ਰੁਝਾਨ ਖ਼ਬਰਾਂ
ਭਾਰਤ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

ਭਾਰਤ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

ਚੰਡੀਗੜ੍ਹ : ਭਾਰਤ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਵਲੋਂ ਦਿੱਲੀ ਵੱਲ ਕੂਚ ਕਰਨ ਦੇ ਦੂਜੇ ਦਿਨ ਵੀ ਪੰਜਾਬੀਆਂ ਦੇ ਬੁਲੰਦ ਹੌਂਸਲਿਆਂ ਨੇ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਸੀਲ ਕੀਤੀਆਂ ਸੜਕਾਂ ਨੂੰ ਤੋੜਦੇ ਹੋਏ ਕਿਸਾਨਾਂ ਨੇ ਦਿੱਲੀ ਵੱਲ ਕਦਮ ਵੱਧਾ ਲਏ ਹਨ ਅਤੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਦਿੱਲੀ ਦੇ ਨੇੜੇ ਪਹੁੰਚ ਚੁੱਕੇ ਹਨ। ਰਾਜਸਥਾਨ ਅਤੇ ਪੰਜਾਬ ਦੇ ਮੁੱਖ ਬਾਰਡਰ ‘ਤੇ ਹਰਿਆਣਾ ਪੁਲਿਸ ਵਲੋਂ ਕੀਤੀ ਗਈ ਬੈਰੀਕੇਟਿੰਗ ਕਰਕੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਰੋਕ ਦਿੱਤਾ ਗਿਆ ਪਰ ਕਿਸਾਨ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਸੜਕ ‘ਤੇ ਹੀ ਤੰਬੂ ਗੱਡ ਕੇ ਉਥੇ ਹੀ ਧਰਨਾ ਸ਼ੁਰੂ ਦਿੱਤਾ ਹੈ। ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਝਰਮੜੀ ਨੇੜੇ ਹਰਿਆਣਾ ਦੀ ਸਰਹੱਦ ਪਾਰ ਕਰਨ ਸਮੇਂ ਹਰਿਆਣਾ ਪੁਲੀਸ ਨਾਲ ਕਾਫੀ ਜੱਦੋ-ਜਹਿਦ ਕਰਨੀ ਪਈ। ਕਿਸਾਨਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡਾਂ ਨੇੜੇ ਜਦੋਂ ਕਿਸਾਨ ਤੇ ਨ ਨੌਜਵਾਨ ਪੁੱਜੇ ਤਾਂ ਹਰਿਆਣਾ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਉਨ੍ਹਾ ਨੂੰ ਵਾਪਸ ਜਾਣ ਲਈ ਕਿਹਾ ਪਰ ਉਹ ਅੜੇ ਰਹੇ। ਉਨ੍ਹਾਂ ਨੇ ਪਾਣੀ ਦੀ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਹਰਿਆਣਾ ਪੁਲੀਸ ਵਲੋਂ ਲਾਏ ਗਏ ਬੈਰੀਕੇਡ, ਲੋਹੇ ਦੀਆਂ ਸੰਗਲਾਂ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਸੜਕ ਵਿਚਕਾਰ ਖੜੇ ਭਾਰੀ ਵਾਹਨਾਂ ਨੂੰ ਹਟਾ ਕੇ ਦਿੱਲੀ ਜਾਣ ਦਾ ਰਸਤਾ ਬਣਾ ਲਿਆ। ਇਹ ਸੰਘਰਸ ਕਰੀਬ ਡੇਢ ਘੰਟੇ ਤੱਕ ਚੱਲਦਾ ਰਿਹਾ।
ਉਧਰ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ‘ਦਿੱਲੀ ਚਲੋ’ ਮਾਰਚ ਲਈ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੀਆਂ ਸਰਹੱਦਾਂ ਦੇ ਨੇੜੇ ਇਕੱਠੇ ਹੁੰਦੇ ਵੇਖਦਿਆਂ, ਹਰਿਆਣਾ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ ਕਿ, ”ਹਰਿਆਣਾ ਵਿਚ ਮਨੋਹਰ ਲਾਲ ਖੱਟਰ ਦੀ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕਿਉਂ ਰੋਕ ਰਹੀ ਹੈ? ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਤਾਕਤ ਦੀ ਵਰਤੋਂ ਗੈਰ ਸੰਵਿਧਾਨਕ ਹੈ।” ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਤੋਂ ਕਿਸਾਨ ਖੇਤੀਬਾੜੀ ਕਾਨੂੰਨ ਵਿਰੁੱਧ ਪੰਜਾਬ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਕੈਪਟਨ ਨੇ ਪੁੱਛਿਆ, ”ਹਰਿਆਣਾ ਸਰਕਾਰ ਤਾਕਤ ਦਾ ਸਹਾਰਾ ਲੈ ਕੇ ਉਨ੍ਹਾਂ ਨੂੰ ਭੜਕਾ ਰਹੀ ਕਿਉਂ ਹੈ?” ਕੀ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਜਨਤਕ ਰਾਜ ਮਾਰਗ ਤੋਂ ਲੰਘਣ ਦਾ ਅਧਿਕਾਰ ਨਹੀਂ ਹੈ?”