‘ਸੂਰਜ ਦੀ ਅੱਖ’ ਦੇ ਲੇਖਕ ਨੇ ਮੰਨੀਆਂ ਨਾਵਲ ਵਿੱਚਲੀਆਂ ਗਲਤੀਆਂ

‘ਸੂਰਜ ਦੀ ਅੱਖ’ ਦੇ ਲੇਖਕ ਨੇ ਮੰਨੀਆਂ ਨਾਵਲ ਵਿੱਚਲੀਆਂ ਗਲਤੀਆਂ

ਚੋਣ ਕਮੇਟੀ ਨੇ ਨਾਵਲ ਖੁਦ ਮੰਗਵਾ ਕੇ ਦਿੱਤਾ ਐਵਾਰਡ -ਬਲਦੇਵ ਸੜਕਨਾਮਾ

ਸਨਮਾਨਤ ਕਰਨ ਆਏ ਸਾਹਿਤਕਾਰ ਵੀ ਹੋਏ ਸ਼ਰਮਸਾਰ ਅਤੇ ਲਕੋਈ ਰੱਖਿਆ ਸਨਮਾਨ ਚਿਨ੍ਹ

ਵੈਨਕੂਵਰ : (ਬਰਾੜ-ਭਗਤਾ ਭਾਈ ਕਾ) 25 ਹਜ਼ਾਰ ਡਾਲਰ ਦੇ ਸਰਕਾਰੀ ਐਵਾਰਡ ‘ਢਾਹਾਂ ਪੁਰਸਕਾਰ’ ਲੈ ਕੇ ਵਿਵਾਦਾਂ ਦੇ ਘੇਰੇ ‘ਚ ਆਉਣ ਵਾਲੇ ਨਾਵਲ ‘ਸੂਰਜ ਦੀ ਅੱਖ’ ਦੇ ਲੇਖਕ ਬਲਦੇਵ ਸਿੰਘ ਸੜਕਨਾਮਾ ਨੂੰ ਉਸ ਵੇਲੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੈਨੇਡਾ ਦੇ ਸ਼ਹਿਰ ਐਬਟਸਫੋਰਡ ‘ਚ ਜਾਗਰੂਕ ਪੰਜਾਬੀਆਂ ਨੇ ਉਸ ਨੂੰ ਨਾਵਲ ਵਿੱਚਲੀਆਂ ਗਲਤੀਆਂ ਸੰਬੰਧੀ ਜਵਾਬ ਦੇਣ ਲਈ ਕਿਹਾ। ਇੱਥੋਂ ਦੇ ਇੱਕ ਰੈਸਟੋਰੈਂਟ ‘ਚ ਹੋਈ ਇਕੱਤਰਤਾ ਦੌਰਾਨ ਨਾਵਲਕਾਰ ਸੜਕਨਾਮਾਂ ਨੇ ਇਹ ਗੱਲ ਮੰਨੀ ਕਿ ਉਸ ਨੂੰ ਪਤਾ ਹੈ ਕਿ ਉਸ ਵੱਲੋਂ ਲਿਖੇ ਨਾਵਲ ‘ਚ ਪੰਜਾਬੀ ਭਾਸ਼ਾ, ਵਿਆਕਰਨ ਅਤੇ ਵਾਕ ਬਣਤਰ ‘ਚ ਬਹੁਤ ਜ਼ਿਆਦਾ ਗਲਤੀਆਂ ਹਨ ਅਤੇ ਉਹ ਅਗਲੇ ਅਡੀਸ਼ਨ ‘ਚ, ਜੇ ਕਰ ਪ੍ਰਕਾਸ਼ਿਤ ਹੋਵੇਗਾ, ਇਨ੍ਹਾਂ ਨੂੰ ਜ਼ਰੂਰ ਸੁਧਾਰੇਗਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬੀ ਪ੍ਰੈਸ ਕਲੱਬ ਆਫ਼ ਬੀ.ਸੀ. ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਵੱਲੋਂ ਇਹ ਪੁੱਛਣ ‘ਤੇ ਕਿ ਨਾਵਲ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਾਬਰ ਨੂੰ ਜਾਬਰ ਕਹਿਣ ਦੀ ਥਾਂ ‘ਤੇ ਅਜਿਹਾ ਕਹਿਕੇ ਕਿ ਬਾਬਰ ਨੂੰ ਜੋ ਗੱਦੀ ਭਾਰਤ ਦੇ ਵਿੱਚ ਓਸ ਦੇ ਰਾਜਵੰਸ਼ ਦੇ ਅਗਾਹ ਚੱਲਣ ਦੀ ਮਿਲੀ ਸੀ, ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਮਿਲੀ ਸੀ, ਇਹ ਸਰੋਤ ਨਾਵਲਕਾਰ ਨੇ ਕਿਤੋਂ ਲਿਆ ਹੈ ਜਾਂ ਉਸ ਦਾ ਆਪਣਾ ਮਨਘੜਤ ਹੈ। ਇਸ ਦੇ ਉੱਤਰ ‘ਚ ਬਲਦੇਵ ਸੜਕਨਾਮਾ ਕੋਈ ਜਵਾਬ ਨਾ ਦੇ ਸਕਿਆ। ਇੱਥੇ ਹੀ ਵੱਸ ਨਹੀਂ, ਨਾਵਲਕਾਰ ਵੱਲੋਂ ਇਤਿਹਾਸਕ ਪਾਤਰਾਂ ਦੇ ਸੰਬੰਧ ਵਿੱਚ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਤੋਂ ਵੀ ਲੇਖਕ ਭੱਜਦਾ ਨਜ਼ਰ ਆਇਆ। ਇਹ ਕਹਿ ਕੇ ਲੇਖਕ ਨੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਨਾਵਲ ਵਿਚਲੇ ਹਵਾਲੇ ਜੋ ਪਹਿਲਾਂ ਹੀ ਇਤਿਹਾਸ ਵਿੱਚ ਮਿਲਦੇ ਹਨ, ਉਹ ਹੀ ਦਰਜ ਕੀਤੇ ਹਨ, ਜਿਸ ‘ਤੇ ਮੁੜ ਇਹ ਸਵਾਲ ਕੀਤਾ ਗਿਆ ਕਿ ਕੀ ਉਸ ਦੇ ਦਿੱਤੇ ਅਜਿਹੇ ਹਵਾਲੇ ਹੀ ਇਸ ਨਾਵਲ ਦੇ ਛਪਣ ਤੋਂ ਬਾਅਦ ਹੋਰ ਨਵੀਂ ਸਮੱਸਿਆ ਖੜ੍ਹੀ ਨਹੀਂ ਕਰਨਗੇ? ਕੀ ਉਹ ਇਸ ਲਈ ਜਵਾਬਦੇਹ ਨਹੀਂ? ਤਾਂ ਇਸ ਤੋਂ ਵੀ ਨਾਵਲਕਾਰ ਨੇ ਭੱਜਣ ਦੀ ਕੋਸ਼ਿਸ਼ ਹੀ ਕੀਤੀ। ਇਸ ਇਕੱਤਰਤਾ ਵਿੱਚ ਸ਼ਾਮਲ ਲੋਕਾਂ ਨੇ, ਨਾਵਲਕਾਰ ਨੂੰ ਉਸ ਵੱਲੋਂ ਜਾਣਬੁੱਝ ਕੇ ਕੀਤੀਆਂ ਗਈਆਂ ਗਲਤ ਟਿੱਪਣੀਆਂ ਲਈ ਵੀ ਸਵਾਲ ਜਵਾਬ ਬਹੁਤ ਸੱਭਿਅਕ ਅਤੇ ਸਾਰਥਿਕ ਰੂਪ ਵਿੱਚ ਕੀਤੇ, ਪਰ ਉਹ ਹਰ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਰਿਹਾ। ਜਦੋਂ ਇਹ ਪੁੱਛਿਆ ਗਿਆ ਕਿ ਨਾਵਲ ਵਿੱਚ ਮਹਾਂਭਾਰਤ ਦੇ ਵੇਰਵੇ ਦਰਜ ਕਰਕੇ ਇਹ ਲਿਖਣਾ ਕਿ ਉਸ ਤੋਂ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਵੇਲੇ ਦੇ ਸਿੱਖ ਰਾਜ ਨੂੰ ਸੇਧ ਲੈਣੀ ਚਾਹੀਦੀ ਸੀ, ਕੀ ਨਾਵਲਕਾਰ ਆਰ ਐਸ ਐਸ ਦੇ ਹੱਥ ਵਿੱਚ ਨਹੀਂ ਖੇਡ ਰਿਹਾ? ਤਾਂ ਇਸ ‘ਤੇ ਵੀ ਬਲਦੇਵ ਸੜਕਨਾਮਾ ਕੋਈ ਜਵਾਬ ਦੇ ਸਕਿਆ। ਨਾਵਲਕਾਰ ਨੂੰ ਇਹ ਪੁੱਛਿਆ ਗਿਆ ਕਿ ਭਾਰਤ ਵਿੱਚ ਉਸ ਨੇ ਸਹਿਣਸ਼ੀਲਤਾ ਦੇ ਮੁੱਦੇ ‘ਤੇ ਆਪਣਾ ਸਾਹਿਤ ਅਕੈਡਮੀਂ ਪੁਰਸਕਾਰ ਮੌਜ਼ੂਦਾ ਮੋਦੀ ਸਰਕਾਰ ਦੇ ਜ਼ਬਰ ਖਿਲਾਫ਼ ਮੋੜਿਆ ਸੀ, ਜਦ ਕਿ ਕੈਨੇਡਾ ਵਿੱਚ ਉਸ ਨੂੰ ਮਿਲੇ 25 ਹਜ਼ਾਰ ਡਾਲਰ ਸਰਕਾਰੀ ਢਾਹਾਂ ਇਨਾਮ ਦੇਣ ਵਾਲੇ ਲੋਕ ਵੀ ਕੈਨੇਡਾ ਵਿੱਚ ਓਸੇ ਹੀ ਸਰਕਾਰ ਦੇ ਮੋਦੀ ਦੇ ਸਵਾਗਤ ਕਰਤਾ ਸਨ, ਕੀ ਨਾਵਲਕਾਰ ਹੁਣ ਇਹ ਪੁਰਸਕਾਰ ਵੀ ਮੋੜੇਗਾ? ਤਾਂ ਇਸ ‘ਤੇ ਨਾਵਲਕਾਰ ਨੇ ਨਿਰਉੱਤਰ ਅਤੇ ਨਿੰਮੋਂਝੂਣੇ ਹੋ ਕੇ ਚੁੱਪ ਵੱਟੀ ਰੱਖੀ। ਕਰੀਬ ਇੱਕ ਘੰਟੇ ਤੱਕ ਚੱਲੀ ਇਸ ਇਕੱਤਰਤਾ ‘ਚ ਬਲਦੇਵ ਸੜਕਨਾਮਾ ਆਪਣੇ ਹੀ ਲਿਖੇ ਨਾਵਲ ਦੇ ਸੰਬੰਧ ਵਿੱਚ ਇਹ ਕਹਿਕੇ ਪਾਸਾ ਵੱਟਦਾ ਰਿਹਾ ਕਿ ਆਪਣੇ ਇਤਰਾਜ਼ ਮੈਨੂੰ ਲਿਖਤੀ ਰੂਪ ਵਿੱਚ ਦਿਉ, ਮੈਂ ਅਗਲੇ ਅਡੀਸ਼ਨ ਵਿੱਚ ਇਨ੍ਹਾਂ ਨੂੰ ਸੋਧ ਲਵਾਂਗਾ। ਜਦੋਂ ਇਹ ਪੁੱਛਿਆ ਗਿਆ ਕਿ ਓਸ ਦੇ ਮੌਜੂਦਾ ਅਡੀਸ਼ਨ ਦੀਆਂ ਕਿਤਾਬਾਂ ਦਾ ਕੀ ਬਣਿਆਂ? ਕੀ ਪ੍ਰਕਾਸ਼ਿਕ ਨੇ ਉਸ ਨੂੰ ਮੁੜ ਪ੍ਰਕਾਸ਼ਿਤ ਕੀਤਾ? ਤਾਂ ਸੜਕਨਾਮਾ ਨੇ ਕਿਹਾ ਕਿ ਪ੍ਰਕਾਸ਼ਕ ਯੂਨੀਸਟਾਰ ਹਰੀਸ਼ ਜੈਨ ਨੇ ਉਸ ਦਾ ਨਾਵਲ ਮੁੜ ਛਾਪਣ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਇਸ ਵੇਲੇ ਉਸ ਦੀ ਰਚਨਾ ‘ਤੇ ਰੋਕ ਲੱਗੀ ਹੋਈ ਹੈ। ਹੈਰਾਨੀ ਜਨਕ ਢੰਗ ਨਾਲ ਇਸ ਸਵਾਲ ਪੁੱਛਦਿਆਂ ਜਾਗਰੂਕ ਪੰਜਾਬੀਆਂ ਨੇ ਕਿਹਾ ਕਿ ਜਿਸ ਨਾਵਲ ‘ਤੇ ਰੋਕ ਲੱਗੀ ਹੋਈ ਹੈ ਤੇ ਪਾਠਕਾਂ ਕੋਲ ਵੀ ਨਹੀਂ ਹੈ, ਉਸ ਨੂੰ 25 ਹਜ਼ਾਰ ਡਾਲਰ ਦਾ ਅਵਾਰਡ ਕਿਸ ਖੁਸ਼ੀ ਵਿੱਚ ਦਿੱਤਾ ਗਿਆ ਅਤੇ ਕੀ ਅਵਾਰਡ ਲੈਣ ਲਈ ਕਿਤਾਬ ਨਾਵਲਕਾਰ ਨੇ ਢਾਹਾਂ ਅਵਾਰਡ ਚੋਣ ਕਮੇਟੀ ਕੋਲ ਖੁਦ ਭੇਜੀ ਸੀ ਜਾਂ ਉਨ੍ਹਾਂ ਨੇ ਆਪਣੇ ਆਪ ਹੀ ਇਸ ਨੂੰ ਚੁਣ ਕੇ ਐਵਾਰਡ ਦੇ ਦਿੱਤਾ? ਤਾਂ ਇਸ ‘ਤੇ ਵੀ ਨਾਵਲਕਾਰ ਨੇ ਕਿਹਾ ਕਿ ਐਵਾਰਡ ਲਈ ਉਸ ਨੇ ਨਾਵਲ ਨਹੀਂ ਸੀ ਭੇਜਿਆ ਸਗੋਂ ਚੋਣਕਾਰਾਂ ਨੇ ਆਪਣੇ ਆਪ ਹੀ ‘ਸੂਰਜ ਦੀ ਅੱਖ’ ਨਾਵਲ ਨੂੰ ਇਨਾਮ ਦੇ ਦਿੱਤਾ। ਹਾਜ਼ਰ ਲੋਕਾਂ ਨੇ ਨਾਵਲਕਾਰ ਦੇ ਨਾਲ-ਨਾਲ ਚੋਣ ਕਮੇਟੀ ਨੂੰ ਵੀ ਬਰਾਬਰ ਦਾ ਦੋਸ਼ੀ ਠਹਿਰਾਇਆ ਜਿੰਨ੍ਹਾਂ ਨੇ ਅਜਿਹਾ ਇਨਾਮ ਦੇ ਕੇ ਇਤਿਹਾਸ ਵਿੱਚ ਨਵੀਆਂ ਸੰਕਟਮਈ ਸਥਿੱਤੀਆਂ ਪੈਦਾ ਕੀਤੀਆਂ ਹਨ। ਇਸ ਮੌਕੇ ਕੁਝ ਵਿਅਕਤੀਆਂ ਨੇ ਤਿੱਖੀ ਨਿਰਾਜ਼ਗੀ ਦਾ ਇਜ਼ਹਾਰ ਵੀ ਕੀਤਾ ਪਰ ਮੌਕੇ ‘ਤੇ ਮੌਜੂਦ ਸੂਝਵਾਨ ਲੋਕਾਂ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਅਤੇ ਸੱਭਿਅਕ ਭਾਸ਼ਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦਿਆਂ ਮਹੌਲ ਨੂੰ ਵਿਗੜਣ ਤੋਂ ਬਚਾਈ ਰੱਖਿਆ। ਦਿਲਚਸਪ ਗੱਲ ਇਹ ਹੈ ਕਿ ਐਬਟਸਫੋਰਡ ਦੇ ਕੁਝ ਕੁ ਲੇਖਕਾਂ ਦੀ ਸੜਕਨਾਮਾ ਨੂੰ ਸਨਮਾਨਤ ਕਰਨ ਦੀ ਵਿਉਂਤ ਵੀ ਉਸ ਵੇਲੇ ਧਰੀ ਧਰਾਈ ਰਹਿ ਗਈ ਜਦੋਂ ਅਚਨਚੇਤ ਹੀ ਜਾਗਰੂਕ ਪੰਜਾਬੀਆਂ ਨੇ ਸੜਕਨਾਮਾ ਨੂੰ ਆਣ ਘੇਰਿਆ। ਸਨਮਾਨ ਕਰਨ ਵਾਲੇ ਸਥਿੱਤੀ ਨੂੰ ਮੂਕ ਦਰਸ਼ਕ ਬਣਕੇ ਚੁੱਪ ਚਾਪ ਵੇਖਦੇ ਰਹੇ ਅਤੇ ਹਾਲਾਤ ਨੂੰ ਭਾਂਪਦਿਆਂ ਉਨ੍ਹਾਂ ਨੇ ਸੜਕਛਾਪ ਨੂੰ ਦੇਣ ਲਈ ਲਿਆਂਦਾ ਸਨਮਾਨ ਚਿੰਨ੍ਹ ਵੀ ਲਕੋਈ ਰੱਖਿਆ।