ਰੁਝਾਨ ਖ਼ਬਰਾਂ
ਆਖਰ ਇਕਦਮ ਕਿਉਂ ਵਿਗੜ ਰਹੀ ਹੈ ਟਕਸਾਲੀ ਆਗੂਆਂ ਦੀ ਸਿਹਤ?

ਆਖਰ ਇਕਦਮ ਕਿਉਂ ਵਿਗੜ ਰਹੀ ਹੈ ਟਕਸਾਲੀ ਆਗੂਆਂ ਦੀ ਸਿਹਤ?

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਪਿਛਲੇ ਇਕ ਮਹੀਨੇ ਵਿਚ ਅਕਾਲੀ ਦਲ ਦੇ ਸੰਕਟ ‘ਤੇ ਝਾਤੀ ਮਾਰੀਏ ਤਾਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ। ਉਸ ਤੋਂ ਬਾਅਦ ਮਾਝੇ ਦੇ ਵੱਡੇ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਪਾਰਟੀ ਦੀਆਂ ਅਹੁਦੇਦਾਰੀਆਂ ਤੋਂ ਸਿਹਤ ਦਾ ਹਵਾਲਾ ਦੇ ਕੇ ਅਸਤੀਫਾ ਦੇ ਦਿੱਤਾ।
ਇਸ ਤੋਂ ਬਾਅਦ ਅਕਾਲੀ ਦਲ ਵਿਚ ਬਾਗੀ ਸੁਰਾਂ ਵਾਲਿਆਂ ਦੀਆਂ ਝੜੀਆਂ ਹੀ ਲੱਗ ਗਈਆਂ। ਇਨ੍ਹਾਂ ਵਿਚ ਮਨਜੀਤ ਸਿੰਘ ਜੀਕੇ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਮਨਜਿੰਦਰ ਸਿੰਘ ਸਿਰਸਾ ਦੇ ਨਾਂ ਜ਼ਿਕਰਯੋਗ ਹਨ। ਅਹਿਮ ਗੱਲ ਹੈ ਕਿ ਬ੍ਰਹਮਪੁਰਾ ਤੇ ਢੀਂਡਸਾ ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਦਸ ਬਾਰਾਂ ਸਾਲ ਛੋਟੇ ਹਨ, ਨੇ ਸਿਹਤ ਦਾ ਹਵਾਲਾ ਦਿੰਦਿਆਂ ਪਾਰਟੀ ਤੋਂ ਅਚਾਨਕ ਦੂਰੀ ਬਣਾ ਲਈ ਹੈ। ਉਨ੍ਹਾਂ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਚੋਣ ਨਾ ਲੜਨ ਦਾ ਐਲਾਨ ਕੀਤੀ ਹੈ। ਦੋਵੇਂ ਆਗੂ ਭਾਵੇਂ ਸਿਹਤ ਪੱਖੋਂ ਬਾਦਲ ਨਾਲੋਂ ਉਮਰ ਵਿਚ ਛੋਟੇ ਹਨ ਤੇ ਸਿਹਤਮੰਦ ਵੀ ਹਨ ਪਰ ਅਕਾਲੀ ਦਲ ਦੇ ਨਾਲ-ਨਾਲ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਦੂਰੀ ਬਣਾ ਕੇ ਰੱਖ ਰਹੇ ਹਨ। ਦੋਵਾਂ ਦੇ ਪਿਛਲੇ ਦਿਨਾਂ ਦੇ ਸਫਰ ਦੀ ਝਾਤ ਮਾਰੀਏ ਤਾਂ ਦੋਵਾਂ ਵੱਡੇ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਨੂੰ ਵੀ ਨਾਕਾਮ ਕਰ ਕੇ ਰੱਖ ਦਿੱਤਾ ਸੀ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਜਿਸ ਦਿਨ ਅਸਤੀਫਾ ਦਿੱਤਾ, ਉਸੇ ਦਿਨ ਡਾ. ਰਤਨ ਸਿੰਘ ਅਜਨਾਲਾ ਨੇ ਇਹ ਗੱਲ ਕਹੀ ਸੀ ਕਿ ਉਨ੍ਹਾਂ ਦਾ ਅਸਤੀਫਾ ਕਿਸੇ ਵੇਲੇ ਵੀ ਆ ਸਕਦਾ ਹੈ। ਉਹ ਵੀ ਸਮਾਂ ਦੇਖ ਕੇ ਆਪਣੀ ਗੱਲ ਰੱਖਣਗੇ। ਡਾ. ਅਜਨਾਲਾ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਕਾਫਲਾ ਵੱਡਾ ਹੋ ਰਿਹਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਮਾਝੇ ਨਾਲ ਸਬੰਧਤ ਇਕ ਹੋਰ ਵੱਡੇ ਨੇਤਾ ਸੇਵਾ ਸਿੰਘ ਸੇਖਵਾਂ ਵੀ ਪਿਛਲੇ ਕਾਫੀ ਸਮੇਂ ਤੋਂ ਬਾਗੀ ਸੁਰਾਂ ਅਲਾਪ ਰਹੇ ਹਨ। ਉਹ ਵੀ ਆਉਣ ਵਾਲੇ ਦਿਨਾਂ ਵਿਚ ਕੋਈ ਵੱਡਾ ਧਮਾਕਾ ਕਰ ਸਕਦੇ ਹਨ। ਉਨ੍ਹਾਂ ਦਾ ਅਸਤੀਫਾ ਵੀ ਕਿਸੇ ਵੇਲੇ ਵੀ ਆ ਸਕਦਾ ਹੈ। ਹਾਲਾਂਕਿ ਇਹ ਆਗੂ ਨਾਲ ਵੀ ਇਹ ਕਹਿ ਰਹੇ ਹਨ ਕਿ ਉਹ ਪਾਰਟੀ ਨਾਲ ਜੁੜੇ ਹਨ ਪਰ ਪਾਰਟੀ ਦੇ ਕਿਸੇ ਅਹੁਦੇ ‘ਤੇ ਕੰਮ ਨਹੀਂ ਕਰਨਾ ਚਾਹੁੰਦੇ। ਸੇਵਾ ਸਿੰਘ ਸੇਖਵਾਂ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਜੋਂ ਸੇਵਾ ਕਰਨਾ ਚਾਹੁੰਦੇ ਸਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦੀ ਗੱਲ ਨੂੰ ਗੌਲਿਆ ਹੀ ਨਹੀਂ ਗਿਆ। ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਮੁੜ ਚੋਣ ਹੋਣ ਵਾਲੀ ਹੈ। ਇਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਹਨ।