ਸੱਚੀ ਏ ਦੁਹਾਈ

ਸੱਚੀ ਏ ਦੁਹਾਈ

ਛੋਟੇ ਹੁੰਦਿਆਂ ਬਾਬਲ ਤੁਰ ਜੇ,
ਅੱਧਾ ਹਿੱਸਾ ਜ਼ਿੰਦਗੀ ਖੁਰ ਜੇ,
ਫਿਰ ਏ ਜਾਂਦੀ ਨਾ ਬਚਾਈ,
ਦੁਹਾਈ ਏ ਦੁਹਾਈ ਰੱਬਾ,
ਸੱਚੀ ਏ ਦੁਹਾਈ।

ਢਿੱਡੋਂ ਜੰਮੇ ਵੱਖ ਜਦ ਹੋਵਣ,
ਕੱਲੇ-ਕੱਲੇ ਬਹਿ ਕੇ ਰੋਵਣ,
ਏ ਕੈਸੀ ਪਿਰਤ ਬਣਾਈ,
ਦੁਹਾਈ ਏ ਦੁਹਾਈ ਰੱਬਾ,
ਸੱਚੀ ਏ ਦੁਹਾਈ।

ਗਲੀ ਗੁਆਂਢ ਕੋਈ ਮੰਦਾ ਬੋਲੇ,
ਝੂਠ ਕੁਫਰ ਓ ਸਭ ਹੀ ਤੋਲੇ,
ਉਹਦੀ ਫਿਰ ਹੁੰਦੀ ਨਹੀਂ ਭਰਪਾਈ,
ਦੁਹਾਈ ਏ ਦੁਹਾਈ ਰੱਬਾ,
ਸੱਚੀ ਏ ਦੁਹਾਈ।

ਔਖੇ ਦਿਨ ਧੀ ਹੀ ਵੇਖੇ,
ਨਾ ਸਹੁਰੇ ਝੱਲਣ ਨਾ ਹੀ ਪੇਕੇ,
ਸਿਵੀਆ ਸੱਚੀ ਮਿਲਦੀ ਨਾ ਲੁਕਾਈ,
ਦੁਹਾਈ ਏ ਦੁਹਾਈ ਰੱਬਾ,
ਸੱਚੀ ਏ ਦੁਹਾਈ।

ਭੁੱਖੇ ਢਿੱਡ ਹੀ ਕੰਮ ਕਰਾਉਂਦੇ,
ਹਾਸੇ ਖੋਹ ਕੇ ਹੋਰ ਰਵਾਉਂਦੇ,
ਕੀ ਏ ਮਜਬੂਰੀ ਚੀਜ਼ ਬਣਾਈ,
ਦੁਹਾਈ ਏ ਦੁਹਾਈ ਰੱਬਾ,
ਸੱਚੀਂ ਏ ਦੁਹਾਈ।
ਪਰਮਿੰਦਰ ਸਿੰਘ ਸਿਵੀਆ
ਪਿੰਡ-ਨੰਦਗੜ੍ਹ