ਦਹਲੀਜ਼

ਦਹਲੀਜ਼

ਦਹਲੀਜ਼ ਪਾਰ ਕਰਨ ਦਾ ਸਿਲਸਿਲਾ ਮੇਰੇ ਨਾਲ ਕਈ ਰੋਜ਼ ਤੋਂ ਚੱਲ ਰਿਹਾ ਸੀ । ਇਹ ਕਈ ਰੋਜ਼ ਸੀ ਤਾਂ ਉਮਰ ਦੇ ਅਲੱਗ – ਅਲੱਗ ਪੜਾਵ ਮਗਰ ਮੇਰੇ ਲਈ ਇਹ ਪਲਾਂ ਦੇ ਮਾਨਦ ਸਨ। ਇਹਨਾਂ ਦੀ ਸ਼ੁਰੂਆਤ ਮਾਂ ਦੀ ਕੁੱਖ ਤੋਂ ਹੋਈ ਫ਼ਿਰ ਮਾਂ ਦੀ ਗੋਦੀ ਤੋਂ ਦਾਦੇ ਦੀ ਬੁੱਕਲ ਦੀ ਦਹਲੀਜ਼ ਨੂੰ ਪਾਰ ਕਰਦਿਆਂ ਬਾਪੂ ਦੇ ਮੋਢੇ ‘ਤੇ ਫਿਰ ਕਿੰਨੀਆਂ ਕੂ ਦਹਲੀਜ਼ਾਂ ਪਿੱਛੇ ਛੱਡ ਆਈ ਕੁੱਝ ਖ਼ਬਰ ਨਹੀਂ । ਜਦੋਂ ਕੁੱਖ ਛੱਡ ਆਈ ਤਾਂ ਦੁਨਿਆਂ ਦੇ ਮੌਸਮ ਤਕਲੀਫ਼ਦੇਹ ਲੱਗੇ , ਖ਼ੈਰ ! ਮਾਂ ਦਿਆਂ ਹੱਥਾਂ ਵਿੱਚ ਸਾਂ , ਗੋਦੀ ‘ਚ ਖੇਡਦੀ ਇਸੇ ਕਰਕੇ ਬੱਚਦੀ ਰਹੀ । ਉਸ ਮਗਰੋਂ ਦਾਦੇ ਦੀ ਬੁੱਕਲ ਹਿਫ਼ਾਜ਼ਤ ਬਣੀ , ਸਮਾਜ ਦੀ ਕੌੜੀ ਨਜ਼ਰ ਤੋਂ। ਬਾਪੂ ਮੋਂਢੇ ‘ਤੇ ਬਿਠਾ ਦੁਨਿਆਂ ਨੂੰ ਉੱਤੋਂ ਦੇਖਣ ਦਾ ਤਜਰਬਾ ਸਿਖਾ ਰਿਹਾ ਸੀ । ਦੁਨਿਆਂ ਦੇ ਰੰਗ ਦਿਖਾ ਰਿਹਾ ਸੀ । ਉਸ ਸਮਝਾਇਆ ਤੈਂਨੂੰ ਇੱਥੇ ਬਿਠਾਉਣਾ ਮਸਲਨ ਪੱਗ ਦੀ ਨਿਗਰਾਨੀ ਕਰਨੀ ਹਿਫ਼ਾਜ਼ਤ ਕਰਨੀ । ਉਮਰ ਨਿਆਣੀ ਸਮਝਣ ਤੋਂ ਕਾਸਰ ਰਹੀ।
ਪੜ੍ਹਾਈ ਸ਼ੁਰੂ ਹੋਈ ਘਰ ਦੀ ਦਹਲੀਜ਼ ਪਾਰ ਕੀਤੀ । ਜਵਾਨੀ ਵੱਲ ਨੂੰ ਵੱਧ ਤੁਰੀ , ਮੋਹਢਿਆਂ ਤੱਕ ਦਾ ਸਫ਼ਰ ਭੁੱਲ ਗਈ । ਤੁਰਦਿਆਂ – ਤੁਰਦਿਆਂ ਸਮਝ ‘ਤੇ ਸਿਆਣਪ ਦੀ ਦਹਲੀਜ਼ ਦਿਖਾਈ ਨਾ ਦਿੱਤੀ । ਇਕ ਦਿਨ ਇਹ ਵੀ ਆਇਆ ਕਿ ਘਰ ‘ਤੇ ਦੇਸ਼ ਦੀ ਦਹਲੀਜ਼ ਪਾਰ ਕਰ ਪ੍ਰਦੇਸ਼ ਪੁੱਜ ਗਈ। ਅਕਸਰ ਜਦੋਂ ਵੀ ਕੋਈ ਦਹਲੀਜ਼ ਟੱਪ ਨਿੱਕਲੀ , ਫਾਇਦਾ ਘੱਟ ਨੁਕਸਾਨ ਜਿਆਦਾ ਹੋਇਆ । ਪਹਿਲਾਂ ਕੁੱਖ ਤਿਆਗੀ ਤਾਂ ਸਕੂਨ ‘ ਤੇ ਰੱਬ ਨਾਲੋਂ ਲਗਨ ਖੋਹ ਆਈ । ਗੋਦੀ ਵਿੱਚੋਂ ਉੱਠ ਖੜੀ ਹੋਈ ਤਾਂ ਪੈਰਾਂ ‘ਤੇ ਭਾਰ ਨਾ ਆਇਆ , ‘ਤੇ ਬਾਰ – ਬਾਰ ਠੋਕਰ ਲਗਵਾਈ । ਖ਼ੈਰ , ਤੁਰਨਾ ਕਿਸੇ ਹੱਦ ਤੱਕ ਆਉਣ ਲੱਗਿਆ। ਬਾਬੇ ਦੀ ਬੁੱਕਲ ਦਾ ਸਾਥ ਛੱਡਿਆ ਤਾਂ ਸਮਝਾਏ ਹੋਏ ਜ਼ਿੰਦਗੀ ਦੇ ਤੱਥ ਉਸੇ ਬੁੱਕਲ ਵਿੱਚ ਭੁੱਲ ਆਈ । ਬਾਪੂ ਦੀ ਉਂਗਲ ਦੇ ਭੁਲੇਖੇ ਦੁਨਿਆਂ ਵਿੱਚ ਕਿੱਧਰੇ ਗੁੰਮ ਗਈ ‘ਤੇ ਬੇਗਾਨੀ ਉੰਗਲੀ ਨੂੰ ਅਪਣੀ ਸਮਝ ਉੱਧਰ ਹੋ ਤੁਰੀ । ਘਰ ਵਿੱਚੋਂ ਨਿੱਕਲ ਕੇ ਪੜ੍ਹਾਈ ਕਰਨ ਲੱਗੀ ਕੁੱਝ ਸਮਝ ਆਣ ਪਈ, ਮਗਰ ਇਹ ਸਮਾਜ ਦੇ ਰੰਗ – ਢੰਗ ਸਮਝ ਤੋਂ ਬਾਹਰ ਸਨ ।
ਹੁਣ ਦੇਸ਼ ਦੀ ਦਹਲੀਜ਼ ਲੰਘ ਕਿ ਪ੍ਰਦੇਸ਼ ਆਈ ਮਾਂ ਦੀ ਖਵਾਇਸ਼ ਪੂਰੀ ਹੋਈ , ਇਸ ਜ਼ਿੰਦਗੀ ਨੂੰ ਸੇਧ ਮਿਲ ਗਈ , ਲੇਕਿਨ ਕੁੱਝ ਅਲੱਗ ਹੀ ਦੇਖਣ ਨੂੰ ਮਿਲਿਆ । ਸੁਣਿਆ ਸੀ ਕਿ ਇਨਸਾਨ ਇਕੱਲਾ ਹੀ ਆਉਂਦਾ ਏ ‘ਤੇ ਇਕੱਲਾ ਹੀ ਜਾਂਦਾ ਏ , ਮਗਰ ਰਹਿੰਦਾ ਵੀ ਇਕੱਲਾ ਹੀ ਏ ਇਹ ਇਸ ਨਵੀਂ ਦੁਨਿਆ ਨੇ ਸਮਝਾਇਆ । ਐਂਨੀ ਰਫ਼ਤਾਰ ਜਿਸ ਦਾ ਮੁਕਾਬਲਾ ਜੋਤ ਦੇ ਵੱਸ ਦੀ ਗੱਲ ਨਹੀ । ਇੱਥੇ ਠਹਿਰਾਓ ਨਹੀਂ , ਜਦੋਂ ਸਰੀਰ ਆਰਾਮ ‘ਚ ਏ ਤਾਂ ਦਮਾਗ ਨੂੰ ਸਕੂਨ ਨਹੀਂ , ਜਦੋਂ ਕਦੀ ਜਿਹਨ ਸ਼ਾਂਤ ਏ ਤਾਂ ਜਿਸਮ ਟੁੱਟਿਆ ਹੁੰਦਾ ਏ । ਰਫਤਾਰ ਐਂਨੀ ਕਿ ਕਈ ਮਰਤਵਾ ਖੋਹ ਜਾਨੀ ਆਂ , ਇਸ ਜੰਜਾਲ ਵਿੱਚ ਉੱਲਝ ਜਾਨੀ ਆਂ ,ਰਸਤਾ ਨਹੀਂ ਮਿਲਦਾ ‘ਤੇ ਕੋਈ ਅਪਣਾ ਵੀ ਨਹੀਂ ਦਿੱਸਦਾ ਜਿਹੜਾ ਰਾਸਤਾ ਦਿਖਾ ਦੇਵੇ । ਪਿਆਰ ਮੁਹੱਬਤ ਦੀ ਅਸਲੀਅਤ ਪੈਸਾ ਏ , ਇਹ ਇਥੋਂ ਦੇ ਲੋਕਾਂ ਦਾ ਕਹਿਣਾ ਏ। ਇਕ ਨਜ਼ਰ ਨਾਲ ਹੀ ਜਿਸਮ ਟਟੋਲ ਦੇਣਗੇ । ਲੇਕਿਨ ! ਇਕ ਗੱਲ ਗੌਰ ਕਰਨ ਵਾਲ਼ੀ ਰਹੀ , ਇਸ ਸਾਰੇ ਸਫ਼ਰ ਦੌਰਾਨ ਦਿਲਾਂ ਦੀ ਦਹਲੀਜ਼ ਪਾਰ ਕਰਨ ਦੀ ਹਿੰਮਤ ਜੋਤ ਕਦੀ ਨਾ ਕਰ ਸਕੀ। ਉਹ ਅੱਜ ਵੀ ਆਪਣੀ ਹੀ ਦੁਨਿਆਂ ਵਿੱਚ ਕੈਦ ਏ । ਯਕੀਨਨ, ਇਹੀ ਇਕ ਲਿਖ਼ਾਰੀ ਦਾ ਵਜ਼ੂਦ ਵੀ ਏ ।

ਲੇਖਕ : ਮਨਜੋਤ ਕੌਰ ਸਹੋਤਾ