ਰੁਝਾਨ ਖ਼ਬਰਾਂ
ਬ੍ਰਿਟਿਸ਼ ਕੋਲੰਬੀਆ ‘ਚ ਹੜ੍ਹਾਂ ਨੇ ਮਚਾਈ ਤਬਾਹੀ

ਬ੍ਰਿਟਿਸ਼ ਕੋਲੰਬੀਆ ‘ਚ ਹੜ੍ਹਾਂ ਨੇ ਮਚਾਈ ਤਬਾਹੀ

ਪ੍ਰੀਮੀਅਰ ਜੌਹਨ ਹੌਰਗਨ ਵਲੋਂ ਸਟੇਟ ਐਮਰਜੈਂਸੀ ਦਾ ਐਲਾਨ, ਵੱਖ-ਵੱਖ ਸਿੱਖ ਸੰਸਥਾਵਾਂ ਹੜ੍ਹ ਪੀੜ੍ਹਤਾਂ ਲਈ ਅੱਗੇ ਆਈਆਂ

ਸਰੀ : ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਕਈ ਥਾਂ ਢਿੱਗਾਂ ਡਿੱਗਣ ਕਾਰਨ ਪ੍ਰੀਮੀਅਰ ਜੌਹਨ ਹੌਰਗਨ ਵਲੋਂ ਸੂਬੇ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਬੀ.ਸੀ. ਦੇ ਪਬਲਿਕ ਸੇਫਟੀ ਮੰਤਰੀ ਅਤੇ ਸੌਲੀਸਿਟਰ ਜਨਰਲ, ਮਾਈਕ ਫਾਰਨਵਰਥ ਨੇ ਕਿਹਾ ਹੈ ਕਿ ਸਟੇਟ ਆਫ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਪ੍ਰਭਾਵਿਤ ਲੋਕਾਂ ਤਕ ਖਾਣਾ, ਪਾਣੀ ਅਤੇ ਜ਼ਰੂਰੀ ਸਮਗਰੀ ਦੀ ਸਪਲਾਈ ਨੂੰ ਜਾਰੀ ਰੱਖਣਾ ਸਾਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੂਬੇ ‘ਚ ਸ਼ੁਰੂਆਤੀ ਤੌਰ ‘ਤੇ 14 ਦਿਨਾਂ ਲਈ ਲਾਗੂ ਰਹੇਗੀ ਅਤੇ ਜਿਵੇਂ ਲੋੜ ਹੋਵੇ, ਇਸ ਨੂੰ ਵਧਾਇਆ ਜਾਂ ਰੱਦ ਕੀਤਾ ਜਾ ਸਕਦਾ ਹੈ। ਮਾਈਕ ਫਾਰਨਵਰਥ ਨੇ ਕਿਹਾ ਕਿ ਐਮਰਜੈਂਸੀ ਪੂਰੇ ਸੂਬੇ ਵਿੱਚ ਲਾਗੂ ਹੋਵੇਗੀ ਅਤੇ ਇਸ ਨਾਲ ਨਿਸ਼ਚਿਤ ਹੋ ਸਕੇਗਾ ਕਿ ਫ਼ੈਡਰਲ, ਸੂਬਾਈ ਅਤੇ ਸਥਾਨਕ ਸਾਧਨ ਇੱਕ ਤਾਲਮੇਲ-ਪੂਰਨ ਕਾਰਵਾਈ ਅਧੀਨ ਮੁਹੱਈਆ ਕਰਾਏ ਜਾ ਸਕਣ, ਤਾਂ ਕਿ ਆਮ ਲੋਕਾਂ ਦਾ ਬਚਾਉ ਕੀਤਾ ਜਾ ਸਕੇ, ਜੋ ਕਿ ਸੂਬਾਈ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ।  ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਸੈਂਕੜੇ ਲੋਕਾਂ ਨੂੰ ਆਪਣਾ ਘਰ ਬਾਰ ਛੱਡ ਕੇ ਹੋਰਨਾਂ ਥਾਵਾਂ ਤੇ ਸ਼ਰਨ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਗੈਰ-ਜਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਅਪਲ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ-ਮਾਲ ਦੇ ਜ਼ਿਆਦਾ ਨੁਕਸਾਨ ਦਾ ਡਰ ਹੈ।  ਸ਼ਨੀਵਾਰ ਤੋਂ ਸੋਮਵਾਰ ਦਰਮਿਆਨ ਦੱਖਣੀ ਬ੍ਰਿਟਿਸ਼ ਕੋਲੰਬੀਆ ਵਿੱਚ ਰਿਕਾਰਡ ਤੋੜ ਬਾਰਿਸ਼ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਹੇਠਲੇ ਹਿੱਸੇ ਅਤੇ ਸੂਬੇ ਦੇ ਅੰਦਰੂਨੀ ਹਿੱਸੇ ਵਿੱਚ ਪ੍ਰਮੁੱਖ ਸੜਕਾਂ ਹੜ੍ਹਾਂ ਵਿੱਚ ਡੁੱਬ ਗਈਆਂ। ਢਿੱਗਾਂ ਡਿੱਗਣ ਕਾਰਨ ਉਨ੍ਹਾਂ ਦਾ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਟੁੱਟ ਗਿਆ ਹੈ। ਇਸੇ ਦੌਰਾਨ ਹੜ੍ਹ ਪੀੜਤਾਂ ਦੀ ਮਦਦ ਲਈ ਸਰੀ, ਐਬਟਸਫੋਰਡ ਅਤੇ ਹੋਰ ਥਾਵਾਂ ਤੋਂ ਵੱਖ ਵੱਖ ਭਾਈਚਾਰਿਆਂ ਦੇ ਲੋਕ ਅੱਗੇ ਆਏ ਹਨ ਅਤੇ ਰਸਤਿਆਂ ਦੇ ਕੱਟ ਜਾਣ ਕਾਰਨ ਰਾਹਾਂ ਵਿਚ ਫਸੇ ਲੋਕਾਂ ਦੇ ਖਾਣ ਪੀਣ, ਕੰਬਲ ਆਦਿ ਦਾ ਪ੍ਰਬੰਧ ਕਰਕੇ ਹੈਲੀਕਾਪਟਰਾਂ ਰਾਹੀਂ ਪੀੜਤ ਲੋਕਾਂ ਤੱਕ ਪੁਚਾਇਆ ਜਾ ਰਿਹਾ ਹੈ। ਖਾਲਸਾ ਏਡ ਅਤੇ ਪੰਜਾਬੀ ਭਾਈਚਾਰਾ ਵੀ ਹਮੇਸ਼ਾਂ ਵਾਂਗ ਇਸ ਬਿਪਤਾ ਵਿਚ ਘਿਰੇ ਲੋਕਾਂ ਦੀ ਹਰ ਤਰ੍ਹਾ ਮਦਦ ਕਰਨ ਵਿਚ ਜੁਟਿਆ ਹੋਇਆ ਹੈ। ਸਰੀ ਦੇ ਪੰਜਾਬੀ ਭਾਈਚਾਰੇ ਵੱਲੋਂ ਤਿੰਨ ਹਜਾਰ ਖਾਣੇ ਦੇ ਪੈਕਟ ਤਿਆਰ ਕਰਕੇ ਪੀੜਤਾਂ ਤੱਕ ਪੁਚਾਏ ਗਏ ਹਨ। ਹੜ੍ਹਾਂ ਦੇ ਪ੍ਰਭਾਵਾਂ ਕਾਰਣ ਤਕਰੀਬਨ 17,775 ਲੋਕਾਂ ਨੂੰ ਘਰਾਂ ‘ਚੋਂ ਕੱਢ ਕੇ ਲਿਜਾਇਆ ਗਿਆ ਹੈ, ਜਦ ਕਿ 5,918 ਪ੍ਰਾਪਰਟੀਆਂ ਵਾਸਤੇ ਖ਼ਾਲੀ ਕਰਨ ਦੇ ਨਿਰਦੇਸ਼ (ਇਵੈਕੁਏਸ਼ਨ ਆਰਡਰ) ਜਾਰੀ ਕੀਤੇ ਗਏ ਹਨ ਅਤੇ    3,632 ਪ੍ਰਾਪਰਟੀਆਂ ਲਈ ਖ਼ਾਲੀ ਕਰਨ ਦੀ ਚੇਤਾਵਨੀ (ਇਵੈਕੁਏਸ਼ਨ ਅਲਰਟ) ਜਾਰੀ ਕੀਤੀ ਗਈ ਹੈ। ”ਸੂਬਾਈ, ਫ਼ੈਡਰਲ ਅਤੇ ਸਥਾਨਕ ਸਰਕਾਰਾਂ ਇਹ ਨਿਸ਼ਚਿਤ ਕਰਨ ਲਈ ਐਮਰਜੈਂਸੀ ਅਮਲੇ ਨਾਲ ਸਹਿਯੋਗ ਕਰ ਰਹੀਆਂ ਹਨ ਕਿ ਲੋਕਾਂ ਅਤੇ ਭਾਈਚਾਰਿਆਂ ਨੂੰ ਉਹ ਮਦਦ ਮਿਲ ਸਕੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ ਜਦ ਕਿ ਉਹ ਹਾਲੇ ਇੱਕ ਹੋਰ ਕੁਦਰਤੀ ਆਫ਼ਤ ‘ਚੋਂ ਗੁਜ਼ਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੂਬਾਈ ਆਪਾਤ ਸਥਿਤੀ ਦੇ ਇਸ ਐਲਾਨ ਨਾਲ ਵਸਤਾਂ ਦੀ ਢੋਆ-ਢੁਆਈ, ਅਤੇ ਜ਼ਰੂਰੀ ਅਤੇ ਆਪਾਤ ਸੇਵਾਵਾਂ ਨਿਸ਼ਚਿਤ ਹੋਣਗੀਆਂ,” ਪ੍ਰੀਮੀਅਰ ਜੌਨ ਹੋਰਗਨ     ਨੇ ਕਿਹਾ, ”ਇਸ ਘਾਤਕ ਸਮੇਂ ‘ਚੋਂ ਨਿਕਲਣ ਲਈ ਹੁਣ ਜਦੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਤਾਂ ਸੁਰੱਖਿਅਤ ਰਹਿਣ ਲਈ ਅਤੇ ਇੱਕ ਦੂਜੇ ਦੀ ਮਦਦ ਕਰਨ ਲਈ ਜੋ ਵੀ ਤੁਸੀਂ ਕਰ ਸਕਦੇ ਹੋ, ਕਰਨ ਲਈ ਤੁਹਾਡਾ ਸਭ ਦਾ ਧੰਨਵਾਦ।” ਮਾਈਕ ਫ਼ਾਰਨਵਰਥ, ਜਨਤਕ ਸੁਰੱਖਿਆ ਦੇ ਮੰਤਰੀ ਅਤੇ ਸੋਲਿਸਿਟਰ ਜਨਰਲ ਨੇ, ਢੋਆ-ਢੁਆਈ ਅਤੇ     ਬੁਨਿਆਦੀ ਢਾਂਚੇ ਦੇ ਮੰਤਰਾਲੇ ਅਤੇ ਐਮਰਜੈਂਸੀ ਪ੍ਰਬੰਧਨ ਬੀ ਸੀ ਦੀਆਂ ਸਿਫ਼ਾਰਸ਼ਾਂ ਦੇ ਅਧਾਰ ‘ਤੇ, ਇਹ ਐਲਾਨ    17 ਨਵੰਬਰ, 2021 ਨੂੰ ਕੀਤਾ। ਇਹ ਐਲਾਨ ਫ਼ੌਰਨ ਲਾਗੂ ਹੋ ਜਾਵੇਗਾ। ”ਸੂਬਾਈ ਪੱਧਰ ਦੇ ਇਸ ਐਲਾਨ ਨਾਲ ਸਾਨੂੰ ਇਸ ਕੁਦਰਤੀ ਆਫ਼ਤ ਦੇ ਕਾਰਣ ਹੋਈ ਘੋਰ ਤਬਾਹੀ ਤੋਂ ਉਭਰਨ ਦੇ  ਨਾਲ ਨਾਲ ਅਗਾਂਹ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਮਿਲੇਗੀ,” ਫ਼ਾਰਨਵਰਥ ਨੇ ਕਿਹਾ,  ”ਰੇਲ ਅਤੇ ਸੜਕੀ ਆਵਾਜਾਈ ਨੂੰ ਦੁਬਾਰਾ ਚਾਲੂ ਕਰਨਾ ਸਾਡੀ ਸਭ ਤੋਂ ਵੱਡੀ ਪਹਿਲ ਹੈ, ਅਤੇ ਇਸ ਐਲਾਨ ਨਾਲ ਅਸੀਂ ਅਜਿਹਾ ਸੰਭਵ ਬਣਾਉਣ ਲਈ ਸਾਧਨ ਇਕੱਠੇ ਕਰ ਸਕਾਂਗੇ।”