ਰੁਝਾਨ ਖ਼ਬਰਾਂ
ਗ਼ਜ਼ਲ

ਗ਼ਜ਼ਲ

ਨਾ ਤਾਂ ਇਹ ਸਾਡਾ ਸ਼ੌਕ ਸੀ ਨਾ ਸਾਡੀਆਂ ਸੀ ਆਦਤਾਂ,
ਤਿਰੀ ਸਿਤਮਗਰੀ ਸਿਖਾਈਆਂ ਸਾਨੂੰ ਇਹ ਬਗ਼ਾਵਤਾਂ।
ਨਾ ਨਾਲ ਸਾਡੇ ਵੈਰ ਪਾਲ ਖ਼ਾਹ-ਮ-ਖ਼ਾਹ ਨੀ ਦਿੱਲੀਏ!
ਤੂੰ ਜਾਣਦੀਂ ਏਂ ਸਾਡੀਆਂ ਸ਼ਰਾਫ਼ਤਾਂ ਤੇ ਗ਼ੈਰਤਾਂ।
ਉਹ ਧਰਮ ਹੈ ਜਾਂ ਰਾਜਨੀਤੀ, ਪਿਆਰ ਹੈ ਜਾਂ ਵਿੱਦਿਆ,
ਇਹ ਸਾਰੇ ਬਣ ਕੇ ਰਹਿ ਗਏ ਨੇ ਅੱਜ ਤਾਂ ਤਿਜਾਰਤਾਂ।
ਕਿਧਰ ਗਿਆ ਮਨੁੱਖ ਉਹ, ਜੋ ਸਬਰ ਸੀ, ਤਿਆਗ ਸੀ,
ਨ ਬੇਲਗਾਮ ਭੁੱਖ ਸੀ, ਨ ਪੁਤਲਾ ਸੀ ਸਵਾਰਥਾਂ।
ਉਹ ਕੱਲ੍ਹ ਵੀ ਤੇ ਅੱਜ ਵੀ ਜ਼ਮੀਂ ‘ਤੇ ਹੀ ਨੇ ਰੇਂਗਦੇ,
ਜੋ ਆਸਮਾਨ ਛੂੰਹਦੀਆਂ ਨੇ ਸਿਰਜਦੇ ਇਮਾਰਤਾਂ।
ਇਹ ਤਖ਼ਤ-ਤਾਜ, ਦੌਲਤਾਂ, ਗ਼ਰੂਰ ਤੇ ਇਹ ਤਾਕਤਾਂ,
ਇਹ ਟੁੱਟੇ ਤਾਰੇ ਦੀ ਨੇ ਲੀਕ, ਪਰ ਸਦਾ ਸਦਾਕਤਾਂ।
ਬਦਲ ਬਦਲ ਕੇ ਭੇਸ ਉਹ ਚਿਰਾਂ ਤੋਂ ਠੱਗੀ ਜਾਂਦੇ ਨੇ,
ਮਿਰੀ ਉਮੀਦ, ਸਾਦਗੀ, ਯਕੀਨ ਤੇ ਮੁਹੱਬਤਾਂ।
ਵਧਾਈ ਤੈਨੂੰ ਦੋਸਤਾ! ਇਹ ਭੀੜ ਵਿਚ ਜਾ ਰਲਣ ਦੀ,
ਹੈ ਹਟ ਕੇ ਚਲਣਾ ਭੀੜ ਤੋਂ ਤਾਂ ਆਫ਼ਤਾਂ ਹੀ ਆਫ਼ਤਾਂ।
ਇਹ ਤੁਗ਼ਲਕੀ ਕਬਾੜੀਏ, ਇਹ ਹਿਟਲਰੀ ਹਵਾਰੀਏ,
ਕਦੋਂ ਸੀ ਸੋਚਿਆ ਵਤਨ ‘ਤੇ ਕਰਨਗੇ ਹਕੂਮਤਾਂ।
ਸੀ ਕੂੜ, ਕੱਚ ਤੇ ਛਲ, ਕਪਟ ਦੀ ਚਾਂਦੀ ਓਥੇ ਦੋਸਤਾ,
ਕਿਸੇ ਟਕੇ ਨਾ ਸੇਰ ਪੁੱਛੀਆਂ, ਸਾਡੀਆਂ ਸ਼ਰਾਫ਼ਤਾਂ।
ਜਿਨ੍ਹਾਂ ਦਾ ਹੈ ”ਮਨੂੰ” ਇਮਾਨ, ਗਿਆਨ, ਸ਼ਾਨ ਬਾਨ ਨੀ!
ਉਨ੍ਹਾਂ ਨੂੰ ਕਿਉਂ ਤੂੰ ਜਨਤੀਏ! ਇਹ ਸੌਂਪੀਆਂ ਹਕੂਮਤਾਂ।
ਸਦਾ ਸਮੇਂ ਨੇ ਏਸ ਨੂੰ ਤਾਂ ਬਖ਼ਸ਼ੀਆਂ ਨੇ ਤਲਖ਼ੀਆਂ,
ਮਿਰੀ ਗ਼ਜ਼ਲ ‘ਚੋਂ ਸਾਥੀਆ ਤੂੰ ਖੋਜ ਨਾ ਨਜ਼ਾਕਤਾਂ।

ਲੇਖਕ : ਮਹਿੰਦਰ ਸਾਥੀ, ਸੰਪਰਕ: 97804-51878