ਰੁਝਾਨ ਖ਼ਬਰਾਂ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਸ ਰੂਪ ‘ਖ਼ਾਲਸਾ’

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਸ ਰੂਪ ‘ਖ਼ਾਲਸਾ’

ਸਾਹਿਬ-ਏ-ਕਮਾਲਿ, ਨੂਰ-ਏ-ਇਲਾਹੀ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ, ਨਾਸਰੋ-ਮਨਸੂਰ ਦਸਮ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਲਹਿਰ ਦਾ ਇਕ ਅਜਿਹਾ ਸਿਖ਼ਰ ਸਨ, ਜਿਨ੍ਹਾਂ ਦੀ ਸ਼ਖ਼ਸੀਅਤ ਵਿਚ ਇਕੋ ਸਮੇਂ ਬੇਅੰਤ ਗੁਣਾਂ ਦਾ ਅਕਸ ਸਮਾਇਆ ਪਿਆ ਹੈ। ਉਹ ਮਿਕਨਾਤੀਸ਼ੀ ਸ਼ਖ਼ਸੀਅਤ, ਅਕਾਲ ਪੁਰਖ ਦੀ ਪ੍ਰਤੱਖ ਜੋਤ, ਜਿਸ ਵਿਚੋਂ ਫ਼ਕੀਰੀ ਅਤੇ ਬਾਦਸ਼ਾਹੀ ਇਕੋ ਸਮੇਂ ਝਲਕਦੀ ਹੈ। ਉਹ ਬਾਗ਼ੀ ਵੀ ਹੈ ਤੇ ਬੈਰਾਗੀ ਵੀ। ਕਵੀ ਵੀ ਹੈ ਤੇ ਤਲਵਾਰ ਦਾ ਧਨੀ ਵੀ। ਸੰਤ ਵੀ ਤੇ ਸਿਪਾਹੀ ਵੀ। ਜਦ ਉਹ ਸਿੰਘਾਸਣ ‘ਤੇ ਬਿਰਾਜਦੇ ਹਨ ਉਨ੍ਹਾਂ ਜੇਵਡ ਬਾਦਸ਼ਾਹ ਕੋਈ ਨਹੀਂ, ਤੇ ਜਦ ਉਹ ਕਰਮ ਭੂਮੀ ‘ਤੇ ਤੁਰਦੇ ਹਨ ਤਾਂ ਉਨ੍ਹਾਂ ਤੁਲ ਦਰਵੇਸ਼ ਵੀ ਕੋਈ ਨਹੀਂ ਹੈ।
ਜਦੋਂ ਵੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਲਾਹੀ ਜੀਵਨ ਦੀ ਗੱਲ ਤੁਰਦੀ ਹੈ ਤਾਂ, ਖ਼ਾਲਸੇ ਦੀ ਸਿਰਜਣਾ ਉਨ੍ਹਾਂ ਦੇ ਜੀਵਨ ਦੀ ਉਚਤਮ, ਅਗੰਮੀ ਅਤੇ ਨਿਰੰਕਾਰ ਅਵਸਥਾ ਦੀ ਸਭ ਤੋਂ ਵੱਡੀ ਮਿਸਾਲ ਬਣ ਕੇ ਸਾਹਮਣੇ ਆਏ। ਜੇਕਰ ਗੁਰੂ ਸਾਹਿਬ ਦੇ ਜੀਵਨ ਦੀਆਂ ਉਚਤਮ ਅਵਸਥਾਵਾਂ ਨੂੰ ਸਮਝਣਾ ਹੈ ਤਾਂ ਸਾਨੂੰ ਖ਼ਾਲਸੇ ਦੀ ਸ਼ਖ਼ਸੀਅਤ ਦੇ ਦਰਸ਼ਨ ਕਰਨੇ ਪੈਣਗੇ। ਖ਼ਾਲਸਾ, ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਸ ਰੂਪ, ਜਿਸ ਵਿਚੋਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਆਚਾਰ ਦੇ ਪ੍ਰਤੱਖ ਦਰਸ਼ਨ ਹੋ ਸਕਦੇ ਹਨ। ਪਰ ਸਾਨੂੰ ਖ਼ਾਲਸੇ ਨੂੰ ਸਮਝਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤੀਤਵ ਨੂੰ ਸਮਝਣਾ ਤੇ ਜਾਣਨਾ ਪਵੇਗਾ।
ઠਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਵੱਖ-ਵੱਖ ਪੱਧਤੀਆਂ, ਉਚਤਮ ਆਚਾਰ ਅਤੇ ਪੱਖਾਂ ਤੋਂ ਜਾਣੂ ਹੋਣ ਲਈ ਭਾਈ ਨੰਦ ਲਾਲ ਜੀ ਸਾਡੇ ਕੋਲ ਮੁੱਢਲਾ ਸਰੋਤ ਹਨ। ਭਾਈ ਨੰਦ ਲਾਲ ਜੀ ਗੁਰੂ ਸਾਹਿਬ ਦੀ ਸਰਬਪੱਖੀ ਮਾਨਵਤਾ ਦੇ ਰਹਿਬਰ ਦੀ ਤਸਵੀਰ ਨੂੰ ‘ਤੋਸੀਫ਼ੋਸਨਾ’ ਗ੍ਰੰਥ ਵਿਚ ਬਿਆਨ ਕਰਦੇ ਹਨ। ਭਾਈ ਨੰਦ ਲਾਲ ਜੀ ਫ਼ਾਰਸੀ ਭਾਸ਼ਾ ਵਿਚ 53 ਬੰਦਾਂ ਦੇ ਗ੍ਰੰਥ ਵਿਚ ਗੁਰੂ ਸਾਹਿਬ ਦੀ ਉਸਤਤਿ ਕਰਦੇ ਹਨ। ਉਨ੍ਹਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੁਆਰਾ ਇਸ ਯੁੱਗ ਵਿਚ ਭੇਜੇ ਵਿਸ਼ੇਸ਼ ਦੈਵੀ ਦੂਤ ਸਨ। ਉਨ੍ਹਾਂ ਵਿਚੋਂ ਇਕੋ ਸਮੇਂ ਫ਼ਕੀਰੀ ਅਤੇ ਬਾਦਸ਼ਾਹੀ ਝਲਕਦੀ ਸੀ। ਗੁਰੂ ਸਾਹਿਬ ਸਹੀ ਅਰਥਾਂ ਵਿਚ ਅਜਿਹੇ ਇਕੋ-ਇਕ ਪੈਗੰਬਰ ਸਨ, ਜਿਨ੍ਹਾਂ ਦੀ ਰੂਹਾਨੀ ਸ਼ਖ਼ਸੀਅਤ ਦੀ ਸਿਫ਼ਤ ਵਿਚ ਸਿੱਖ ਹੀ ਨਹੀਂ, ਅੰਗਰੇਜ਼ ਮੁਸਲਮਾਨ ਅਤੇ ਹਿੰਦੂ ਇਤਿਹਾਸਕਾਰਾਂ ਨੇ ਵੀ ਬੇਅੰਤ ਵਰਣਨ ਕੀਤਾ ਹੈ।
ਅੰਗਰੇਜ਼ ਇਤਿਹਾਸਕਾਰ ਜੇ.ਡੀ. ਕਨਿੰਘਮ ਲਿਖਦੇ ਹਨ : ”ਗੁਰੂ ਗੋਬਿੰਦ ਸਿੰਘ ਸਾਹਿਬ ਇਕ ਨਿਡਰ, ਦਲੇਰ, ਨਿਯਮਬੱਧ ਢੰਗ ਨਾਲ ਕੰਮ ਕਰਨ ਵਾਲੇ ਸਿਆਣੇ ਵਿਅਕਤੀ ਸਨ, ਜਿਨ੍ਹਾਂ ਨੇ ਆਮ ਸੰਸਾਰ ਦੀ ਡਿੱਗਦੀ ਹੋਈ ਹਾਲਤ ਨੂੰ ਸਮਝਿਆ। ਉਨ੍ਹਾਂ ਨੇ ਜ਼ਬਰ-ਜ਼ੁਲਮ ਦਾ ਮੁਕਾਬਲਾ ਕੀਤਾ। ਮਨੁੱਖਾਂ ਵਿਚ ਮੌਜੂਦ ਅੰਤਰਮੁਖੀ ਸ਼ਕਤੀਆਂ ਨੂੰ ਉਜਾਗਰ ਕਰਨ ਲਈ ਆਗੂ ਅਤੇ ਗੁਰੂ ਦੀ ਜ਼ਿੰਮੇਵਾਰੀ ਨੂੰ ਸਮੇਂ ਸਿਰ ਨਿਭਾਇਆ। ਗੁਰੂ ਦੀ ਸ਼ਖ਼ਸੀਅਤ ਨੂੰ ਪ੍ਰਾਚੀਨ ਵਿਦਵਾਨਾਂ, ਸੰਤਾਂ ਅਤੇ ਨਾਇਕਾਂ ਦੀ ਲੜੀ ਵਿਚ ਰੱਖ ਕੇ ਵੀ ਸਮਝਿਆ ਜਾ ਸਕਦਾ ਹੈ।” ਕਨਿੰਘਮ ਨੇ ਖ਼ਾਲਸੇ ਦੀ ਸਿਰਜਣਾ ਨੂੰ ਗੁਰੂ ਸਾਹਿਬ ਦੁਆਰਾ ਕੀਤੀ ਗਈ ਇਕ ਵਿਸ਼ੇਸ਼ ਪ੍ਰਾਪਤੀ ਦੱਸਿਆ ਹੈ। ਖ਼ਾਲਸੇ ਦੀ ਸਿਰਜਣਾ ਕਰਕੇ ਉਨ੍ਹਾਂ ਨੇ ਹਾਰ ਵਾਲੀ ਮਾਨਸਿਕਤਾ ਵਿਚ ਜਿਊਣ ਵਾਲੇ ਲੋਕਾਂ ਅੰਦਰ ਬਹਾਦਰੀ ਅਤੇ ਕੌਮੀ ਗੌਰਵ ਦੇ ਉਚੇ ਆਦਰਸ਼ਾਂ ਨੂੰ ਭਰ ਦਿੱਤਾ। ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਵਿਸ਼ਵ ਅਤੇ ਭਾਰਤੀ ਸਮਾਜ ਦੀ ਮਨੁੱਖੀ ਸੱਚਾਈ ਅਤੇ ਮਨੁੱਖੀ ਆਜ਼ਾਦੀਆਂ ਦੀ ਲੜੀ ਵਿਚ ਰੱਖ ਕੇ ਵਧੇਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਬਹਾਦਰੀ, ਜ਼ਬਰ-ਜ਼ੁਲਮ ਕਰਨ ਵਾਲੇ ਲੋਕਾਂ ਉਤੇ ਫ਼ਤਿਹ ਪ੍ਰਾਪਤ ਕਰਕੇ ਅਤੇ ਸਮਾਜ ਨੂੰ ਇਕ ਠੋਸ ਅਗਵਾਈ ਦੇਣ ਵਾਲੇ ਵਗਦੇ ਦਰਿਆ ਦੀ ਵਿਸ਼ਾਲਤਾ ਵਾਂਗ ਹੀ ਗੁਰੂ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਜਾ ਰਹੇ ਸਮਾਜ ਨੂੰ ਸਵੈਮਾਣ ਨਾਲ ਜਿਊਣ ਦੀ ਜਾਚ ਦੱਸੀ। ਅਜਿਹੀ ਆਗੂ ਸ਼ਖ਼ਸੀਅਤ ਦੇ ਇਤਿਹਾਸ ਵਿਚ ਘੱਟ ਹੀ ਹੋਰ ਸਾਨੀ ਮਿਲਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੇ ਕੁਝ ਵਿਸ਼ੇਸ਼ ਗੁਣਾਂ ਦਾ ਬਿਆਨ ਕਰਦਿਆਂ ਪ੍ਰਸਿੱਧ ਮੁਸਲਮਾਨ ਇਤਿਹਾਸਕਾਰ ਸਈਅਦ ਮੁਹੰਮਦ ਲਿਖਦੇ ਹਨ ਕਿ, ”ਉਹ ਸੰਯੁਕਤ ਖੂਬੀਆਂ ਦਾ ਅਜਿਹਾ ਮੁਜੱਸਮਾ ਸਨ, ਜਿਸ ਵਿਚ ਇਕੋ ਸਮੇਂ ਧਾਰਮਿਕ ਨੇਤਾ ਤੇ ਯੋਧੇ ਵਾਲੇ ਸਾਰੇ ਗੁਣ ਸਨ। ਉਹ ਨਿਆਂਪਸੰਦ ਆਗੂ ਵੀ ਸਨ, ਯੁੱਧ ਭੂਮੀ ਵਿਚ ਉਹ ਇਕ ਜੇਤੂ ਜਰਨੈਲ ਸਨ, ਰੂਹਾਨੀ ਤਖ਼ਤ ‘ਤੇ ਬਿਰਾਜ਼ਮਾਨ ਹੁੰਦਿਆਂ ਉਹ ਬਾਦਸ਼ਾਹ ਸਨ ਅਤੇ ਸਮਾਜਿਕ ਜੀਵਨ ਵਿਚ ਉਹ ਇਕ ਫ਼ਕੀਰ ਸਨ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤਿੰਨ ਕੁ ਦਹਾਕਿਆਂ ਦੀ ਸਰਗਰਮ ਜ਼ਿੰਦਗੀ ਵਿਚ ਮਨੁੱਖਤਾ ਨੂੰ ਇੰਨੀ ਵੱਡੀ ਦੇਣ ਦਿੱਤੀ, ਜਿਸ ਦਾ ਅੰਦਾਜ਼ਾ ਲਾਉਣਾ ਮਨੁੱਖ ਲਈ ਰਹਿੰਦੀ ਦੁਨੀਆ ਤੱਕ ਵੀ ਅਸੰਭਵ ਹੈ। ਉਨ੍ਹਾਂ ਗੁਣਾਂ ਦਾ ਖ਼ਜ਼ਾਨਾ ਹੁੰਦਿਆਂ ਸਮਾਜ ਨੂੰ ਕੀ ਦੇਣ ਦਿੱਤੀ ਤੇ ਉਸ ਦੇਣ ਤੋਂ ਸਿੱਖ ਪੰਥ ਤੇ ਮਨੁੱਖਤਾ ਕੀ ਲਾਭ ਪ੍ਰਾਪਤ ਕਰ ਸਕਦੇ ਹਨ, ਇਸ ਦੀ ਪੂਰਨ ਰੂਪ ਵਿਚ ਵਿਆਖਿਆ ਖੁਦ ਖ਼ਾਲਸਾ ਪੰਥ ਨੇ ਹਾਲੇ ਤੱਕ ਨਹੀਂ ਕੀਤੀ।
ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਗੁਰੂ ਸਾਹਿਬ ਦੀ ਸ਼ਖ਼ਸੀਅਤ ਬਾਰੇ ਬਿਆਨ ਕਰਦਿਆਂ ਆਪਣੀ ਪੁਸਤਕ ‘ਹਿਸਟਰੀ ਆਫ਼ ਦ ਸਿੱਖਸ ਭਾਗ-1’ ਵਿਚ ਗੁਰੂ ਸਾਹਿਬ ਨੂੰ ਇਕ ਸੱਚੇ ਯੋਗੀ, ਮਨੁੱਖਾਂ ਦੇ ਇਕ ਕਿਰਿਆਸ਼ੀਲ ਆਗੂ, ਇਕ ਸੰਤ, ਇਕ ਮਹਾਨ ਮਿਲਟਰੀ ਜਨਰਲ ਅਤੇ ਇਕ ਕਵੀ ਦੇ ਰੂਪ ਵਿਚ ਵੇਖਦੇ ਹਨ, ਜਿਨ੍ਹਾਂ ਦਾ ਜੀਵਨ ਅਤੇ ਸਿੱਖਿਆਵਾਂ ਭਾਰਤੀ ਇਤਿਹਾਸ ਉਤੇ ਡੂੰਘੀ ਛਾਪ ਛੱਡਦੀਆਂ ਹਨ। ਉਨ੍ਹਾਂ ਦੀ ਮਹਾਨ ਕਰਨੀ ਸਾਡੇ ਵਿਚ ਨਵਾਂ ਜੋਸ਼ ਭਰਦੀ ਹੈ, ਕਿਉਂ ਜੋ ਉਨ੍ਹਾਂ ਨੇ ਦ੍ਰਿੜਤਾ ਨਾਲ ਕਿਹਾ ਸੀ ਕਿ ਜਦੋਂ ਤੱਕ ਉਹ ਚਿੜੀਆ ਤੋਂ ਬਾਜ਼ਾਂ ਦਾ ਮੁਕਾਬਲਾ ਨਹੀਂ ਕਰਵਾਉਾਂਦੇ,ਪ੍ਰੁਦੋਂ ਹੀ ਉਹ ਗੁਰੂ ਗੋਬਿੰਦ ਸਿੰਘ ਕਹਾਉਣ ਦੇ ਹੱਕਦਾਰ ਹੋਣਗੇ।
