ਰੁਝਾਨ ਖ਼ਬਰਾਂ
ਜਦੋਂ ਪੰਡਤ ਨਹਿਰੂ ਨੇ ਸਿੱਖਾਂ ਨਾਲ ਧੋਖਾ ਕੀਤਾ

 

ਜਦੋਂ ਪੰਡਤ ਨਹਿਰੂ ਨੇ ਸਿੱਖਾਂ ਨਾਲ ਧੋਖਾ ਕੀਤਾ

 

ਮਾਸਟਰ ਤਾਰਾ ਸਿੰਘ ਦੀ ਜੀਵਨੀ ਅਨੁਸਾਰ ਉਨ੍ਹਾਂ ਲਿਖਿਆ ਹੈ ਕਿ : ਮੈਂ ਜਦੋਂ ਪੰਡਤ ਨਹਿਰੂ ਨੂੰ ਆਜ਼ਾਦੀ ਤੋਂ ਪਹਿਲਾਂ ਦੇ ਸਿਖਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ ਤਾਂ ਪੰਡਿਤ ਨਹਿਰੂ ਨੇ ਮੈਨੂੰ ਖੁਲ੍ਹ ਕੇ ਅਤੇ ਬਿਨਾਂ ਸ਼ਰਮ ਮਹਿਸੂਸ ਕੀਤਿਆਂ ਕਹਿ ਦਿਤਾ ਕਿ ਸਿਖਾਂ ਨੂੰ ਭੰਬਲਭੂਸੇ ਵਿਚ ਪਾਉਣਾ ਉਸ ਦੀ ਸਿਆਸੀ ਚਾਲ ਸੀ। ”ਯੇਹ ਮੇਰੀ ਰਾਜਨੀਤੀ ਥੀ।” ਪੰਡਿਤ ਜੀ ਨੇ ਮੈਨੂੰ ਇਹ ਦਸਿਆ ਕਿ ਵਾਅਦੇ ਕਰਨ ਲਗਿਆਂ ਵੀ ਉਹ ਆਪਣੇ ਮਨ ਵਿਚ ਪੂਰੀ ਤਰ੍ਹਾਂ ਸਪਸ਼ਟ ਸੀ ਕਿ ਉਹ ਇਨ੍ਹਾਂ ਨੂੰ ਕਦੇ ਵੀ ਪੂਰਿਆਂ ਨਹੀਂ ਕਰੇਗਾ। ਮੈਂ ਪੰਡਿਤ ਜੀ ਨੂੰ ਰਾਜ਼ੀ ਕਰਨ ਲਈ ਰਾਜ ਗੋਪਾਲਚਾਰੀਆ, ਡਾ. ਰਜਿੰਦਰ ਪ੍ਰਸਾਦ ਅਤੇ ਮੌਲਾਨਾ ਆਜ਼ਾਦ ਤਕ ਵੀ ਪਹੁੰਚ ਕੀਤੀ ਅਤੇ ਜਵਾਬ ਵਿਚ ਉਨ੍ਹਾਂ ਨੇ ਇਸ ਬਾਰੇ ਨਹਿਰੂ ਨਾਲ ਗਲਬਾਤ ਵੀ ਕੀਤੀ। ਉਨ੍ਹਾਂ ਨੇ ਸਾਨੂੰ ਦਸਿਆ ਕਿ ਨਹਿਰੂ ਉਨ੍ਹਾਂ ਦੀ ਗਲ ਸੁਣਨ ਨੂੰ ਤਿਆਰ ਨਹੀਂ ਸੀ। ਉਨ੍ਹਾਂ ਲੀਡਰਾਂ ਨੇ ਮੈਨੂੰ ਜੋ ਕੁਝ ਦਸਿਆ, ਉਸ ਅਨੁਸਾਰ ਨਹਿਰੂ ਨੇ ਉਨ੍ਹਾਂ ਨੂੰ ਕਿਹਾ, ”ਜਬ ਕੋਈ ਸਿਖੋਂ ਸੇ ਕੀਏ ਵਾਅਦੇ ਕੀ ਬਾਤ ਕਰਤਾ ਹੈ ਤੋ ਮੈਂ ਅਪਨੇ ਕਾਨ ਬੰਦ ਕਰ ਲੇਤਾ ਹੂੰ।”

