦਪੁਰ ਸਾਹਿਬ ਹੈਰੀਟੇਜ ਕੰਪਲੈਕਸ ਵਾਂਗ ਪੰਜਾਬ ਦੀ ਸਮੁੱਚੀ ਸ਼ਾਨਦਾਰ ਵਿਰਾਸਤ ਨੂੰ ਇਸ ਤਰ੍ਹਾਂ ਤਰਤੀਬ ਦੇਈਏ ਕਿ ਇਨ੍ਹਾਂ ਦੀਆਂ ਕੰਧਾਂ ਵੀ ਸ਼ਹੀਦਾਂ ਤੇ ਸਾਡੇ ਸੰਘਰਸ਼ੀ ਯੋਧਿਆਂ ਦੀਆਂ ਇਤਿਹਾਸਕ ਕੁਰਬਾਨੀਆਂ, ਸੈਨਿਕਾਂ, ਸਾਹਿਤਕਾਰਾਂ ਤੇ ਖਿਡਾਰੀਆਂ ਦੇ ਸ਼ਾਨਦਾਰ ਕਾਰਨਾਮਿਆਂ ਤੇ ਉਨ੍ਹਾਂ ਵੱਲੋਂ ਸਮਾਜ ਨੂੰ ਦਿੱਤੇ ਯੋਗਦਾਨ ਨੂੰ ਖ਼ੁਦ-ਬ-ਖ਼ੁਦ ਬਿਆਨ ਕਰਨ। ਜੇ ਸਾਡੇ ਇਹ ਅਜੂਬੇਅ ਤੇ ਅਜਾਇਬ ਘਰ ਪੰਜਾਬ ਦੇ ਇਤਿਹਾਸ, ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਦੀ ਕਹਾਣੀ ਆਪਣੀ ਜ਼ੁਬਾਨੀ ਨਹੀਂ ਸੁਣਾਉਂਦੇ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਯਾਦਗਾਰੀ ਸਮਾਰਕਾਂ ਨੂੰ ਉਸਾਰਨ ਦਾ ਸਾਡਾ ਮਨੋਰਥ ਹਾਲੇ ਅਧੂਰਾ ਹੈ।ਸੱਭਿਅਤਾ, ਸੱਭਿਆਚਾਰ ਅਤੇ ਸੰਸਕ੍ਰਿਤੀ ਪ੍ਰਚਾਰ ਤੇ ਪ੍ਰਸਾਰ ਖ਼ਾਤਰ ਇਲੈਕਟ੍ਰਾਨਿਕ ਮੀਡੀਆ ਦਾ ਭਰਪੂਰ ਫ਼ਾਇਦਾ ਉਠਾਇਆ ਜਾਣਾ ਚਾਹੀਦਾ ਹੈ। ਟੀ. ਵੀ. ਚੈਨਲਾਂ ਰਾਹੀਂ ਰੋਜ਼ਾਨਾ ਨੈਤਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਾਡੇ ਪੁਰਖਿਆਂ ਤੋਂ ਮਿਲੀ ਸੱਭਿਆਚਾਰਕ ਵਿਰਾਸਤ ਦੀ ਦੇਣ ਨੂੰ ਪ੍ਰਦਰਸ਼ਿਤ ਕਰਨ ਦੀ ਲੋੜ ਹੈ। ਸਰਕਾਰਾਂ, ਯੂਨੀਵਰਸਿਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਦੇ ਸਾਂਝੇ ਯਤਨਾਂ ਦੁਆਰਾ ਪਿੰਡ-ਪਿੰਡ ਤੇ ਨਗਰ-ਨਗਰ ਵਿੱਚ ਲਾਇਬ੍ਰੇਰੀਆਂ ਬਣਾਉਣ ਅਤੇ ਇਸ ਦੇ ਨਾਲ ਹੀ ਸਾਡੇ ਇਤਿਹਾਸ, ਸਾਹਿਤ, ਸੱਭਿਆਚਾਰ ਤੇ ਸਾਡੇ ਵਿਰਸੇ-ਵਿਰਾਸਤ ਦੀ ਸਾਰੀ ਜਾਣਕਾਰੀ ਸੱਭਿਆਚਾਰਕ ਨੀਤੀ ਵਿੱਚ ਸਮੁੱਚੇ ਸਮਾਜ ਦੀ ਸਿਹਤ ਤੇ ਤੰਦਰੁਸਤੀ ਦੀ ਖਾਤਰ ਖੇਡਾਂ ਤੇ ਖ਼ਾਸ ਕਰਕੇ ਮਾਰਸ਼ਲ ਆਰਟ ਭਾਵ ਮੁੱਢ-ਕਦੀਮੀ ਪੇਂਡੂ ਖੇਡਾਂ ਨੂੰ ਪਹਿਲ ਦੇ ਅਧਾਰ ‘ਤੇ ਪੁਨਰ ਸੁਰਜੀਤ ਕਰਨ ਦੀ ਲੋੜ ਹੈ। ਇਸ ਲਈ ਅਖਾੜੇ ਅਤੇ ਸਟੇਡੀਅਮ ਬਣਾਉਣ ਤੋਂ ਬਿਨਾਂ ਪੇਂਡੂ ਪੱਧਰ ‘ਤੇ ਸਾਲਾਨਾ ਖੇਡ ਮੁਕਾਬਲੇ ਕਰਵਾਏ ਜਾਣ। ਯੂਥ ਕਲੱਬ ਬਣਾਏ ਜਾਣ ਦੀ ਅਹਿਮੀਅਤ ਨੂੰ ਵੀ ਸਮਝਣ ਦੀ ਲੋੜ ਹੈ। ਹੁਣ ਨਸ਼ਿਆਂ ਨੂੰ ਵੰਡਣ ਦੀ ਥਾਂ ਠੱਲ੍ਹਣ ਦੀ ਨੀਅਤ ਨੂੰ ਸਾਡੀ ਸੱਭਿਆਚਾਰਕ ਨੀਤੀ ਵਿੱਚ ਸਰਵਉੱਚ ਸਥਾਨ ਦੇ ਕੇ ਕਾਰਆਮਦ ਕਰਨ ਦੀ ਲੋੜ ਹੈ। ਅੱਜ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਨੂੰ ਸੰਭਾਲਣ ਤੇ ਪ੍ਰਸਾਰਣ ਦਾ ਮਸਲਾ ਪੰਜਾਬ ਦਾ ਭਖਦਾ ਮੁੱਦਾ ਬਣ ਚੁੱਕਿਆ ਹੈ ਜਿਸ ਵੱਲ ਸਮੁੱਚੀ ਪੰਜਾਬੀਅਤ ਤੇ ਖ਼ਾਸ ਕਰ ਕੇ ਸਾਡੇ ਧਾਰਮਿਕ ਤੇ ਰਾਜਸੀ ਆਗੂਆਂ ਤੇ ਸੰਸਥਾਵਾਂ ਵੱਲੋਂ ਪਹਿਲ ਦੇ ਅਧਾਰ ‘ਤੇ ਧਿਆਨ ਦੇਣ ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ।

ਲੇਖਕ : -ਕੁਲਬੀਰ ਸਿੰਘ ਸਿੱਧੂ