ਨਵਾਂ ਮਰਜ਼ ਨਵਾਂ ਇਲਾਜ ; ਰੱਬ ਦੇ ਰੂਪ ਹੁਣ ਬਾਊਂਸਰਾਂ ਸਹਾਰੇ

ਨਵਾਂ ਮਰਜ਼ ਨਵਾਂ ਇਲਾਜ ; ਰੱਬ ਦੇ ਰੂਪ ਹੁਣ ਬਾਊਂਸਰਾਂ ਸਹਾਰੇ

ਜਦੋਂ ਡਾਕਟਰਾਂ ਨੂੰ ਬਾਊਂਸਰ ਰੱਖਣੇ ਪੈ ਜਾਣ ਤਾਂ ਸਮਝੋ ਦਾਲ ‘ਚ ਕੁੱਝ ਕਾਲਾ ਹੈ। ਪੰਜਾਬ ਵਿੱਚ ਮਰੀਜ਼ਾਂ ਦੇ ਰਾਖਿਆਂ ਨੂੰ ਬਾਊਂਸਰਾਂ ਦੀ ਸੇਵਾ ਲੈਣੀ ਪੈ ਰਹੀ ਹੈ। ਭਾਵੇਂ ਰੁਝਾਨ ਬਹੁਤਾ ਵੱਡਾ ਨਹੀਂ, ਫਿਰ ਵੀ ਹਸਪਤਾਲਾਂ ‘ਚ ਬਾਊਂਸਰ ਨਜ਼ਰੀਂ ਪੈਣ ਲੱਗੇ ਹਨ। ਉਂਜ ਤਾਂ ਡਾਕਟਰ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹੁੰਦੇ, ਜਦੋਂ ਬਾਜ਼ਾਰ ਭਾਰੂ ਹੋ ਜਾਏ ਤਾਂ ਫਿਰ ਮਰੀਜ਼ ਦੀ ਜੇਬ੍ਹ ‘ਤੇ ਨਜ਼ਰ ਟਿਕਦੀ ਹੈ। ਮੁਨਾਫੇਖੋਰੀ ਨੇ ਡਾਕਟਰ ਮਰੀਜ਼ ਦਾ ਰਿਸ਼ਤਾ ਤਾਰ-ਤਾਰ ਕੀਤਾ ਹੈ। ਡਾਕਟਰਾਂ ‘ਤੇ ਹਮਲੇ ਵਧ ਰਹੇ ਹਨ ਜਿਸ ਕਾਰਨ ਹਸਪਤਾਲਾਂ ‘ਚ ਸੁਰੱਖਿਆ ਗਾਰਡਾਂ ਤੇ ਬਾਊਂਸਰਾਂ ਦੀ ਮੰਗ ਵਧੀ ਹੈ। ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਚ ਦਰਜਨਾਂ ਕੰਪਨੀਆਂ ਤਰਫ਼ੋਂ ਬਾਊਂਸਰਾਂ ਦੀ ਸੇਵਾ ਦਿੱਤੀ ਜਾ ਰਹੀ ਹੈ।
ਵੇਰਵਿਆਂ ਅਨੁਸਾਰ ਬਠਿੰਡਾ ਦੇ ਜਿੰਦਲ ਹਾਰਟ ਹਸਪਤਾਲ ਦੇ ਮੁੱਖ ਦੁਆਰ ‘ਤੇ ਬਾਊਂਸਰਾਂ ਦੀ ਤਾਇਨਾਤੀ ਹੈ। ਬਠਿੰਡਾ ਸ਼ਹਿਰ ਵਿਚ ਪਿਛਲੇ ਇੱਕ ਵਰ੍ਹੇ ਵਿਚ ਕਈ ਪ੍ਰਾਈਵੇਟ ਡਾਕਟਰਾਂ ਖ਼ਿਲਾਫ਼ ਧਰਨੇ ਮੁਜ਼ਾਹਰੇ ਹੋਏ ਹਨ। ਜਿੰਦਲ ਹਾਰਟ ਹਸਪਤਾਲ ਦੇ ਡਾਕਟਰ ਰਾਜੇਸ਼ ਜਿੰਦਲ ਦਾ ਪ੍ਰਤੀਕਰਮ ਸੀ ਕਿ ”ਹਸਪਤਾਲ ਵਿਚ ਬਾਊਂਸਰ ਨਹੀਂ , ਸੁਰੱਖਿਆ ਗਾਰਡ ਹਨ, ਬਾਡੀ ਬਿਲਡਰ ਮੁੰਡੇ ਨੇ, ਉਨ੍ਹਾਂ ਨੂੰ ਕਾਲੇ ਕੱਪੜੇ ਪਾਉਣ ਦਾ ਸ਼ੌਕ ਹੈ।” ਡਾਕਟਰ ਜਿੰਦਲ ਨੇ ਆਖਿਆ ਕਿ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਕਿਉਰਿਟੀ ਨਹੀਂ ਲਈ। ਲੁਧਿਆਣਾ ਦੀ ਇੱਕ ਸਕਿਉਰਿਟੀ ਸਰਵਿਸਿਜ਼ ਕੰਪਨੀ ਦੇ ਮਾਲਕ ਨੇ ਮਾਨਸਾ ਜ਼ਿਲੇ ਦੇ ਚਾਰ ਡਾਕਟਰਾਂ ਨੂੰ ਪੀ.ਐੱਸ.ਓ. ਅਤੇ ਬਾਊਂਸਰ ਦੀ ਸਰਵਿਸ ਦਿੱਤੀ ਹੋਈ ਹੈ। ਉਨ੍ਹਾਂ ਸੰਗਰੂਰ ਜ਼ਿਲੇ ਦੇ ਵੀ ਕੁੱਝ ਹਸਪਤਾਲਾਂ ਵਿਚ ਵੀ ਪੀ.ਐਸ.ਓ ਤੇ ਬਾਊਂਸਰ ਹੋਣ ਦੀ ਗੱਲ ਆਖੀ। ਮੁਕਤਸਰ ਜ਼ਿਲ੍ਹੇ ਦੇ ਤਿੰਨ ਡਾਕਟਰਾਂ ਕੋਲ ਪ੍ਰਾਈਵੇਟ ਕੰਪਨੀਆਂ ਦੇ ਸੁਰੱਖਿਆ ਗਾਰਡ ਹਨ। ਲੁਧਿਆਣਾ ਦੇ ਦਰਜਨਾਂ ਹਸਪਤਾਲਾਂ ਵਿਚ ਬਾਊਂਸਰ ਤੇ ਪ੍ਰਾਈਵੇਟ ਸੁਰੱਖਿਆ ਗਾਰਡ ਹਨ। ਜਲੰਧਰ ਦੇ ਬਿੱਗਮੈਨ ਸਕਿਉਰਿਟੀ ਦੇ ਮਿੱਕੀ ਚੌਧਰੀ ਨੇ ਦੱਸਿਆ ਕਿ ਹੁਣ ਡਾਕਟਰਾਂ ਤੋਂ ਵੀ ਬਾਊਂਸਰਾਂ ਦੀ ਮੰਗ ਆਉਣ ਲੱਗੀ ਹੈ ਅਤੇ ਪਹਿਲਾਂ ਜ਼ਿਆਦਾ ਗਾਇਕ ਤੇ ਵਿਆਹ ਸ਼ਾਦੀਆਂ ਵਾਲੇ ਬਾਊਂਸਰ ਲੈਂਦੇ ਸਨ। ਇੱਕ ਹੋਰ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਜਲੰਧਰ ਵਿਚ ਕਈ ਡਾਕਟਰਾਂ ਨੇ ਬਾਊਂਸਰ ਤੇ ਨਿੱਜੀ ਸੁਰੱਖਿਆ ਗਾਰਡ ਲਏ ਹਨ। ਅੰਮ੍ਰਿਤਸਰ ਦੇ ਸੈਫਰਨ ਸਨ ਸਕਿਉਰਿਟੀ ਸੌਲਿਊਸ਼ਨ ਦੇ ਮਲਕੀਤ ਸਿੰਘ ਨੇ ਦੱਸਿਆ ਕਿ ਡਾਕਟਰਾਂ ਤਰਫ਼ੋਂ ਹੁਣ ਮੰਗ ਕੀਤੀ ਜਾਣ ਲੱਗੀ ਹੈ ਅਤੇ ਡਾਕਟਰਾਂ ਦੀ ਇੱਕ ਐਸੋਸੀਏਸ਼ਨ ਨੇ ਤਾਂ ਕੁਇਕ ਰਿਸਪਾਂਸ ਟੀਮ ਲਈ ਸੁਰੱਖਿਆ ਗਾਰਡਾਂ ਦੀ ਮੰਗ ਕੀਤੀ ਸੀ। ਵੇਖਿਆ ਜਾਵੇ ਜੋ ਵੱਡੀਆਂ ਕੰਪਨੀਆਂ ਦੇ ਪ੍ਰਾਈਵੇਟ ਹਸਪਤਾਲ ਹਨ, ਉਨ੍ਹਾਂ ਵਿਚ ਤਾਂ ਪ੍ਰਾਈਵੇਟ ਕੰਪਨੀਆਂ ਤੋਂ ਪੂਰੀ ਸੁਰੱਖਿਆ ਹੀ ਲਈ ਜਾਂਦੀ ਹੈ। ਜੋ ਡਾਕਟਰਾਂ ਦੇ ਨਿੱਜੀ ਹਸਪਤਾਲ ਹਨ, ਉਹ ਵੀ ਹੁਣ ਸੁਰੱਖਿਆ ਦੇ ਘੇਰੇ ਵਿਚ ਆ ਰਹੇ ਹਨ। ਇਸ ਤੋਂ ਬਿਨਾਂ ਪੰਜਾਬ ‘ਚ ਤਾਂ ਹੁਣ ਵਿਆਹ ਸਮਾਰੋਹਾਂ ‘ਤੇ ਵੀ ਬਾਊਂਸਰ ਬੁਲਾਏ ਜਾਣ ਦਾ ਰੁਝਾਨ ਕਾਫ਼ੀ ਵਧਿਆ ਹੈ। ਕਈ ਨੇਤਾਵਾਂ ਨੇ ਬਾਊਂਸਰ ਰੱਖੇ ਹੋਏ ਹਨ। ਜਲੰਧਰ ਦੇ ਮਿੱਕੀ ਚੌਧਰੀ ਨੇ ਦੱਸਿਆ ਕਿ ਹੁਣ ਤਾਂ ਉਹ ਜਗਰਾਤਿਆਂ ਵਿਚ ਵੀ ਬਾਊਂਸਰ ਭੇਜਣ ਲੱਗੇ ਹਨ। ਇਸੇ ਤਰ੍ਹਾਂ ਮਹਿਲਾ ਬਾਊਂਸਰਾਂ ਦੀ ਮੰਗ ਵਿਆਹਾਂ ਵਿਚ ਵਿਆਹੁਤਾ ਕੁੜੀ ਦੀ ਸੁਰੱਖਿਆ ਲਈ ਕਾਫ਼ੀ ਵਧੀ ਹੈ। ਬਠਿੰਡਾ ਦਾ ਇੱਕ ਪ੍ਰਾਈਵੇਟ ਡਾਕਟਰ ਆਪਣੇ ਕਾਲਜ ਦੇ ਈਵੈਂਟਾਂ ਲਈ ਮਹਿਲਾ ਬਾਊਂਸਰਾਂ ਨੂੰ ਬੁਲਾਉਂਦਾ ਹੈ। ਲੁਧਿਆਣਾ ਦੀ ਜੇਐਮਸੀ ਗਰੁੱਪ ਬਾਊਂਸਰ ਇੰਡੀਆ ਦੇ ਹੈਰੀ ਨੇ ਦੱਸਿਆ ਕਿ ਦਿਹਾਤੀ ਖੇਤਰਾਂ ਦੇ ਨੌਜਵਾਨ ਮੁੰਡਿਆਂ ਨੂੰ ਬਤੌਰ ਬਾਊਂਸਰ ਕਾਫ਼ੀ ਕੰਮ ਮਿਲਿਆ ਹੈ ਤੇ ਉਹ ਕਈ ਅਦਾਰਿਆਂ ਵਿਚ ਮਹਿਲਾ ਬਾਊਂਸਰ ਵੀ ਭੇਜਦੇ ਹਨ।

