ਸਿੱਖੀ ਸੋਚ ਤੇ ਪਹਿਚਾਣ ਦਾ ਅਹਿਮ ਹਿੱਸਾ ਹੈ ‘ਦਸਤਾਰ’

ਸਿੱਖੀ, ਯੁੱਗ ਪਰਿਵਰਤਨ ਦਾ ਨਾਂਅ ਹੈ। ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਲੋਕਾਈ ਇਕ ਬੜੇ ਹੀ ਕਠਿਨ ਦੌਰ ‘ਚੋਂ ਗੁਜ਼ਰ ਰਹੀ ਸੀ। ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਹਰ ਸੋਚ ਤੇ ਵਿਵਸਥਾ, ਉਹ ਭਾਵੇਂ ਧਾਰਮਿਕ ਸੀ ਜਾਂ ਸਮਾਜਿਕ, ਰਾਜਸੀ, ਆਰਥਿਕ, ਨਿਰੀ ਬਦਸ਼ਕਲ ਹੋ ਚੁੱਕੀ ਸੀ। ਸਦੀਆਂ ਤੋਂ ਵਧ ਰਿਹਾ ਇਸ ਵਿਵਸਥਾ ਦਾ ਬਿਖ ਸਮਾਜ ਦੀਆਂ ਜੜ੍ਹਾਂ ਨੂੰ ਲਗਪਗ ਨਿਗਲ ਚੁੱਕਾ ਸੀ। ਸੰਸਾਰ ਦੇ ਗਿਆਨੀਆਂ, ਧਿਆਨੀਆਂ ਦਾ ਇਹ ਹਾਲ ਸੀ ਕਿ ਰੋਗ ਜਾਣੇ ਬਿਨਾਂ ਹੀ ਇਲਾਜ ਕਰੀ ਜਾ ਰਹੇ ਸਨ। ਲੋਕ ਠੱਗੇ ਜਾ ਰਹੇ ਸਨ, ਦੁੱਖ-ਦਰਦ ਦੇ ਹਨੇਰੇ ਗਹਿਰੇ ਹੁੰਦੇ ਜਾ ਰਹੇ ਸਨ। ਗੁਰੂ ਨਾਨਕ ਸਾਹਿਬ ਨੇ ‘ਸਤਿਨਾਮ ਦਾ ਚਕਰ ਫਿਰਾਇਆ’ ਤੇ ਸਦੀਆਂ ਦੇ ਇਕੱਤਰ ਹੋਏ ਵਿਸ਼ ਨੂੰ ਬਾਹਰ ਕੱਢ ਦਿੱਤਾ ‘ਪੂਰਨ ਪੂਰਿ ਰਹਿਆ ਬਿਖੁ ਮਾਰਿ।’ ਗੁਰੂ ਸਾਹਿਬ ਦੀ ਇਲਾਹੀ ਦ੍ਰਿਸ਼ਟੀ ਲੋਕ ਹਿਤਕਾਰੀ ਸਾਬਤ ਹੋਈ ‘ਗੁਰ ਕੀ ਮਤਿ ਜੀਇ ਆਈ ਕਾਰਿ।’ ਗੁਰਮਤਿ ਨੇ ਮਨੁੱਖ ਨੂੰ ਸੰਪੂਰਨਤਾ ‘ਚ ਵੇਖਿਆ, ਜਿਸ ਵਿਚ ਤਨ ਤੇ ਮਨ ਦੋਵੇਂ ਸ਼ਾਮਿਲ ਸਨ। ‘ਰਸਨਾ ਹਰਿ ਰਸਿ ਰਾਤੀ ਰੰਗੁ ਲਾਏ, ਮਨੁ ਤਨੁ ਮੋਹਿਆ ਸਹਜਿ ਸੁਭਾਏ।’ ਸਿਮਰਨ ਮਨ ਨੂੰ ਤੇ ਸੇਵਾ ਤਨ ਨੂੰ ਜੋੜਨ ਲਈ ਸੀ। ਸਿਮਰਨ ਤੇ ਸੇਵਾ ਦੇ ਸੰਜੋਗ ਨਾਲ ਗੁਰਸਿੱਖ ਦੀ ਭਗਤੀ ਦੀ ਅਵਸਥਾ ਬਣੀ। ਗੁਰਸਿੱਖੀ ਅਮੁੱਲ ਮਨੁੱਖੀ ਕਦਰਾਂ ਤੇ ਕੀਮਤਾਂ ਦੀ ਰਾਹ ਖੋਲ੍ਹਣ ਵਾਲੀ ਸਾਬਤ ਹੋਈ, ‘ਹਰਿ ਸਿਮਰਤ ਨਾਨਕ ਭਈ ਅਮੋਲੀ।’ ਗੁਰਸਿੱਖ ਵਾਹਿਗੁਰੂ ਦੀ ਮਤਿ ‘ਚ ਰੰਗਿਆ ਗਿਆ ‘ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ।’ ਗੁਰੂ ਦਾ ਸਿੱਖ ਨਾਲ ਸੱਚਾ ਸੰਬੰਧ ਕਾਇਮ ਹੋਇਆ, ‘ਪੀਰ ਮੁਰੀਦਾਂ ਪਿਰਹੜੀ ਏਹੁ ਸਾਕੁ ਸੁਹੇਲਾ।’
ਭਾਈ ਗੁਰਦਾਸ ਜੀ ਨੇ ਅਚਰਜ ਬਿਆਨ ਕੀਤਾ ਕਿ ਗੁਰੂ ਦੀ ਮਤਿ ਧਾਰਨ ਕਰਕੇ ਸਿੱਖ ਗੁਰੂ ਦਾ ਹੀ ਰੂਪ ਹੋ ਗਏ ‘ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ।’ ਬਾਅਦ ‘ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਐਲਾਨ ਕੀਤਾ ‘ਖਾਲਸਾ ਮੇਰੋ ਰੂਪ ਹੈ ਖਾਸਸ਼।’ ਗੁਰੂ ਨੇ ਗੁਰਸਿੱਖ ਨੂੰ ਅਜਿਹੀ ਸ੍ਰੇਸ਼ਟ ਅਵਸਥਾ ਬਖਸ਼ੀ ਕਿ ਉਹ ਗੁਰੂ ਰੂਪ ਹੋ ਗਿਆ। ਅੱਜ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ਸਿੱਖ ਲਈ ਪੱਗ ਕਿੰਨੀ ਜ਼ਰੂਰੀ ਹੈ ਤਾਂ ਸਵਾਲ ਕਰਨ ਵਾਲਿਆਂ ‘ਤੇ ਰੋਸ ਘੱਟ, ਤਰਸ ਜ਼ਿਆਦਾ ਆਉਂਦਾ ਹੈ। ਸੰਸਾਰ ਅੰਦਰ ਗੁਰਸਿੱਖੀ ਦੀ ਵਡਿਆਈ ਨਾ ਸਮਝ ਪਾਉਣ ਵਾਲੇ ਹੋ ਸਕਦੇ ਹਨ, ਪਰ ਉਸ ਧਰਤੀ ‘ਤੇ ਇਹੋ ਜਿਹੀਆਂ ਸ਼ੰਕਾਵਾਂ ਪੈਦਾ ਕੀਤੀਆਂ ਜਾਣ ਜਿੱਥੇ ਸਿੱਖ ਪੰਥ ਦਾ ਜਨਮ ਹੋਇਆ ਹੋਵੇ, ਤਾਂ ਬੇਹੱਦ ਅਫਸੋਸ ਹੁੰਦਾ ਹੈ। ਸਿੱਖ ਅੱਜ ਸੰਸਾਰ ਦੇ ਕੋਨੇ-ਕੋਨੇ ‘ਚ ਵੱਸਦੇ ਹਨ ਪਰ ਜੁੜੇ ਹੋਏ ਇਸੇ ਧਰਤੀ ਨਾਲ ਮਹਿਸੂਸ ਕਰਦੇ ਹਨ। ਇਹ ਧਰਤੀ ਤਾਂ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਸੂਰਬੀਰਤਾ ਦੀ ਸਦੀਵੀ ਕਰਜ਼ਦਾਰ ਹੈ। ਇਹ ਕਰਜ਼ ਲਾਹਿਆ ਨਹੀਂ ਜਾ ਸਕਦਾ। ਪਰ ਇਹ ਆਸ ਜ਼ਰੂਰ ਕੀਤੀ ਜਾਂਦੀ ਹੈ ਕਿ ਸਿੱਖੀ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਕਿਹਾ ਨਹੀਂ ਜਾ ਸਕਦਾ ਕਿ ਜਿਨ੍ਹਾਂ ਨੇ ਸਿੱਖ ਦੀ ਪੱਗ ਬਾਰੇ ਸਵਾਲ ਕੀਤਾ ਹੈ, ਉਨ੍ਹਾਂ ਨੂੰ ਗੁਰਮਤਿ ਦੀ ਕਿੰਨੀ ਜਾਣਕਾਰੀ ਹੈ ਪਰ ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਜ਼ਰੂਰ ਪੜ੍ਹਿਆ ਹੋਵੇਗਾ।
ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿਚ ਹੋਈ ਲਾਸਾਨੀ ਸ਼ਹੀਦੀ ਤੋਂ ਬਾਅਦ ਗੁਰਿਆਈ ਧਾਰਨ ਕਰਨ ਸਮੇਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੱਗੇ ਟੋਪੀ ਤੇ ਸੇਲੀ ਰੱਖੀ ਗਈ, ਆਪ ਨੇ ਕਿਹਾ ਕਿ ਇਨ੍ਹਾਂ ਨੂੰ ਖਜ਼ਾਨੇ ਵਿਚ ਰੱਖ ਦਿੱਤਾ ਜਾਏ। ਗੁਰੂ ਸਾਹਿਬ ਨੇ ਪਹਿਲੇ ਦਿਨ ਹੀ ਪਗੜੀ ਧਾਰਨ ਕੀਤੀ ਤੇ ਉਸ ‘ਤੇ ਕਲਗੀ ਸਜਾਈ। 25 ਮਈ, ਸੰਨ 1606 ਦਾ ਇਹ ਪਾਵਨ ਦਿਹਾੜਾ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾਗੱਦੀ ‘ਤੇ ਬਿਰਾਜਮਾਨ ਹੋਣ ਦੇ ਨਾਲ ਹੀ ਗੁਰਸਿੱਖੀ ਅੰਦਰ ਪੱਗ ਦੀ ਬਾਕਾਇਦਾ ਮਹੱਤਤਾ ਕਾਇਮ ਹੋਣ ਦਾ ਦਿਨ ਵੀ ਬਣ ਗਿਆ। ਸਿੱਖ ਇਤਿਹਾਸ ਅੰਦਰ ਗੁਰੂ ਹਰਿਗੋਬਿੰਦ ਸਾਹਿਬ ਮਹਿਮਾ ਉਨ੍ਹਾਂ ਦੇ ਪੱਗ ਧਾਰਨ ਕਰਨ ਤੋਂ ਹੀ ਆਰੰਭ ਹੁੰਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਨੇ ਟੋਪੀ ਤੇ ਸੇਲੀ ਧਾਰਨ ਕਰਨ ਤੋਂ ਇਨਕਾਰ ਕਰਦਿਆਂ ਜੋ ਵਚਨ ਕੀਤੇ, ਉਹ ਗੁਰੂ ਸਾਹਿਬ ਦੀ ਧਰਮ ਤੇ ਸਮਾਜ ਪ੍ਰਤੀ ਚਿੰਤਾ ਦਰਸਾਉਣ ਵਾਲੇ ਸਨ। ਗੁਰੂ ਸਾਹਿਬ ਦਾ ਪੱਗ ਧਾਰਨ ਕਰਨਾ ਇਸ ਚਿੰਤਾ ਦਾ ਨਿਦਾਨ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਵੀ ਧਾਰਨ ਕੀਤੀਆਂ ਪਰ ਪੱਗ ਪਹਿਲਾਂ ਸਜਾਈ। ਗੁਰੂ ਸਾਹਿਬ ਦੀ ਪੱਗ ਧਰਮ ਤੇ ਕਿਰਤ ਦੀ ਸ਼ਹਿਨਸ਼ਾਹੀ ਦਾ ਪ੍ਰਤੀਕ ਬਣੀ। ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਤਾਕਾਲ ‘ਚ ਹੀ ਪੱਗ ਗੁਰਸਿੱਖ ਦੀ ਪਛਾਣ ਬਣ ਗਈ। ਇਸ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਪੱਗ ਧਾਰਨ ਕੀਤੀ ਤੇ ਸਿੱਖਾਂ ਲਈ ਮਿਸਾਲ ਕਾਇਮ ਕੀਤੀ। ਅੱਜ ਪੱਗ ਸਿੱਖ ਤੇ ਸਿੱਖੀ ਦਾ ਅਭਿੰਨ ਅੰਗ ਬਣ ਚੁੱਕੀ ਹੈ।
ਪਗੜੀ ਪੁਰਾਤਨ ਸਮੇਂ ‘ਚ ਰੁਤਬੇ ਤੇ ਹੈਸੀਅਤ ਦਾ ਨਿਸ਼ਾਨ ਸੀ। ਇਲਾਕਿਆਂ ਦੇ ਚੌਧਰੀ ਜਾਂ ਧਨਵਾਨ ਖਾਸ ਮੌਕਿਆਂ ‘ਤੇ ਪੱਗ ਬੰਨ੍ਹਿਆ ਕਰਦੇ ਸਨ। ਰਾਜਿਆਂ, ਜ਼ਿਮੀਂਦਾਰਾਂ ਨੇ ਵੀ ਆਪਣੀ ਤਾਕਤ ਦਰਸਾਉਣ ਲਈ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਕਈ ਵਿਦਵਾਨ ਪੰਡਿਤ ਤੇ ਧਰਮੀ ਵੀ ਪੱਗ ਸਜਾਉਂਦੇ ਸਨ। ਇਹ ਰਾਜ ਤੇ ਸਮਾਜ ਦੇ ਆਗੂ ਸਨ ਜੋ ਹਰ ਦ੍ਰਿਸ਼ਟੀ ਨਾਲ ਤਾਕਤਵਰ ਸਨ ਪਰ ਹੰਕਾਰ ਨਾਲ ਭਰੇ ਹੋਏ ਸਨ। ਅਜਿਹੇ ਲੋਕ ਆਪਣੀ ਤਾਕਤ ਦੀ ਵਰਤੋਂ ਆਮ ਲੋਕਾਂ ਨੂੰ ਦਬਾਉਣ, ਡਰਾਉਣ ਤੇ ਦਾਸ ਬਣਾ ਕੇ ਰੱਖਣ ‘ਚ ਕਰ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਪੱਗ ਬੰਨ੍ਹ ਕੇ ਧਰਮ ਤੇ ਸੱਚ ਦੀ ਉਸ ਤਾਕਤ ਦਾ ਮੁਜ਼ਾਹਰਾ ਕੀਤਾ, ਜੋ ਜ਼ੁਲਮ ਤੇ ਅਨਿਆਂ ਨੂੰ ਜੜ੍ਹੋਂ ਪੁੱਟਣ ਲਈ ਵਰਤੀ ਜਾਣੀ ਸੀ। ਦਸਮ ਪਿਤਾ ਨੇ ਖਾਲਸਾ ਸਾਜ ਕੇ ਧਰਮ ਤੇ ਸੱਚ ਲਈ ਡਟ ਕੇ ਖੜ੍ਹੇ ਹੋਣ ਵਾਲੀ ਹਰ ਤਾਕਤ ਨੂੰ ਆਪਣੀ ਸੰਤਾਨ ਹੋਣ ਦਾ ਮਾਣ ਬਖਸ਼ਿਆ ਤੇ ਜ਼ੁਲਮ, ਜਬਰ ਦੀਆਂ ਤਾਕਤਾਂ ‘ਤੇ ਜ਼ਬਰਦਸਤ ਚੋਟ ਕਰ ਜ਼ਮੀਂਦੋਜ਼ ਕਰ ਦਿੱਤਾ। ਮੁਗਲ ਰਾਜ ਹੀ ਨਹੀਂ, ਸਿੱਖਾਂ ਨੇ ਅੰਗਰੇਜ਼ੀ ਰਾਜ ਦੇ ਵਿਰੁੱਧ ਵੀ ਫੈਸਲਾਕੁਨ ਲੜਾਈਆਂ ਲੜੀਆਂ।
ਅੰਗਰੇਜ਼ ਰਾਜ ਵਿਚ ਸਿੱਖਾਂ ਦੀ ਪੱਗ ਨੇ ਸਰਕਾਰ ਨੂੰ ਵੱਡੀ ਚੁਣੌਤੀ ਦਿੱਤੀ। ਸ: ਸੋਹਣ ਸਿੰਘ ਜੋਸ਼ ਨੇ ਆਪਣੀ ਕਿਤਾਬ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿਚ ਲਿਖਿਆ ਹੈ ਕਿ ਕਾਲੀ ਪਗੜੀ ਬੰਨ੍ਹਣਾ ਜੁਰਮ ਬਣ ਗਿਆ ਸੀ। ਅੰਗਰੇਜ਼ ਸਰਕਾਰ ਜਿਉਂ-ਜਿਉਂ ਕਾਲੀ ਪੱਗ ਬੰਨ੍ਹਣ ‘ਤੇ ਸਖਤੀ ਕਰਦੀ, ਤਿਉਂ-ਤਿਉਂ ਪਿੰਡਾਂ ਦੇ ਪਿੰਡ ਕਾਲੀ ਪੱਗ ਬੰਨ੍ਹਦੇ ਜਾਂਦੇ। ਪਿੰਡਾਂ ਅੰਦਰ ਵੱਡੀਆਂ-ਵੱਡੀਆਂ ਦੇਗਾਂ ‘ਚ ਕਾਲਾ ਰੰਗ ਪਾ ਕੇ ਉਬਾਲਿਆ ਜਾਂਦਾ ਤੇ ਸਾਰੇ ਪਿੰਡ ਦੇ ਸਿੱਖਾਂ ਦੀਆਂ ਪੱਗਾਂ ਰੰਗੀਆਂ ਜਾਂਦੀਆਂ ਸਨ। ਦਰਅਸਲ ਉਸ ਵੇਲੇ ਅਕਾਲੀ ਮੋਰਚਿਆਂ ‘ਚ ਸ਼ਾਮਿਲ ਹੋਣ ਵਾਲੇ ਸਿੱਖ ਖਾਸ ਤੌਰ ‘ਤੇ ਕਾਲੀ ਪੱਗ ਬੰਨ੍ਹ ਕੇ ਜਾਂਦੇ ਸਨ। ਕਾਲੀ ਪੱਗ ਸਿੱਖਾਂ ਦੀ ਅੰਗਰੇਜ਼ ਸਰਕਾਰ ਦੇ ਖਿਲਾਫ਼ ਇਕਜੁੱਟਤਾ ਦਾ ਪ੍ਰਤੀਕ ਬਣ ਗਈ ਸੀ।
ਆਪਣੀ ਪੱਗ ਲਈ ਸਿੱਖਾਂ ਨੇ ਵੱਡੀ ਤਦਾਦ ‘ਚ ਆਪਣੀਆਂ ਜਾਨਾਂ ਵੀ ਗਵਾਈਆਂ। ਨਵੰਬਰ ਸੰਨ ’84 ਵਿਚ ਸਿੱਖਾਂ ਦੀ ਨਸਲਕੁਸ਼ੀ ਲਈ ਸੜਕਾਂ ‘ਤੇ ਨਿਕਲ ਆਈ ਭੀੜ ਪੱਗਾਂ ਲੱਭਦੀ ਫਿਰ ਰਹੀ ਸੀ। ਹਜ਼ਾਰਾਂ ਸਿੱਖਾਂ ਦੀ ਜਾਨ ਇਸ ਕਰਕੇ ਚਲੀ ਗਈ ਕਿ ਉਨ੍ਹਾਂ ਨੇ ਪੱਗ ਬੰਨ੍ਹੀ ਹੋਈ ਸੀ। ਇਕ ਲੰਬਾ ਦੌਰ ਇਹ ਵੀ ਗੁਜ਼ਰਿਆ ਜਦੋਂ ਪੰਜਾਬ ਅੰਦਰ ਅੱਤਵਾਦ ਜ਼ੋਰਾਂ ‘ਤੇ ਸੀ ਤੇ ਪੰਜਾਬ ਤੋਂ ਬਾਹਰ ਕਿਸੇ ਵੀ ਜਨਤਕ ਥਾਂ ‘ਤੇ, ਸੜਕ ‘ਤੇ ਚੱਲਦਿਆਂ ਵੀ ਜੇ ਕੋਈ ਪੱਗ ਬੰਨ੍ਹਿਆ ਸਿੱਖ ਵਿਖਾਈ ਦੇ ਜਾਂਦਾ ਤਾਂ ਸਥਾਨਕ ਸ਼ਰਾਰਤੀ ਤੱਤ ਉਗਰਵਾਦੀ ਕਹਿ ਕੇ ਤਾਹਨੇ ਮਾਰਨੋਂ ਨਹੀਂ ਹਟਦੇ ਸਨ। ਪੱਗ ਕਾਰਨ ਸਿੱਖਾਂ ਦੀ ਜਾਨ ‘ਤੇ ਬਣ ਆਈ ਪਰ ਉਨ੍ਹਾਂ ਸਿੱਖਾਂ ਦੀ ਬਹਾਦਰੀ ਨੂੰ ਸਲਾਮ ਹੈ, ਜਿਨ੍ਹਾਂ ਅਤਿ ਕਠਿਨ ਸਮੇਂ ਵਿਚ ਵੀ ਸਿੱਖੀ ਕੇਸਾਂ, ਸੁਆਸਾਂ ਨਾਲ ਨਿਭਾਹੀ ਤੇ ਪੱਗ ਦੀ ਸ਼ਾਨ ਬਣਾਈ ਰੱਖੀ। ਭਾਰਤ ਦੇ ਜਿਨ੍ਹਾਂ ਸ਼ਹਿਰਾਂ ਵਿਚ ਪੱਗ ਨਾਲ ਪਛਾਣ ਕੇ ਸਿੱਖਾਂ ਦੇ ਕਤਲ ਕੀਤੇ ਗਏ, ਉਨ੍ਹਾਂ ਸਾਰੇ ਸ਼ਹਿਰਾਂ ਵਿਚ ਅੱਜ ਵੀ ਪੱਗ ਸਜਾਈ ਸਿੱਖ ਚੜ੍ਹਦੀ ਕਲਾ ਵਿਚ ਨਜ਼ਰ ਆਉਂਦੇ ਹਨ।
