
ਕਿਤਾਬ ਲਿਖਣਾ ਟਰੰਪ ਦੀ ਬਕਵਾਸ ਸੁਣਨ ਨਾਲੋਂ ਬਿਹਤਰ : ਜੀਨ ਕ੍ਰੈਚੀਅਨ
ਜੀਨ ਕ੍ਰੈਚੀਅਨ ਦੀ ਲਿਖੀ ਕਿਤਾਬ ”ਮਾਈ ਸਟੋਰੀਜ਼, ਮਾਈ ਟਾਈਮਜ਼” ਦੀ ਹੋਈ ਘੁੰਡ ਚੁਕਾਈ
ਓਟਵਾ, : ਜੀਨ ਕ੍ਰੈਚੀਅਨ ਨੇ ਆਪਣੀਆਂ ਯਾਦਾਂ ਨੂੰ ਕਿਤਾਬ ਦਾ ਰੂਪ ਵਿੱਚ ਆਪਣੇ ਚਹੇਤਿਆਂ ਸਾਹਮਣੇ ਲਿਆਂਦਾ ਅਤੇ ਉਨ੍ਹਾਂ ਦੀ ਕਿਤਾਬ ਦੀ ਘੁੰਡ ਚੁੱਕਾਈ ਬੀਤੇ ਦਿਨੀਂ ਔਟਵਾ ‘ਚ ਕੀਤੀ ਗਈ। ਆਪਣੀ ਕਿਤਾਬ ਦੀ ਕੁੰਢ ਚੁਕਾਈ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕ੍ਰੈਚੀਅਨ ਨੇ ਆਖਿਆ ਕਿ ਉਹ ਕੋਈ ਲੇਖਕ ਨਹੀਂ ਹਨ ਇਸ ਲਈ ਸ਼ੁਰੂ ਵਿੱਚ ਲਿਖਣਾਂ ਬਹੁਤ ਮੁਸ਼ਕਲ ਲੱਗ ਰਿਹਾ ਸੀ ਪਰ ਫਿਰ ਹੌਲੀ ਹੌਲੀ ਉਨ੍ਹਾਂ ਨੂੰ ਲਿਖਣ ਵਿੱਚ ਮਜ਼ਾ ਆਉਣ ਲੱਗਿਆ। ਉਨ੍ਹਾਂ ਆਖਿਆ ਕਿ ਟੀਵੀ ਮੂਹਰੇ ਬਹਿ ਕੇ ਟਰੰਪ ਦੀ ਬਕਵਾਸ ਸੁਣਨ ਨਾਲੋਂ ਉਹ ਆਪਣੇ ਡੈਸਕ ਉੱਤੇ ਜਾ ਕੇ ਆਪਣੀਆਂ ਯਾਦਾਂ ਨੂੰ ਰੂਪ ਦੇਣ ਲੱਗਦੇ ਸਨ ਤੇ ਇਸੇ ਤਰ੍ਹਾਂ ਹੀ ਉਹ ਕਿਤਾਬ ਤਿਆਰ ਹੋ ਗਈ ਜਿਹੜੀ ਸਾਰਿਆਂ ਦੇ ਸਾਹਮਣੇ ਹੈ। ਕਿਤਾਬ ਦੀ ਘੁੰਢ ਚੁਕਾਈ ਮੌਕੇ ਹੀ ਕ੍ਰੈਚੀਅਨ ਦੇ ਕੈਨੇਡਾ ਦਾ 20ਵਾਂ ਪ੍ਰਧਾਨ ਮੰਤਰੀ ਬਣਨ ਦੀ 25 ਵਰ੍ਹੇਗੰਢ ਵੀ ਸੀ। ਜ਼ਿਕਰਯੋਗ ਹੈ ਕਿ ਕ੍ਰੈਚੀਅਨ ਨੇ 1993 ਤੋਂ 2003 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਇਸ ਤੋਂ ਪਹਿਲਾਂ ਉਹ ਪਿਏਰੇ ਟਰੂਡੋ ਦੀ ਲਿਬਰਲ ਸਰਕਾਰ ਵਿੱਚ ਕੈਬਨਿਟ ਮੰਤਰੀ ਤੇ ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜੌਹਨ ਟਰਨਰ ਦੀ ਸਰਕਾਰ ਵਿੱਚ ਡਿਪਟੀ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ।
ਇੰਜ ਲੱਗ ਰਿਹਾ ਸੀ ਕਿ ਕਮਰਾ ਕ੍ਰੈਚੀਅਨ ਯੁੱਗ ਦੇ ਲਿਬਰਲਾਂ ਨਾਲ ਭਰਿਆ ਹੋਵੇ ਪਰ ਕੁੱਝ ਨਵੇਂ ਚਿਹਰੇ ਵੀ ਨਜ਼ਰ ਆਏ। ਇਸ ਮੌਕੇ ਵਾਤਾਵਰਣ ਮੰਤਰੀ ਕੈਥਰੀਨ ਮੈਕੇਨਾ, ਵਿਲੋਡੇਲ ਤੋਂ ਐਮਪੀ ਅਲੀ ਅਹਿਸਾਸੀ, ਐਨਐਲ ਐਮਪੀ ਨਿੱਕ ਵ੍ਹਾਲਨ, ਟੋਬਿਕ-ਮੈਕਟੈਕੁਐਕ ਐਮਪੀ ਟੀਜੇ ਹਾਰਵੇਅ, ਐਨਐਲ ਐਮਪੀ ਗੂਡੀ ਹਚਿੰਗਜ਼, ਕਿਊਬਿਕ ਤੋਂ ਐਮਪੀ ਮਾਰਕ ਮਿਲਰ, ਲੈਬਰਾਡੌਰ ਤੋਂ ਐਮਪੀ ਯਵੋਨ ਜੋਨਜ਼ ਤੋਂ ਇਲਾਵਾ ਲਿਬਰਲ ਤੋਂ ਆਜ਼ਾਦ ਐਮਪੀ ਬਣੇ ਹੰਟਰ ਟੂਟੂ ਵੀ ਹਾਜ਼ਰ ਹੋਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਥੋੜ੍ਹੀ ਦੇਰ ਲਈ ਹਾਜ਼ਰੀ ਲਵਾਈ। ਕਿਸੇ ਹੋਰ ਪਾਰਟੀ ਨਾਲੋਂ ਕਿਸੇ ਸਕੂਲ ਦੀ ਰੀਯੂਨੀਅਨ ਜ਼ਿਆਦਾ ਲੱਗ ਰਹੀ ਸੀ।