ਗੁਰੂ ਸਾਹਿਬ ਖ਼ਾਲਸੇ ਦੀ ਸ਼ਖ਼ਸੀਅਤ ਦਾ ਖੁਦ ਬਿਆਨ ਕਰਦੇ ਇਸ ਨੂੰ ”ਹਉਂ ਖ਼ਾਲਸੇ ਕਾ ਖ਼ਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇਰੋ” ਕਹਿੰਦੇ ਹਨ ਤਾਂ ਉਹ ਖ਼ਾਲਸੇ ਦੀ ਸਮੂਹਿਕਤਾ ਦੀ ਸ਼ਖ਼ਸੀਅਤ ਵਿਚ ਇਸ ਤਰ੍ਹਾਂ ਸਮੋਏ ਤੇ ਗੁੰਦੇ ਹੋਏ ਹਨ ਕਿ ਖ਼ਾਲਸਾ ਸਮੂਹਿਕਤਾ ਵਿਚੋਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਅੱਡ ਕੀਤਾ ਹੀ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਖ਼ਾਲਸਾ ਪੰਥ ਨੂੰ ਆਪਣੀ ਵੱਖਰੀ ਹੋਂਦ, ਸ਼ਖਸੀਅਤ ਅਤੇ ਕਿਰਿਆਸ਼ੀਲਤਾ ਦਾ ਨਿਆਰਾਪਣ ਰੱਖਣ ਦੇ ਉਪਦੇਸ਼ ਵਿਚ ਇਹ ਵੀ ਦ੍ਰਿੜ ਕਰਵਾਇਆ ਕਿ ਜਦੋਂ ਤੱਕ ਖ਼ਾਲਸਾ ਆਪਣੀ ਨਿਵੇਕਲੀ ਪਛਾਣ ਬਣਾ ਕੇ ਰੱਖੇਗਾ ਅਤੇ ਉਲਟ ਵਿਚਾਰਾਂ ਦਾ ਧਾਰਨੀ ਨਹੀਂ ਹੋਵੇਗਾ, ਉਦੋਂ ਤੱਕ ਉਹ ਆਪਣਾ ਤੇਜ਼-ਪ੍ਰਤਾਪ, ਸ਼ਕਤੀ ਅਤੇ ਬਖ਼ਸ਼ਿਸ਼ਾਂ ਖ਼ਾਲਸਾ ਪੰਥ ਨੂੰ ਪ੍ਰਦਾਨ ਕਰਦੇ ਰਹਿਣਗੇ। ਇਹ ਗੁਰੂ ਸਾਹਿਬ ਵਲੋਂ ਸਿੱਖ ਪੰਥ ਨੂੰ ਦਿੱਤਾ ਗਿਆ ਸਪੱਸ਼ਟ ਦਿਸ਼ਾ-ਨਿਰਦੇਸ਼ ਸੀ, ਜਿਸ ਦੀ ਪਾਲਣਾ ਕਰਦਿਆਂ ਹੀ ਇਕ ਸਿੱਖ ਦਾ ਜੀਵਨ ਪੰਧ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸੇ ਦੀ ਸ਼ਖ਼ਸੀਅਤ ਨਾਲ ਇਕ-ਮਿੱਕ ਹੋ ਸਕਦਾ ਹੈ, ਅਤੇ ਇਹ ਖ਼ਾਲਸਾ ਹੀ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਅਤੇ ਆਚਾਰ ਦਾ ਬਿੰਬ ਹੈ।
ਵੱਖ-ਵੱਖ ਇਤਿਹਾਸਕ ਸਰੋਤਾਂ ਤੋਂ ਗੁਰੂ ਸਾਹਿਬ ਦੇ ਵਿਅਕਤੀਤਵ ਨੂੰ ਜਾਣਨ ਤੋਂ ਬਾਅਦ ਸਾਡੇ ਅੰਦਰ ਉਤਸੁਕਤਾ ਪੈਦਾ ਹੋਵੇਗੀ ਕਿ ਅੱਜ ਖ਼ਾਲਸਾ ਪੰਥ ‘ਚੋਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੇ ਦਰਸ਼ਨ ਹੋ ਸਕਦੇ ਹਨ? ਸਿੱਖ ਵਿਦਵਾਨ ਅਤੇ ਦਾਰਸ਼ਨਿਕ ਗੁਰਪੁਰਵਾਸੀ ਸਿਰਦਾਰ ਕਪੂਰ ਸਿੰਘ ਨੇ ਖ਼ਾਲਸੇ ਦੀ ਹੋਂਦ ਦੇ ਮੁੱਢਲੇ ਆਧਾਰਾਂ ਬਾਰੇ ਬਹੁਤ ਸਪੱਸ਼ਟਤਾ ਨਾਲ ਲਿਖਿਆ ਹੈ ਕਿ ਜਦੋਂ ਇਕ ਸਿੱਖ ਗੁਰਮਤਿ ਮਾਰਗ ਉਤੇ ਚੱਲਦਿਆਂ ਵਿਸ਼ੇਸ਼ ਮੰਜ਼ਲ ਨੂੰ ਪ੍ਰਾਪਤ ਕਰਦਾ ਹੈ, ਤਦ ਹੀ ਉਹ ਗੁਰੂ ਗੋਬਿੰਦ ਸਿੰਘ ਦੇ ਖ਼ਾਲਸਾ ਪਰਿਵਾਰ ਦਾ ਹਿੱਸਾ ਬਣਨ ਦੇ ਯੋਗ ਹੁੰਦਾ ਹੈ। ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਖ਼ਾਲਸੇ ਰਾਹੀਂ ਅਤੇ ਖ਼ਾਲਸੇ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਨਣਾ, ਆਪਸ ਵਿਚ ਇਕਮਿੱਕ ਹੋਇਆ ਸਿੱਖੀ ਮਾਰਗ ਦਾ ਮੂਲ ਨਿਚੋੜ ਹੈ। ਸਿਰਦਾਰ ਕਪੂਰ ਸਿੰਘ ਦੇ ਇਹ ਵਿਚਾਰ ਸਾਨੂੰ ਇਹ ਸਪੱਸ਼ਟ ਕਰਨ ਦਾ ਯਤਨ ਕਰਦੇ ਹਨ ਕਿ ਇਕ ਸਿੱਖ ਖੰਡੇ ਬਾਟੇ ਦੀ ਪਾਹੁਲ ਛਕਦਿਆਂ ਕਿਵੇਂ ਵਿਸ਼ੇਸ਼ ਰੂਹਾਨੀ ਅਵਸਥਾ ਅਤੇ ਸੱਚਾਈ ਪ੍ਰਾਪਤ ਕਰਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਰੂਪ (ਖ਼ਾਲਸਾ) ਹੋ ਨਿਬੜਦਾ ਹੈ। ਸੋ, ਖ਼ਾਲਸਾ ਸਿਧਾਂਤ, ਸੰਸਥਾ ਤੇ ਸੰਗਠਨ ਨੂੰ ਸਮਝ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਸਮਝਿਆ ਜਾ ਸਕਦਾ ਹੈ।
ਅੱਜ ਦੁਨੀਆ ਭਰ ‘ਚ ਕਰੋੜਾਂ ਦੀ ਗਿਣਤੀ ਰੱਖਣ ਦੇ ਬਾਵਜੂਦ ਸਾਡੇ ਵਿਚੋਂ ਕਿੰਨੇ ਕੁ ਸਿੱਖ ਹਨ ਜਿਹੜੇ ਉਨ੍ਹਾਂ ਵਿਚ ਸ਼ਾਮਲ ਹਨ, ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ, ਖ਼ਾਲਸੇ ਮਹਿ ਹਓ ਕਰਉ ਨਿਵਾਸੁ’ ਦੇ ਦਿੱਤੇ ਮਾਣ ਦੇ ਪਾਤਰ ਹਨ।
