ਰੁਝਾਨ ਖ਼ਬਰਾਂ
ਖੂਬ ਪਸੰਦ ਕੀਤੀ ਜਾ ਰਹੀ ਹੈ ਪੰਜਾਬੀ ਲਗੂ ਫਿਲਮ ‘ਇੱਕ ਹੋਰ ਜੱਨਤ’

ਖੂਬ ਪਸੰਦ ਕੀਤੀ ਜਾ ਰਹੀ ਹੈ ਪੰਜਾਬੀ ਲਗੂ ਫਿਲਮ ‘ਇੱਕ ਹੋਰ ਜੱਨਤ’

ਚੰਡੀਗੜ੍ਹ : ਪੰਜਾਬੀ ਸੰਗੀਤ ਅਤੇ ਪੰਜਾਬੀ ਫਿਲਮ ਜਗਤ ਨੇ ਹੁਣ ਤੱਕ ਜਿੰਨੀ ਥਾਂ ਮਾਂ ਦੀ ਮਹਤੱਤਾ ਦਰਸ਼ਾਉਂਣ ਨੂੰ ਦਿੱਤੀ ਹੈ, ਓਨ੍ਹੀ ਸ਼ਾਇਦ ਪਿਓ ਦੇ ਹਿੱਸੇ ਨਹੀਂ ਆਈ । ਖਾਸਕਰ ਪਿਓ ਪੁੱਤ ਦੇ ਰਿਸ਼ਤੇ ਤੇ ਅਧਾਰਿਤ ਹੁਣ ਤੱਕ ਬਹੁਤਾ ਕੁੱਛ ਕਲਾ ਖੇਤਰ ਵਲੋਂ ਵੇਖਣ ਸੁਣਨ ਨੂੰ ਨਹੀਂ ਮਿਲਿਆ ਸੀ । ਆਰ ਆਰ ਰਿਕਾਰਡਸ ਦੇ ਯੂ ਟਿਊਬ ਚੈਨਲ ਤੇ 15 ਨਵੰਬਰ ਨੂੰ ਰਿਲੀਜ਼ ਹੋਈ ਰੰਜੀਵ ਸਿੰਗਲਾ ਵਲੋਂ ਨਿਰਮਿਤ ਪੰਜਾਬੀ ਲਗੂ ਫਿਲਮ ‘ਇੱਕ ਹੋਰ ਜੱਨਤ’ ਪਿਓ ਪੁੱਤ ਦੇ ਰਿਸ਼ਤੇ ਤੇ ਬਣੀ ਇੱਕ ਵਿਲੱਖਣ ਫ਼ਿਲਮ ਹੈ ਜੋ ਇਸੁ ਵਿਸ਼ੇ ਨੂੰ ਇਕ ਨਿਵੇਕਲ੍ਹੇ ਢੰਗੁ ਨਾਲ਼ ਛੋਹਂਦੀ ਹੈ। 15 ਮਿੰਟਾਂ ਦੀ ਇਹ ਫਿਲਮ ਹਿਰਦਿਆਂ ਨੂੰ ਝਿੰਜੋੜ ਦੇਣ ਵਿੱਚ ਕਾਮਯਾਬ ਰਹੀ ਹੈ। ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਦਾ ਹੈ। ਪੰਜਾਬੀ ਫਿਲਮ ਜਗਤ ਨਾਲ ਕਈ ਸਾਲਾਂ ਤੋਂ ਜੁੜੇ ਸਤਿੰਦਰ ਸਿੰਘ ਦੇਵ ਨੇ ਇਸ ਫਿਲਮ ਵਿੱਚ ਅਪਣੇ ਤਜਰਬੇ ਦੇ ਨਾਲ ਨਾਲ ਅਪਣਾ ਇੱਕ ਵੱਖਰਾਪਣ ਵੀ ਵਰਤਿਆ ਹੈ ਜੋ ਕਿ ਫਿਲਮ ਨੂੰ ਥੋੜਾ ਲੀਕ ਤੋਂ ਹਟਵਾਂ ਬਣਾਉਂਦਾ ਹੈ। ਇੱਕ ਬਹੁਤ ਭਾਵੁਕ ਗੀਤ ‘ਇੱਕ ਗਲਵੱਕੜੀ ‘ ਵੀ ਫਿਲਮ ਦਾ ਸ਼ਿੰਗਾਰ ਬਣਿਆ ਹੈ। ਜਗਦੇਵ ਸੇਖੋਂ ਦਾ ਲਿਖਿਆ ਅਤੇ ਰੋਸ਼ਨ ਪ੍ਰਿੰਸ ਦਾ ਗਾਇਆ ਇਹ ਗੀਤ ਫਿਲਮ ਦੀ ਕਹਾਣੀ ਦਾ ਨਿਚੋੜ ਹੈ। ਰੋਸ਼ਨ ਪ੍ਰਿੰਸ ਨੇ ਫਿਰ ਦੱਸ ਦਿੱਤਾ ਹੈ ਕਿ ਕਿਵੇਂ ਸ਼ਬਦਾਂ ਦੀ ਮਦਾਨੀ ਨੂੰ ਮਖਮਲੀ ਆਵਾਜ ਥਾਣੀ ਪੁਣ ਕੇ ਸੁਰਾਂ ਦੀ ਚਾਸ਼ਨੀ ਚ ਡੁਬੋ ਦਈ ਦਾ ਹੈ। ਫਿਲਮ ਦੇ ਸੰਵਾਦ ਅਤੇ ਸਕਰੀਨ ਪਲੇ ਜਗਦੇਵ ਸੇਖੋਂ ਅਤੇ ਸਤਿੰਦਰ ਸਿੰਘ ਦੇਵ ਨੇ ਲਿਖੇ ਹਨ। ਮੁੱਖ ਕਿਰਦਾਰ ਪੰਜਾਬੀ ਫਿਲਮ ਜਗਤ ਦੇ ਪ੍ਰਸਿੱਧ ਅਤੇ ਅੱਤ ਸੁਲਝੇ ਹੋਏ ਕਲਾਕਾਰ ਮਲਕੀਤ ਰੌਣੀ , ਸੀਮਾ ਕੌਸ਼ਲ , ਬਨਿੰਦਰ ਬਨੀ , ਅਤੇ ਸੌਮਿਆ ਜੋਸ਼ੀ ਵਲੋਂ ਨਿਭਾਏ ਗਏ ਹਨ। ਇੱਸ ਫਿਲਮ ਦੇ ਪ੍ਰੋਜੈਕਟ ਡਿਜ਼ਾਈਨਰ ਰਾਜੇਂਦਰ ਗਗਹਾਰ ਅਤੇ ਬਾਕੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਅਜੋਕੇ ਸਮੇਂ ਵਿੱਚ ਕਲਾ ਦੇ ਇਹੋ ਜਿਹੇ ਉਤਪਾਦ ਟਾਂਵੇਂ ਹੀ ਲੱਭਦੇ ਹਨ। ਹਰ ਉਮਰ ਵਰਗ ਨੂੰ ਇਹ ਫਿਲਮ ਇੱਕ ਵਾਰ ਜ਼ਰੂਰ ਵੇਖਣੀ ਚਾਹੀਦੀ ਹੈ।