ਮੁਨਾਫ਼ੇ ਦੀ ਹੋੜ ‘ਚ ਪਏ ਡਾਕਟਰ
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਏ.ਕੇ. ਮਲੇਰੀ ਦਾ ਕਹਿਣਾ ਸੀ ਕਿ ਵਪਾਰੀਕਰਨ ਨੇ ਡਾਕਟਰਾਂ ਦੀ ਮਾਨਵੀ ਸੋਚ ਨੂੰ ਮੁਨਾਫ਼ੇ ਦੀ ਨਜ਼ਰ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਕੁੱਝ ਡਾਕਟਰ ਮੁਨਾਫ਼ੇ ਦੀ ਹੋੜ ਵਿਚ ਨੈਤਿਕਤਾ ਭੁੱਲ ਜਾਂਦੇ ਹਨ। ਪੰਜਾਬ ਵਿਚ ਬਹੁਤੀ ਆਬਾਦੀ ਮਹਿੰਗਾ ਇਲਾਜ ਸਹਿਣਯੋਗ ਨਹੀਂ। ਜਦੋਂ ਮਹਿੰਗੇ ਬਿੱਲਾਂ ਦਾ ਸੇਕ ਲੱਗਦਾ ਹੈ ਤਾਂ ਲੋਕ ਆਪਾ ਖੋ ਬੈਠਦੇ ਹਨ। ਡਾਕਟਰਾਂ ਦੀ ਨੈਤਿਕ ਪ੍ਰੈਕਟਿਸ ਨੂੰ ਕਾਫ਼ੀ ਖੋਰਾ ਲੱਗਾ ਹੈ। -ਪ੍ਰੋ. ਮਲੇਰੀ

ਡਾਕਟਰ ਹਮੇਸ਼ਾਂ ਭਲਾ ਲੋਚਦਾ ਹੈ
ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਜਤਿੰਦਰ ਕਾਂਸਲ ਦਾ ਕਹਿਣਾ ਸੀ ਕਿ ਹਸਪਤਾਲਾਂ ਵਿਚ ਸਭਨਾਂ ਦੀ ਸੁਰੱਖਿਆ ਸਮੇਂ ਦੀ ਲੋੜ ਬਣ ਗਿਆ ਹੈ ਕਿਉਂਕਿ ਪਿਛਲੇ ਸਮੇਂ ਵਿਚ ਡਾਕਟਰਾਂ ‘ਤੇ ਹਮਲਿਆਂ ਵਿਚ ਵਾਧਾ ਹੋਇਆ ਹੈ। ਡਾਕਟਰ ਹਮੇਸ਼ਾ ਮਰੀਜ਼ ਦੀ ਬਿਹਤਰੀ ਲਈ ਹਰ ਯਤਨ ਕਰਦਾ ਹੈ। ਪੁਲੀਸ ਨੂੰ ਡਾਕਟਰਾਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਤੋਂ ਜਾਣੂ ਕਰਾਉਣਾ ਚਾਹੀਦਾ ਹੈ।