ਰੁਝਾਨ ਖ਼ਬਰਾਂ
1984 ਸਿੱਖ ਨਸਲਕੁਸ਼ੀ ਦੀ 36ਵੀਂ ਬਰਸੀ ਮੌਕੇ ਸਰੀ ‘ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ

1984 ਸਿੱਖ ਨਸਲਕੁਸ਼ੀ ਦੀ 36ਵੀਂ ਬਰਸੀ ਮੌਕੇ ਸਰੀ ‘ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ

ਸਰੀ : ਬੀਤੇ ਦਿਨੀਂ ਸਰੀ ਦੇ ਹਾਲੈਂਡ ਪਾਰਕ ‘ਚ 1984 ਦੇ ਦੰਗਿਆਂ ਦੀ 36ਵੀਂ ਬਰਸੀ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਾਂਤਮਈ ਰੋਸ ਮਾਰਚ ਕੀਤਾ । ਇਸ ਮੌਕੇ ਵੱਡੀ ਗਿਣਤੀ ਸਿੱਖ ਇਕੱਠੇ ਹੋਏ, ਜਿਨਾਂ ਨੇ ਕਤਲੇਆਮ ‘ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਸਿੱਖਾਂ ਨੇ ਆਪਣੇ ਹੱਥਾਂ ‘ਚ ਮੋਮਬੱਤੀਆਂ ਦੇ ਨਾਲ-ਨਾਲ ‘1984 ਨੈਵਰ ਫੋਰਗੈਟ’ ਅਤੇ ‘1984 ਯੱਸ ਇਟਸ ਜਿਨੋਸਾਈਡ’ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਥੇ ਮੌਜੂਦ ਆਗੂਆਂ ਨੇ ਕਿਹਾ ਕਿ 5 ਨਵੰਬਰ 1984 ਨੂੰ ਦਿੱਲੀ ਦੇ ਨੱਥੂ ਚੌਂਕ ‘ਚ ਭੀੜ ਵਲੋਂ ਜਿੰਦਾ ਸਾੜ ਦਿੱਤਾ ਗਿਆ ਅਤੇ ਇਸ ਨਸਲਕੁਸ਼ੀ ‘ਚ 30,000 ਦੇ ਕਰੀਬ ਸਿੱਖਾਂ ਦਾ ਪੂਰੇ ਭਾਰਤ ‘ਚ ਕਤਲੇਆਮ ਕੀਤਾ ਗਿਆ। ਇਸ ਕਤਲੇਆਮ ਦੇ ਇਨਸਾਫ਼ ਲਈ ਸਿੱਖ ਅੱਜ ਵੀ ਸੰਘਰਸ਼ ਕਰ ਰਹੇ ਹਨ।
ਦੱਸ ਦੇਈਏ ਕਿ ਭਾਰਤ ‘ਚ 1984 ਦੇ ਜੂਨ ਮਹੀਨੇ ‘ਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹਰਿਮੰਦਰ ਸਾਹਿਬ ‘ਤੇ ਫ਼ੌਜੀ ਹਮਲਾ ਕਰਵਾ ਦਿੱਤਾ ਸੀ। ਇਸ ਮਗਰੋਂ ਇੰਦਰਾ ਗਾਂਧੀ ਦੇ ਸਿੱਖ ਬੌਡੀਗਾਰਡਾਂ ਨੇ ਹੀ ਉਸ ਦਾ ਕਤਲ ਕਰ ਦਿੱਤਾ ਸੀ। ਇਸ ‘ਤੇ ਗੁੱਸੇ ‘ਚ ਆਏ ਸਿਆਸੀ ਗੁੰਡਿਆਂ ਨੇ ਨਵੰਬਰ 1984 ਦੇ ਪਹਿਲੇ ਹਫ਼ਤੇ ‘ਚ ਹਜ਼ਾਰਾਂ ਬੇਕਸੂਰ ਅਤੇ ਭੋਲੇ-ਭਾਲੇ ਸਿੱਖਾਂ ‘ਤੇ ਹਮਲੇ ਕੀਤੇ ਅਤੇ ਉਨਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਰੋਲ ਦਿੱਤੀ। ਬਹੁਤ ਸਾਰੇ ਸਿੱਖਾਂ ਦੇ ਗਲ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ। ਇਸ ਦੌਰਾਨ ਹਜ਼ਾਰਾਂ ਸਿੱਖਾਂ ਦੀ ਜਾਨ ਚਲੀ ਗਈ। ਇਸ ਮੌਕੇ ਸਿੱਖ ਕਾਰਕੁਨ ਤੇਜਿੰਦਰ ਕੌਰ, ਗਿਆਨ ਸਿੰਘ ਗਿੱਲ, ਇੰਦਰਜੀਤ ਸਿੰਘ ਬੈਂਸ, ਹਰਬੰਸ ਸਿੰਘ, ਹਰਦੀਪ ਸਿੰਘ ਨਿੱਝਰ, ਚਰਨਜੀਤ ਸਿੰਘ , ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਗੁਰਮੁੱਖ ਸਿੰਘ ਦਿਓਲ ਹਾਜ਼ਰ ਸਨ। ਇਸ ਦੌਰਾਨ ਪ੍ਰੀਤ ਮਨਪ੍ਰੀਤ ਅਤੇ ਪਰਮਿੰਦਰ ਸਵੈਚ ਨੇ 1984 ਦੇ ਸ਼ਹੀਦਾਂ ਦੀ ਯਾਦ ‘ਚ ਕਵਿਤਾਵਾਂ ਵੀ ਪੜ੍ਹੀਆਂ।