ਭਗਤਾ ਭਾਈ ਕਾ ਪ੍ਰੈਸ ਕਲੱਬ ਵੱਲੋਂ ਲੋੜਵੰਦ ਮਹਿਲਾਵਾਂ ਨੂੰ ਰੋਜ਼ਗਾਰ ਚਲਾਉਣ ਲਈ ਸਹਾਇਤਾ ਵਜੋਂ 21 ਸਿਲਾਈ ਮਸ਼ੀਨਾਂ ਵੰਡੀਆਂ

ਭਗਤਾ ਭਾਈ ਕਾ ਪ੍ਰੈਸ ਕਲੱਬ ਵੱਲੋਂ ਲੋੜਵੰਦ ਮਹਿਲਾਵਾਂ ਨੂੰ ਰੋਜ਼ਗਾਰ ਚਲਾਉਣ ਲਈ ਸਹਾਇਤਾ ਵਜੋਂ 21 ਸਿਲਾਈ ਮਸ਼ੀਨਾਂ ਵੰਡੀਆਂ

ਸਵਰਗੀ ਪਵਨ ਕੁਮਾਰ ਪੱਪੀ ਦੀ ਯਾਦ ‘ਚ ਰੱਖਿਆ ਗਿਆ ਸੀ ਸਮਾਗਮ

ਕੈਬਨਿਟ ਮੰਤਰੀ ਕਾਂਗੜ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਭਗਤਾ ਭਾਈ ਕਾ : (ਵੀਰਪਾਲ ਭਗਤਾ) ਏਥੋਂ ਦੇ ਪੰਜਾਬੀ ਪ੍ਰੈਸ ਕਲੱਬ ਵੱਲੋਂ ਸਵਰਗੀ ਪਵਨ ਕੁਮਾਰ ‘ਪੱਪੀ’ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 10ਵੀਂ ਦੇ ਸਥਾਨ ਵਿਖੇ ਸਮਾਜ ਭਲਾਈ ਦੇ ਕੰਮਾਂ ਲਈ ਰੱਖੇ ਗਏ ਸਮਾਗਮ ਦੌਰਾਨ ਯੋਗਤਾ ਰੱਖਣ ਵਾਲੀਆਂ 21 ਲੋੜਵੰਦ ਗਰੀਬ ਅਤੇ ਨਿਆਸਰਿਤ ਮਹਿਲਾਵਾਂ ਨੂੰ ਆਪਣਾ ਰੋਜ਼ਗਾਰ ਚਲਾਉਣ ਲਈ ਸਹਾਇਤਾ ਵਜੋਂ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਪੱਤਰਕਾਰੀ ਖੇਤਰ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਕਰਨ ਦੀ ਨਵੀਂ ਪਿਰਤ ਪਾਉਣ ਵਾਲੇ ਇਸ ਪੰਜਾਬੀ ਪ੍ਰੈਸ ਕਲੱਬ ਦੇ ਚੰਗੇ ਉਦਮ ਦੀ ਪ੍ਰਸੰਸਾ ਕਰਦਿਆਂ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਭਗਤਾ ਭਾਈ ਕਾ ਪ੍ਰੈਸ ਕਲੱਬ ਇੱਕੋ ਇੱਕ ਅਜਿਹਾ ਪ੍ਰੈਸ ਕਲੱਬ ਹੈ ਜਿਹੜਾ ਕਿ ਪੱਤਰਕਾਰੀ ਨਾਲੋਂ ਸਮਾਜਿਕ ਕੰਮਾਂ ਨੂੰ ਵੱਧ ਤਰਜ਼ੀਹ ਦੇ ਰਿਹਾ ਹੈ। ਉਨ੍ਹਾਂ ਨੇ ਪ੍ਰੈਸ ਕਲੱਬ ਵੱਲੋਂ ਪਿਛਲੇ ਸਾਲ ਸਮਾਜਿਕ ਕੁਰੀਤੀਆਂ ਅਤੇ ਨੌਜਵਾਨ ਪੀੜ੍ਹੀ ‘ਚ ਫੈਲੇ ਨਸ਼ਿਆਂ ਖਿਲਾਫ਼ ਕਰਵਾਏ ਗਏ ‘ਨਾਟਕ ਮੇਲਾ’ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਲੱਬ ਦੀ ਸ਼ਲਾਂਘਾ ਕਰਨਾ ਦਾਦ ਹੀ ਬਣਦੀ ਹੈ ਕਿ ਹਰ ਸਾਲ ਨਵੇਂ ਸਮਾਜਿਕ ਕੰਮ ਦਾ ਬੀੜਾ ਚੁੱਕਣਾ ਕਲੱਬ ਦੇ ਸਮੂਹ ਮੈਂਬਰਾਂ ਦੀ ਜ਼ਬਰਦਸਤ ਇੱਕਮੁੱਠਤਾ ਦਾ ਵੱਡਾ ਰਾਜ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਸਰਕਾਰੀ ਕੋਟੇ ਵਿੱਚੋਂ ਕਲੱਬ ਲਈ ਗ੍ਰਾਂਟ ਵਜੋਂ 50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸਮਾਗਮ ‘ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਏਥੋਂ ਦੀ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਗੋਇਲ ਨੇ 11 ਹਜ਼ਾਰ ਰੁਪਏ ਅਤੇ ਆਮ ਆਦਮੀ ਪਾਰਟੀ ਦੇ ਆਗੂ ਮਨਜੀਤ ਸਿੰਘ ਬਿੱਟੀ ਨੇ 5 ਹਜ਼ਾਰ ਰੁਪਏ ਕਲੱਬ ਨੂੰ ਸਮਾਜਿਕ ਕੰਮਾਂ ਲਈ ਦਿੱਤੇ। ਇਸ ਤੋਂ ਇਲਾਵਾ ਸਵਰਗੀ ਪੱਪੀ ਦੇ ਭਤੀਜਾ ਅਸ਼ਮੀਤ ਗਰਗ ਨੇ 31 ਹਜ਼ਾਰ ਅਤੇ ਬਲਜੀਤ ਸਿੰਘ ਬਾਠ ਨੇ 10 ਹਜ਼ਾਰ (ਦੋਵੇਂ ਕੈਨੇਡੀਅਨ) ਨੇ ਪ੍ਰੈਸ ਕਲੱਬ ਨੂੰ ਸਮਾਜਿਕ ਕੰਮਾਂ ਲਈ ਸਹਾਇਤਾ ਵਜੋਂ ਦਿੱਤੇ। ਵਪਾਰ ਮੰਡਲ ਵੱਲੋਂ ਜੀਤੂ ਰਾਮ ਗੋਇਲ ਅਤੇ ਹੋਰ ਬਹੁਤ ਸਾਰੇ ਸ਼ਹਿਰ ਨਿਵਾਸੀਆਂ ਨੇ ਕਲੱਬ ਨੂੰ ਚੰਗੇ ਕੰਮਾਂ ਲਈ ਰਾਸ਼ੀ ਭੇਂਟ ਕੀਤੀ। ਸਟੇਜ਼ ਦਾ ਸੰਚਾਲਨ ਸੁਰਿੰਦਰਪਾਲ ਭਾਈ ਰੂਪਾ ਨੇ ਕੀਤਾ ਅਤੇ ਸਮਾਗਮ ‘ਚ ਪਹੁੰਚੇ ਸਭਨਾਂ ਦਾ ਬਿੰਦਰ ਜਲਾਲ ਨੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵੰਤ ਸਿੰਘ ਭਗਤਾ, ਜਗਮੋਹਨ ਲਾਲ ਭਗਤਾ, ਗਗਨਦੀਪ ਸਿੰਘ ਗਰੇਵਾਲ, ਗੌਰਵ ਸ਼ਰਮਾ, ਸ਼ੰਮਾਂ ਸਿੱਧੂ, ਸੁਖਜਿੰਦਰ ਖਾਨਦਾਨ, ਪਰਮਜੀਤ ਬਿਦਰ, ਜਸਮੀਤ ਸਿੰਘ ਬਰਾੜ, ਕਲੱਬ ਦੇ ਸਮੂਹ ਮੈਂਬਰ ਅਤੇ ਹੋਰ ਬਹੁਤ ਸਾਰੇ ਸ਼ਹਿਰ ਨਿਵਾਸੀ ਸ਼ਾਮਲ ਸਨ।