ਨਵੇਂ ਸੰਦ ਪੁਰਾਣਾ ਯੁੱਗ

ਨਵੇਂ ਸੰਦ ਪੁਰਾਣਾ ਯੁੱਗ

(ਵਿਅੰਗ)

– ਪਿੰਡ ਦੀ ਸੱਥ ਵਿੱਚੋਂ

ਅੱਸੀਆਂ ਨੂੰ ਢੁੱਕੇ ਕਾਹਨ ਸਿਉਂ ਸਰਦਾਰ ਦੇ ਭਣੋਈਏ ਮੁਕੰਦ ਸਿਉਂ ਦੀ ਮੌਤ ਹੋਈ ਕਰਕੇ ਉਸਦੀ ਭੈਣ ਦੇ ਸਹੁਰੇ ਪਰਿਵਾਰ ਦੇ ਸ਼ਰੀਕੇ ਕਬੀਲੇ ‘ਚੋਂ ਕਾਹਨ ਸਿਉਂ ਦੇ ਘਰ ਮਕਾਣ ਆਈ ਹੋਈ ਸੀ, ਕਿਉਂਕਿ ਅਕਾਲ ਚਲਾਣਾ ਕਰ ਚੁੱਕੇ ਵਿਆਕਤੀ ਦੇ ਜਿਸ ਘਰ ਵਿੱਚ ਸਹੁਰੇ ਹੁੰਦੇ ਹਨ, ਉਸ ਘਰੇ ਮਕਾਣ ਲੈ ਕੇ ਜਾਣੀ ਚਿਰਾਂ ਤੋਂ ਹੀ ਰੀਤ ਤੁਰੀ ਆ ਰਹੀ ਹੈ। ਕਾਹਨ ਸਿਉਂ ਦਾ ਭਣੋਈਆ ਵੀ ਭਾਵੇਂ ਨੱਬਿਆਂ ਦੀ ਉਮਰ ਦੇ ਨੇੜ ਸੀ ਪਰ ਫਿਰ ਵੀ ਸਾਰਾ ਪਿੰਡ ਮਰਗ ਦੇ ਅਫਸੋਸ ਕਰਕੇ ਕਾਹਨ ਸਿਉਂ ਸਰਦਾਰ ਦੇ ਘਰੇ ਆਈਆਂ ਕਾਣਾਂ, ਮਕਾਣਾਂ ਦੀ ਸੇਵਾ ‘ਚ ਸਾਰਾ ਦਿਨ ਰੁੱਝਿਆ ਰਿਹਾ ਜਿਸ ਕਰਕੇ ਸੱਥ ਵੀ ਅੱਜ ਕੁਝ ਦੇਰ ਨਾਲ ਹੀ ਜੁੜੀ ਸੀ। ਕਾਣਾਂ ਮਕਾਣਾਂ ਦੇ ਤੁਰ ਜਾਣ ਪਿੱਛੋਂ ਪਿੰਡ ਦੇ ਲੋਕ ਕਾਹਨ ਸਿਉਂ ਦੇ ਘਰੋਂ ਵੇਹਲੇ ਹੁੰਦਿਆਂ ਹੀ ਸੱਥ ਵੱਲ ਨੂੰ ਆਉਣੇ ਸ਼ੁਰੂ ਹੋ ਗਏ। ਤਾਸ਼ ਖੇਡਣ ਵਾਲਿਆਂ ਨੇ ਅੱਡ ਅੱਡ ਜੋੜੀਆਂ ਬਣਾ ਕੇ ਪੱਤੇ ‘ਤੇ ਪੱਤਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਬਜ਼ੁਰਗ ਇੱਕ ਪਾਸੇ ਆਪਣੀਆਂ ਗੱਲਾਂ ਵਿੱਚ ਰੁੱਝ ਗਏ। ਸੀਤੇ ਮਰਾਸੀ ਨੇ ਸੱਥ ‘ਚ ਆਉਂਦਿਆਂ ਹੀ ਬਾਬੇ ਵਰਿਆਮ ਸਿਉਂ ਨੂੰ ਪੁੱਛਿਆ,
”ਕਿਉਂ ਬਈ ਬਾਬਾ! ਇੱਕ ਤਾਂ ਅਗਲੇ ਦੇ ਘਰੇ ਮਰਗ ਹੋ ਜਾਂਦੀ ਐ, ਇੱਕ ਉੱਤੋਂ ਆਹ ਬੁੜ੍ਹੀਆਂ ਜੀਆਂ ਵੱਡੇ ਵੱਡੇ ਢਾਣੇ ਬੰਨ੍ਹ ਬੰਨ੍ਹ ਲਿਆਉਂਗੀਆਂ ਫਿਰ। ਫਿਰ ਅੱਧੇ ਪਿੰਡ ਨੂੰ ਲਗੌਂਰ ਖਵਾਉਣਾ ਬੋਝ ਈ ਐ ਅਗਲੇ ‘ਤੇ। ਇਹ ਕਦੋਂ ਹਟੂ ਢਾਣਸ ਜਾ?”
ਮਾਹਲਾ ਨੰਬਰਦਾਰ ਕਹਿੰਦਾ, ”ਇਹ ਕਾਹਦਾ ਹਟਣਾ, ਇਹ ਤਾਂ ਫਿਰ ਜਿਦ ਜਿਦ ਕੇ ਰੋਂਦੀਆਂ ਬਈ ਘਰ ਆਲਾ ਕਿਤੇ ਕੋਈ ਮੇਹਣਾ ਨਾ ਮਾਰਦੇ ਬਈ ਫਲਾਨੀ ਤਾਂ ਰੋਈਓ ਈ ਨ੍ਹੀ। ਦੁੱਖ ਦਾ ਤਾਂ ਮੀਰ ਉਨ੍ਹਾਂ ਨੂੰ ਈਂ ਪਤਾ ਹੁੰਦਾ ਜੀਹਦੇ ਘਰੋਂ ਜੀਅ ਤੁਰ ਜਾਂਦੈ। ਜਿਹੜੀਆਂ ਬੁੜ੍ਹੀਆਂ ਨੂੰ ਮਰਗ ‘ਤੇ ਰੋਣ ਦਾ ਝੱਸ ਹੁੰਦਾ ਨਾਹ, ਉਹ ਪੇਕੀਂ ਵਿਆਹ ਜਾਣ ਨੂੰ ਤਾਂ ਭਾਮੇਂ ਪਛੜ ਜਾਣ, ਪਰ ਮਕਾਣ ਨੂੰ ਨ੍ਹੀ ਪਛੜਦੀਆਂ।”
ਬਾਬਾ ਵਰਿਆਮ ਸਿਉਂ ਕਹਿੰਦਾ, ”ਮਕੰਦ ਸਿਉਂ ਤਾਂ ਯਾਰ ਪੜੋਤਿਆਂ ਆਲਾ ਸੀ, ਨੱਬੇ ਪਚੰਨਮੇਂ ਵਰ੍ਹਿਆਂ ਦਾ ਹੋਊ। ਏਡੇ ਬਜ਼ੁਰਗ ਨੂੰ ਤਾਂ ਰੋਣਾ ਊਈਂ ਨ੍ਹੀ ਚੰਗਾ ਲੱਗਦਾ।”
ਨਾਥਾ ਅਮਲੀ ਕਹਿੰਦਾ, ”ਤੂੰ ਸੀਗ੍ਹਾ ਬਾਬਾ ਉੱਥੇ ਜਦੋਂ ਭੂਆ ਦੇ ਨਾਲ ਆਈਆਂ ਪਖੰਡਣਾਂ ਜੀਆਂ ਜਿਦ ਜਿਦ ਕੇ ਰੋਂਦੀਆਂ ਸੀ। ਕੀ ਡਰਾਮਾ ਕਰਦੀਆਂ ਸੀ। ਤੂੰ ਤਾਂ ਬਾਬਾ ਸਸਕਾਰ ‘ਤੇ ਗਿਆ ਨ੍ਹੀ, ਆਹ ਨੰਬਰਦਾਰ ਨੂੰ ਪੁੱਛ ਲੈ ਭਾਮੇਂ, ਉੱਥੇ ਜਦੋਂ ਸਸਕਾਰ ਕਰਨ ਲੈ ਕੇ ਗਏ ਐ, ਸਾਰੇ ਰਾਹ ਜਾਂਦੇ ਉੱਤੋਂ ਦੀ ਖਿੱਲਾਂ ਤੇ ਭਾਨ ਸਿੱਟਦੇ ਈ ਗਏ ਐ। ਨਾਲੇ ਅਰਥੀ ਦੇ ਮੂਹਰੇ ਮੂਹਰੇ ਢੋਲਕੀ ਛੈਣਿਆਂ ਆਲੇ ਸ਼ਬਦ ਲਾਉਂਦੇ ਜਾਂਦੇ ਸੀ, ‘ਚੱਲੇ ਸੰਤ ਜਨ ਦੇਵ ਪੁਰੀ ਨੂੰ’। ਉੱਥੇ ਤਾਂ ਕੋਈ ਰੋਇਆ ਸੁਣਿਆਂ ਨ੍ਹੀ, ਏਥੇ ਆ ਕੇ ਅਗਲੀਆਂ ਪਿਛਲੀਆਂ ਸਭ ਕਸਰਾਂ ਕੱਢਲੀਆਂ।”
ਬੁੱਘਰ ਦਖਾਣ ਕਹਿੰਦਾ, ”ਬੰਦੇ ਬੁੜ੍ਹੀਆਂ ਸੀ ਵੀ ਬਾਹਲੇ ਭਾਈ। ਮੈਨੂੰ ਤਾਂ ਲੱਗਦਾ ਬਈ ਜਿਹੜੀਆਂ ਮੂਹਰੇ ਮੜ੍ਹੈਲਣਾਂ ਜੀਆਂ ਸੀ ਉਨ੍ਹਾਂ ਨੇ ਅੱਧੀਆਂ ਨੂੰ ਤਾਂ ਵਾਰੀ ਨ੍ਹੀ ਲੈਣ ਦਿੱਤੀ ਹੋਣੀ ਰੋਣ ਦੀ।”
ਤਾਸ਼ ਖੇਡੀ ਜਾਂਦਾ ਰੇਸ਼ਮ ਕਾ ਗੀਸਾ ਕਹਿੰਦਾ, ”ਇੱਕ ਬੁੜ੍ਹੀ ਜੀ ਦਾ ਤਾਂ ਇੱਕ ਹੱਥ ਤਾਂ ਖੀਸੇ ਨੂੰ ਪਾਇਆ ਵਿਆ ਤੇ ਦੂਜੇ ਨਾਲ ਦੜੈਂ ਦੜੈਂ ਪੱਟ ਕੁੱਟ ਕੁੱਟ ਰੋਵੇ, ਪਤਾ ਨ੍ਹੀ ਖੀਸੇ ‘ਚੋਂ ਕੀ ਸੰਧੂਰ ਆਲੀ ਡੱਬੀ ਡਿੱਗਦੀ ਸੀ, ਨਾਲੇ ਥੱਲੇ ਨੂੰ ਲਿਫੇ। ਮਿੰਟ ਕੁ ਮਗਰੋਂ ਫੇਰ ਖੀਸੇ ਨੂੰ ਹੱਥ ਪਾ ਲੇ। ਪਤਾ ਨ੍ਹੀ ਲੱਗਿਆ ਬਾਬਾ ਕੀ ਚੱਕਰ ਸੀ ਉਹੋ?”
ਸੀਤਾ ਮਰਾਸੀ ਕਹਿੰਦਾ, ”ਪੈਸਿਆਂ ਨੂੰ ਹੱਥ ਪਾਇਆ ਵਿਆ ਹੋਣਾ ਬਈ ਕਿਤੇ ਡਿੱਗ ਨਾ ਪੈਣ ਤੇ ਉੱਥੇ ਜਾ ਕੇ ਕਰਾਏ ਨੂੰ ਨਾ ਨਿੱਕਲਣ। ਹੋਰ ਕਿਹੜਾ ਨਸਵਾਰ ਆਲੀ ਡੱਬੀ ਹੋਣੀ ਐਂ ਖੀਸੇ ‘ਚ।”
ਬਾਬਾ ਵਰਿਆਮ ਸਿਉਂ ਹੱਸ ਕੇ ਕਹਿੰਦਾ, ”ਬਾਂਹ ਬੂੰਹ ‘ਚ ਨਾ ਕੋਈ ਨੁੱਕਸ ਹੋਵੇ ਬੁੜ੍ਹੀ ਦੇ ਬਈ ਬਾਂਹ ਤਾਹਾਂ ਨਾ ਚੱਕੀ ਜਾਂਦੀ ਹੋਵੇ।”
ਨਾਥਾ ਅਮਲੀ ਕਹਿੰਦਾ, ”ਕਾਹਨੂੰ ਬਾਬਾ ਇਹ ਗੱਲ ਸੀ। ਬੋਲਦੀ ਤਾਂ ਚੂਹੀ ਜੀ ਮੈਂ ਵੀ ਸੁਣੀ ਐ, ਪਰ ਮੈਂ ਐਡਾ ਖਿਆਲ ਨ੍ਹੀ ਕੀਤਾ ਬਈ ਇਹ ਕਿਸੇ ਦੇ ਖੀਸੇ ‘ਚ ਕੁਸ ਚੂੰ ਚੂੰ ਕਰਦਾ ਸੀ। ਉਹ ਤਾਂ ਬਿੰਦ ਕੁ ਪਿੱਛੋਂ ਚਿੜੀ ਜੀ ਬੋਲ ਪੈਂਦੀ ਸੀ। ਬੁੜ੍ਹੀ ਰੋਂਦੀ ਰੋਂਦੀ ਖੀਸੇ ਨੂੰ ਹੱਥ ਪਾ ਕੇ ਬਥੇਰਾ ਘੁੱਟੇ, ਪਰ ਪਤਾ ਨ੍ਹੀ ਕੀ ਸੀ ਉਹ, ਕਦੇ ਚੁੱਪ ਕਰ ਜੇ, ਕਦੇ ਥੋੜੇ ਜੇ ਚਿਰ ਮਗਰੋਂ ਜਦੋਂ ਫੇਰ ਟਰਰਰ, ਟਰਰਰ ਜੀ ਕਰੇ ਬੁੜ੍ਹੀ ਫੇਰ ਖੀਸਾ ਘੁੱਟ ਲੇ। ਸਮਝ ਨ੍ਹੀ ਆਈ ਬਾਬਾ ਕੀ ਉਹਦੇ ਖੀਸੇ ‘ਚ ਚਕਚੂੰਦਰਾਂ ਬੋਲਦੀਆਂ ਸੀ।”
ਤਾਸ਼ ਖੇਡੀ ਜਾਂਦਾ ਤਾਰੇ ਕਾ ਕੰਨੂੰ ਕਹਿੰਦਾ, ”ਮੁਗਲੈਲ ਫੋਨ ਹੋਊ ਬਾਬਾ ਉਹੋ ਜਿਹੜਾ ਚੂੰ ਚੂੰ ਕਰਦਾ ਸੀ।”
ਸੱਥ ਕੋਲ ਖੜ੍ਹਾ ਮਾਸਟਰ ਗੱਜਣ ਸਿਉਂ ਹੱਸ ਕੇ ਕਹਿੰਦਾ, ”ਮੁਗਲੈਲ ਨ੍ਹੀ ਤਾਰਾ ਸਿਆਂ, ਮੋਬਾਇਲ ਫੋਨ ਕਹਿੰਦੇ ਐ ਉਹਨੂੰ।”
ਨਾਥਾ ਅਮਲੀ ਕਹਿੰਦਾ, ”ਚੱਲ! ਮਗਲੈਲ ਹੋਇਆ ਕੁ ਪਟਰੌਲ ਹੋਇਆ, ਬੁੱਝ ਤਾਂ ਲਿਆ ਨ੍ਹਾ ਬਈ ਬੁੜ੍ਹੀ ਦੇ ਖੀਸੇ ‘ਚ ਸੀ ਕੀ?”
ਮਾਸਟਰ ਕਹਿੰਦਾ, ”ਬੁੱਝਣ ਨੂੰ ਉਹ ਕਿਤੇ ਅਲਜਬਰੇ ਦਾ ਸੁਆਲ ਸੀ ਬਈ ਸਮਝ ਨ੍ਹੀ ਆਉਣੀ ਸੀ। ਬੁੜ੍ਹੀ ਨੇ ਮੋਬਾਇਲ ਫੋਨ ਰੱਖਿਆ ਹੋਣੈ। ਉਧਰੋਂ ਕਿਤੇ ਪਿੱਛੋਂ ਘਰੋਂ ਫੋਨ ਆ ਗਿਆ ਹੋਣਾ, ਉਹ ਵੱਜ ਪਿਆ, ਬੁੜ੍ਹੀ ਨੂੰ ਬੰਦ ਕਰਨਾ ਨ੍ਹੀ ਆਉਂਦਾ ਹੋਣਾ, ਜਦੋਂ ਉਹ ਟਰਨ ਟਰਨ ਕਰਦਾ ਹੋਊਂ ਬੁੜ੍ਹੀ ਉਹਨੂੰ ਹੱਥ ਨਾਲ ਜੋਰ ਦੀ ਘੁੱਟਦੀ ਹੋਊ, ਆਏਂ ਉਹਨੇ ਕਾਹਦਾ ਬੰਦ ਹੋਣਾ ਸੀ।”
ਮਾਸਟਰ ਦੀ ਗੱਲ ਸੁਣ ਕੇ ਨਾਥਾ ਅਮਲੀ ਮਾਸਟਰ ਵੱਲ ਨੂੰ ਹੋਇਆ ਸਿੱਧਾ ਫਿਰ। ”ਤੂੰ ਵੀ ਮਾਹਟਰ ਨੱਥੋ ਹੇੜੀ ਆਲਾ ਡੂਚਣ ਈਂ ਐਂ। ਭਲਾ ਬੁੜ੍ਹੀਆਂ ਦੱਸ ਖਾਂ ਕੀ ਕਰਨ ਆਈਆਂ ਸੀ? ਬੁੜ੍ਹੀਆਂ ਮਕਾਣ ਈਂ ਆਈਆਂ ਸੀ, ਨਾਲ ਆਹ ਜਿਹੜਾ ਤੂੰ ਮੁਗਲੈਲ ਮੁਗਲੂਲ ਕਹਿਨੈ, ਉਹ ਵੀ ਮਸ਼ੀਨ ਜੀ ਏਸੇ ਈ ਕੰਮ ਆਈ ਹੋਣੀ ਐਂ। ਜਦੋਂ ਬੁੜ੍ਹੀਆਂ ਰੋਦੀਆਂ ਸੀ, ਉਦੋਂ ਉਹਨੂੰ ਵੀ ਵਚਾਰੇ ਨੂੰ ਰੋਣ ਆ ਗਿਆ ਹੋਣਾ, ਉਨ੍ਹਾਂ ਨੂੰ ਵੇਖ ਕੇ ਉਹ ਵੀ ਰੋ ਪੈਂਦਾ ਹੋਣਾ। ਹੋਰ ਕੀ ਗੱਲ ਹੋਣੀ ਐਂ।”
ਬਾਬੇ ਵਰਿਆਮ ਸਿਉਂ ਨੇ ਮਾਸਟਰ ਨੂੰ ਪੁੱਛਿਆ, ”ਕਿਉਂ ਬਈ ਮਾਹਟਰ! ਓਹਨੂੰ ਕੀ ਲੋੜ ਪਈ ਸੀ ਆਹ ਕਾਟ੍ਹੋ ਜੀ ਚੱਕਣ ਦੀ। ਜਦੋਂ ਬੁੜ੍ਹੀ ਨੂੰ ਬੰਦ ਨ੍ਹੀ ਸੀ ਕਰਨਾ ਆਉਂਦਾ, ਉਹਨੂੰ ਘਰੇ ਰੱਖ ਕੇ ਆਉਂਦੀ।”
ਮਾਸਟਰ ਬਾਬੇ ਵਰਿਆਮ ਸਿਉਂ ਨੂੰ ਕਹਿੰਦਾ, ”ਇਹ ਤਾਂ ਪੜ੍ਹਿਆਂ ਲਿਖਿਆਂ ਦੇ ਰੱਖਣ ਆਲਾ ਸੰਦ ਐ ਬਾਬਾ ਜੀ। ਉਹ ਤਾਂ ਪਤਾ ਨ੍ਹੀ ਬੁੜ੍ਹੀ ਕਿਮੇਂ ਪਾਈ ਫਿਰਦੀ ਸੀ ਖੀਸੇ ‘ਚ।”
ਨਾਥੇ ਅਮਲੀ ਨੇ ਫੇਰ ਸੇਧਿਆ ਮਾਸਟਰ ਵੱਲ ਨੂੰ ਨਿਸ਼ਾਨਾ, ”ਤੂੰ ਵੀ ਮਾਹਟਰ ਪੜ੍ਹਿਆ ਲਿਖਿਐਂ, ਤੂੰ ਦਖਾ ਖਾਂ ਤੇਰੇ ਕੋਲੇ ਹੈਗ੍ਹਾ ਚੂਹਾ ਜਾ ਇਹੇ?”
ਮਾਸਟਰ ਕਹਿੰਦਾ, ”ਮੈਂ ਤਾਂ ਕੀ ਕਰਨਾ ਇਹੇ ਖਰਚੇ ਦਾ ਘਰ। ਮਸਾਂ ਟੈਮ ਪਾਸ ਕਰੀ ਦਾ। ਗੱਲ ਤਾਂ ਇਉਂ ਕਰਦੇ ਆਂ ਬਈ ਜਿਹੜਾ ਕੋਈ ਸੰਦ ਚਲਾਉਣਾ ਨਾ ਆਉਂਦਾ ਹੋਵੇ ਉਹਤੋਂ ਕੀ ਕਰਾਉਣਾ ਰੱਖ ਕੇ।”
ਸੀਤਾ ਮਰਾਸੀ ਕਹਿੰਦਾ, ”ਇਹ ਤਾਂ ਬਾਬਾ ਫਿਰ ਆਪਣੇ ਪਿੰਡ ਆਲੇ ਓਧਰਲੇ ਗੁਆੜ ਆਲੇ ਰੁਲਦੂ ਫੌਜੀ ਦੀ ਬੈਂਟਰੀ ਆਲੀ ਓ ਈ ਗੱਲ ਹੋ ਗੀ।”
ਬਾਬੇ ਵਰਿਆਮ ਸਿਉਂ ਨੇ ਪੁੱਛਿਆ, ”ਉਹ ਕਿਮੇਂ ਮੱਲਾ?”
