ਵਿਸ਼ਵਾਸ

ਵਿਸ਼ਵਾਸ

ਵਿਸ਼ਵਾਸ

ਪੁਰਾਣੇ ਸਮੇਂ ਦੀ ਗੱਲ ਹੈ। ਇਕ ਸੰਘਣੇ ਜੰਗਲ ‘ਚ ਬਹੁਤ ਉੱਚੇ-ਉੱਚੇ ਤੇ ਬਹੁਤ ਹੀ ਸੰਘਣੇ ਦਰੱਖਤ ਸਨ। ਉਸ ਜੰਗਲ ‘ਚ ਇਕ ਬਹੁਤ ਹੀ ਵੱਡਾ ਪਿੱਪਲ ਦਾ ਦਰੱਖਤ ਸੀ। ਉਸ ਪਿੱਪਲ ‘ਤੇ ਬਹੁਤ ਸਾਰੇ ਪੰਛੀਆਂ ਨੇ ਆਪੋ-ਆਪਣੇ ਬਹੁਤ ਪਿਆਰ ਨਾਲ ਆਲ੍ਹਣੇ ਪਾਏ ਹੋਏ ਸਨ, ਜੋ ਸਾਰੇ ਬੜੇ ਪਿਆਰ ਨਾਲ ਰਹਿੰਦੇ ਸਨ। ਉਨ੍ਹਾਂ ਵਿਚੋਂ ਬਹੁਤ ਸਾਰੇ ਪੰਛੀ ਇਕੱਠੇ ਹੋ ਕੇ ਆਪੋ-ਆਪਣੇ ਬੱਚਿਆਂ ਲਈ ਭੋਜਨ ਲੈਣ ਚਲੇ ਜਾਂਦੇ, ਬਾਕੀ ਪੰਛੀ ਉਨ੍ਹਾਂ ਦੇ ਜਾਣ ਮਗਰੋਂ ਆਲ੍ਹਣਿਆਂ ਵਿਚ ਪਏ ਆਂਡਿਆਂ ਤੇ ਉਨ੍ਹਾਂ ਆਂਡਿਆਂ ਵਿਚੋਂ ਨਿਕਲ ਚੁੱਕੇ ਬੱਚਿਆਂ ਦਾ ਖ਼ਿਆਲ ਰੱਖਦੇ ਸਨ। ਉਸ ਪਿੱਪਲ ਦੇ ਦਰੱਖ਼ਤ ਦੇ ਨਾਲ ਦੇ ਦਰੱਖ਼ਤ ਉੱਪਰ ਇਕ ਕਾਂ ਨੇ ਆਲ੍ਹਣਾ ਪਾਇਆ ਹੋਇਆ ਸੀ, ਜੋ ਹਰ ਵਕਤ ਉਨ੍ਹਾਂ ਸਭ ਨੂੰ ਖੁਸ਼ ਹੁੰਦਿਆਂ ਵੇਖ ਕੇ ਦੁਖੀ ਹੁੰਦਾ ਰਹਿੰਦਾ। ਉਹ ਹਰ ਸੰਭਵ ਕੋਸ਼ਿਸ਼ ਕਰਦਾ ਰਹਿੰਦਾ ਕਿ ਇਕ ਨਾ ਇਕ ਦਿਨ ਮੈਂ ਇਸ ਦਰੱਖ਼ਤ ‘ਤੇ ਆਪਣਾ ਆਲ੍ਹਣਾ ਪਾਵਾਂਗਾ। ਉਸ ਨੇ ਇਕ ਦਿਨ ਦੇਖਿਆ ਕਿ ਉਸ ਦਰੱਖ਼ਤ ਦੇ ਸੰਘਣੇ ਪੱਤਿਆਂ ਵਿਚ ਇਕ ਬਹੁਤ ਸੋਹਣਾ ਚਿੜੀਆਂ ਦਾ ਜੋੜਾ ਰਹਿੰਦਾ ਸੀ। ਉਹ ਪਿੱਪਲ ਬਹੁਤ ਸੰਘਣਾ ਸੀ, ਜਿਸ ਵਿਚ ਚਿੜਾ-ਚਿੜੀ ਨੇ ਬੜੇ ਪਿਆਰ ਨਾਲ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ। ਉਹ ਆਲ੍ਹਣਾ ਐਨੇ ਸੰਘਣੇ ਪੱਤਿਆਂ ‘ਚ ਸੀ ਕਿ ਭਾਵੇਂ ਜਿੰਨਾ ਮਰਜ਼ੀ ਮੀਂਹ-ਹਨੇਰੀ ਆ ਜਾਵੇ, ਉਸ ਆਲ੍ਹਣੇ ਨੂੰ ਕੋਈ ਨੁਕਸਾਨ ਨਹੀਂ ਸੀ ਹੁੰਦਾ। ਉਹ ਦੋਵੇਂ ਆਪਣੇ ਆਲ੍ਹਣੇ ਵਿਚ ਬਹੁਤ ਖੁਸ਼ੀ-ਖੁਸ਼ੀ ਰਹਿੰਦੇ ਸਨ ਪਰ ਉਹ ਕਾਂ ਹਰ ਵਕਤ ਕੋਈ ਨਾ ਕੋਈ ਆਪਣੀ ਚਾਲ ਚਲਦਾ ਰਹਿੰਦਾ। ਪਰ ਚਿੜਾ-ਚਿੜੀ ਉਸ ਦੀਆ ਚਾਲਾਂ ਤੋਂ ਪਰ੍ਹੇ ਸਨ।
