ਰੁਝਾਨ ਖ਼ਬਰਾਂ
ਮਤਲਬੀ ਨੇਤਾ

ਮਤਲਬੀ ਨੇਤਾ

ਚੜ੍ਹੀਆਂ ਆਉਂਦੀਆਂ ਸਿਰ ‘ਤੇ ਵੇਖ ਚੋਣਾਂ,
ਨਿੱਕਲ ਖੱਡਾਂ ‘ਚੋਂ ਆਏ ਬਾਹਰ ਨੇਤਾ।
ਅੱਜ ਤੱਕ ਨਾ ਕਿਸੇ ਦੀ ਸਾਰ ਲਈ,
ਹੁਣ ਗੌਂਅ ਨੂੰ ਹੋਏ ਦਿਲਦਾਰ ਨੇਤਾ।

ਕੰਮਾਂ ਕਾਰਾਂ ਨੂੰ ਪਿੱਛੇ ਫਿਰੇ ਪਰਜਾ,
ਆਪ ਜਹਾਜੇ ਚੜ੍ਹੇ ਸਵਾਰ ਨੇਤਾ।
ਆਉਂਦੇ ਮੁੜ ਨਾ ਕਿਸੇ ਦੇ ਹੱਥ ‘ਭਗਤਾ’,
ਜਿੱਤ ਜੁੱਤ ਕੇ ਇੱਕ ਵਾਰ ਨੇਤਾ।

ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ,
ਵਾਂਗ ਲੋਕਾਂ ਦੇ ਵਿੱਚਕਾਰ ਨੇਤਾ।
ਪਹਿਲਾਂ ਲੋਕ ਸੀ ਸੜਕੀਂ ਫਿਰੇ ਭਾਉਂਦੇ,
ਹੁਣ ਸੜਕਾਂ ‘ਤੇ ਭਰਮਾਰ ਨੇਤਾ।

ਦਾਈਆਂ ਦੁੱਕੜੇ ਵਾਂਗ ਲੁਕਣ ਮੀਚੀ,
ਖੇਡਣ ਪਰਜਾ ਨਾਲ ਗ਼ਦਾਰ ਨੇਤਾ।
ਰੋਣਾ ਇੱਕ ਨੂੰ ਕੀ ਊਤਿਆ ਪਿਆ ਆਵਾ,
ਇਹ ਤਾਂ ਸੱਭੇ ਗੌਂਅ ਦੇ ਯਾਰ ਨੇਤਾ।

ਲੇਖਕ : ਬਰਾੜ-ਭਗਤਾ ਭਾਈ ਕਾ, +1-604-751-1113