ਸੀਤਾ ਮਰਾਸੀ ਕਹਿੰਦਾ, ”ਮੇਰਾ ਬਾਪੂ ਦੱਸਦਾ ਹੁੰਦਾ ਸੀ, ਕਹਿੰਦਾ ਕੇਰਾਂ ਰੁਲਦੂ ਫੌਜੀ ਜਦੋਂ ਪਹਿਲੀ ਪਹਿਲੀ ਵਾਰ ਫੌਜ ‘ਚੋਂ ਦੋ ਮਹੀਨਿਆਂ ਦੀ ਛੁੱਟੀ ਆਇਆ, ਉਹ ਆਉਂਦਾ ਹੋਇਆ ਦੋ ਸਿੱਲਾਂ ਆਲੀ ਬੈਂਟਰੀ ਲਿਆਇਆ। ਜਿਨ੍ਹਾਂ ਚਿਰ ਫੌਜੀ ਪਿੰਡ ਰਿਹਾ, ਓਨਾਂ ਚਿਰ ਤਾਂ ਉਹ ਬੈਂਟਰੀ ਨੂੰ ਆਪ ਜਗਾਉਂਦਾ ਰਿਹਾ, ਜਦੋਂ ਫੌਜੀ ਫੌਜ ‘ਚ ਮੁੜ ਗਿਆ, ਫੇਰ ਕਿਤੇ ਫੋਜੀ ਦੇ ਮਗਰੋਂ ਇੱਕ ਦਿਨ ਫੋਜੀ ਨੇ ਵੱਡੇ ਭਤੀਜੇ ਨੇ ਬੈਂਟਰੀ ਜਗਾ ਲੀ। ਐਧਰ ਓਧਰ ਚਾਨਣ ਚੂਨਣ ਜਾ ਕਰਕੇ ਜਦੋਂ ਬੈਂਟਰੀ ਬਝਾਉਣ ਲੱਗਿਆ ਉਹ ਬੁਝਾਉਣੀ ਨਾ ਆਵੇ। ਉਹਨੂੰ ਪਤਾ ਨਾ ਲੱਗੇ ਬਈ ਇਹ ਬੁਝੂ ਕਿੱਥੋਂ ਹੁਣ। ਉਹਨੇ ਬਥੇਰੀ ਹਲਾਈ ਹਲੂਈ। ਆਏਂ ਉਹਨੇ ਕਾਹਦਾ ਬੁਝਣਾ ਸੀਗ੍ਹਾ। ਉੱਤੋਂ ਰਾਤ ਹੋਈ ਜਾਵੇ। ਸਿਆਲ ਦੀ ਰੁੱਤ ਸੀ, ਫੌਜੀ ਦਾ ਪਿਉ ਬਜ਼ੁਰਗ ਹਰੀ ਸਿਉਂ ਤੂੜੀ ਆਲੀ ਸਬ੍ਹਾਤ ‘ਚ ਪਿਆ ਸੀ। ਉਹ ਬਾਬਾ ਅੱਡ ਅੱਡ ਹਾਲ ਹਾਲ ਕਰੀ ਜਾਵੇ ਬਈ ਅੱਧੀ ਰਾਤ ਹੋਈ ਪਈ ਐ ਦੀਵਾ ਬੱਤੀ ਬੰਦ ਕਰਕੇ ਪੈ ਜੋ ਹੁਣ। ਜਗਦੀ ਸੀ ਬਾਬਾ ਬੈਂਟਰੀ। ਕੀ ਨਿਆਣਾ ਸਿਆਣਾ ਸਾਰੇ ਬੈਂਟਰੀ ਦੁਆਲੇ ਇਉਂ ‘ਕੱਠੇ ਹੋ ਗੇ ਜਿਮੇਂ ਵਿਆਹ ਵੇਲੇ ਬੁੜ੍ਹੀਆਂ ਆਟੇ ਪਾਣੀ ‘ਚ ਹੱਥ ਪਾਈ ਬੈਠੀਆਂ ਹੁੰਦੀਆਂ। ਬੈਂਟਰੀ ਤਾਂ ਬਾਬਾ ਬੁਝਣ ‘ਚ ਈ ਨਾ ਆਵੇ। ਜਿਉਂ ਲੱਗੇ ਜੁਆਕ ਜਿੱਦ ਜਿੱਦ ਕੇ ਫੂਕਾਂ ਮਾਰਨ, ਉਹ ਤਾਂ ਭਾਈ ਫੂਕਾਂ ਨਾਲ ਓਦੂੰ ਵੀ ਵੱਧ ਈ ਜਗੇ। ਬੁੜ੍ਹੀ ਅੱਡ ਭੂਕਣਾਂ ਚੱਕੀ ਫਿਰੇ ਬੈਂਟਰੀ ‘ਤੇ ਫੂਕਾਂ ਮਾਰਨ ਨੂੰ। ਬੁੜ੍ਹਾ ਤੂੜੀ ਆਲੇ ਪਿਆ ਹਾਲ ਹਾਲ ਕਰੀ ਜਾਵੇ। ਫੌਜੀ ਦਾ ਛੋਟਾ ਭਤੀਜਾ ਬੁੜ੍ਹੇ ਨੂੰ ਕਹਿੰਦਾ, ‘ਬਾਪੂ ਬੈਂਟਰੀ ਜਗਦੀ ਐ ਜਿਹੜੀ ਚਾਚਾ ਲਿਆਇਆ, ਬੁਝਦੀ ਨ੍ਹੀ’। ਬੁੜ੍ਹਾ ਫੇਰ ਬੋਲਿਆ ‘ਕਿਹੜੀ ਬੈਂਟਰੀ? ਸਾਲਿਓ ਦੀਵਾ ਜਗਾਈ ਬੈਠੈ ਐਂ ਬਝਾਓ ਇਹਨੂੰ’। ਜਦੋਂ ਬੁੜ੍ਹੇ ਨੇ ਇਹ ਗੱਲ ਕਹੀ ਤਾਂ ਜੁਆਕ ਬੈਂਟਰੀ ਲੈ ਕੇ ਜਦੋਂ ਬੁੜ੍ਹੇ ਵੱਲ ਨੂੰ ਤੂੜੀ ਆਲੀ ਸਬ੍ਹਾਤ ‘ਚ ਵਖਾਉਣ ਜਾਣ ਲੱਗਿਆ ਤਾਂ ਬੁੜ੍ਹੀ ਉੱਚੀ ਉੱਚੀ ਰੌਲਾ ਪਾਉਣ ਲੱਗ ਪੀ। ਇੱਕ ਦਮ ਕਤਾੜਕੇ ਪੈ ਗੀ ਜੁਆਕ ਨੂੰ ‘ਵੇ ਵੇਖੀਂ ਨਪੁੱਤੇ ਦਿਆ ਓਧਰ ਨਾ ਲੈ ਕੇ ਜਾਈਂ ਆਵਦੇ ਬਾਪੂ ਵੱਲ, ਤੂੜੀ ਨੂੰ ਅੱਗ ਲੱਗ ਜੂ ਨਾਲੇ ਬਾਪੂ ਨੂੰ ਮਚਾਏਂਗਾ, ਹੋਰ ਜਾਹ ਜਾਂਦੀ ਕਰੇਂਗਾ। ਉਰੇ ਲਿਆ ਇਹਨੂੰ ਪਾਣੀ ਪੂਣੀ ਨਾਲ ਬਝਾ ਕੇ ਵੇਹਨੇਂ ਆਂ’। ਬੁੜ੍ਹੀ ਨੇ ਪਹਿਲਾਂ ਤਾਂ ਬਾਬਾ ਪਾਣੀ ਦੇ ਛਿੱਟੇ ਛੁੱਟੇ ਜੇ ਮਾਰੇ, ਜਦੋਂ ਕੋਈ ਗੱਲ ਨਾ ਬਣੀ, ਫੇਰ ਆਵਦੀ ਨ੍ਹੂੰਹ ਨੂੰ ‘ਵਾਜ ਮਾਰੀ, ‘ਨ੍ਹੀ ਮਲਕੀਤ ਕੁਰੇ! ਐਥੋਂ ਪਾਣੀ ਪਾ ਕੇ ਲਿਆ ਬਾਲਟੀ ‘ਚ, ਆਹ ਜੱਭਖਾਨੇ ਦਾ ਬਾਲਣ ਫੂਕਣ ਹੋਵੇ ਜੇ ਕੁਸ। ਮਲਕੀਤ ਕੁਰ ਪਾਣੀ ਦੀ ਬਾਲਟੀ ਭਰ ਲਿਆਈ ਤੇ ਬੁੜ੍ਹੀ ਨੇ ਬੈਂਟਰੀ ਪਾਣੀ ਦੀ ਭਰੀ ਬਾਲਟੀ ‘ਚ ਰੱਖ ‘ਤੀ। ਕਿੰਨਾ ਈਂ ਚਿਰ ਤਾਂ ਉਹ ਪਾਣੀ ‘ਚ ਵੀ ਜਗੀ ਗਈ, ਅਖੀਰ ਪਾਣੀ ਦੇ ਭਿੱਜਣ ਨਾਲ ਉਹ ਖਰਾਬ ਹੋ ਕੇ ਬੁੱਝ ਗੀ। ਬੈਂਟਰੀ ਬੁਝੀ ਤੋਂ ਸਾਰਾ ਟੱਬਰ ਬਾਬਾ ਇਉਂ ਨਚਦਾ ਫਿਰੇ ਜਿਮੇਂ ਗਾਂਹਾਂ ਕਿਤੇ ਬਰਮ੍ਹਾਂ ਦੀ ਜੰਗ ਜਿੱਤ ਲੀ ਹੁੰਦੀ ਐ।”
ਨਾਥਾ ਅਮਲੀ ਕਹਿੰਦਾ, ”ਕੇਰਾਂ ਬੁੜ੍ਹੇ ਬਜਰੰਗੇ ਕੀ ਬੁੜ੍ਹੀ ਨੇ ਰੇਡੀਆ ਭੰਨਿਆ ਸੀ ਇਉਂ ਈਂ। ਬੁੜ੍ਹੀ ਨੇ ਉਹਦੀ ਭਮੀਰੀ ਜੀ ਘਕਾਕੇ ਰੇਡੀਆ ਬਲਾ ਤਾਂ ਲਿਆ, ਫੇਰ ਬੰਦ ਨਾ ਕਰਨਾ ਆਵੇ। ਇੱਕ ਉੱਤੋਂ ਰਾਤ ਹੋਈ ਵੀ। ਘਰੇ ‘ਕੱਲੇ ਜੁਆਕ। ਬੰਦੇ ਖੇਤ ਨੂੰ ਕੱਸੀ ਦੇ ਪਾਣੀ ਦੀ ਵਾਰੀ ਲਾਉਣ ਗਏ ਵੇ। ਬੁੜੀ ਨੇ ਜਿਮੇਂ ਜਨੌਰਾਂ ਨੂੰ ‘ਡੌਣਾਂ ਹੋਵੇ, ਬਥੇਰਾ ਹਾਰ੍ਹਤ ਹੂਰ੍ਹਤ ਕੀਤਾ, ਜਿਹੜੇ ਠੰਢੂ ਰਾਮ ਅਰਗੇ ਡੱਬੇ ਜੇ ਦੇ ਵਿੱਚ ਬੋਲਦੇ ਸੀ, ਉਨ੍ਹਾਂ ਨੂੰ ਬਹੁਤ ਡਰਾਇਆ ਧਮਕਾਇਆ, ਵੇ ਚੁੱਪ ਕਰ ਜੋ ਵੇ ਕਿਉਂ ਲਹੂ ਪੀਤਾ ਟੁੱਟ ਪੈਣਿਓ ਸਾਰੇ ਪਿੰਡ ਦੀਆਂ ਚੁਗਲੀਆਂ ਕਰ ਕਰ। ਇਉਂ ਉਹਨੇ ਕਾਹਦਾ ਬੰਦ ਹੋਣਾ ਸੀ ਬਾਬਾ, ਹਾਰਕੇ ਬੁੜ੍ਹੀ ਨੇ ਮਾਰ ਕੇ ਘੋਟਣਾ ਰੇਡੀਏ ਦੀਆਂ ਖਲਪਾੜਾਂ ਕਰ ‘ਤੀਆਂ। ਕਹਿੰਦੀ ‘ਖੜੋ ਜੋ ਮੇਰੇ ਪਿਓ ਦਿਓ ਸਾਲਿਓ ਸੋਨੂੰ ਤਾਂ ਮੈਂ ਕਰਾਉਣੀ ਆਂ ਚੁਗਲੀਆਂ’। ਇਉਂ ਬਾਬਾ ਏਡੀਏ ਨਾਲ ਹੋਈ।” ਏਨੀ ਗੱਲ ਸੁਣਾ ਕੇ ਨਾਥਾ ਅਮਲੀ ਸੱਥ ‘ਚੋਂ ਉੱਠ ਖੜੋਤਾ। ਕਹਿੰਦਾ, ”ਚੱਲੀਏ ਹੁਣ ਤਾਂ ਬਾਬਾ ਠੰਢ ਹੋ ਗੀ।”
ਜਿਉਂ ਹੀ ਨਾਥਾ ਅਮਲੀ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਸੱਥ ਵੀ ਨਾਥੇ ਅਮਲੀ ਦੇ ਨਾਲ ਹੀ ਉੱਠ ਖੜੀ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
1-604-751-1113 (ਕੈਨੇਡਾ)