ਜਿਸ ਸ਼ਖ਼ਸੀ ਰਹਿਣੀ-ਬਹਿਣੀ ਅਤੇ ਆਚਾਰ ਤੋਂ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੇ ਝਲਕਾਰੇ ਪੈਂਦੇ ਹੋਣ, ਅੱਜ ਉਹ ਖ਼ਾਲਸੇ ਦਾ ਨਿਆਰਾਪਣ ਕਿਥੇ ਗਿਆ? ਇਹ ਸਮੁੱਚੀ ਸਿੱਖ ਕੌਮ ਲਈ ਚਿੰਤਨ ਦਾ ਵਿਸ਼ਾ ਹੈ। ਇਸੇ ਨਿਆਰੇਪਣ ਨੂੰ ਵਿਸਾਰਨ ਸਦਕਾ ਹੀ ਅੱਜ ਖ਼ਾਲਸਾ ਪੰਥ ਨੂੰ ਵਿਸ਼ਵਵਿਆਪੀ ਖੁਆਰੀਆਂ ਨਾਲ ਜੂਝਣਾ ਪੈ ਰਿਹਾ ਹੈ। ਗੁਰੂ ਸਾਹਿਬ ਨੇ ਸਪੱਸ਼ਟ ਤਾਂ ਕਿਹਾ ਹੈ ਕਿ :
ઠ’ਜਬ ਇਹ ਗਹੈ ਬਿਪਰਨੁ ਕੀ ਰੀਤ
ਮੈ ਨ ਕਰਉ ਇਨ ਕੀ ਪਰਤੀਤਿ।”
ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣੇ ਅਤੇ ਪ੍ਰਕਾਸ਼ ਦਿਹਾੜਿਆਂ ਮੌਕੇ ਆਤਿਸ਼ਬਾਜੀਆਂ, ਨਗਰ ਕੀਰਤਨ ਅਤੇ ਧਾਰਮਿਕ ਸਮਾਗਮ, ਬੱਸ ਇਥੋਂ ਤੱਕ ਹੀ ਸੀਮਤ ਰਹਿ ਗਈ ਹੈ ਸਾਡੇ ਅੰਦਰ ਗੁਰੂ ਦੀ ਪ੍ਰਤੀਤ। ਸਾਨੂੰ ਆਪਣੇ ਗੁਰੂ ਪਿਤਾ ਦੀ ਸਿਮਰਤੀ ਵਿਚ ਅੱਜ ਆਪਣੀ ਸਥਿਤੀ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ। ਕੀ ਅਸੀਂ ਦਸਮ ਪਿਤਾ ਦੇ ਸਾਜੇ ਖ਼ਾਲਸਾ ਪੰਥ ਦੇ ਮੈਂਬਰ ਕਹਾਉਣ ਦੇ ਇਖ਼ਲਾਕੀ ਹੱਕਦਾਰ ਹਾਂ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਖ਼ਾਲਸਾ ਜੀਵਨ ਜਾਚ ਦੇ ਗੁਣ ਸਾਡੇ ‘ਚ ਹਨ? ਕਿਉਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੇ ਸਪੱਸ਼ਟ ਆਦੇਸ਼ਾਂ ਦੇ ਬਾਵਜੂਦ ਉਨ੍ਹਾਂ ਦੇ ਆਦੇਸ਼ਾਂ ਦੀ ਅਵੱਗਿਆ ਕਰ ਰਹੇ ਹਾਂ? ਆਓ! ਅੱਜ ਦੇ ਦਿਹਾੜੇ ਅਸੀਂ ਆਪਣੇ ਗਿਰੀਵਾਨ ਦੇ ਅੰਦਰ ਝਾਤੀ ਮਾਰੀਏ ਅਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰਸਾਏ ਗੁਰਮਤਿ ਗਾਡੀਰਾਹ ਦੇ ਪਾਂਧੀ ਬਣਨ ਦੇ ਯਤਨ ਕਰੀਏ। ਇਹੀ ਸਾਡੀ ਗੁਰੂ ਸਾਹਿਬ ਪ੍ਰਤੀ ਸੱਚੀ ਸਿਮਰਤੀ ਹੋਵੇਗੀ।