ਇਕ ਦਿਨ ਕਾਂ ਨੇ ਬੜੇ ਪਿਆਰ ਨਾਲ ਚਿੜੇ ਨੂੰ ਕਿਹਾ ਕਿ ‘ਛੋਟੇ ਭਰਾ, ਅੱਜ ਆਪਾਂ ਕਿਤੇ ਘੁੰਮਣ ਚੱਲੀਏ। ਨਾਲੇ ਸੈਰ ਦੀ ਸੈਰ ਹੋ ਜਾਵੇਗੀ ਨਾਲ ਦੀ ਨਾਲ ਆਪੋ-ਆਪਣਾ ਭੋਜਨ ਲੈ ਆਵਾਂਗੇ।’ ਪਰ ਉਨ੍ਹਾਂ ਦੋਵਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਕਾਂ ਸਾਡੇ ਨਾਲ ਚਾਲ ਖੇਡ ਰਿਹਾ ਹੈ, ਪਰ ਫਿਰ ਵੀ ਉਹ ਦੋਵੇਂ ਉਸ ‘ਤੇ ਵਿਸ਼ਵਾਸ ਕਰਕੇ ਉਸ ਨਾਲ ਉੱਡ ਪਏ। ਕਾਂ ਉੱਡਦਾ-ਉੱਡਦਾ ਉਨ੍ਹਾਂ ਨੂੰ ਜੰਗਲ ਤੋਂ ਬਹੁਤ ਦੂਰ ਲੈ ਗਿਆ। ਚਿੜੀ ਨੇ ਕਿਹਾ ਕਿ ‘ਕਾਂ ਭਰਾ, ਹੁਣ ਆਪਾਂ ਘਰ ਵਾਪਸ ਮੁੜ ਚੱਲੀਏ’, ਕਿਉਂਕਿ ਚਿੜੀ ਨੂੰ ਪਿੱਛੇ ਆਪਣੇ ਆਲ੍ਹਣੇ ‘ਚ ਪਏ ਆਂਡਿਆਂ ਦਾ ਫਿਕਰ ਸੀ। ਪਰ ਕਾਂ ਨੇ ਕਿਹਾ ਕਿ ‘ਆਪਾਂ ਬਹੁਤ ਦੂਰ ਨਿਕਲ ਆਏ ਹਾਂ, ਘਰ ਜਾਣਾ ਬਹੁਤ ਮੁਸ਼ਕਿਲ ਹੈ ਤੇ ਨਾਲੇ ਰਾਤ ਹੋਣ ਵਾਲੀ ਹੈ। ਰਾਤ ਪੈਣ ਨਾਲ ਉਨ੍ਹਾਂ ਨੂੰ ਦਿਸਣਾ ਬੰਦ ਹੋ ਜਾਵੇਗਾ।’ ਚਿੜੀ ਨੇ ਕਿਹਾ ਕਿ ‘ਆਪਾਂ ਇੱਥੇ ਹੀ ਬੈਠ ਜਾਈਏ, ਅੱਗੇ ਬਹੁਤ ਜ਼ਿਆਦਾ ਮੀਂਹ, ਹਨੇਰੀ ਚੱਲਿਆ ਆ ਰਿਹਾ ਹੈ।’
ਕਾਂ ਨੇ ਮੌਕਾ ਦੇਖ ਕੇ ਇਕ ਚਾਲ ਖੇਡੀ ਕਿ ਕਿਉਂ ਨਾ ਇਨ੍ਹਾਂ ਨੂੰ ਮੀਂਹ ਹਨੇਰੀ ‘ਚ ਮਰਨ ਲਈ ਛੱਡ ਦਿੱਤਾ ਜਾਵੇ? ਇਨ੍ਹਾਂ ਦੇ ਮਰਨ ਤੋਂ ਬਾਅਦ ਇਨ੍ਹਾਂ ਦਾ ਆਲ੍ਹਣਾ ਤੇ ਆਂਡੇ ਮੇਰੇ ਹੋ ਜਾਣਗੇ। ਕਾਂ ਨੇ ਬੜੇ ਪਿਆਰ ਨਾਲ ਚਿੜਾ-ਚਿੜੀ ਨੂੰ ਕਿਹਾ ਕਿ ‘ਤੁਸੀਂ ਉਸ ਦਰੱਖਤ ‘ਤੇ ਬੈਠ ਜਾਵੋ।’ ਉਹ ਦਰੱਖਤ ਬਹੁਤ ਵਿਰਲਾ ਸੀ ਤੇ ਕਾਂ ਆਪ ਇਕ ਸੰਘਣੇ ਦਰੱਖਤ ਦੀ ਬਣੀ ਖੁੱਡ ‘ਤੇ ਜਾ ਬੈਠਾ। ਮੀਂਹ-ਹਨੇਰੀ ਜ਼ਿਆਦਾ ਤੇਜ਼ ਹੋ ਗਿਆ। ਚਿੜੇ ਨੇ ਚਿੜੀ ਨੂੰ ਕਿਹਾ ਕਿ ‘ਅੱਜ ਨ੍ਹੀਂ ਆਪਾਂ ਬਚਦੇ…’, ਅਜੇ ਉਹ ਇਕ-ਦੂਜੇ ਨਾਲ ਗੱਲਾਂ ਹੀ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਕਦਮ ਖੜਕਾ ਸੁਣਾਈ ਦਿੱਤਾ। ਉਨਾਂ ਨੇ ਦੇਖਿਆ ਕਿ ਜਿਸ ਦਰੱਖਤ ਦੀ ਬਣੀ ਖੁੱਡ ‘ਤੇ ਕਾਂ ਬੈਠਾ ਸੀ, ਉਸ ‘ਚ ਸੱਪ ਰਹਿੰਦਾ ਸੀ। ਕਾਂ ਨੇ ਬਹੁਤ ਜ਼ੋਰ ਲਾਇਆ ਪਰ ਸੱਪ ਦੇ ਚੁੰਗਲ ‘ਚੋਂ ਨਾ ਬਚ ਸਕਿਆ ਤੇ ਦਮ ਤੋੜ ਗਿਆ। ਇਹ ਸਭ ਕੁਝ ਦੇਖ ਕੇ ਚਿੜਾ-ਚਿੜੀ ਮਨੋ-ਮਨੀ ਇਹ ਸੋਚ ਰਹੇ ਸਨ ਕਿ ਅੱਗੇ ਤੋਂ ਬਿਨਾਂ ਸੋਚੇ-ਸਮਝੇ ਕਿਸੇ ਨਾਲ ਨਹੀਂ ਤੁਰਾਂਗੇ। ਜਦ ਮੀਂਹ-ਹਨੇਰੀ ਹਟੀ ਤਾ ਉਨ੍ਹਾਂ ਦੇਖਿਆ ਕਿ ਸਭ ਕੁਝ ਤਹਿਸ ਨਹਿਸ ਹੋ ਚੁੱਕਾ ਸੀ। ਉਧਰੋਂ ਕਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ ਮਿਲ ਰਿਹਾ। ਚਿੜਾ-ਚਿੜੀ ਡਿੱਗਦੇ-ਢਹਿੰਦੇ ਆਪਣੇ ਆਲ੍ਹਣੇ ਤੱਕ ਆ ਗਏ। ਆਪਣਾ ਆਲ੍ਹਣਾ ਤੇ ਆਂਡੇ ਠੀਕ-ਠਾਕ ਦੇਖ ਕੇ ਉਹ ਬਹੁਤ ਖੁਸ਼ ਹੋਏ ਤੇ ਫਿਰ ਤੋਂ ਖੁਸ਼ੀ-ਖੁਸ਼ੀ ਰਹਿਣ ਲੱਗੇ।
ਸੋ, ਪਿਆਰੇ ਬੱਚਿਓ, ਸਾਨੂੰ ਕਦੇ ਵੀ ਬਿਨਾਂ ਸੋਚੇ-ਸਮਝੇ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੇ ਕਦੇ ਵੀ ਬਿਨਾਂ ਸੋਚੇ-ਸਮਝੇ ਕਿਸੇ ‘ਤੇ ਵਿਸ਼ਵਾਸ ਨਾ ਕਰੋ।