ਸਿੱਖ ਕੌਮ ਅੱਜ ਗੰਭੀਰ ਸਵਾਲ ਚੁੱਕ ਰਹੀ ਹੈ ਕਿ ਉਨ੍ਹਾਂ ਦੀ ਪੱਗ ‘ਤੇ ਸਵਾਲ ਖੜ੍ਹੇ ਕਰਨ ਵਾਲੇ, ਉਨ੍ਹਾਂ ਦਾ ਮਜ਼ਾਕ ਉਡਾਉਣ ਵਾਲੇ, ਉਨ੍ਹਾਂ ਨਾਲ ਹਰ ਪੱਧਰ ‘ਤੇ ਵਿਤਕਰਾ ਕਰਨ ਵਾਲੇ ਕੀ ਆਪਣਾ ਇਤਿਹਾਸ ਨਹੀਂ ਜਾਣਦੇ ਜਾਂ ਸਨਮਾਨ ਨਹੀਂ ਕਰਨਾ ਚਾਹੁੰਦੇ। ਅਜਿਹੇ ਲੋਕ ਆਪਣੇ-ਆਪ ਨੂੰ ਸਿੱਖਾਂ ਨਾਲੋਂ ਨਿਖੇੜ ਕੇ ਨਹੀਂ ਦੇਖ ਸਕਦੇ। ਸਿੱਖ ਇਤਿਹਾਸ ਭਾਰਤ ਦੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਹੈ। ਸਿੱਖ ਇਤਿਹਾਸ ਨੇ ਹੀ ਭਾਰਤ ਦੇ ਇਤਿਹਾਸ ਨੂੰ ਉਹ ਸੁਨਹਿਰੀ ਰੌਸ਼ਨੀ ਪ੍ਰਦਾਨ ਕੀਤੀ ਹੈ, ਜਿਸ ‘ਤੇ ਅੱਜ ਹਰ ਭਾਰਤ ਵਾਸੀ ਮਾਣ ਕਰਦਾ ਹੈ। ਸਿੱਖਾਂ ‘ਤੇ ਸਵਾਲ ਚੁੱਕਣਾ ਆਪਣੇ ਇਤਿਹਾਸ, ਵਿਰਸੇ ਤੇ ਕਦਰਾਂ-ਕੀਮਤਾਂ ਨਾਲ ਧ੍ਰੋਹ ਹੈ। ਸੰਸਾਰ ਦੇ ਬਾਕੀ ਸਾਰੇ ਦੇਸ਼ ਸਿੱਖਾਂ ਦੇ ਉਨ੍ਹਾਂ ਲਈ ਕੀਤੇ ਯੋਗਦਾਨ ਦਾ ਮੁੱਲ ਪਾ ਰਹੇ ਹਨ, ਸਿੱਖਾਂ ਨੂੰ ਮਾਣ ਬਖਸ਼ ਰਹੇ ਹਨ। ਬਰਤਾਨੀਆ ਅੰਦਰ ਇਕ ਸਿੱਖ ਦੀ ਪੱਗ ‘ਤੇ ਹੱਥ ਪਾਉਣ ਦਾ ਯਤਨ ਕੀਤਾ ਗਿਆ ਤਾਂ ਪਾਰਲੀਮੈਂਟ ਦੇ ਸਾਰੇ ਮੈਂਬਰ ਵਿਰੋਧ ‘ਚ ਖੜ੍ਹੇ ਹੋ ਗਏ ਤੇ ਆਪ ਪੱਗ ਬੰਨ੍ਹ ਕੇ ਪਾਰਲੀਮੈਂਟ ‘ਚ ਗਏ। ਸਵਾਲ ਪੱਗ ਦਾ ਵੀ ਹੈ ਤੇ ਜਜ਼ਬੇ ਦਾ ਵੀ। ਇਹ ਜਜ਼ਬਾ ਭਾਰਤ ਅੰਦਰ ਕਿਉਂ ਨਹੀਂ ਵਿਖਾਈ ਦਿੰਦਾ?
-ਡਾ. ਸਤਿੰਦਰਪਾਲ ਸਿੰਘ