ਗੁਰੂ ਗੋਬਿੰਦ ਸਿੰਘ ਜੀ ਵਲੋਂ ਵਹਿਮਾਂ, ਭਰਮਾਂ ਤੇ ਕਰਮਕਾਂਡਾਂ ਦਾ ਖੰਡਨ ਕਰਨ ਦਾ ਸੰਦੇਸ਼

ਗੁਰੂ ਗੋਬਿੰਦ ਸਿੰਘ ਜੀ ਵਲੋਂ ਵਹਿਮਾਂ, ਭਰਮਾਂ ਤੇ ਕਰਮਕਾਂਡਾਂ ਦਾ ਖੰਡਨ ਕਰਨ ਦਾ ਸੰਦੇਸ਼

ਭਾਵੇਂ ਅੱਜ ਸਾਜਸ਼ਾਂ ਘੱੜ ਕੇ ਗੁਰੂ ਸਾਹਿਬਾਨਾਂ ਵਲੋਂ ਦਿੱਤੇ ਗੁਰਮਤਿ ਸਿਧਾਂਤਾਂ ਦੀ ਸ਼੍ਰੇਣੀ ਵੰਡ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ, ਪਰ ਸਿੱਖ ਕੌਮ ਨੂੰ ਇਨ੍ਹਾਂ ਸਾਜਿਸ਼ਕਾਰੀਆਂ ਦੀ ਚਾਲ ਤੋਂ ਬਚਣ ਲਈ ਸੁਚੇਤ ਹੋਣਾ ਪਵੇਗਾ । ਗੁਰੂ ਗੋਬਿੰਘ ਸਿੰਘ ਜੀ ਵਲੋਂ ਆਪਣੀ ਬਾਣੀ ਅੰਦਰ ਇੱਕ ਬਚਨ ਕਿਹਾ ਗਿਆ ਹੈ ”ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥” (ਤ੍ਵਪ੍ਰਸਾਦਿ ਸਵੱਯੇ) ਇਸ ਦੇ ਅਰਥ ਕਠਨ ਨਹੀਂ ਅਤੇ ਅੱਖੀਂ ਦੇਖੀ ਸਚਿਆਈ ਨੂੰ ਜਗ ਜ਼ਾਹਰ ਕੀਤਾ ਕਿ ਲੋਕਾਈ ਅਗਿਆਨਤਾ ਕਾਰਨ ਝੂਠੇ ਕਰਮ ਕਾਂਡਾ ਵਿਚ ਉਲਝੀ ਹੋਈ ਹੈ ਅਤੇ ਅਕਾਲ ਪੁਰਖ ਬਾਰੇ ਭੇਦ ਪਾਉਣ ਤੋਂ ਅਸਮਰਥ ਹੈ । ਇਸ ਸਵੱਯੇ ਅੰਦਰ ਹੀ ਆਖ ਰਹੇ ਹਨ ਕਿ ਲੋਕ ਪੱਥਰਾਂ (ਬੁਤਾਂ) ਨੂੰ ਭਗਵਾਨ ਮੰਨਕੇ ਪੂਜ ਰਹੇ ਹਨ, ਅਤੇ ਕਈ ਲਿੰਗ ਪੂਜਾ ਕਰਨੀ ਪਵਿੱਤਰ ਸਮਝਦੇ ਹਨ, ਕੁਝ ਲੋਕ ਵਿਸ਼ੇਸ਼ ਦਿਸ਼ਾ ਵਲ ਮੂੰਹ ਕਰਕੇ ਕਈ ਵਖਰੇ ਢੰਗ ਨਾਲ ਸੀਸ ਨਿਵਾਉਣ ਨੂੰ ਹੀ ਕਰਮ- ਧਰਮ ਮੰਨਦੇ ਹਨ ਅਤੇ ਬਹੁਤ ਲੋਕ ਪਿੱਤਰ ਪੂਜਾ ਹੀ ਕਰੀ ਜਾਂਦੇ ਹਨ ਅਤੇ ਅਸਲ ਨਿਚੋੜ ਹੈ ਕਿ ਸਭ ਝੂਠੇ ਅਡੰਬਰਾਂ ਵਿੱਚ ਫਸ ਗਏ ਹਨ। ਉਪਰੋਕਤ ਕਰਮ ਕਾਂਡਾਂ ਦਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ । ਬੁੱਤ ਪੂਜਾ, ਅਵਤਾਰਵਾਦ ਅਤੇ ਅਨੇਕਾਂ ਰਹੁ-ਰੀਤਾ ਨੂੰ ਤਿਲਾਂਜਲੀ ਦੇਣ ਲਈ ਸੰਦੇਸ਼ ਦਿੱਤਾ। ਜੋ ਲੋਕ ਸਮਝਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਪਹਿਲੇ ਗੁਰੂਆਂ ਤੋਂ ਵਿਪਰੀਤ ਹਨ, ਉਹ ਗਲਤ ਹਨ ਅਤੇ ਇਸ ਬਾਰੇ ਸਪਸ਼ਟਤਾ ਗੁਰਬਾਣੀ ਅਤੇ ਇਤਿਹਾਸਕ ਲਿਖਤਾਂ ਤੋਂ ਹੋ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀਆਂ ਸ਼ਕਤੀਆਂ ਦੀ ਵੰਡ ਕਰਕੇ ਤਿੰਨ ਮੁੱਖ ਦੇਵਤਿਆਂ ਦੀ ਘਾੜਤ ਨੂੰ ਅਸਵੀਕਾਰਿਆ। ਬੁਤ ਪੂਜਾ ਤੇ ਮੂਰਤੀ ਪੂਜਾ ਨੂੰ ਰੱਦ ਕਰ ਦਿੱਤਾ ਤੇ ਆਖਿਆ,
ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥
ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਗੁਰੂਆਂ ਦੇ ਸਿਧਾਂਤਾਂ ਨੂੰ ਹੀ ਦ੍ਰਿੜਾਇਆ ਅਤੇ ਵਖਰੇ ਸਿਧਾਂਤ ਨਹੀਂ ਪ੍ਰਚਾਰੇ ਜਿਨ੍ਹਾਂ ਨਾਲ ਗੁਰਬਾਣੀ ਸਿਧਾਂਤਾਂ ਦਾ ਵਿਰੋਧ ਹੁੰਦਾ ਹੋਵੇ । ਅਜੋਕੇ ਸਮੇਂ ਨੇਨਾਂ ਦੇਵੀ (ਹਿੰਦੂਆਂ ਦਾ ਅਸਥਾਨ) ਵਿਖੇ ਪੁਜਾਰੀਆਂ ਵਲੋਂ ਨਿਤ ਆਖਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦੇਵੀ ਦੀ ਪੂਜਾ ਕੀਤੀ । ਸੰਭਵ ਹੈ ਕਿ ਜੋ ਲੋਕ ਗੁਰਬਾਣੀ ਸੰਦੇਸ਼ਾਂ ਤੋਂ ਅਣਜਾਨ ਹਨ, ਉਨ੍ਹਾਂ ਉੱਪਰ ਗਲਤ ਪ੍ਰਚਾਰ ਦਾ ਸੁਭਾਵਕ ਹੀ ਅਸਰ ਹੋ ਸਕਦਾ ਹੈ । ਜੇਕਰ ਗੁਰੂ ਸਾਹਿਬ ਦੇਵੀ ਪੂਜਕ ਹੁੰਦੇ ਤਾਂ ਕਦੀ ਨਾ ਆਖਦੇ ਕਿ ਲੋਕ ਅਗਿਆਨਤਾ ਕਾਰਨ ਬੁੱਤ ਪੂਜਾ, ਲਿੰਗ ਪੂਜਾ ਅਤੇ ਅਨੇਕਾਂ ਫੋਕਟ ਕਰਮ ਕਰਕੇ ਭਗਵਾਨ ਬਾਰੇ ਜਾਨਣ ਤੋਂ ਅਸਮਰਥ ਹਨ । ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਇੱਕ ਦ੍ਰਿਟਾਂਤ ਸੁਣਾਇਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਕੇਰਾਂ ਦਾਦੂ ਪੀਰ ਦੀ ਕਰ ਤੇ ਨਮਸ਼ਕਾਰ ਕਰ ਦਿੱਤੀ ਅਤੇ ਸਿੱਖਾਂ ਨੇ ਆਖਿਆ ‘ਗੁਰੂ ਸਾਹਿਬ’ ਇਹ ਕੀ? ਸਾਨੂੰ ਕੀ ਸਿੱਖਿਆ ਦਿੰਦੇ ਹੋ, ਤੇ ਆਪ ਕੀ ਕਰ ਰਹੇ ਹੋ? ਦਸਦੇ ਹਨ, ਗੁਰੂ ਸਾਹਿਬ ਮੁਸਕਰਾ ਪਏ ਤੇ ਉਨ੍ਹਾਂ ਕਿਹਾ, ‘ਮੈਂ ਤੁਹਾਡਾ ਇਮਤਿਹਾਨ ਲੈ ਰਿਹਾ ਸੀ ਤੇ ਤੁਸੀਂ ਇਮਤਿਹਾਨ ਵਿਚ ਪਾਸ ਹੋ ਗਏ ਤੇ ਮੈਨੂੰ ਇਸ ਕੁਤਾਹੀ ਦੀ ਤਨਖਾਹ ਲਗਾਓ,” ਇਤਿਹਾਸ ਗਵਾਹ ਹੈ ਕਿ ਖਾਲਸੇ ਨੇ ਗੁਰੂ ਜੀ ਨੂੰ ਸਮਾਧ ਨੂੰ ਨਮਸਕਾਰ ਕਰਨ ਦੀ ਤਨਖਾਹ ਲਗਾਈ । ਗੁਰੂ ਗੋਬਿੰਦ ਸਿੰਘ ਜੀ ਨੇ ਅੱਖਾਂ ਮੀਟ ਕੇ ਸਮਾਧੀਆ ਲਗਾਉਣੀਆਂ, ਤੀਰਥਾਂ ਦਾ ਭਰਮਣ ਕਰਨ ਉਪਰੰਤ ਤੀਰਥ ਇਸ਼ਨਾਨ ਕਰਨ, ਬ੍ਰਹਮਚਾਰੀ ਰਹਿਕੇ ਪਵਿੱਤਰ ਰਹਿਣ ਨੂੰ ਸਭ ਪਖੰਡ ਆਖਿਆ
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ
ਬੈਠਿ ਰੋਹਓ ਬਕ ਧਿਆਨ ਲਗਾਇਓ ॥
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ
ਲੋਕ ਗਯੋ ਪਰਲੋਕ ਗਵਾਇਓ ॥
ਇਹੀ ਸਿਧਾਂਤ ਗੁਰੂ ਨਾਨਕ ਦੇਵ ਜੀ ਦ੍ਰਿੜਾ ਰਹੇ ਹਨ,
ਈਸਰੁ ਬ੍ਰਹਮਾ ਦੇਵੀ ਦੇਵਾ ॥
ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥
ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਦੇ ਦ੍ਰਿੜਾਏ ਸਿਧਾਂਤ,
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥
ਨੂੰ ਪੱਕਾ ਕਰਨ ਲਈ ਖਾਲਸਾ ਕੌਮ ਦੀ ਸਥਾਪਨਾ ਕਰ ਦਿੱਤੀ । ਜਾਤ-ਪਾਤ ਨੂੰ ਅਪ੍ਰਵਾਣ ਕਰਕੇ ਸਭ ਨੂੰ ਇਕ ਕੌਮ ਵਿਚ ਪਰੋ ਦਿੱਤਾ ਤੇ ਆਖਿਆ, ”ਆਪਣੀਆਂ ਪਿਛਲੀਆਂ ਜਾਤਾਂ ਭੁੱਲ ਜਾਓ ਤੇ ਸਾਰੇ ਇੱਕ ਦੂਜੇ ਨੂੰ ਭਰਾ ਸਮਝਣ, ਸਾਰੇ ਇਕ ਮਤ ਧਾਰਨ ਕਰੋ ਅਤੇ ਪੁਰਾਣੇ ਧਰਮਾਂ ਦੇ ਭੇਦਾਂ ਨੂੰ ਖਤਮ ਕਰੋ । ਪੂਜਾ ਦਾ ਇਕੋ ਰੂਪ ਅਖ਼ਤਿਆਰ ਕਰੋ, ਕੋਈ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਉਚਾ ਨਾ ਸਮਝੇ, ਚਾਰੇ ਜਾਤਾ ਦੇ ਇਨਸਾਨ ਮੇਰੇ ਕੋਲੋਂ ਅੰਮ੍ਰਿਤ ਛਕਣ, ਕਿਸੇ ਨਾਲ ਘਿਰਣਾ ਦੀ ਭਾਵਨਾ ਨਾ ਰੱਖਣ ।” ਉਪਰੋਕਤ ਸੰਦੇਸ਼ ਵਿਚ ਬਹੁਤ ਸਪਸ਼ਟ ਹੈ ਕਿ ਸਿੱਖ ਕੌਮ ਜਾਂ ਖਾਲਸਾ ਕੌਮ, ਇੱਕ ਲਿੱਖਣ ਕੌਮ ਹੈ ਅਤੇ ਭਾਰਤ ਦੇ ਇਤਿਹਾਸ ਵਿੱਚ ਇਕ ਨਵਾਂ ਇੰਨਕਲਾਬ ਸੀ, ਜਿਸ ਸਦਕਾ ਸਾਹਸਹੀਨ ਲੋਕਾਈ ਨੂੰ ਮਨੁੱਖੀ ਅਧਿਕਾਰਾਂ ਦੀ ਖ਼ਾਤਰ ਸ਼ਸ਼ਤਰ ਫੜਕੇ ਜੂਝਣ ਦੀ ਜਾਂਚ ਆਈ। ਸਦੀਆਂ ਤੋਂ ਗੁਲਾਮ ਦੇਸ਼ ਨੂੰ ਅਜ਼ਾਦ ਕਰਾਉਣ ਲਈ ਖਾਲਸੇ ਨੇ ਬਹੁਤ ਵੱਡਾ ਯੋਗਦਾਨ ਪਾਇਆ । ਹੁਣ ਖਾਲਸੇ ਦੀ ਵਿਲੱਖਣਤਾ ਜਾਂ ਖਾਲਸਾ ਕੌਮ ਦੀ ਹਸਤੀ ਨੂੰ ਅਲੋਪ ਕਰਨ ਦਾ ਜਤਨ ਹੋ ਰਿਹਾ ਹੈ । ਸਾਡੇ ਅੰਦਰ ਕੌਮੀ ਗੋਰਵਤਾ ਖ਼ੁਰਦੀ ਜਾ ਰਹੀ ਹੈ । ਅਸੀਂ ਸੱਚੀ-ਮੁੱਚੀ ਅਕ੍ਰਿਤਘਣ ਹਾਂ, ਤਾਹੀਓਂ ਗੁਰੂ ਸਾਹਿਬਾਨਾਂ, ਸਿਦਕਵਾਨਾਂ ਅਤੇ ਸਾਹਿਬਜ਼ਾਦਿਆਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ। ਸਾਡੀ ਮਾਨਸਿਕਤਾ ਗੁਲਾਮ ਹੋ ਰਹੀ ਹੇ । ਜਿਸ ਕਰਕੇ ਸਾਡੀ ਨੌਜਵਾਨ ਪੀੜੀ ਖਾਲਸਈ ਪ੍ਰੰਪਰਾਵਾਂ, ਖਾਲਸਈ ਸਰੂਪ ਨੂੰ ਪਿੱਠ ਦਿਖਾ ਰਹੀ ਹੈ । ਦੂਸਰੇ ਪਾਸੇ ਸਿੱਖ ਵਿਰੋਧੀ ਤਾਕਤਾਂ ਸਿੱਖ ਨੇਤਾਵਾਂ ਨੂੰ ਆਪਦੇ ਵੱਸ ਕਰਕੇ ਖਾਲਸਈ ਸਰੂਪ ਤੇ ਗੁਰਮਤਿ ਵਿਚਾਰਧਾਰਾ ਤੇ ਪੂਰਨ ਤੌਰ ਤੇ ਹਮਲੇ ਹੋ ਰਹੇ ਹਨ । ਇਸ ਬਾਰੇ ਸਾਨੂੰ ਪਹਿਲਾਂ ਵੀ ਸੁਚੇਤ ਕੀਤਾ ਗਿਆ, ਪਰ ਸਾਡੇ ਕੌਮੀ ਨੇਤਾ ਵਿੱਕ ਚੁੱਕੇ ਹਨ, ਹੇਠਾਂ ਇਕ ਇਤਿਹਾਸਕਾਰ ਦੇ ਵਿਚਾਰ ਤੇ ਇਕ ਬਰਤਾਨਵੀ ਖ਼ੁਫੀਆ ਰਿਪੋਰਟ ਦੇਕੇ ਲੇਖ ਨੂੰ ਸੰਕੋਚਾਗਾਂ ਤੇ ਕੌਮੀ ਨੇਤਾਵਾਂ ਨੂੰ ਕਹਾਂਗਾ ਕਿ ਕੌਮ ਦੇ ਘਾਤਕ ਨ ਬਣੋ। ”ਸਿੱਖ ਇਕ ਸੁੰਤੰਤਰ ਧਰਮ ਹੈ । ਸਿੱਖ ਪੰਥ ਹਿੰਦੂ ਧਰਮ ਵਿਚੋਂ ਨਹੀਂ ਹੈ। ਇਸ ਲਈ ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ । ਹਿੰਦੂ ਧਰਮ ਸਿੱਖ ਧਰਮ ਦਾ ਵੱਡਾ ਦੁਸ਼ਮਣ ਹੈ । ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ, ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ
ਲਪੇਟ ਵਿਚ ਸਮਾਂ ਲੈਂਦਾ ਹੈ, ਫਿਰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਅਤੇ ਅੰਤ ਉਸ ਨੂੰ ਆਪਣੇ ਵਿਸ਼ਾਲ ਪੇਟ ਵਿਚ ਸਮਾ ਲੈਂਦਾ ਹੈ, ਇਸ ਲਈ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹਿੰਦੂ ਧਰਮ ਹੈ।”