ਨਹਿਰੂ ਨੇ ਆਪਣੀ ਪਾਰਟੀ ਵਿਚਲੇ ਸਾਰੇ ਕਾਂਗਰਸੀ ਸਿਖਾਂ ਨੂੰ ਸਪਸ਼ਟ ਕਹਿ ਦਿਤਾ ਸੀ ਕਿ ਜਿਹੜਾ ਵੀ ਸਿਖਾਂ ਜਾਂ ਪੰਜਾਬ ਦੀ ਗਲ ਕਰੇਗਾ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ ”ਮੈਂ ਇਸ ਗਲ ਬਾਰੇ ਬਿਹਤਰ ਜਾਣਦਾ ਹਾਂ ਕਿ ਸਿਖਾਂ ਅਤੇ ਪੰਜਾਬ ਦੇ ਭਲੇ ਵਿਚ ਕੀ ਕਰਨਾ ਜ਼ਰੂਰੀ ਹੈ।” ਪਰ ਨਾਲ ਹੀ ਉਸ ਨੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਵਾਲੇ ਕਾਂਗਰਸੀ ਸਿਖਾਂ ਦੀ ਹਰ ਨਿਜੀ ਮੰਗ ਪੂਰੀ ਕਰਨ ਦਾ ਭਰੋਸਾ ਦਿਵਾਇਆ। ਸਰਵਨ ਸਿੰਘ ਤੇ ਪ੍ਰਤਾਪ ਸਿੰਘ ਕੈਰੋਂ ਵਰਗੇ ਕਾਂਗਰਸੀ ਸਿਖਾਂ ਦੀ ਸੋਚ ਇਹ ਹੀ ਸੀ ਕਿ ਉਨ੍ਹਾਂ ਨੇ ਪੰਥ ਲਈ ਕਾਫੀ ਕੁਰਬਾਨੀਆਂ ਕਰ ਦਿਤੀਆਂ ਸਨ ਤੇ ਹੁਣ ਤਾਂ ਸਰਕਾਰੀ ਸਹੂਲਤਾਂ ਮਾਣਨ ਦਾ ਸਮਾਂ ਆ ਗਿਆ ਹੈ ਤੇ ਵਜ਼ੀਰ ਬਣ ਕੇ ਝੰਡੀ ਵਾਲੀ ਕਾਰ ਵਿਚ ਬੈਠਣ ਦਾ ਮੌਕਾ ਨਹੀਂ ਗਵਾਉਣਾ ਚਾਹੀਦਾ।

ਪੰਡਤ ਜੀ ਬਹੁਤ ਸ਼ਾਤਰ ਸਨ। ਉਹ ਚਾਣਕੀਆ ਨੀਤੀ ਨਾਲ ਹਰੇਕ ਸਿਖ ਨੂੰ ਖਰੀਦਣਾ ਚਾਹੁੰਦੇ ਸਨ, ਜਿਸ ਤੋਂ ਉਨ੍ਹਾਂ ਨੂੰ ਡਰ ਸੀ ਕਿ ਉਹ ਸਿਖਾਂ ਦੀ ਜਦੋਜਹਿਦ ਵਿਚ ਅਹਿਮ ਰੋਲ ਨਿਭਾ ਸਕਦਾ ਹੈ। ਸ. ਹੁਕਮ ਸਿੰਘ, ਜੋ ਮੇਰੇ ਨਜ਼ਦੀਕੀ ਸਨ, ਉਨ੍ਹਾਂ ਨੇ ਵੀ ਪੰਥ ਦੇ ਹਕ ਵਿਚ ਪੂਰਾ ਵਾਹ ਲਾਇਆ। ਉਹ ਦੇਸ ਦੇ ਹਰ ਮਹਤਵਪੂਰਨ ਆਗੂ ਨੂੰ ਮਿਲੇ। ਭਾਵੇਂ ਉਹ ਕਾਂਗਰਸ ਦਾ ਆਗੂ ਸੀ ਅਤੇ ਭਾਵੇਂ ਕਿਸੇ ਹੋਰ ਪਾਰਟੀ ਦਾ। ਉਨ੍ਹਾਂ ਨੇ ਸੰਵਿਧਾਨ ਸਭਾ ਤੇ ਪਾਰਲੀਮੈਂਟ ਵਿਚ ਸਿਖਾਂ ਦਾ ਮੁਕਦਮਾ ਬੜੀ ਸਿਆਣਪ ਨਾਲ ਲੜਿਆ। ਪੰਡਿਤ ਜੀ ਨੇ ਬੜੀ ਹੁਸ਼ਿਆਰੀ ਨਾਲ ਸ. ਹੁਕਮ ਸਿੰਘ ਨੂੰ ਆਪਣੇ ਵਲ ਖਿਚਣ ਦੀ ਕੋਸ਼ਿਸ਼ ਕੀਤੀ ਤੇ ਲੋਕ ਸਭਾ ਦੀ ਸਪੀਕਰੀ ਦੇਣ ਦੀ ਪੇਸ਼ਕਸ਼ ਕਰ ਦਿਤੀ।

ਸ. ਹੁਕਮ ਸਿੰਘ ਮੇਰੇ ਕੋਲ ਆਏ ਅਤੇ ਇਹ ਪੇਸ਼ਕਸ਼ ਪ੍ਰਵਾਨ ਕਰਨ ਦੀ ਆਗਿਆ ਮੰਗੀ। ਉਨਾਂ ਦੀ ਦਲੀਲ ਸੀ ਕਿ ਉਨ੍ਹਾਂ ਨੂੰ ਪੰਡਿਤ ਨਹਿਰੂ ਦੇ ਬਹੁਤ ਨੇੜੇ ਰਹਿਣ ਦਾ ਮੌਕਾ ਮਿਲੇਗਾ, ਇਸ ਲਈ ਉਹ ਪੰਡਿਤ ਜੀ ਨੂੰ ਸਿਖਾਂ ਬਾਰੇ ਸਹੀ ਰਸਤੇ ਉਤੇ ਲੈ ਆਉਣਗੇ। ਮੈਂ ਪੂਰੀ ਵਾਹ ਲਾਈ। ਮੈਂ ਸ. ਹੁਕਮ ਸਿੰਘ ਨੂੰ ਸਪਸ਼ਟ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਿਖਾਂ ਦਾ ਮੁਕਦਮਾ ਕਮਜ਼ੋਰ ਪੈ ਜਾਵੇਗਾ ਤੇ ਲੜਨ ਵਾਲਾ ਮੈਂ ਇਕਲਾ ਰਹਿ ਜਾਵਾਂਗਾ। ਉਦੋਂ ਤਕ ਅਣਗਿਣਤ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਛਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਚੁਕੇ ਸਨ ਤਾਂ ਕਿ ਹਕੂਮਤੀ ਨਸ਼ਾ ਲੈ ਸਕਣ ਅਤੇ ਕਾਲਾ ਧਨ ਜਮਾਂ ਕਰ ਲੈਣ। ਮੇਰੇ ਸਾਰੇ ਤਰਲੇ ਹਾੜੇ ਕਿਸੇ ਕੰਮ ਨਾ ਆਏ ਤੇ ਹੁਕਮ ਸਿੰਘ ਮੈਨੂੰ ਅਹੁਦੇ ਲਈ ਧੋਖਾ ਦੇ ਗਏ। ਮੈਨੂੰ ਇਹ ਆਪਣੀ ਸਭ ਤੋਂ ਵਡੀ ਹਾਰ ਪ੍ਰਤੀਤ ਹੋਈ।

ਪੰਡਿਤ ਜੀ ਵਾਰ ਵਾਰ ਕਹਿੰਦੇ ਕਿ ਮੈਂ ਆਪਣੇ ਸੰਘਰਸ਼ ਦਾ ਰਾਹ ਤਿਆਗ ਦੇਵਾਂ। ਉਨ੍ਹਾਂ ਮੈਨੂੰ ਕਈ ਵਾਰ ਕਿਹਾ ਕਿ ਮੈਂ ਦੇਸ ਲਈ ਜੋ ਕੁਝ ਕੀਤਾ ਸੀ, ਉਸ ਸਦਕਾ ਉਹ ਮੇਰੀ ਬੜੀ ਕਦਰ ਕਰਦੇ ਸਨ। ਉਨ੍ਹਾਂ ਮੈਨੂੰ ਭਾਰਤ ਦਾ ਉਪ-ਰਾਸ਼ਟਰਪਤੀ ਬਣਾ ਦੇਣ ਦੀ ਪੇਸ਼ਕਸ਼ ਵੀ ਕੀਤੀ ਤੇ ਨਾਲ ਹੀ ਵਾਅਦਾ ਕੀਤਾ ਕਿ ਮਗਰੋਂ ਜਾ ਕੇ ਮੈਨੂੰ ਰਾਸ਼ਟਰਪਤੀ ਬਣਾ ਦਿਤਾ ਜਾਵੇਗਾ। ਉਨ੍ਹਾਂ ਮੈਨੂੰ ਖੁਲ੍ਹ ਕੇ ਕਿਹਾ ਕਿ ਜੇ ਮੈਂ ਸਿਖ ਹਕਾਂ ਦੀ ਲੜਾਈ ਜਾਰੀ ਰਖੀ ਤਾਂ ਉਹ ਬੜੀ ਸਖਤੀ ਨਾਲ ਪੇਸ਼ ਆਉਣਗੇ। ਉਨ੍ਹਾਂ ਦਾ ਆਖਰੀ ਫੈਸਲਾ ਇਹ ਸੀ ਕਿ ਸਿਖ ਜਿੰਨਾ ਜ਼ਿਆਦਾ ਅੰਦੋਲਨ ਦੇ ਰਾਹ ਪੈ ਜਾਣਗੇ, ਉਨੇ ਹੀ ਜ਼ਿਆਦਾ ਮੁਸੀਬਤ ਵਿਚ ਫਸਣਗੇ।

ਉਨ੍ਹਾਂ ਹੋਰ ਕਿਹਾ ਕਿ ਸਿਖਾਂ ਨੂੰ ਕਿਸੇ ਹਾਲ ਵੀ ਵਿਸ਼ੇਸ਼ ਸੰਵਿਧਾਨਕ ਦਰਜਾ ਨਹੀਂ ਦਿਤਾ ਜਾਵੇਗਾ ਅਤੇ ਪੰਜਾਬੀ ਸੂਬੇ ਬਾਰੇ ਉਹ ਸੁਪਨੇ ਲੈਣੇ ਛਡ ਦੇਣ। ਮੈਂ ਨਹਿਰੂ ਨੂੰ ਦਸਿਆ ਕਿ ਮੈਂ ਸਿਖਾਂ ਦੇ ਵਿਰਸੇ ਅਤੇ ਉਨ੍ਹਾਂ ਦੇ ਖਾਸੇ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਮੈਂ ਦਸਿਆ ਕਿ ਇਹ ਦੇਸ ਦੇ ਹਿਤ ਵਿਚ ਹੋਵੇਗਾ ਕਿ ਸਿਖ ਵੀ ਆਪਣੇ ਆਪ ਨੂੰ ਬਰਾਬਰ ਦੇ ਭਾਈਵਾਲ ਸਮਝਣ ਅਤੇ ਦੂਜੇ ਦਰਜੇ ਦੇ ਸ਼ਹਿਰੀ ਨਾ ਬਣਾ ਦਿਤੇ ਜਾਣ। ਮੈਂ ਨਹਿਰੂ ਨੂੰ ਕਿਹਾ ਕਿ ਸਿਖਾਂ ਦੀਆਂ ਕੋਈ ਬਹੁਤ ਜ਼ਿਆਦਾ ਮੰਗਾਂ ਨਹੀਂ ਹਨ। ਮੈਂ ਉਸ ਨੂੰ ਕਿਹਾ ਕਿ 1946 ਵਿਚ ਜੋ ਕੁਝ ਉਸ ਨੇ ਆਪ ਹੀ ਸਿਖਾਂ ਨੂੰ ਦੇਣ ਬਾਰੇ ਕਿਹਾ ਸੀ, ਉਸੇ ਨੂੰ ਅਮਲੀ ਰੂਪ ਦੇ ਦੇਵੇ। ਮੈਂ ਇਹ ਵੀ ਦਸਿਆ ਕਿ ਅਸੀਂ ਇਤਿਹਾਸ ਦੇ ਅਤਿ ਨਾਜ਼ੁਕ ਦੌਰ ਵਿਚੋਂ ਲੰਘ ਰਹੇ ਸੀ। ਮੇਰਾ ਕਹਿਣਾ ਸੀ ਕਿ ਅਸੀਂ ਦੋਵੇਂ ਜਿਸ ਵੀ ਫੈਸਲੇ ਉਤੇ ਅਪੜ ਜਾਵਾਂਗੇ ਉਸ ਨੂੰ ਸਾਰੇ ਹਿੰਦੂ ਸਿਖ ਪ੍ਰਵਾਨ ਕਰ ਲੈਣਗੇ। ਕਿਉਂਕਿ ਸਾਨੂੰ ਦੋਵਾਂ ਨੂੰ ਆਪਣੀ ਕੌਮ ਦਾ ਭਰੋਸਾ ਪ੍ਰਾਪਤ ਸੀ।

ਮੈਂ ਨਹਿਰੂ ਨੂੰ ਕਿਹਾ ਕਿ ਜਦੋਂ ਅਸੀਂ ਸੰਸਾਰ ਉਤੇ ਨਾ ਰਹੇ ਤਾਂ ਫਿਰ ਅਜਿਹਾ ਮੌਕਾ ਕਦੇ ਨਹੀਂ ਆਵੇਗਾ। ਮੈਂ ਦਸਿਆ ਕਿ ਬਾਕੀ ਦਾ ਭਾਰਤ 1947 ਤੋਂ ਪਹਿਲਾਂ ਇਕ ਹਜ਼ਾਰ ਸਾਲ ਤਕ ਵਿਦੇਸ਼ੀਆਂ ਦੀ ਗੁਲਾਮੀ ਹੇਠ ਰਿਹਾ ਪਰ ਸਿਖ 1701 ਤੋਂ 1849 ਤਕ ਵਡੀ ਸਲਤਨਤ ਦੇ ਖੁਦਮੁਖਤਾਰ ਹਾਕਮ ਰਹੇ ਹਨ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਅਤੇ ਭਾਰਤ ਵਿਚੋਂ ਬਾਹਰ ਕਢਣ ਲਈ ਚਾਰ ਵਡੇ ਹੰਭਲੇ ਮਾਰੇ ਸਨ। ਸਿਖ ਗੁਰੂਆਂ ਨੇ ਉਨ੍ਹਾਂ ਨੂੰ ਵਖਰੀ ਗੁੜ੍ਹਤੀ ਦਿਤੀ ਹੋਈ ਹੈ ਅਤੇ ਉਹ ਸਤਿਕਾਰਯੋਗ ਥਾਂ ਦੀ ਪ੍ਰਾਪਤੀ ਲਈ ਲੜਦੇ ਹੀ ਰਹਿਣਗੇ। ਜਿਸ ਦਾ ਅਰਥ ਹੈ ਕਿ ਪੰਜਾਬ ਵਿਚ ਇਕ ਭਾਸ਼ਾਈ ਪੰਜਾਬੀ ਸੂਬਾ ਸਥਾਪਤ ਕਰ ਦਿਤਾ ਜਾਵੇ, ਜਿਸ ਨੂੰ ਮੁਕੰਮਲ ਅੰਦਰੂਨੀ ਖੁਦਮੁਖਤਾਰੀ ਦਿਤੀ ਜਾਵੇ ਅਤੇ ਇਸ ਸੂਬੇ ਕੋਲ ਕੁਝ ਵਿਸ਼ੇਸ਼ ਸੰਵਿਧਾਨਕ ਅਧਿਕਾਰ ਵੀ ਹੋਣ, ਜਿਨ੍ਹਾਂ ਸਦਕਾ ਇਹ ਸਿਖਾਂ ਦੇ ਹਿਤਾਂ ਦੀ ਰਾਖੀ ਕਰ ਸਕੇ।

ਜਦੋਂ ਪੰਡਿਤ ਜੀ ਨੇ ਸ਼ੇਖ ਅਬਦੁਲਾ ਨਾਲ ਸਮਝੌਤਾ ਕਰ ਲਿਆ ਅਤੇ ਜੰਮੂ-ਕਸ਼ਮੀਰ ਨੂੰ ਮੁਕੰਮਲ ਖੁਦਮੁਖਤਾਰੀ ਦੇਣ ਲਈ ਰਾਜ਼ੀ ਹੋ ਗਏ, ਜਿਸ ਵਿਚ ਵਖਰਾ ਝੰਡਾ, ਸਦਰੇ ਰਿਆਸਤ ਅਤੇ ਜੰਮੂ ਕਸ਼ਮੀਰ ਸੰਵਿਧਾਨ ਘੜਨੀ ਸਭਾ ਦਾ ਤਿਆਰ ਕੀਤਾ ਵਖਰਾ ਸੰਵਿਧਾਨ ਵੀ ਸ਼ਾਮਲ ਸੀ, ਤਾਂ ਮੈਂ ਇਹ ਵੀ ਸੋਚਿਆ ਤੇ ਕੁਝ ਚਿਰ ਲਈ ਇਹ ਯਕੀਨ ਵੀ ਕਰ ਲਿਆ ਕਿ ਪੰਡਿਤ ਜੀ ਨੂੰ ਇਹੋ ਜਿਹਾ ਪ੍ਰਬੰਧ ਸਾਡੇ ਲਈ ਵੀ ਕਰਨ ਵਿਚ ਕੋਈ ਕਠਨਾਈ ਨਹੀਂ ਆਵੇਗੀ। ਮੈਂ ਪਹਿਲੀ ਫੁਰਸਤ ਵਿਚ ਹੀ ਪੰਡਿਤ ਨਹਿਰੂ ਨਾਲ ਇਸ ਬਾਰੇ ਗਲ ਕੀਤੀ। ਨਹਿਰੂ ਦਾ ਉਤਰ ਸੀ ਕਿ ਸਿਖ ਐਵੇਂ ਜਜ਼ਬਾਤੀ ਨਾ ਹੋਣ ਤੇ ਇਹੋ ਜਿਹੇ ਵਿਚਾਰ ਮਨ ਵਿਚ ਪੈਦਾ ਨਾ ਹੋਣ ਦੇਣ। ਉਨ੍ਹਾਂ ਨੇ ਮੈਨੂੰ ਸਪਸ਼ਟ ਤੌਰ ਉਤੇ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਕਾਗਜ਼ ਦੇ ਇਕ ਟੁਕੜੇ ਤੋਂ ਵਧ ਕੁਝ ਨਹੀਂ ਸੀ ਦਿਤਾ ਅਤੇ ਛੇਤੀ ਹੀ ਤੁਹਾਨੂੰ ਪਤਾ ਲਗ ਜਾਵੇਗਾ ਕਿ ਖੁਦਮੁਖਤਾਰੀ ਦਾ ਭੂਤ ਸ਼ੇਖ ਅਬਦੁਲਾ ਤੇ ਉਸ ਦੇ ਹਮਾਇਤੀਆਂ ਦੇ ਮਨਾਂ ਵਿਚੋਂ ਕਿਵੇਂ ਨਿਕਲ ਜਾਵੇਗਾ।

ਜਦੋਂ ਸ਼ੇਖ ਅਬਦੁਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਸਭ ਕੁਝ ਸਪਸ਼ਟ ਹੋ ਗਿਆ। ਕਸ਼ਮੀਰੀਆਂ ਨਾਲ ਧੋਖਾ ਕੀਤਾ ਗਿਆ ਸੀ। ਸ਼ਾਇਦ ਇਹ ਗਲ ਠੀਕ ਵੀ ਹੋਵੇ ਕਿ ਨਹਿਰੂ ਨੇ ਕਸ਼ਮੀਰੀਆਂ ਨਾਲ ਸਮਝੌਤਾ ਇਸੇ ਲਈ ਸਿਰੇ ਨਾ ਚਾੜਿਆ, ਕਿਉਂਕਿ ਉਸ ਨੇ ਸੋਚਿਆ ਕਿ ਇਸ ਨਾਲ ਸਿਖ ਵੀ ਓਹੀ ਕੁਝ ਮੰਗਣ ਲਗ ਜਾਣਗੇ। ਇਹੀ ਨਹੀਂ ਜਦੋਂ ਤਿਬਤੀ ਲੋਕ 1959 ਵਿਚ ਆਪਣਾ ਦੇਸ ਛਡ ਕੇ ਭਜਣ ਲਈ ਮਜਬੂਰ ਹੋ ਗਏ ਤਾਂ ਪੰਡਿਤ ਨਹਿਰੁ ਦੁਨੀਆਂ ਨੂੰ ਇਹ ਵੀ ਨਾ ਕਹਿ ਸਕਿਆ ਕਿ ਦਲਾਈਲਾਮਾ ਨੂੰ ਵਾਪਸ ਲੈ ਲਿਆ ਜਾਵੇ ਤੇ ਉਨ੍ਹਾਂ ਨੂੰ ਆਪਣੇ ਲੋਕਾਂ ਸਮੇਤ ਤਿਬਤ ਵਿਚ ਹੀ ਰਹਿਣ ਦਿਤਾ ਜਾਵੇ। ਜੇ ਨਹਿਰੂ ਤਿਬਤ ਦਾ ਪਖ ਪੂਰਦਾ ਤਾਂ ਪੰਜਾਬ ਅਤੇ ਕਸ਼ਮੀਰ ਬਾਰੇ ਉਨ੍ਹਾਂ ਦਾ ਪਖ ਕਮਜ਼ੋਰ ਹੋ ਜਾਂਦਾ ਸੀ। ਇਸ ਤਰ੍ਹਾਂ ਤਿਬਤ, ਪੰਜਾਬ ਅਤੇ ਕਸ਼ਮੀਰ ਵਿਚ ਕਸ਼ੀਦਗੀ ਲਈ ਕੇਵਲ ਤੇ ਕੇਵਲ ਨਹਿਰੂ ਹੀ ਜ਼ਿੰਮੇਵਾਰ ਹੈ।