ਪਟਿਆਲਾ ਪੁਲਿਸ ਨੇ ਜਗਮੀਤ ਸਿੰਘ ਅਤੇ ਉਸ ਦੇ ਮਾਤਾ ਜਸਵੀਰ ਕੌਰ ਨੂੰ ਰੈਫਰੈਂਡਮ ਦੇ ਪ੍ਰਚਾਰ ਕਰਨ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ

ਪਟਿਆਲਾ ਪੁਲਿਸ ਨੇ ਜਗਮੀਤ ਸਿੰਘ ਅਤੇ ਉਸ ਦੇ ਮਾਤਾ ਜਸਵੀਰ ਕੌਰ ਨੂੰ ਰੈਫਰੈਂਡਮ ਦੇ ਪ੍ਰਚਾਰ ਕਰਨ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ

ਪਟਿਆਲਾ, ਕਿਸਾਨ ਮੋਰਚੇ ਦੌਰਾਨ ਹਰਿਆਣਾ ਪੁਲਿਸ ਵਲੋਂ ਪਾਣੀ ਦੀਆਂ ਬੌਛਾਰਾ ਆਪਣੀ ਹਿੱਕ ‘ਤੇ ਝੱਲਣ ਵਾਲੇ ਜਗਮੀਤ ਸਿੰਘ ਨੂੰ ਬੀਤੇ ਦਿਨੀਂ ਪਟਿਆਲਾ ਪੁਲਿਸ ਵਲੋਂ ਸ਼ਾਂਤਮਈ ਢੰਗ ਨਾਲ ਰੈਫਰੈਂਡਮ ਦੇ ਫਾਰਮ ਅਤੇ ਕੁਝ ਪੈਂਫਲੈੱਟ ਰੱਖਣ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਨੂੰ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਸਮੱਗਰੀ ਦੱਸਿਆ। ਜਗਮੀਤ ਸਿੰਘ, ਦੇ ਨਾਲ ਉਸ ਦੇ ਸਾਥੀ ਰਵਿੰਦਰ ਸਿੰਘ ਅਤੇ ਜਗਮੀਤ ਸਿੰਘ ਦੇ ਮਾਤਾ ਜਸਵੀਰ ਕੌਰ ਨੂੰ ਵੀ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਪੁਲਿਸ ਨੇ ਛੇ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਅਤੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਰੈਫਰੈਂਡਮ ਲਈ ਇਨ੍ਹਾਂ ਨੂੰ ਕੋਈ ਵਿਦੇਸ਼ੀ ਫੰਡ ਮਿਲਿਆ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਬੀਤੇ ਦਿਨੀਂ ਫਤਹਿਗੜ੍ਹ ਸਾਹਿਬ ਵਿਖੇ ਸ਼ਾਂਤਮਈ ਢੰਗ ਨਾਲ ਸਿੱਖ ਫਾਰ ਜਸਟਿਸ ਵਲੋਂ ਕਰਵਾਏ ਜਾ ਰਹੇ ਰੈਫਰੈਂਡਮ ਸਬੰਧੀ ਸੰਗਤਾਂ ਨੂੰ ਫਾਰਮ ਵੰਡ ਰਹੇ ਸਨ ਅਤੇ ਆਨਲਾਈਨ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਸਨ। ਪੁਲਿਸ ਵਲੋਂ ਜਗਮੀਤ ਸਿੰਘ ਦੇ ਬੈਂਕ ਖਾਤਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਵਲੋਂ ਕੀਤੀ ਗਈ ਸਖ਼ਤ ਨਖੇਧੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਜ. ਕਰਨੈਲ ਸਿੰਘ ਪੰਜੋਲੀ ਨੇ ਕਿਸਾਨ ਸੰਘਰਸ਼ ਦੇ ਹੀਰੋ ਭਾਈ ਜਗਮੀਤ ਸਿੰਘ, ਉਸ ਦੀ ਸਤਿਕਾਰਯੋਗ ਮਾਤਾ ਬੀਬੀ ਜਸਵੀਰ ਕੌਰ ਅਤੇ ਸਹਿਯੋਗੀ ਭਾਈ ਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਅੱਜ ਲੋੜ ਹੈ ਕਿ ਸਿੱਖ ਸੰਸਥਾਵਾਂ ਅਤੇ ਚਿੰਤਕ ਇਕੱਠੇ ਹੋ ਕੇ ਇੰਡੀਅਨ ਸਟੇਟ ਦੀ ਅਜਿਹੀ ਧੱਕੇਸ਼ਾਹੀ ਖ਼ਿਲਾਫ਼ ਲੜਨ। ਸਿਤਮਜ਼ਰੀਫ਼ੀ ਦੇਖੋ ‘ਧਰਮ ਸੰਸਦ’ ਦੇ ਨਫ਼ਰਤ ਭਰੇ ਬਿਆਨ ਹੇਠ ਘੱਟ ਗਿਣਤੀਆਂ ਅਤੇ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਦੀ ਗੱਲ ਕਹਿਣ ਵਾਲਿਆਂ ਦੀ ਗ੍ਰਿਫ਼ਤਾਰੀ ਨਹੀਂ, ਪਰ ਪੰਜਾਬ ਦੇ ਸਿੱਖ ਨੌਜਵਾਨਾਂ ਅਤੇ ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕਣਾ ਹਕੂਮਤ ਲਈ ਸੌਖਾ ਹੈ। ਇਸ ਨੂੰ ਹੀ ਗੁਲਾਮੀ ਕਹਿੰਦੇ ਹਨ। ਕਰਨੈਲ ਸਿੰਘ ਪੰਜੋਲੀ ਨੇ ਆਪਣੇ ਲਿਖਤੀ ਬਿਆਨ ‘ਚ ਕਿਹਾ ਕਿ “ਬੀਤੇ ਦਿਨੀਂ ਦੋ ਸਿੰਘਾਂ ਅਤੇ ਇੱਕ ਬੀਬੀ ਨੁੰ ਪਟਿਆਲਾ ਪੁਲੀਸ ਨੇ ਖਾਲਸਤਾਨ ਦਾ ਪਰਚਾਰ ਕਰਨ ਅਤੇ ਪੰਜਾਬ ਵਿੱਚ ਰਿਫਰੰਡਮ ਕਰਾਉਣ ਦੇ ਪਰਚੇ ਵੰਡਣ ਦਾ ਦੋਸ਼ ਲਾਕੇ ਦੇਸ਼ ਧ੍ਰੋਹ ਦਾ ਮੁਕੰਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮੈ ਪੁਲੀਸ ਦੀ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਲੋਕ-ਤੰਤਰ ਦੇਸ਼ ਹੈ। ਇਸ ਦੇਸ਼ ਦਾ ਸੰਵਿਧਾਨ ਹਰ ਮਨੁੰਖ ਨੁੰ ਲਿਖਣ ਪੜਨ ਅਤੇ ਬੋਲਣ ਦੀ ਪੂਰਨ ਅਜ਼ਾਦੀ ਦਿੰਦਾ ਹੈ । ਦੁਸਰੇ ਪਾਸੇ ਅਪਣੀ ਗੱਲ ਕਰਨ ਵਾਲ਼ਿਆਂ ਵਿਰੁੱਧ ਦੇਸ਼ ਧ੍ਰੋਹ ਦੇ ਮੁਕੰਦਮੇ ਦਰਜ ਕੀਤੇ ਜਾਂਦੇ ਹਨ। ਦਲੀਲ ਵੇਖੋ ਪੁਲੀਸ ਦੀ ਕਿ ਇਹਨਾ ਪਾਸੋਂ ਮਿਲੀ ਸਮੱਗਰੀ ਨਾਲ ਦੇਸ਼ ਨੁੰ ਖਤਰਾ ਹੈ। ਜੇ ਕਗਜ ਦੇ ਟੁਕੜਿਆ ਨਾਲ ਦੇਸ਼ ਦੇ ਟੁੱਟਣ ਦਾ ਖਤਰਾ ਹੈ ਤਾਂ ਫਿਰ ਚੀਨ ਤੇ ਪਾਕਿਸਤਾਨ ਦੇ ਹਥਿਆਰਾਂ ਤੋਂ ਦੇਸ਼ ਨੁੰ ਟੁੱਟਣ ਤੋਂ ਕੌਣ ਬਚਾਏਗਾ ਲ ਇਹ ਫੋਕੀਆਂ ਦਲੀਲਾਂ ਦੇ ਕੇ ਸਿੱਖ ਬੱਚਿਆ ਨੁੰ ਗਿਰਫਤਾਰ ਕਰਕੇ ਇੱਕ ਤਾਂ ਸਿੱਖਾਂ ਨੁੰ ਬਦਨਾਮ ਕੀਤਾ ਜਾ ਰਿਹਾ ਹੈ ਦੁਸਰੇ ਪਾਸੇ ਬਿਨਾ ਮਤਲਬ ਤੋਂ ਦਹਿਸ਼ਤ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਪੁਲੀਸ ਦੱਸ ਸਕਦੀ ਹੈ ਕਿ ਸਿੰਘਾਂ ਵੱਲੋਂ ਮਿਲੇ ਪਰਚਿਆ ਨਾਲ ਕਿਸੇ ਫ਼ਿਰਕੇ ਵਿਰੁੱਧ ਨਫ਼ਰਤ ਪੈਦਾ ਹੋਈ ਜਾ ਫਿਰ ਇਹ ਪਰਚੇ ਵੰਡਣ ਨਾਲ ਸਮਾਜ ਵਿੱਚ ਕੋਈ ਅਫਰਾਤਫਰੀ ਫੈਲੀ ਜਾ ਇਹਨਾ ਕਾਗ਼ਜ਼ ਦੇ ਟੁਕੜਿਆ ਨਾਲ ਬੰਬ ਫਟ ਗਏ ਜਿਸ ਨਾਲ ਲੋਕ ਮਾਰੇ ਗਏ। ਮੈ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀ ਜੀ ਪੀ ਨੁੰ ਅਪੀਲ ਕਰਦਾ ਹਾਂ ਕਿ ਇਹਨਾ ਸਿੰਘਾਂ ਨੂੰ ਪਟਿਆਲ਼ਾ ਪੁਲੀਸ ਤੋਂ ਰਿਹਾ ਕਰਵਾਉਣ।”