ਮੈਕਾਲਿਖ਼ (ਅੰਗਰੇਜ਼ ਇਤਿਹਾਸਕਾਰ) ”ਹਿੰਦੂਮੱਤ ਮੁੱਢ ਤੋਂ ਹੀ ਸਿੱਖੀ ਦਾ ਦੁਸ਼ਮਣ ਚਲਿਆ ਆਉਂਦਾ ਹੈ ਕਿਉਂਕਿ ਸਿੱਖ ਗੁਰੂਆਂ ਨੇ ਜਾਤ-ਪਾਤ ਜੋ ਕਿ ਬ੍ਰਾਹਮਣੀ ਮੱਤ ਦੀ ਅਧਾਰਸ਼ਿਲਾ ਹੈ, ਦੀ ਭਰਪੁਰ ਤੇ ਸਫਲ ਵਿਰੋਧਤਾ ਕੀਤੀ ਹੈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨ ਤੋਂ ਵੀ ਰੋਕਦੇ ਹਨ ਅਤੇ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਅੰਮ੍ਰਿਤ ਛੱਕ ਕੇ ਤਿਆਰ-ਬਰ-ਤਿਆਰ ਖਾਲਸਾ ਬਣਨੋਂ ਵੀ ਰੋਕਦੇ ਹਨ। ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਹਨ ਅਤੇ ਜੋ ਅੰਮ੍ਰਿਤਧਾਰੀ ਸਿੰਘ ਹਨ, ਉਨ੍ਹਾਂ ਨੂੰ ਹਿੰਦੂ ਹਰ ਪ੍ਰਕਾਰ ਦੇ ਹੀਲੇ ਤੇ ਲਾਲਚ ਵਰਤ ਕੇ ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮਤ ਨੇ ਬੁੱਧ ਮੱਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਅਤੇ ਹਿੰਦੂ, ਸਿੱਖਾਂ ਦਾ ਵਿਨਾਸ਼ ਕਰਨ ਵਿਚ ਬਹੁਤ ਹੱਦ ਤੱਕ ਸਫਲ ਹੋ ਚੁੱਕੇ ਹਨ”।(11 ਅਗਸਤ 1911) (ਡੀ.ਸੀ. ਮੁੱਖੀ ਭਾਰਤ ਸਰਕਾਰ) ਸਾਨੂੰ ਸੁਚੇਤ ਹੋਣਾ ਪਵੇਗਾ, ਤਾਹੀਓਂ ਅਸੀਂ ਗੁਰੂ ਸਾਹਿਬਾਨਾਂ ਵਲੋਂ ਦਿੱਤੇ ਸੰਦੇਸ਼ਾਂ ਨੂੰ ਦ੍ਰਿੜ ਕਰਕੇ ਆਪਣੀ ਖਾਲਸਾ ਕੌਮ ਦੀ ਵਿਲੱਖਣ ਪਹਿਚਾਨ ਨੂੰ ਕਾਇਮ ਰੱਖ ਸਕਦੇ ਹਾਂ। ਜੋ ਸਿੱਖੀ ਭੇਖ’ਚ ਨੇਤਾ ਲੋਕ ਅਣਮਤਾਂ ਦੇ ਕਰਮ ਕਾਂਡ, ਵਹਿਮ ਭਰਮ ਤੇ ਬੁਤ-ਪੂਜਾ ਜਾਂ ਹਵਨ ਆਦਿ ਸ਼ਰੇਆਮ ਕਰ ਰਹੇ ਹਨ, ਉਨ੍ਹਾਂ ਵਿਕਾਊ ਤੇ ਧੋਖੇਬਾਜ਼ਾਂ ਨੂੰ ਸਿੱਖੀ ਤੋਂ ਖਾਰਜ਼ ਕਰਨਾ ਚਾਹੀਦਾ ਹੈ । ਜੇ ਇੰਝ ਨਹੀਂ ਹੋ ਰਿਹਾ, ਤਾਂ ਸਾਡੇ ਵਲੋਂ ਸ਼ਤਾਬਦੀਆਂ ਜਾਂ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾਉਣਾ ਸ਼ੋਭਦਾ ਨਹੀਂ ਜੇ ਅਸੀਂ ਉਨ੍ਹਾਂ ਵਲੋਂ ਦਿੱਤੇ ਸੰਦੇਸ਼ਾਂ ਨੂੰ ਨਹੀਂ ਮੰਨਦੇ ।

ਲੇਖਕ : ਡਾ. ਪੂਰਨ ਸਿੰਘ